ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਾਸ਼ੀ ਨੂੰ ਰੌਸ਼ਨ ਕਰਨਾ
ਪਵਿੱਤਰ ਸ਼ਹਿਰ, ਸਮਾਰਟ ਭਵਿੱਖ
प्रविष्टि तिथि:
13 APR 2025 6:58PM by PIB Chandigarh
“ਭਾਰਤ ਅੱਜ ਵਿਕਾਸ ਅਤੇ ਵਿਰਾਸਤ, ਦੋਵਾਂ ਦੇ ਨਾਲ-ਨਾਲ ਅੱਗੇ ਵਧ ਰਿਹਾ ਹੈ, ਸਾਡੀ ਕਾਸ਼ੀ ਇਸ ਦਾ ਸਰਵੋਤਮ ਮਾਡਲ ਬਣ ਰਹੀ ਹੈ।”

ਕਾਸ਼ੀ ਸਿਰਫ਼ ਇੱਕ ਨਗਰ ਨਹੀਂ ਹੈ- ਇਹ ਇੱਕ ਜੀਵੰਤ ਆਤਮਾ ਹੈ। ਇਹ ਗੰਗਾ ਦੀਆਂ ਲਹਿਰਾਂ ਅਤੇ ਆਪਣੇ ਲੋਕਾਂ ਦੀ ਸ਼ਾਂਤ ਸ਼ਕਤੀ ਰਾਹੀਂ ਸਾਹ ਲੈਂਦੀ ਹੈ। ਇੱਥੇ, ਪ੍ਰਾਚੀਨ ਪੱਥਰ ਅਤੀਤ ਦੀਆਂ ਕਹਾਣੀਆਂ ਸੁਣਾਉਂਦੇ ਹਨ ਜਦਕਿ ਕੱਚ ਦੇ ਸਾਹਮਣੇ ਵਾਲੀਆਂ ਇਮਾਰਤਾਂ ਕੱਲ੍ਹ ਦੇ ਵਾਅਦੇ ਨੂੰ ਦਰਸਾਉਂਦੀਆਂ ਹਨ। ਉਹ ਸ਼ਹਿਰ ਜਿੱਥੇ ਮਣੀਕ੍ਰਣਿਕਾ ਘਾਟ ‘ਤੇ ਜੀਵਨ ਅਤੇ ਮੌਤ ਦਾ ਮਿਲਣ ਹੁੰਦਾ ਹੈ, ਹੁਣ ਚੌੜੀਆਂ ਸੜਕਾਂ, ਸਮਾਰਟ ਲਾਈਟਿੰਗ ਅਤੇ ਆਧੁਨਿਕ ਕੌਰੀਡੋਰਸ ਦਾ ਸੁਆਗਤ ਕਰਦਾ ਹੈ। ਇਹ ਕਾਸ਼ੀ ਦੀ ਯਾਤਰਾ ਹੈ- ਜਿੱਥੇ ਪਵਿੱਤਰ ਅਤੇ ਸਮਾਰਟ ਇਕੱਠੇ ਮੌਜੂਦ ਹਨ, ਸੰਘਰਸ਼ ਵਿੱਚ ਨਹੀ, ਸਗੋਂ ਸਦਭਾਵਨਾ ਵਿੱਚ। ਇੱਕ ਅਜਿਹੀ ਜਗ੍ਹਾ ਜਿੱਥੇ ਹਰ ਗਲੀ ਇੱਕ ਕਹਾਣੀ ਰੱਖਦੀ ਹੈ ਅਤੇ ਹਰ ਕਦਮ ਆਤਮਾ ਅਤੇ ਸੰਰਚਨਾ ਦੇ ਸੁਮੇਲ ਵੱਲ ਲੈ ਜਾਂਦਾ ਹੈ।
11 ਅਪ੍ਰੈਲ ਨੂੰ, ਪ੍ਰਾਚੀਨ ਸ਼ਹਿਰ ਕਾਸ਼ੀ ਵਿਕਾਸ ਦੇ ਇੱਕ ਪਲ ਦਾ ਗਵਾਹ ਬਣਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਵਿਕਾਸ ਦਾ ਉਤਸਵ ਸੀ- ਜਿਸ ਨੂੰ ਪ੍ਰਧਾਨ ਮੰਤਰੀ ਨੇ ਸੱਚਾ “ਵਿਕਾਸ ਦਾ ਉਤਸਵ” ਕਿਹਾ।

