ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ ਐੱਮਓਯੂ ਭਾਈਵਾਲ ਸੰਸਥਾਵਾਂ ਦੇ ਵਿਦਿਆਰਥੀਆਂ ਲਈ 500 ਇੰਟਰਨਸ਼ਿਪ ਦਾ ਐਲਾਨ ਕੀਤਾ
ਉਦਯੋਗਾਂ ਵਿੱਚ ਮਾਨਕੀਕਰਣ ਬਾਰੇ ਜਾਗਰੂਕਤਾ ਅਤੇ ਵਿਵਹਾਰਕ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਇੰਟਰਨਸ਼ਿਪ ਪ੍ਰੋਗਰਾਮ
ਇਸ ਕਾਨਫਰੰਸ ਨੇ ਭਾਰਤੀ ਅਕਾਦਮਿਕ ਖੇਤਰ ਵਿੱਚ ਗੁਣਵੱਤਾ ਅਤੇ ਮਿਆਰਾਂ ਦੇ ਸੱਭਿਆਚਾਰ ਪੈਦਾ ਕਰਨ ਲਈ ਇੱਕ ਨਵੀਂ ਵਚਨਬੱਧਤਾ ਨੂੰ ਦਰਸਾਇਆ
Posted On:
22 APR 2025 12:51PM by PIB Chandigarh
ਰਾਸ਼ਟਰੀ ਮਿਆਰ ਸੰਸਥਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਮਾਨਕੀਕਰਣ ਦੇ ਖੇਤਰ ਵਿੱਚ ਆਪਣੀਆਂ ਭਾਈਵਾਲ ਸੰਸਥਾਵਾਂ ਦੇ 500 ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕਿਆਂ ਦਾ ਐਲਾਨ ਕੀਤਾ ਹੈ। ਇਹ ਐਲਾਨ ਹਾਲ ਹੀ ਵਿੱਚ ਬੀਆਈਐੱਸ ਸਟੈਂਡਰਡਾਈਜ਼ੇਸ਼ਨ ਚੇਅਰਜ਼ ਅਤੇ ਐੱਮਓਯੂ ਭਾਈਵਾਲ ਸੰਸਥਾਵਾਂ ਦੇ ਨੋਡਲ ਫੈਕਲਟੀ ਦੇ ਸਲਾਨਾ ਸੰਮੇਲਨ ਵਿੱਚ ਕੀਤਾ ਗਿਆ।
ਇਹ ਇੰਟਰਨਸ਼ਿਪ 4-ਵਰ੍ਹਿਆਂ ਦੇ ਡਿਗਰੀ ਕੋਰਸਾਂ, 5-ਵਰ੍ਹਿਆਂ ਦੇ ਏਕੀਕ੍ਰਿਤ ਡਿਗਰੀ ਕੋਰਸਾਂ, ਪੋਸਟ ਗ੍ਰੈਜੂਏਟ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਪੇਸ਼ ਕੀਤੀ ਜਾਵੇਗੀ। ਇਸ 8-ਹਫ਼ਤੇ ਦੀ ਇੰਟਰਨਸ਼ਿਪ ਵਿੱਚ ਦੋ ਪ੍ਰਮੁੱਖ ਉਦਯੋਗਾਂ ਵਿੱਚ ਪੂਰਵ-ਮਾਨਕੀਕਰਣ ਕਾਰਜ, ਬੀਆਈਐੱਸ ਦਫਤਰਾਂ ਦੇ ਸਹਿਯੋਗ ਨਾਲ ਕਿਊਸੀਓ (ਗੁਣਵੱਤਾ ਨਿਯੰਤਰਣ ਆਦੇਸ਼) ਪਾਲਣਾ ਸਰਵੇਖਣ ਅਤੇ ਵੱਡੇ ਪੱਧਰ ਦੀਆਂ ਇਕਾਈਆਂ, ਐੱਮਐੱਸਐੱਮਈ ਅਤੇ ਪ੍ਰਯੋਗਸ਼ਾਲਾਵਾਂ ਦੇ ਦੌਰੇ ਸ਼ਾਮਲ ਹੋਣਗੇ। ਵਿਦਿਆਰਥੀਆਂ ਮੈਨੂਫੈਕਚਰਿੰਗ ਅਤੇ ਟੈਸਟਿੰਗ ਪ੍ਰੋਸੈੱਸ, ਕੱਚੇ ਮਾਲ, ਇਨ-ਪ੍ਰੋਸੈੱਸ ਕੰਟਰੋਲਸ ਅਤੇ ਉਤਪਾਦ ਦੀ ਗੁਣਵੱਤਾ ਅਤੇ ਅਨੁਕੂਲਤਾ ਮੁਲਾਂਕਣ ਦੇ ਹੋਰ ਪਹਿਲੂਆਂ 'ਤੇ ਵਿਸਤ੍ਰਿਤ ਅਧਿਐਨ ਕਰਨਗੇ।
ਬੀਆਈਐੱਸ-ਅਕਾਦਮੀਆ ਇੰਟਰਫੇਸ ਦੀਆਂ ਮੁੱਖ ਪ੍ਰਾਪਤੀਆਂ ਵਿੱਚ ਸ਼ਾਮਲ ਹਨ:
-
ਮਾਨਕੀਕਰਣ ਮੌਡਿਊਲ ਨੂੰ 15 ਸੰਸਥਾਵਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।
-
130 ਤੋਂ ਵੱਧ ਖੋਜ ਅਤੇ ਵਿਕਾਸ ਪ੍ਰੋਜੈਕਟਸ ਸ਼ੁਰੂ ਕੀਤੇ ਗਏ ਹਨ।
-
50 ਤੋਂ ਵੱਧ ਸੰਸਥਾਵਾਂ ਨੇ ਬੀਆਈਐੱਸ ਕੌਰਨਰ ਅਤੇ ਅਕਾਦਮਿਕ ਡੈਸ਼ਬੋਰਡ ਸਥਾਪਿਤ ਕੀਤੇ ਹਨ।
-
