ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਸੀਆਰਪੀਐੱਫ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ


ਕੇਂਦਰੀ ਗ੍ਰਹਿ ਮੰਤਰੀ ਨੇ ਸੀਆਰਪੀਐੱਫ ਦੇ 2264 ਕਰਮੀਆਂ ਦੁਆਰਾ ਦੇਸ਼ ਦੀ ਸੁਰੱਖਿਆ ਦੇ ਲਈ ਦਿੱਤੇ ਗਏ ਸਰਬਉੱਚ ਬਲੀਦਾਨ ਨੂੰ ਯਾਦ ਕਰਦੇ ਹੋਏ ਸ਼ੁਕਰਗੁਜ਼ਾਰ ਰਾਸ਼ਟਰ ਵੱਲੋਂ ਸ਼ਰਧਾਂਜਲੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਸਰਕਾਰ ਨੇ ਸਾਰੇ CAPFs ਦੇ ਜਵਾਨਾਂ ਦੀ ਭਲਾਈ ਲਈ ਕਈ ਕਲਿਆਣਕਾਰੀ ਕਦਮ ਚੁੱਕੇ ਹਨ

ਸੀਆਰਪੀਐੱਫ ਦੇ ਜਵਾਨਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਏ ਰੱਖਣ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ

ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਨੂੰ ਆਉਂਦਾ ਦੇਖ ਕੇ ਆਤੰਕਮਈ ਨਕਸਲੀਆਂ ਦੀ ਰੂਹ ਕੰਬ ਜਾਂਦੀ ਹੈ

ਪਸ਼ੂਪਤੀਨਾਥ ਤੋਂ ਤਿਰੂਪਤੀ ਤੱਕ ਲਾਲ ਆਤੰਕ ਫੈਲਾਉਣ ਦਾ ਸੁਪਨਾ ਦੇਖਣ ਵਾਲੇ ਨਕਸਲੀ ਅੱਜ 4 ਜ਼ਿਲ੍ਹਿਆਂ ਤੱਕ ਸੀਮਿਤ ਹਨ, ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਸੀਆਰਪੀਐੱਫ ਦਾ ਹੈ

ਦੇਸ਼ ਨੂੰ ਨਕਸਲਵਾਦ ਮੁਕਤ ਕਰਨ ਵਿੱਚ ਸੀਆਰਪੀਐੱਫ ਦੀ ਸਭ ਤੋਂ ਵੱਡੀ ਭੂਮਿਕਾ ਰਹੇਗੀ

ਸੀਆਰਪੀਐੱਫ ਨੇ ਬੀਤੇ 5 ਵਰ੍ਹਿਆਂ ਵਿੱਚ ਨਕਸਲਵਾਦ ਪ੍ਰਭਾਵਿਤ ਖੇਤਰਾਂ ਵਿੱਚ 400 ਤੋਂ ਵੱਧ ਫਾਰਵਰਡ ਆਪ੍ਰੇਟਿੰਗ ਬੇਸ ਸਥਾਪਿਤ ਕੀਤੇ ਹਨ, ਇਸ ਨਾਲ 10 ਵਰ੍ਹਿਆਂ ਵਿੱਚ ਨਕਸਲੀ ਹਿੰਸਾ ਵਿੱਚ 70% ਤੋਂ ਜ਼ਿਆਦਾ ਕਮੀ ਆਈ ਹੈ

ਧਾਰਾ 370 ਹਟਣ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭ ਦੀਆਂ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਬਿਨਾ ਇੱਕ ਵੀ ਗੋਲੀ ਚਲਾਏ ਸੰਪੰਨ ਕਰਵਾਉਣ ਦਾ ਕੰਮ ਸੀਆਰਪੀਐੱਫ ਅਤੇ ਹੋਰ ਸੁਰੱਖਿਆਬਲਾਂ ਨੇ ਕੀਤ

Posted On: 17 APR 2025 3:41PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱ) ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਡਾਇਰੈਕਟਰ ਜਨਰਲ, ਸੀਆਰਪੀਐੱਫ ਸਹਿਤ ਕਈ ਪਤਵੰਤੇ ਮੌਜੂਦ ਸਨ। 

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਸੀਆਰਪੀਐੱਫ ਦੇ 2264 ਕਰਮੀਆਂ ਦੁਆਰਾ ਦੇਸ਼ ਦੀ ਸੁਰੱਖਿਆ ਦੇ ਲਈ ਦਿੱਤੇ ਗਏ ਸਰਬਉੱਚ ਬਲੀਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ੁਕਰਗੁਜ਼ਾਰ ਰਾਸ਼ਟਰ ਵੱਲੋਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ 2047 ਵਿੱਚ ਵਿਸ਼ਵ ਵਿੱਚ ਹਰ ਖੇਤਰ ਵਿੱਚ ਅਵੱਲ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਵਿੱਚ ਸ਼ਹੀਦ ਸੀਆਰਪੀਐੱਫ ਕਰਮੀਆਂ ਦੇ ਬਲੀਦਾਨ ਦਾ ਬਹੁਤ ਵੱਡਾ ਯੋਗਦਾਨ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਸਦੀ ਦੀ ਸੁਨਹਿਰੀ ਕਿਤਾਬ ਲਿਖੀ ਜਾਵੇਗੀ, ਉਸ ਸਮੇਂ ਸਭ ਤੋਂ ਪਹਿਲਾਂ ਦੇਸ਼ ਦੇ ਅਮਰ ਸ਼ਹੀਦਾਂ ਦੀ ਬਹਾਦੁਰੀ ਦੀ  ਅਮਰ ਗਾਥਾ ਸੁਨਹਿਰੇ ਅੱਖਰਾਂ ਵਿੱਚ ਲਿਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੀਆਰਪੀਐੱਫ ਦੇ ਜਵਾਨਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ, ਇਸ ਲਈ ਦੇਸ਼ ਵਿੱਚ ਜਦੋਂ ਵੀ ਕਿਤੇ ਅਸ਼ਾਂਤੀ ਹੁੰਦੀ ਹੈ ਅਤੇ ਉੱਥੇ ਸੀਆਰਪੀਐੱਫ ਜਵਾਨ ਮੌਜੁਦ ਹੁੰਦੇ ਹਨ ਅਤੇ ਇਹ ਭਰੋਸਾ ਹੁੰਦਾ ਹੈ ਕਿ ਸੀਆਰਪੀਐੱਫ ਮੌਜੂਦ ਹੈ ਤਾਂ ਜਿੱਤ ਯਕੀਨੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2019 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੂਸਰੀ ਵਾਰ ਸਰਕਾਰ ਬਣਨ ਦੇ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਸਾਰੇ ਸੁਰੱਖਿਆ ਬਲਾਂ ਦੀ ਸਥਾਪਨਾ ਦਿਵਸ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਇਆ ਜਾਵੇਗਾ। ਉਸੇ ਫੈਸਲੇ ਦੇ ਤਹਿਤ ਅੱਜ ਸੀਆਰਪੀਐੱਫ ਦੀ ਇਹ ਸਲਾਨਾ ਪਰੇਡ ਨੀਮਚ ਵਿੱਚ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੀਆਰਪੀਐੱਫ ਦਾ ਯੋਗਦਾਨ ਦੇਸ਼ ਦੀ ਸੁਰੱਖਿਆ ਤੋਂ ਅਲੱਗ ਹਟ ਕੇ ਦੇਖਿਆ ਹੀ ਨਹੀਂ ਜਾ ਸਕਦਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਜੂਝਣਾ ਹੋਵੇ, ਉੱਤਰ –ਪੂਰਬ ਵਿੱਚ ਸ਼ਾਂਤੀ ਲਈ ਤੈਨਾਤ  ਰਹਿਣਾ ਹੋਵੇ ਜਾਂ ਫਿਰ ਆਤੰਕਮਈ ਨਕਸਲੀਆਂ ਨੂੰ 4 ਜ਼ਿਲ੍ਹਿਆਂ ਤੱਕ ਸੀਮਿਤ ਕਰਨਾ ਹੋਵੇ, ਸਾਡੇ ਸੀਆਰਪੀਐੱਫ ਦੇ ਜਵਾਨਾਂ ਦਾ ਇਨ੍ਹਾਂ ਸਭ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 1939 ਵਿੱਚ ਸੀਆਰਪੀਐੱਫ ਦਾ ਗਠਨ ਕ੍ਰਾਊਨ ਰਿਪ੍ਰੈਜ਼ੈਂਟੇਟਿਵ ਪੁਲਿਸ ਦੇ ਨਾਮ ਨਾਲ ਕੀਤਾ ਗਿਆ ਸੀ। ਇਸ ਫੋਰਸ ਨੂੰ ਇਸ ਦਾ ਮੌਜੂਦਾ ਨਵਾਂ ਸਰੂਪ ਅਤੇ ਝੰਡਾ ਦੇਣ ਦਾ ਕੰਮ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਨਾ ਸਿਰਫ਼ ਸੀਆਰਪੀਐੱਫ ਦੀ ਸਥਾਪਨਾ ਕੀਤੀ ਅਤੇ ਝੰਡਾ ਦਿੱਤਾ ਸਗੋਂ ਇਸ ਦੇ ਚਾਰਟਰ ਨੂੰ ਵੀ ਬਹੁਤ ਬਾਖੂਬੀ ਚਿੰਨ੍ਹਿਤ ਕਰਨ ਦਾ ਕੰਮ ਕੀਤਾ। ਸਰਦਾਰ ਪਟੇਲ ਦੇ ਹੀ ਦਿਖਾਏ ਗਏ ਰਸਤੇ ‘ਤੇ ਸੀਆਰਪੀਐੱਫ ਨੇ ਇੰਨੀ ਲੰਬੀ ਗੌਰਵਸ਼ਾਲੀ ਯਾਤਰਾ ਪੂਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ 248 ਬਟਾਲੀਅਨ, 4 ਜ਼ੋਨਲ ਹੈੱਡਕੁਆਰਟਰਸ,  21 ਸੈਕਟਰ ਕੁਆਰਟਰਸ, 2 ਓਪ੍ਰੇਸ਼ਨਲ ਸੈਕਟਰ ਹੈੱਡਕੁਆਰਟਰਸ, 17 ਰੇਂਜਿਸ ਅਤੇ 39 ਪ੍ਰਸ਼ਾਸਨਿਕ ਰੇਂਜ ਵਿੱਚ ਲਗਭਗ 3 ਲੱਖ ਸੀਆਰਪੀਐੱਫ ਜਵਾਨ ਹਰ ਜਗ੍ਹਾ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਕੰਮ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸੀਆਰਪੀਐੱਫ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸ ਹੋਣ ਦਾ ਮਾਣ ਪ੍ਰਾਪਤ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 76 ਸਾਲ ਦੇ ਆਜ਼ਾਦੀ ਦੇ ਇਤਿਹਾਸ ਵਿੱਚ ਕਈ ਅਜਿਹੇ ਮੌਕੇ ਆਏ ਜਦੋਂ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਦੀ ਸੀਆਰਪੀਐੱਫ ਨੇ ਸੁਰੱਖਿਆ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 21 ਅਕਤੂਬਰ, 1959 ਨੂੰ ਲੱਦਾਖ ਦੇ ਹੌਟ ਸਪ੍ਰਿੰਗ  ਵਿੱਚ ਚੀਨੀ ਸੈਨਾ ਦਾ ਮੁਕਾਬਲਾ ਕਰਦੇ ਹੋਏ ਸੀਆਰਪੀਐੱਫ ਦੇ ਜਵਾਨਾਂ ਨੇ ਸ਼ਹਾਦਤ ਹਾਸਲ ਕੀਤੀ ਅਤੇ ਇਸ ਲਈ ਦੇਸ਼ ਦੇ ਸਾਰੇ ਪੁਲਿਸ ਬਲ ਹਰ ਵਰ੍ਹੇ 21 ਅਕਤੂਬਰ ਨੂੰ ਪੁਲਿਸ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 2018 ਵਿੱਚ ਦੇਸ਼ ਭਰ ਦੇ ਸ਼ਹੀਦ ਪੁਲਿਸਕਰਮੀਆਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਜਵਾਨਾਂ ਦੀ ਯਾਦ ਵਿੱਚ ਰਾਸ਼ਟਰੀ ਪੁਲਿਸ ਸਮਾਰਕ ਬਣਾ ਕੇ ਹੌਟ ਸਪ੍ਰਿੰਗ  ਦੀ ਸ਼ਹਾਦਤ ਨੂੰ ਮਾਣ ਦੇ ਨਾਲ ਅਮਰ ਸਰੂਪ ਦੇਣ ਦਾ ਕੰਮ ਕੀਤਾ ਹੈ। 

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 1965 ਵਿੱਚ ਕੱਛ ਦੇ ਰਣ ਵਿੱਚ (Rann of Kutch) ਸਰਦਾਰ ਪੋਸਟ ‘ਤੇ ਸੀਆਰਪੀਐੱਫ ਦੇ ਜਵਾਨ ਤੈਨਾਤ  ਸਨ ਜਿਨ੍ਹਾਂ ਨੇ ਪਾਕਿਸਤਾਨ ਦੀ ਸੈਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਇਸ ਲਈ ਹਰ ਵਰ੍ਹੇ 9 ਅਪ੍ਰੈਲ ਨੂੰ ਪੂਰਾ ਦੇਸ਼ ਸ਼ੌਰਯ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 2001 ਵਿੱਚ ਸਾਡੇ ਲੋਕਤੰਤਰ ਦੇ ਪ੍ਰਤੀਕ ਦੇਸ਼ ਦੇ ਸੰਸਦ ਭਵਨ ‘ਤੇ ਹਮਲਾ ਹੋਇਆ ਅਤੇ CRPF ਨੇ ਉਸ ਨੂੰ ਵੀ ਨਾਕਾਮ ਕੀਤਾ। ਇਸੇ ਤਰ੍ਹਾਂ, 2005 ਵਿੱਚ ਸ਼੍ਰੀ ਰਾਮ ਜਨਮਭੂਮੀ ‘ਤੇ ਆਤੰਕੀ ਹਮਲਾ ਹੋਇਆ ਅਤੇ ਉਸ ਨੂੰ ਵੀ ਨਾਕਾਮ ਕਰਨ ਦਾ ਕੰਮ CRPF ਨੇ ਕੀਤਾ ਅਤੇ ਮੰਦਿਰ ਨੂੰ ਸੁਰੱਖਿਅਤ ਰੱਖਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਪਸ਼ੁਪਤਿਨਾਥ ਤੋਂ ਤਿਰੂਪਤੀ ਤੱਕ ਲਾਲ ਆਤੰਕ ਫੈਲਾਉਣ ਦਾ ਸੁਪਨਾ ਦੇਖਣ ਵਾਲੇ ਨਕਸਲੀ ਅੱਜ 4 ਜ਼ਿਲ੍ਹਿਆਂ ਤੱਕ ਸੀਮਤ ਹਨ, ਇਸ ਵਿੱਚ ਸਭ ਤੋਂ ਵੱਡਾ ਯੋਗਦਾਨ CRPF ਦਾ ਹੈ। ਉਨ੍ਹਾਂ ਨੇ ਕਿਹਾ ਕਿ CRPF ਦੀ ਸਭ ਤੋਂ ਵੱਡੀ ਭੂਮਿਕਾ ਅਤੇ ਯੋਗਦਾਨ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਵਿੱਚ ਰਹੇਗਾ। CRPF ਦੀ ਕੋਬਰਾ ਬਟਾਲੀਅਨ ਨੂੰ ਆਉਂਦਾ ਦੇਖ ਆਤੰਕਮਈ ਨਕਸਲੀਆਂ ਦੀ ਰੂਹ ਕੰਬ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਬਰਾ ਬਟਾਲੀਅਨ ਦੀ ਅਗਵਾਈ ਵਿੱਚ CRPF ਦੇ ਹੋਰ ਜਵਾਨਾਂ ਨੇ ਨਕਸਲਵਾਦ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 31 ਮਾਰਚ, 2026 ਤੱਕ ਦੇਸ਼ ਤੋਂ ਨਕਸਲਵਾਦ ਹਮੇਸ਼ਾ ਦੇ ਲਈ ਸਮਾਪਤ ਹੋ ਜਾਵੇਗਾ ਅਤੇ ਇਸ ਟੀਚੇ ਨੂੰ CRPF ਦੇ ਹੀ ਦਮ ‘ਤੇ ਤੈਅ ਕੀਤਾ ਗਿਆ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਕਸ਼ਮੀਰ ਵਿੱਚ ਸ਼ਾਂਤੀ ਬਣਾਈ ਰੱਖਣੀ ਹੋਵੇ ਜਾਂ ਹਰ ਚੋਣਾਂ ਨੂੰ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਹੋਵੇ, ਹਰ ਥਾਂ CRPF ਦੇ ਜਵਾਨਾਂ ਨੇ ਸੱਚੇ ਮਨ ਤੋਂ ਆਪਣੀਆਂ ਡਿਊਟੀਆਂ ਨਿਭਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਣ ਦੇ ਬਾਅਦ ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਅਤੇ ਉਸ ਸਮੇਂ ਲੋਕਾਂ ਨੂੰ ਕਈ ਕਿਸਮ ਦੇ ਸ਼ੱਕ ਸੀ, ਲੇਕਿਨ ਸਾਡੇ CRPF ਅਤੇ ਹੋਰ ਸੁਰੱਖਿਆ ਬਲਾਂ ਨੇ ਸੁਰੱਖਿਆ ਯਕੀਨੀ ਬਣਾਈ ਅਤੇ ਨਾ ਤਾਂ ਇੱਕ ਵੀ ਬੂਥ ਦੇ ਲੁੱਟੇ ਜਾਣ ਦੀ ਖਬਰ ਆਈ ਅਤੇ ਨਾ ਹੀ ਇੱਕ ਵੀ ਗੋਲੀ ਕਿਤੇ ਚਲਾਉਣੀ ਪਈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ CRPF ਨੇ ਪਿਛਲੇ 5 ਸਾਲ ਵਿੱਚ ਨਕਸਲਵਾਦ ਪ੍ਰਭਾਵਿਤ ਖੇਤਰਾਂ ਵਿੱਚ 400 ਤੋਂ ਵੱਧ ਫੌਰਵਰਡ ਔਪਰੇਟਿੰਗ ਬੇਸ ਸਥਾਪਿਤ ਕੀਤੇ ਹਨ ਅਤੇ ਇਸੇ ਕਾਰਨ 10 ਸਾਲ ਵਿੱਚ ਨਕਸਲੀ ਹਿੰਸਾ ਵਿੱਚ 70 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਦੇ ਨਾਲ ਸ੍ਰੀਲੰਕਾ, ਹੈਤੀ, ਕੋਸੋਵੋ ਅਤੇ ਲਾਇਬੇਰੀਆ ਸਹਿਤ ਕਈ ਥਾਵਾਂ ‘ਤੇ CRPF ਦੇ ਜਵਾਨਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਤਹਿਤ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ CRPF ਨੇ ਕੁੱਲ 2708 ਵਿਭਿੰਨ ਮੈਡਲ ਪ੍ਰਾਪਤ ਕੀਤੇ ਹਨ ਜੋ ਸਾਰੇ CAPFs ਵਿੱਚ ਸਭ ਤੋਂ ਵੱਧ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਅਮਰਨਾਥ ਯਾਤਰਾ ਹੋਵੇ, ਮਾਤਾ ਵੈਸ਼ਣੋ ਦੇਵੀ ਯਾਤਰਾ ਹੋਵੇ, ਰਾਮ ਜਨਮਭੂਮੀ ਦੀ ਸੁਰੱਖਿਆ ਹੋਵੇ, ਕ੍ਰਿਸ਼ਣ ਜਨਮਭੂਮੀ ਦੀ ਸੁਰੱਖਿਆ ਹੋਵੇ ਜਾਂ ਫਿਰ ਮਹਾਕੁੰਭ ਦਾ ਮੌਕਾ ਹੋਵੇ, ਹਰ ਥਾਂ CRPF ਦੇ ਜਵਾਨਾਂ ਨੇ ਮੁਸਤੈਦੀ ਦੇ ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਵੱਛ ਭਾਰਤ, ਹਰ ਘਰ ਤਿਰੰਗਾ, ਏਕ ਭਾਰਤ ਸ਼੍ਰੇਸ਼ਠ ਭਾਰਤ, ਸਵੱਛਤਾ ਹੀ ਸੇਵਾ, ਏਕ ਪੇੜ ਮਾਂ ਕੇ ਨਾਮ ਜਿਹੇ ਕਈ ਅਭਿਯਾਨਾਂ ਨੂੰ CRPF ਨੇ ਬਹੁਤ ਚੰਗੇ ਤਰੀਕੇ ਨਾਲ ਜ਼ਮੀਨ ‘ਤੇ ਉਤਾਰ ਕੇ ਇਹ ਵੀ ਸਿੱਧ ਕੀਤਾ ਹੈ ਕਿ ਦੇਸ਼ ਅਤੇ ਸਮਾਜ ਦੇ ਲਈ ਕੰਮ ਕਰਨ ਦੇ ਲਈ ਵੀ CRPF ਹਮੇਸ਼ਾ ਸਜਗ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ CAPFs ਦੁਆਰਾ ਪਿਛਲੇ 5 ਸਾਲ ਵਿੱਚ 5 ਕਰੋੜ ਪੌਦੇ ਲਗਾਉਣ ਦਾ ਲਕਸ਼ ਤੈਅ ਕੀਤਾ ਗਿਆ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਅਭਿਯਾਨ ਦੇ ਤਹਿਤ ਪਹਿਲੇ ਪੌਦੇ ਨੂੰ ਲਗਾਉਣ ਦਾ ਕਾਰਜ ਉਨ੍ਹਾਂ ਨੇ ਖੁਦ CRPF ਦੇ ਗੁਰੂਗ੍ਰਾਮ ਸਥਿਤ ਗਰੁੱਪ ਕੇਂਦਰ ਵਿੱਚ ਕੀਤਾ ਸੀ, ਇੱਕ ਕਰੋੜਵੇਂ ਪੌਦੇ ਨੂੰ ਲਗਾਉਣ ਦਾ ਕਾਰਜ ਵੀ CRPF ਦੇ ਨਾਂਦੇੜ ਕੈਂਪਸ ਵਿੱਚ ਕੀਤਾ, 4 ਕਰੋੜਵੇਂ ਪੌਦੇ ਨੂੰ ਲਗਾਉਣ ਦਾ ਕਾਰਜ ਉੱਤਰ ਪ੍ਰਦੇਸ਼ ਦੇ CRPF ਕੈਂਪ ਵਿੱਚ ਕੀਤਾ ਅਤੇ ਅੱਜ 6 ਕਰੋੜ ਤੋਂ ਵੱਧ ਪੌਦੇ ਲਗਾ ਕੇ ਸਾਰੇ CAPFs ਨੇ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਦਿਖਾਉਣ ਦਾ ਕੰਮ ਕੀਤਾ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਸਾਰੇ CAPFs ਦੇ ਜਵਾਨਾਂ ਦੀ ਭਲਾਈ ਦੇ ਲਈ ਕਈ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 