ਦਸ ਵਰ੍ਹੇ ਪਹਿਲਾਂ, ਵਾਰਾਣਸੀ ਤੋਂ ਹੋ ਕੇ ਯਾਤਰਾ ਕਰਨ ਦਾ ਮਤਲਬ ਸੀ ਅੰਤਹੀਣ ਆਵਾਜਾਈ ਅਤੇ ਧੂੜ ਭਰੇ ਚੱਕਰ। ਅੱਜ, ਇਹ ਨਗਰ ਉਸ ਕਹਾਣੀ ਨੂੰ ਮੁੜ ਤੋਂ ਲਿਖ ਰਿਹਾ ਹੈ। ਫੁਲਵਰਿਯਾ ਫਲਾਈਓਵਰ ਅਤੇ ਰਿੰਗ ਰੋਡ (Phulwariya flyoverand theRing Road) ਜਿਹੇ ਪ੍ਰੋਜੈਕਟਸ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਘੱਟ ਕਰ ਰਹੇ ਹਨ, ਜਿਸ ਨਾਲ ਰੋਜ਼ਾਨਾ ਯਾਤਰੀਆਂ ਅਤੇ ਲੱਖਾਂ ਤੀਰਥਯਾਤਰੀਆਂ ਦਾ ਵਡਮੁੱਲਾ ਸਮਾਂ ਬਚ ਰਿਹਾ ਹੈ। ਜੌਨਪੁਰ, ਗਾਜੀਪੁਰ, ਬਲੀਆ ਅਤੇ ਮਊ ਜਿਹੇ ਜ਼ਿਲ੍ਹਿਆਂ ਦਰਮਿਆਨ ਯਾਤਰਾ ਪਹਿਲਾਂ ਨਾਲੋਂ ਕਿਤੇ ਵਧੇਰੇ ਤੇਜ਼ ਅਤੇ ਕਨੈਕਟਿਡ ਹੋ ਗਈ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਰਿੰਗ ਰੋਡ ਅਤੇ ਸਾਰਨਾਥ ਨੂੰ ਜੋੜਨ ਵਾਲੇ ਇੱਕ ਸੜਕ ਪੁਲ਼, ਭਿਖਾਰੀਪੁਰ ਅਤੇ ਮੰਡੁਆਡੀਹ (Manduadih) ਵਿੱਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਫਲਾਈਓਵਰ ਅਤੇ ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਾਸ਼ਟਰੀ ਰਾਜਮਾਰਗ ਸੰਖਿਆ-31 ‘ਤੇ 980 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਇੱਕ ਰਾਜਮਾਰਗ ਅੰਡਰਪਾਸ ਰੋਡ ਟਨਲ ਦਾ ਵੀ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟਸ ਸਿਰਫ਼ ਕੰਕ੍ਰੀਟ ਅਤੇ ਸਟੀਲ ਦੇ ਨਹੀਂ ਹਨ; ਸਗੋਂ ਇਹ ਦੁਨੀਆ ਦੇ ਲਈ ਖੁੱਲ੍ਹਦੇ ਇੱਕ ਵਧਦੇ ਨਗਰ ਦੀ ਰੀੜ੍ਹ ਦੀ ਹੱਡੀ ਹਨ।
ਜੀਵਨ ਨੂੰ ਰੌਸ਼ਨ ਕਰਨ ਅਤੇ ਨਗਰ ਨੂੰ ਰੌਸ਼ਨ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਦੇ ਪਾਵਰ ਨੈੱਟਵਰਕ ਨੂੰ ਇੱਕ ਵੱਡਾ ਪ੍ਰੋਤਸਾਹਨ ਦਿੱਤਾ। ਉਨ੍ਹਾਂ ਨੇ 400 ਕੇਵੀ ਦੇ ਦੋ ਅਤੇ 220 ਕੇਵੀ ਦਾ ਇੱਕ ਸਬ-ਸਟੇਸ਼ਨ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦੀ ਲਾਗਤ 1,045 ਕਰੋੜ ਰੁਪਏ ਤੋਂ ਵੱਧ ਦੀ ਹੈ। ਇਸ ਤੋਂ ਇਲਾਵਾ ਚੌਕਾਘਾਟ ਅਤੇ ਗਾਜੀਪੁਰ ਵਿੱਚ 775 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਪ-ਕੇਂਦਰਾਂ ਦਾ ਨਿਰਮਾਣ ਹੋਇਆ ਹੈ।

ਪਰੰਤੂ ਅਸਲੀ ਸ਼ਕਤੀ ਸਿਰਫ਼ ਤਾਰਿਆਂ ਵਿੱਚ ਨਹੀਂ, ਸਗੋਂ ਬੁੱਧੀ ਵਿੱਚ ਨਿਹਿਤ (ਸ਼ਾਮਲ) ਹੈ। ਪ੍ਰਧਾਨ ਮੰਤਰੀ ਨੇ ‘ਸਾਰਿਆਂ ਲਈ ਸਿੱਖਿਆ” ਦੇ ਆਪਣੇ ਦ੍ਰਿਸ਼ਟੀਕੋਣ ‘ਤੇ ਕਾਇਮ ਰਹਿੰਦੇ ਹੋਏ, ਸਿੱਖਣ ਦੇ ਨਵੇਂ ਦਰਵਾਜ਼ੇ ਖੋਲ੍ਹੇ। 356 ਲਾਇਬ੍ਰੇਰੀਆਂ ਅਤੇ 100 ਆਂਗਣਵਾੜੀ ਕੇਂਦਰਾਂ ਦੇ ਨਾਲ ਗ੍ਰਾਮੀਣ ਸਿੱਖਿਆ ਨੂੰ ਪ੍ਰੋਤਸਾਹਨ ਮਿਲਿਆ। ਉਨ੍ਹਾਂ ਨੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ 77 ਪ੍ਰਾਇਮਰੀ ਸਕੂਲਾਂ ਦੀ ਪੁਨਰ ਸੁਰਜੀਤੀ ਦੀ ਨੀਂਹ ਵੀ ਰੱਖੀ।

ਪੂਰਵਾਂਚਲ ਵਿੱਚ ਸਭ ਤੋਂ ਵੱਧ ਦਿਲ ਨੂੰ ਛੂਹਣ ਵਾਲੇ ਬਦਲਾਵਾਂ ਵਿੱਚੋਂ ਇੱਕ ਬਦਲਾਅ ਬਨਾਸ ਡੇਅਰੀ ਦੇ ਜ਼ਰੀਏ ਆਇਆ ਹੈ। ਇਸ ਨੇ ਹਜ਼ਾਰਾਂ ਛੋਟੇ ਡੇਅਰੀ ਕਿਸਾਨਾਂ ਨੂੰ ਆਤਮਵਿਸ਼ਵਾਸ ਨਾਲ ਭਰੇ ਉੱਦਮੀ ਬਣਨ ਵਿੱਚ ਸਹਾਇਤਾ ਕੀਤੀ ਹੈ। ਪਸ਼ੂਪਾਲਕ ਪਰਿਵਾਰਾਂ ਨੂੰ 105 ਕਰੋੜ ਰੁਪਏ ਤੋਂ ਵੱਧ ਬੋਨਸ ਵੰਡੇ ਗਏ- ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਸਨ। ਇਹ ਮਹਿਲਾਵਾਂ, ਜਿਨ੍ਹਾਂ ਨੂੰ ਹੁਣ ਮਾਣ ਨਾਲ “ਲਖਪਤੀ ਦੀਦੀ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਹਕੀਕਤ ਸਸ਼ਕਤੀਕਰਣ ਦਾ ਇੱਕ ਉਤਕ੍ਰਿਸ਼ਟ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕਿਸਾਨ ਕ੍ਰੈਡਿਟ ਕਾਰਡ, ਪਸ਼ੂਆਂ ਦੇ ਲਈ ਮੁਫ਼ਤ ਟੀਕਾਕਰਣ ਅਤੇ ਰਾਸ਼ਟਰੀਯ ਗੋਕੁਲ ਮਿਸ਼ਨ ਜਿਹੀਆਂ ਯੋਜਨਾਵਾਂ ਕਿਸ ਪ੍ਰਕਾਰ ਕਿਸਾਨਾਂ ਦੀ ਸਹਾਇਤਾ ਕਰ ਰਹੀਆਂ ਹਨ। ਉਹ ਸਿਹਤਮੰਦ ਪਸ਼ੂਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ ਅਤੇ ਆਪਣੀ ਉਪਜ ਲਈ ਬਿਹਤਰ ਬਜ਼ਾਰ ਪ੍ਰਾਪਤ ਕਰ ਰਹੇ ਹਨ।

ਇੱਕ ਸਮਾਂ ਸੀ ਜਦੋਂ ਪੂਰਵਾਂਚਲ ਦੇ ਲੋਕਾਂ ਨੂੰ ਚੰਗੀ ਮੈਡੀਕਲ ਕੇਅਰ ਦੇ ਲਈ ਦੂਰ-ਦੁਰਾਡੇ ਤੱਕ ਯਾਤਰਾ ਕਰਨੀ ਪੈਂਦੀ ਸੀ। ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਉੱਤਰ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ ਅਤੇ ਉਨ੍ਹਾਂ ਦੀ ਜਾਨ ਬਚ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਿਜੀ ਤੌਰ ‘ਤੇ ਬਜ਼ੁਰਗ ਨਾਗਰਿਕਾਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ ਪ੍ਰਦਾਨ ਕੀਤੇ- ਜਿਸ ਨਾਲ 70 ਵਰ੍ਹਿਆਂ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ, ਭਾਵੇਂ ਉਨ੍ਹਾਂ ਦੀ ਆਮਦਨ ਕੁਝ ਵੀ ਹੋਵੇ, ਮੁਫ਼ਤ ਮੈਡੀਕਲ ਕੇਅਰ ਮਿਲ ਰਹੀ ਹੈ।

ਕਾਸ਼ੀ ਵਿੱਚ ਵਿਕਾਸ ਸਿਰਫ਼ ਸੜਕਾਂ ਅਤੇ ਹਸਪਤਾਲਾਂ ਤੱਕ ਸੀਮਤ ਨਹੀਂ ਹੈ- ਇਹ ਸੁਪਨਿਆਂ ਬਾਰੇ ਵੀ ਹੈ। ਨਵੇਂ ਸਟੇਡੀਅਮ ਅਤੇ ਵਰਲਡ ਕਲਾਸ ਸਪੋਰਟਸ ਕੰਪਲੈਕਸ ਦੇ ਨਾਲ, ਵਾਰਾਣਸੀ ਦੇ ਯੁਵਾ ਐਥਲੀਟਾਂ ਨੂੰ ਹੁਣ ਉਹ ਮੰਚ ਮਿਲ ਰਿਹਾ ਹੈ ਜਿਸ ਦੀ ਉਨ੍ਹਾਂ ਨੂੰ ਚਮਕਣ ਲਈ ਜ਼ਰੂਰਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਨੂੰ ਯਾਦ ਦਿਲਾਇਆ ਹੈ ਕਿ ਜੇਕਰ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਤਾਂ ਸਾਡੇ ਨੌਜਵਾਨਾਂ ਨੂੰ ਆਪਣੀ ਯਾਤਰਾ ਹੁਣੇ ਤੋਂ ਸ਼ੁਰੂ ਕਰਨੀ ਹੋਵੇਗੀ- ਅਤੇ ਕਾਸ਼ੀ ਯਕੀਨੀ ਬਣਾ ਰਹੀ ਹੈ ਕਿ ਉਹ ਇਸ ਦੇ ਲਈ ਤਿਆਰ ਹੋਣ।