52 ਸੰਸਥਾਵਾਂ ਵਿੱਚ ਕੁੱਲ 198 ਸਟੈਂਡਰਡ ਕਲੱਬ ਬਣਾਏ ਗਏ ਹਨ।
-
ਰਾਸ਼ਟਰੀ ਕੁਇਜ਼ ਵਿੱਚ 74 ਸੰਸਥਾਵਾਂ ਦੇ 3,400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
-
2025-26 ਦੇ ਅਕਾਦਮਿਕ ਵਰ੍ਹੇ ਲਈ 500 ਵਿਦਿਆਰਥੀਆਂ ਲਈ ਇੰਟਰਨਸ਼ਿਪ ਦੀ ਯੋਜਨਾ ਬਣਾਈ ਗਈ ਹੈ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਬੀਆਈਐੱਸ ਦੇ ਡਾਇਰੈਕਟਰ ਜਨਰਲ, ਸ਼੍ਰੀ ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ ਕਿ ਇਹ ਭਾਈਵਾਲੀ ਸਿੱਖਿਆ ਜਗਤ ਵਿੱਚ ਗੁਣਵੱਤਾ ਅਤੇ ਮਾਨਕੀਕਰਣ ਦੀ ਸੰਸਕ੍ਰਿਤੀ ਪੈਦਾ ਕਰਨ ਲਈ ਇੱਕ ਸਾਂਝਾ ਰਾਸ਼ਟਰੀ ਮਿਸ਼ਨ ਹੈ। ਸ਼੍ਰੀ ਰਾਜੀਵ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ (ਮਾਨਕੀਕਰਣ), ਬੀਆਈਐੱਸ ਨੇ ਸੰਸਥਾਵਾਂ ਨੂੰ ਕਾਰਜ-ਮੁਖੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀ ਗੁਣਵੱਤਾ ਪ੍ਰਣਾਲੀ ਵਿੱਚ ਸਰਗਰਮੀ ਨਾਲ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ।
ਕਾਨਫਰੰਸ ਨੇ ਪਾਠਕ੍ਰਮ ਏਕੀਕਰਣ, ਮਿਆਰੀ ਨਿਰਮਾਣ, ਮਿਆਰੀ ਕਲੱਬਾਂ ਰਾਹੀਂ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਹੋਰ ਪ੍ਰਚਾਰ ਗਤੀਵਿਧੀਆਂ 'ਤੇ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ। ਇੱਕ ਓਪਨ ਹਾਊਸ ਚਰਚਾ ਵਿੱਚ, ਭਾਈਵਾਲ ਸੰਸਥਾਵਾਂ ਨੇ ਅਕਾਦਮਿਕ ਸਹਿਯੋਗ ਲਈ ਸਭ ਤੋਂ ਵਧੀਆ ਅਭਿਆਸਾਂ ਅਤੇ ਇਨੋਵੇਟਿਵ ਮਾਡਲਾਂ ਨੂੰ ਸਾਂਝਾ ਕੀਤਾ।
ਇਹ ਸਮਾਗਮ ਭਾਰਤੀ ਅਕਾਦਮਿਕ ਖੇਤਰ ਵਿੱਚ ਮਾਨਕੀਕਰਣ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਗੁਣਵੱਤਾ ਪ੍ਰਣਾਲੀਆਂ ਨਾਲ ਸਾਰਥਕ ਤੌਰ 'ਤੇ ਜੁੜਨ ਲਈ ਸਸ਼ਕਤ ਬਣਾਉਣ ਦੇ ਸਮੂਹਿਕ ਸੰਕਲਪ ਨਾਲ ਸਮਾਪਤ ਹੋਇਆ।
ਕਾਨਫਰੰਸ ਵਿੱਚ 58 ਭਾਈਵਾਲ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਵਿੱਚ, ਪੰਜ ਸੰਸਥਾਵਾਂ - ਆਈਆਈਟੀ ਰੁੜਕੀ, ਐੱਸਐੱਸਈਸੀ ਚੇੱਨਈ, ਐੱਨਆਈਟੀ ਜਲੰਧਰ, ਐੱਸਵੀਸੀਈ ਚੇੱਨਈ ਅਤੇ ਪੀਐੱਸਐੱਨਏਸੀਈਟੀ ਡਿੰਡੀਗੁਲ ਨੂੰ ਐੱਮਓਯੂ ਦੇ ਅਨੁਸਾਰ ਬੀਆਈਐੱਸ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
***************
ਅਭਿਸ਼ੇਕ ਦਿਆਲ/ਨਿਹੀ ਸ਼ਰਮਾ/ਇਸ਼ਿਤਾ ਬਿਸਵਾਸ
(Release ID: 2123700)
Visitor Counter : 20