ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ 345ਵੀਂ ਬਰਸੀ ਦੇ ਮੌਕੇ 'ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਇਤਿਹਾਸਕ ਰਾਏਗੜ੍ਹ ਕਿਲ੍ਹੇ ਦਾ ਦੌਰਾ ਕਰਨਾ ਬਹੁਤ ਸੁਭਾਗ ਦੀ ਗੱਲ ਹੈ, ਜਿੱਥੇ ਹਿੰਦਵੀ ਸਵਰਾਜ ਦਾ ਸੁਨਹਿਰੀ ਸਿੰਘਾਸਣ ਸਥਾਪਿਤ ਕੀਤਾ ਗਿਆ ਸੀ

ਇਹ ਇਤਿਹਾਸਕ ਰਾਏਗੜ੍ਹ ਕਿਲ੍ਹਾ ਬਾਲ ਸ਼ਿਵਾ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਅੰਤਿਮ ਪਲਾਂ ਤੱਕ ਦੀ ਯਾਤਰਾ ਦਾ ਗਵਾਹ ਹੈ

ਕੇਂਦਰ ਅਤੇ ਮਹਾਰਾਸ਼ਟਰ ਸਰਕਾਰਾਂ ਸ਼ਿਵਾਜੀ ਯਾਦਗਾਰ ਨੂੰ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾਦਾਇਕ ਸਥਾਨ ਬਣਾਉਣ ਲਈ ਵਚਨਬੱਧ ਹਨ

ਛਤਰਪਤੀ ਸ਼ਿਵਾਜੀ ਮਹਾਰਾਜ ਨੇ ਭਾਰਤ ਦੇ ਹਰ ਕੋਨੇ ਵਿੱਚ ਸਵਧਰਮ, ਸਵਭਾਸ਼ਾ ਅਤੇ ਸਵਰਾਜ ਸਥਾਪਿਤ ਕੀਤਾ

ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਭਾਰਤ ਦਾ ਹਰ ਬੱਚਾ ਸ਼ਿਵਚਰਿਤਰ ਦੇ ਜੀਵਨ ਅਤੇ ਵਿਰਾਸਤ ਬਾਰੇ ਸਿੱਖੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਸ਼ਿਵਾਜੀ ਮਹਾਰਾਜ ਦੇ ਸਵਰਾਜ, ਸਵਧਰਮ ਅਤੇ ਸਵਭਾਸ਼ਾ ਲਈ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਵਾਜੀ ਮਹਾਰਾਜ ਦੀ ਸ਼ਾਹੀ ਮੋਹਰ ਨੂੰ ਸਾਡੀ ਜਲ ਸੈਨਾ ਦੇ ਪ੍ਰਤੀਕ ਵਜੋਂ ਅਪਣਾ ਕੇ ਦੁਨੀਆ ਨੂੰ ਐਲਾਨ ਕੀਤਾ ਹੈ ਕਿ ਸਾਡਾ ਦੇਸ਼ ਅਤੇ ਸਾਡਾ ਸਵਰਾਜ ਪੂਰੀ ਤਰ੍ਹਾਂ ਸੁਰੱਖਿਅਤ ਹੈ

ਭਾਰਤ ਨੂੰ ਹਰ ਖੇਤਰ ਵਿੱਚ ਇੱਕ ਵਿਸ਼ਵਵਿਆਪੀ ਨੇਤਾ ਬਣਾਉਣ ਦਾ ਮੂਲ ਦ੍ਰਿਸ਼ਟੀਕੋਣ ਸ਼ਿਵਾਜੀ ਮਹਾਰਾਜ ਦੁਆਰਾ ਰੱਖਿਆ ਗਿਆ ਸੀ, ਅਤੇ ਪ੍ਰਧਾਨ ਮੰਤਰੀ ਮੋਦੀ ਉਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੇ ਹਨ

ਇੱਕ ਸਮੇਂ ਜਦੋਂ

Posted On: 12 APR 2025 4:45PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੀ 345ਵੀਂ ਬਰਸੀ ਦੇ ਮੌਕੇ 'ਤੇ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਰਾਏਗੜ੍ਹ ਕਿਲ੍ਹੇ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀ ਅਜੀਤ ਪਵਾਰ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਸਮੇਤ ਕਈ ਪਤਵੰਤੇ ਮੌਜੂਦ ਸਨ।

 

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਤਿਹਾਸਕ ਰਾਏਗੜ੍ਹ ਕਿਲ੍ਹੇ ਦਾ ਦੌਰਾ ਕਰਨਾ ਬਹੁਤ ਸੁਭਾਗ ਦੀ ਗੱਲ ਹੈ, ਜਿੱਥੇ ਹਿੰਦਵੀ ਸਵਰਾਜ ਦਾ ਸੁਨਹਿਰੀ ਸਿੰਘਾਸਨ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਭਾਰਤ ਦੇ ਹਰ ਕੋਨੇ ਵਿੱਚ ਸਵਧਰਮ, ਸਵਭਾਸ਼ਾ ਅਤੇ ਸਵਰਾਜ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਇੱਕ ਇੱਛਾ ਜਗਾਈ। ਜਲਦੀ ਹੀ, ਮਹਾਰਾਸ਼ਟਰ ਦਾ ਖੇਤਰ, ਜੋ ਕਿ ਆਦਿਲਸ਼ਾਹੀ, ਮੁਗਲਸ਼ਾਹੀ ਅਤੇ ਨਿਜ਼ਾਮਸ਼ਾਹੀ ਸ਼ਕਤੀਆਂ ਨਾਲ ਘਿਰਿਆ ਹੋਇਆ ਸੀ, ਹਿੰਦਵੀ ਸਵਰਾਜ ਵਿੱਚ ਬਦਲ ਗਿਆ। ਕੁਝ ਹੀ ਵਰ੍ਹਿਆਂ ਵਿੱਚ, ਅਟਕ ਤੋਂ ਕਟਕ ਤੱਕ, ਅਤੇ ਦੱਖਣ ਵਿੱਚ ਬੰਗਾਲ ਤੋਂ ਤਮਿਲ ਨਾਡੂ ਤੱਕ ਦੇਸ਼ ਭਰ ਵਿੱਚ ਸਵਰਾਜ ਦਾ ਸੁਪਨਾ ਸਾਕਾਰ ਹੋਣਾ ਸ਼ੁਰੂ ਹੋ ਗਿਆ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਸ਼ਿਵਾਜੀ ਮਹਾਰਾਜ ਦਾ ਜਨਮ ਹੋਇਆ ਸੀ, ਤਾਂ ਦੇਸ਼ ਦੇ ਲੋਕ ਡੂੰਘੇ ਹਨੇਰੇ ਵਿੱਚ ਡੁੱਬੇ ਹੋਏ ਸਨ। ਵਾਤਾਵਰਣ ਅਜਿਹਾ ਸੀ ਕਿ ਸਵਰਾਜ ਦੀ ਕਲਪਨਾ ਕਰਨਾ ਵੀ ਅਸੰਭਵ ਜਾਪਦਾ ਸੀ। ਦੇਵਗਿਰੀ ਦੇ ਪਤਨ ਤੋਂ ਸਿਰਫ਼ ਸੌ ਵਰ੍ਹਿਆਂ ਦੇ ਅੰਦਰ, ਮਹਾਰਾਸ਼ਟਰ ਅਤੇ ਪੂਰੇ ਦੱਖਣੀ ਖੇਤਰ ਦਾ ਪਤਨ ਹੋ ਗਿਆ ਸੀ, ਅਤੇ ਹੌਲੀ-ਹੌਲੀ, ਆਪਣੇ ਧਰਮ ਅਤੇ ਸਵਰਾਜ ਦੀ ਗੱਲ ਕਰਨਾ ਇੱਕ ਅਪਰਾਧ ਵਜੋਂ ਦੇਖਿਆ ਜਾਣ ਲੱਗਾ।

ਪਰ ਅਜਿਹੇ ਸਮੇਂ ਵਿੱਚ, ਇੱਕ 12 ਸਾਲ ਦੇ ਲੜਕੇ ਨੇ, ਆਪਣੀ ਮਾਂ ਰਾਜਮਾਤਾ ਜੀਜਾਬਾਈ ਤੋਂ ਪ੍ਰੇਰਿਤ ਹੋ ਕੇ, ਸਿੰਧੂ ਨਦੀ ਤੋਂ ਕੰਨਿਆਕੁਮਾਰੀ ਤੱਕ ਇੱਕ ਵਾਰ ਫਿਰ ਭਗਵਾਂ ਝੰਡਾ ਲਹਿਰਾਉਣ ਦਾ ਪ੍ਰਣ ਲਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਭਰ ਦੇ ਬਹੁਤ ਸਾਰੇ ਮਹਾਨ ਨੇਤਾਵਾਂ ਦੀਆਂ ਜੀਵਨੀਆਂ ਪੜ੍ਹੀਆਂ ਹਨ, ਪਰ ਅਜਿਹੀ ਅਡੋਲ ਇੱਛਾ ਸ਼ਕਤੀ, ਅਦੁੱਤੀ ਸਾਹਸ, ਅਕਲਪਿਤ ਰਣਨੀਤੀ, ਅਤੇ ਇੱਕ ਅਜਿੱਤ ਫੌਜ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਕਰਨ ਦੀ ਯੋਗਤਾ - ਛਤਰਪਤੀ ਸ਼ਿਵਾਜੀ ਮਹਾਰਾਜ ਵਾਂਗ ਕਿਸੇ ਨੇ ਨਹੀਂ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਲ ਨਾ ਤਾਂ ਕਿਸਮਤ ਸੀ, ਨਾ ਹੀ ਕੋਈ ਸ਼ਕਤੀਸ਼ਾਲੀ ਵਿਰਾਸਤ, ਨਾ ਹੀ ਦੌਲਤ ਅਤੇ ਨਾ ਹੀ ਕੋਈ ਵੱਡੀ ਫੌਜ। ਫਿਰ ਵੀ, ਬਹੁਤ ਛੋਟੀ ਉਮਰ ਵਿੱਚ, ਆਪਣੀ ਅਟੁੱਟ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ, ਉਨ੍ਹਾਂ ਨੇ ਪੂਰੇ ਦੇਸ਼ ਨੂੰ ਸਵਰਾਜ ਦੇ ਮੰਤਰ ਨਾਲ ਪ੍ਰੇਰਿਤ ਕੀਤਾ। ਕੁਝ ਹੀ ਸਮੇਂ ਵਿੱਚ, ਉਨ੍ਹਾਂ ਨੇ 200 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲੇ ਮੁਗਲ ਸਾਮਰਾਜ ਨੂੰ ਤੋੜਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।

ਜਦੋਂ ਸ਼ਿਵਾਜੀ ਮਹਾਰਾਜ ਦੀਆਂ ਫੌਜਾਂ ਅਟਕ, ਬੰਗਾਲ, ਕਟਕ ਅਤੇ ਤਮਿਲ ਨਾਡੂ ਪਹੁੰਚੀਆਂ, ਤਾਂ ਦੇਸ਼ ਭਰ ਦੇ ਲੋਕ ਇੱਕ ਵਾਰ ਫਿਰ ਵਿਸ਼ਵਾਸ ਕਰਨ ਲੱਗ ਪਏ - ਕਿ ਰਾਸ਼ਟਰ, ਸਵਧਰਮ,  ਦੇਸ਼ ਦੀ ਭਾਸ਼ਾਵਾਂ ਅਤੇ ਸੱਭਿਆਚਾਰ ਬਚ ਗਿਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਹਰ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਬਣਾਉਣ ਦਾ ਦ੍ਰਿਸ਼ਟੀਕੋਣ ਸਭ ਤੋਂ ਪਹਿਲਾਂ ਸ਼ਿਵਾਜੀ ਮਹਾਰਾਜ ਦੁਆਰਾ ਰੱਖਿਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ, ਭਾਰਤ ਦੀ ਆਜ਼ਾਦੀ ਤੋਂ 75 ਵਰ੍ਹਿਆਂ ਬਾਅਦ, ਅਸੀਂ ਦੁਨੀਆ ਦੇ ਸਾਹਮਣੇ ਮਾਣ ਨਾਲ ਖੜ੍ਹੇ ਹਾਂ, ਅਤੇ ਅਸੀਂ ਸੰਕਲਪ ਕਰਦੇ ਹਾਂ ਕਿ ਜਦੋਂ ਭਾਰਤ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰੇਗਾ, ਤਾਂ ਦੇਸ਼ ਹਰ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਨੰਬਰ ਇੱਕ ਸਥਾਨ ‘ਤੇ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਮਾਤਾ ਜੀਜਾਬਾਈ ਨੇ ਨਾ ਸਿਰਫ਼ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਜਨਮ ਦਿੱਤਾ, ਸਗੋਂ ਉਨ੍ਹਾਂ ਨੂੰ ਸਵਰਾਜ, ਸਵਧਰਮ ਅਤੇ ਸਵਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਵੀ ਪ੍ਰੇਰਿਤ ਕੀਤਾ। ਜਦੋਂ ਸ਼ਿਵਾਜੀ ਅਜੇ ਬਹੁਤ ਛੋਟੇ ਸਨ, ਤਾਂ ਇਹ ਜੀਜਾਬਾਈ ਹੀ ਸੀ ਜਿਨ੍ਹਾਂ ਨੇ ਉਨ੍ਹਾਂ ਵਿੱਚ ਪੂਰੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਇੱਕ ਹਿੰਦਵੀ ਸਾਮਰਾਜ ਦੇ ਸੰਸਥਾਪਕ ਬਣਨ ਦਾ ਵਿਚਾਰ ਭਰਿਆ।

ਸ਼੍ਰੀ ਸ਼ਾਹ ਨੇ ਕਿਹਾ ਕਿ ਰਾਜਮਾਤਾ ਜੀਜਾਬਾਈ ਨੇ ਨੌਜਵਾਨ ਸ਼ਿਵਾਜੀ ਨੂੰ ਕਦਰਾਂ-ਕੀਮਤਾਂ ਅਤੇ ਗੁਣ ਦਿੱਤੇ, ਅਤੇ ਸ਼ਿਵਾਜੀ ਨੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਇੱਕ ਸ਼ਕਤੀਸ਼ਾਲੀ ਬੋਹੜ ਦੇ ਰੁੱਖ ਵਿੱਚ ਬਦਲ ਦਿੱਤਾ। ਉਨ੍ਹਾਂ  ਨੇ ਅੱਗੇ ਕਿਹਾ ਕਿ ਸ਼ਿਵਾਜੀ ਤੋਂ ਬਾਅਦ, ਸੰਭਾਜੀ ਮਹਾਰਾਜ, ਮਹਾਰਾਣੀ ਤਾਰਾਬਾਈ, ਸੰਤਾਜੀ ਅਤੇ ਤਾਨਾਜੀ ਮੁਗਲ ਸਮਰਾਟ ਔਰੰਗਜ਼ੇਬ ਦੇ ਵਿਰੁੱਧ ਉਸ ਦੀ ਮੌਤ ਤੱਕ ਲੜਦੇ ਰਹੇ। ਨਤੀਜੇ ਵਜੋਂ, ਉਹ ਆਦਮੀ ਜਿਸ ਨੇ ਆਪਣੇ ਆਪ ਨੂੰ "ਆਲਮਗੀਰ" ਕਿਹਾ, ਅੰਤ ਵਿੱਚ ਮਹਾਰਾਸ਼ਟਰ ਵਿੱਚ ਹਾਰ ਗਿਆ, ਅਤੇ ਉਸ ਦੀ ਕਬਰ ਇਸ ਗੱਲ ਦੇ ਪ੍ਰਮਾਣ ਵਜੋਂ ਇੱਥੇ ਮੌਜੂਦ ਹੈ।

ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਭਾਰਤ ਦਾ ਹਰ ਬੱਚਾ ਸ਼ਿਵਾਜੀ ਦੇ ਜੀਵਨ ਅਤੇ ਵਿਰਾਸਤ ਬਾਰੇ ਸਿੱਖੇ। ਉਨ੍ਹਾਂ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੂੰ ਮਹਾਰਾਸ਼ਟਰ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ - ਪੂਰਾ ਦੇਸ਼, ਇੱਥੋਂ ਤੱਕ ਕਿ ਦੁਨੀਆ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਵਧਰਮ, ਸਵਰਾਜ ਅਤੇ ਸਵਭਾਸ਼ਾ ਮਨੁੱਖੀ ਜੀਵਨ ਦੇ ਸਵੈ-ਮਾਣ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਸ਼ਿਵਾਜੀ ਮਹਾਰਾਜ ਨੇ ਸਵੈ-ਮਾਣ ਦੇ ਇਨ੍ਹਾਂ ਤਿੰਨ ਮੁੱਖ ਮੁੱਲਾਂ ਨੂੰ ਰਾਸ਼ਟਰ ਅਤੇ ਦੁਨੀਆ ਦੇ ਸਾਹਮਣੇ ਲਿਆਂਦਾ। ਉਨ੍ਹਾਂ ਨੇ ਇਹ ਉਸ ਸਮੇਂ ਕੀਤਾ ਜਦੋਂ ਹਮਲਾਵਰਾਂ ਨੇ ਸਾਨੂੰ ਕੁਚਲਿਆ ਅਤੇ ਹਰਾਇਆ ਸੀ, ਅਤੇ ਗੁਲਾਮੀ ਦੀ ਮਾਨਸਿਕਤਾ ਸਮਾਜ ਵਿੱਚ ਜੜ੍ਹ ਫੜ ਗਈ ਸੀ। ਪਰ ਸ਼ਿਵਾਜੀ ਮਹਾਰਾਜ ਨੇ ਗੁਲਾਮੀ ਦੀ ਇਸ ਮਾਨਸਿਕਤਾ ਨੂੰ ਤੋੜ ਦਿੱਤਾ ਅਤੇ ਹਿੰਦਵੀ ਸਾਮਰਾਜ ਨੂੰ ਮੁੜ ਸਥਾਪਿਤ ਕੀਤਾ, ਲੋਕਾਂ ਵਿੱਚ ਮਾਣ, ਵਿਰੋਧ ਅਤੇ ਆਜ਼ਾਦੀ ਦੀ ਭਾਵਨਾ ਨੂੰ ਮੁੜ ਸੁਰਜੀਤ ਕੀਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦਾ ਪੂਰਾ ਇਤਿਹਾਸ - ਉਨ੍ਹਾਂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਆਖਰੀ ਸਾਹ ਤੱਕ - ਰਾਏਗੜ੍ਹ ਦੀ ਇਸ ਪਵਿੱਤਰ ਧਰਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਮਹਾਨ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਇਸ ਪਵਿੱਤਰ ਸਥਾਨ ਦੀ ਕਲਪਨਾ "ਸ਼ਿਵ ਸਮ੍ਰਿਤੀ" ਵਜੋਂ ਕੀਤੀ ਸੀ।