ਤਬਲੇ ਦੀਆਂ ਤਾਲਬੱਧ ਬੀਟਸ ਤੋਂ ਲੈ ਕੇ ਜ਼ਰਦੋਜ਼ੀ ਦੇ ਗੁੰਝਲਦਾਰ ਡਿਜ਼ਾਈਨਾਂ ਤੱਕ, ਵਾਰਾਣਸੀ ਦਾ ਸਮ੍ਰਿੱਧ ਸੱਭਿਆਚਾਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਵਾਰਾਣਸੀ ਅਤੇ ਆਸੇ-ਪਾਸੇ ਦੇ ਜ਼ਿਲ੍ਹਿਆਂ ਦੇ 30 ਤੋਂ ਵੱਧ ਸਥਾਨਕ ਉਤਪਾਦਾਂ ਨੂੰ ਹੁਣ ਪ੍ਰਤਿਸ਼ਠਿਤ ਜੀਆਈ (ਭੂਗੌਲਿਕ ਸੰਕੇਤ) ਟੈਗ ਪ੍ਰਾਪਤ ਹੈ, ਜਿਸ ਵਿੱਚ ਪ੍ਰਸਿੱਧ ਠੰਡਾਈ, ਲਾਲ ਭਰਵਾਂ ਮਿਰਚ, ਤਿਰੰਗਾ ਬਰਫੀ ਅਤੇ ਇੱਥੋਂ ਤੱਕ ਕਿ ਜੌਨਪੁਰ ਦੀ ਇਮਰਤੀ ਅਤੇ ਪੀਲੀਭੀਤ ਦੀ ਬੰਸਰੀ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਏਕਤਾ ਮਾਲ ਦੇ ਨਿਰਮਾਣ ਦਾ ਵੀ ਐਲਾਨ ਕੀਤਾ, ਜਿੱਥੇ ਪੂਰੇ ਭਾਰਤ ਦੇ ਵਿਭਿੰਨ ਸ਼ਿਲਪ ਅਤੇ ਉਤਪਾਦਾਂ ਨੂੰ ਇੱਕ ਹੀ ਛੱਤ ਹੇਠਾਂ –ਇੱਥੇ ਕਾਸ਼ੀ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਵਾਰਾਣਸੀ ਪਰੰਪਰਾ ਅਤੇ ਪਰਿਵਰਤਨ ਦੇ ਚੁਰਾਹੇ ‘ਤੇ ਖੜ੍ਹਾ ਹੈ, ਇਹ ਸ਼ਹਿਰ ਇੱਕ ਸਰਲ ਸੱਚ ਸਾਬਤ ਕਰਦਾ ਹੈ: ਵਿਕਾਸ ਤਦ ਸਭ ਤੋਂ ਵੱਧ ਸਾਰਥਕ ਹੁੰਦਾ ਹੈ ਜਦੋਂ ਇਹ ਜੀਵਨ ਨੂੰ ਛੂੰਹਦਾ ਹੋ ਅਤੇ ਕਿਸੇ ਸਥਾਨ ਦੀ ਆਤਮਾ ਨੂੰ ਸੁਰੱਖਿਅਤ ਕਰਦਾ ਹੈ। ਹੱਥ ਜੋੜ੍ਹ ਕੇ ਅਤੇ ਦ੍ਰਿੜ ਇਰਾਦੇ ਨਾਲ, ਕਾਸ਼ੀ ਅੱਗੇ ਵਧਦੀ ਹੈ- ਆਪਣੇ ਅਤੀਤ ‘ਤੇ ਮਾਣ ਕਰਦੀ ਹੈ, ਅਤੇ ਆਪਣੇ ਭਵਿੱਖ ਲਈ ਤਿਆਰ ਹੁੰਦੀ ਹੈ।
ਸੰਦਰਭ
ਕਾਸ਼ੀ ਨੂੰ ਰੌਸ਼ਨ ਕਰਨਾ
************
ਸੰਤੋਸ਼ ਕੁਮਾਰ/ਸਰਲਾ ਮੀਨਾ/ਕਾਮਨਾ ਲਕਾਰੀਆ
(रिलीज़ आईडी: 2121892)
आगंतुक पटल : 24