7 ਦੂਰ-ਦੁਰਾਡੇ ਇਲਾਕਿਆਂ ਵਿੱਚ ਏਅਰ ਕੋਰੀਅਰ ਸੇਵਾ ਸ਼ੁਰੂ ਕੀਤੀ ਗਈ ਅਤੇ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਵੇਤਨ ਅਤੇ ਭੱਤਿਆਂ ਵਿੱਚ ਨਿਰੰਤਰ ਸੁਧਾਰ ਦੇ ਲਈ ਅੱਠਵੇਂ ਵੇਤਨ ਆਯੋਗ ਦੇ ਗਠਨ ਦਾ ਵੀ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ 42 ਲੱਖ ਤੋਂ ਵੱਧ ਆਯੁਸ਼ਮਾਨ CAPF ਕਾਰਡ ਦਿੱਤੇ ਗਏ ਹਨ ਜਿਸ ਦੇ ਤਹਿਤ ਅੱਜ ਹਜ਼ਾਰਾਂ ਹਸਪਤਾਲ CAPF ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਉਪਲਬਧ ਹਨ।

 

ਉਨ੍ਹਾਂ ਨੇ ਕਿਹਾ ਕਿ ਆਵਾਸ ਯੋਜਨਾ ਦੇ ਤਹਿਤ ਹਾਉਸਿੰਗ ਸੈਟਿਸਫੈਕਸ਼ਨ ਰੈਸ਼ੋ ਲਗਭਗ ਸਾਢੇ 9 ਪ੍ਰਤੀਸ਼ਤ ਵਧਿਆ ਹੈ, CAPF ਈ-ਆਵਾਸ ਵੈੱਬ ਪੋਰਟਲ ਸ਼ੁਰੂ ਕਰਕੇ ਸਾਢੇ 6 ਲੱਖ CAPF ਕਰਮੀਆਂ ਨੂੰ ਖਾਲ੍ਹੀ ਆਵਾਸ ਦੇਣ ਦਾ ਯਤਨ ਕੀਤਾ ਗਿਆ ਹੈ ਅਤੇ ਇੱਕ ਲੱਖ ਤੋਂ ਵੱਧ ਆਵਾਸ ਅਲਾਟ ਵੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਬਲਾਂ ਵਿੱਚ ਮਹਿਲਾਵਾਂ ਦੀ ਵੀ ਭਰਤੀ ਹੋ ਰਹੀ ਹੈ ਅਤੇ ਇਨ੍ਹਾਂ ਦੇ ਲਈ 124 ਬੈਰਕਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 109 ਬਣ ਚੁੱਕੇ ਹਨ ਅਤੇ 450 ਹੋਰ ਬੈਰਕ ਬਣਾਉਣ ਦਾ ਫੈਸਲਾ ਗ੍ਰਹਿ ਮੰਤਰਾਲੇ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਦੇ ਤਹਿਤ CAPF ਕਰਮੀਆਂ ਦੇ ਬੱਚਿਆਂ ਨੂੰ ਪੜਾਈ ਦੀ ਸੁਵਿਧਾ ਦਿੱਤੀ ਗਈ ਹੈ, ਕੇਂਦਰੀ ਅਨੁਗ੍ਰਹਿ ਰਾਸ਼ੀ ਨੂੰ ਵਿਗਿਆਨੀ ਬਣਾਇਆ ਹੈ, ਵਿਕਲਾਂਗ ਅਨੁਗ੍ਰਹਿ ਰਾਸ਼ੀ ਵਿੱਚ 50 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਅਤੇ 119 ਮਾਸਟਰ ਸਟੋਰ ਅਤੇ 1794 ਸਹਾਇਕ ਭੰਡਾਰ ਦੇ ਮਾਧਿਅਮ ਨਾਲ ਕੇਂਦਰੀ ਪੁਲਿਸ ਭਲਾਈ ਭੰਡਾਰਾਂ ਨੂੰ ਵੀ ਹੋਰ ਲੋਕ-ਅਧਾਰਿਤ ਬਣਾਇਆ ਗਿਆ ਹੈ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2122643) Visitor Counter : 14