ਸ਼੍ਰੀ ਸ਼ਾਹ ਨੇ ਕਿਹਾ ਕਿ ਅੰਗਰੇਜ਼ਾਂ ਨੇ ਜਾਣਬੁੱਝ ਕੇ ਰਾਏਗੜ੍ਹ ਕਿਲ੍ਹੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਸਵਰਾਜ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਸੀ। ਤਿਲਕ ਮਹਾਰਾਜ ਨੇ ਇਸ ਮਹੱਤਵ ਨੂੰ ਪਛਾਣਿਆ ਅਤੇ ਆਪਣੇ ਮਸ਼ਹੂਰ ਨਾਅਰੇ "ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ" ਰਾਹੀਂ, ਸ਼ਿਵਾਜੀ ਮਹਾਰਾਜ ਦੇ ਸਵਰਾਜ ਦੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧਤਾ ਨੂੰ ਮੁੜ ਸਥਾਪਿਤ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਤਿਲਕ ਮਹਾਰਾਜ ਨੇ ਇਸ ਯਾਦਗਾਰ ਨੂੰ ਸੰਭਾਲਣ ਲਈ ਅੰਦੋਲਨ ਸ਼ੁਰੂ ਕੀਤਾ ਸੀ, ਹਾਲਾਂਕਿ ਇਹ ਕੰਮ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਪੂਰਾ ਨਹੀਂ ਹੋ ਸਕਿਆ। ਹਾਲਾਂਕਿ, ਬ੍ਰਿਟਿਸ਼ ਸ਼ਾਸਨ ਦੌਰਾਨ ਵੀ, ਇਹ ਸਥਾਨ ਇੱਕ ਪ੍ਰਤੀਕ ਬਣ ਗਿਆ - ਸ਼ਿਵ ਜਯੰਤੀ ਤੋਂ ਸਵਰਾਜ ਤੱਕ, ਜੋ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਹੁਣ ਤਿਲਕ ਮਹਾਰਾਜ ਦੁਆਰਾ ਇਸ ਵਿਰਾਸਤ ਦੇ ਸਨਮਾਨ ਅਤੇ ਸੰਭਾਲ ਲਈ ਸ਼ੁਰੂ ਕੀਤੇ ਗਏ ਨੇਕ ਕਾਰਜ ਨੂੰ ਜਾਰੀ ਰੱਖ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਮਹਾਰਾਸ਼ਟਰ ਸਰਕਾਰਾਂ ਰਾਏਗੜ੍ਹ ਸਮਾਰਕ ਨੂੰ ਸਿਰਫ਼ ਇੱਕ ਟੂਰਿਜ਼ਮ ਸਥਾਨ ਵਿੱਚ ਹੀ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਿੱਚ ਬਦਲਣ ਲਈ ਵਚਨਬੱਧ ਹਨ, ਇਸ ਨੂੰ ਵੱਖ-ਵੱਖ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਕੇ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ 7ਵੀਂ ਤੋਂ 12ਵੀਂ ਜਮਾਤ ਤੱਕ ਦਾ ਹਰ ਵਿਦਿਆਰਥੀ ਘੱਟੋ-ਘੱਟ ਇੱਕ ਵਾਰ ਇਸ ਪਵਿੱਤਰ ਸਥਾਨ ਦਾ ਦੌਰਾ ਕਰੇ, ਤਾਂ ਜੋ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਅਤੇ ਆਦਰਸ਼ਾਂ ਨਾਲ ਜੁੜ ਸਕਣ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਪ੍ਰਸ਼ਾਸਨ ਦੇ ਖੇਤਰ ਵਿੱਚ ਕਈ ਸਿਧਾਂਤ ਸਥਾਪਿਤ ਕੀਤੇ। ਅਸ਼ਟ ਪ੍ਰਧਾਨ ਮੰਡਲ (ਅੱਠ ਮੰਤਰੀਆਂ ਦੀ ਪ੍ਰੀਸ਼ਦ) ਦੀ ਉਨ੍ਹਾਂ ਦੀ ਧਾਰਨਾ ਨੂੰ ਅੱਜ ਕੈਬਨਿਟ ਦੇ ਰੂਪ ਵਿੱਚ ਅਪਣਾਇਆ ਗਿਆ ਹੈ, ਅਤੇ ਕੈਬਨਿਟ ਅਸਲ ਵਿੱਚ ਅਸ਼ਟ ਪ੍ਰਧਾਨ ਮੰਡਲ ਦਾ ਇੱਕ ਵਿਸ਼ਾਲ ਰੂਪ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਿਵਾਜੀ ਮਹਾਰਾਜ ਨੇ ਨਿਆਂ ਲਈ ਕਈ ਸਿਧਾਂਤ ਸਥਾਪਿਤ ਕੀਤੇ ਸਨ ਜਿਨ੍ਹਾਂ ਨੂੰ ਸੱਤਾ ਵਿੱਚ ਬੈਠੇ ਲੋਕਾਂ ਨੇ ਲਾਗੂ ਕੀਤਾ ਸੀ। ਆਪਣੇ ਕੰਮਾਂ ਰਾਹੀਂ, ਸ਼ਿਵਾਜੀ ਮਹਾਰਾਜ ਨੇ ਸੁਸ਼ਾਸਨ ਦੀ ਇੱਕ ਉਦਾਹਰਣ ਕਾਇਮ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦਾ ਅੰਤਿਮ ਸੰਦੇਸ਼ ਸੀ ਕਿ ਸਵਰਾਜ, ਸਵਧਰਮ ਦਾ ਸਤਿਕਾਰ ਅਤੇ ਸਵਭਾਸ਼ਾ ਦੀ ਅਮਰਤਾ ਲਈ ਸੰਘਰਸ਼ ਕਦੇ ਨਹੀਂ ਰੁਕਣਾ ਚਾਹੀਦਾ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਇਹ ਸੰਘਰਸ਼ ਅੱਜ ਮਾਣ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਸ਼ਾਨਦਾਰ ਸਥਾਨ ਦੇਣ ਲਈ ਕੰਮ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦੀ ਬਹਾਲੀ, ਸਾਰੇ ਜਯੋਤਿਰਲਿੰਗਾਂ ਤੱਕ ਪਹੁੰਚ ਅਤੇ ਰਾਮ ਜਨਮਭੂਮੀ ਦੇ ਪੁਨਰ ਸੁਰਜੀਤੀ ਦੀ ਕਲਪਨਾ ਕੀਤੀ ਸੀ। ਇਹ ਕਾਰਜ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਪੂਰੇ ਕੀਤੇ ਗਏ ਹਨ। ਕਾਸ਼ੀ ਵਿਸ਼ਵਨਾਥ ਮੰਦਿਰ, ਜਿਸ ਨੂੰ ਔਰੰਗਜ਼ੇਬ ਨੇ ਤਬਾਹ ਕਰ ਦਿੱਤਾ ਸੀ, ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਾਸਨਕਾਲ ਵਿੱਚ ਕਾਸ਼ੀ ਵਿਸ਼ਵਨਾਥ ਕੌਰੀਡੋਰ ਰਾਹੀਂ ਮੁੜ ਸੁਰਜੀਤ ਕੀਤਾ ਗਿਆ ਸੀ।

ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰਾ ਦੇਸ਼ ਸ਼ਿਵਾਜੀ ਮਹਾਰਾਜ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਸਾਕਾਰ ਕਰਨ ਲਈ ਅਤੇ ਬਾਕੀ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦ੍ਰਿੜਤਾ, ਸਮਰਪਣ, ਕੁਰਬਾਨੀ, ਬਹਾਦਰੀ, ਸਵੈ-ਮਾਣ ਅਤੇ ਸਵਰਾਜ ਦੀ ਅਮਰ ਭਾਵਨਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਹਾਰਾਸ਼ਟਰ ਸਰਕਾਰ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਉਨ੍ਹਾਂ  ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਵਾਜੀ ਮਹਾਰਾਜ ਦੀ ਸ਼ਾਹੀ ਮੋਹਰ ਨੂੰ ਸਾਡੀ ਜਲ ਸੈਨਾ ਦਾ ਪ੍ਰਤੀਕ ਬਣਾ ਕੇ ਦੁਨੀਆ ਨੂੰ ਐਲਾਨ ਕੀਤਾ ਹੈ ਕਿ ਸਾਡਾ ਦੇਸ਼ ਅਤੇ ਸਾਡਾ ਸਵਰਾਜ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮਹਾਰਾਸ਼ਟਰ ਸਰਕਾਰ 12 ਇਤਿਹਾਸਕ ਕਿਲ੍ਹਿਆਂ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ ਵਜੋਂ ਮਾਨਤਾ ਦਿਵਾਉਣ ਲਈ ਯਤਨ ਕਰ ਰਹੀ ਹੈ।

**************

ਆਰਕੇ/ਵੀਵੀ/ਪੀਆਰ/ਪੀਐਸ


(Release ID: 2121398) Visitor Counter : 9