ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਏਮਸ, ਬਠਿੰਡਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ
Posted On:
11 MAR 2025 5:56PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਮਾਰਚ, 2025) ਏਮਸ, ਬਠਿੰਡਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ 'ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਨਾਗਰਿਕਾਂ ਲਈ, ਏਮਸ ਦਾ ਅਰਥ ਹੈ ਸਭ ਤੋਂ ਵਧੀਆ ਅਤੇ ਕਿਫਾਇਤੀ ਇਲਾਜ ਅਤੇ ਵਿਦਿਆਰਥੀਆਂ ਲਈ ਏਮਸ ਦਾ ਅਰਥ ਹੈ, ਉੱਚ ਸਿੱਖਿਆ ਅਤੇ ਖੋਜ ਲਈ ਚੰਗੀਆਂ ਸਹੂਲਤਾਂ। ਉਨ੍ਹਾਂ ਕਿਹਾ ਕਿ ਕਿਫਾਇਤੀ ਕੀਮਤਾਂ 'ਤੇ ਸ਼ਾਨਦਾਰ ਤੀਜੇ ਪੱਧਰ ਦੀ ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਮੈਡੀਕਲ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਦੇਸ਼ ਵਿੱਚ ਬਹੁਤ ਸਾਰੇ ਏਮਸ ਸਥਾਪਿਤ ਕੀਤੇ ਗਏ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਏਮਸ ਵਰਗੇ ਵੱਕਾਰੀ ਸੰਸਥਾਨ ਇਲਾਜ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਵੀ ਮੋਹਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ 750 ਬੈੱਡਾਂ ਵਾਲਾ ਏਮਸ, ਬਠਿੰਡਾ ਇਸ ਖੇਤਰ ਦੇ ਲੋਕਾਂ ਨੂੰ ਕਈ ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਵਿਭਾਗਾਂ ਰਾਹੀਂ ਸੰਪੂਰਨ ਸਿਹਤ ਸੰਭਾਲ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਏਮਸ, ਬਠਿੰਡਾ ਦੇ ਸਾਰੇ ਹਿਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਅਤੇ ਡਾਕਟਰੀ ਸੇਵਾ ਰਾਹੀਂ ਇਸ ਨੂੰ ਮੈਡੀਕਲ ਉੱਤਮਤਾ ਦੇ ਖੇਤਰੀ ਕੇਂਦਰ ਵਜੋਂ ਵਿਕਸਿਤ ਕਰਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਖੋਜ ਦਾ ਧਿਆਨ ਆਲਮੀ ਅਤੇ ਸਥਾਨਕ ਸਿਹਤ ਮੁੱਦਿਆਂ ਨੂੰ ਹੱਲ ਕਰਨ 'ਤੇ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰਾਂ ਨੂੰ ਸਾਡੇ ਸਮਾਜ ਵਿੱਚ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਇੱਕ ਡਾਕਟਰ ਤੋਂ ਪੇਸ਼ੇਵਰ ਯੋਗਤਾ ਦੇ ਨਾਲ-ਨਾਲ ਦਇਆ, ਦਿਆਲਤਾ, ਅਤੇ ਹਮਦਰਦੀ ਵਰਗੀਆਂ ਮਨੁੱਖੀ ਕਦਰਾਂ ਕੀਮਤਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਇਸ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ ਅਤੇ ਉਸ ਅਨੁਸਾਰ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਡਾਕਟਰੀ ਪੇਸ਼ੇਵਰ ਹੋਣ ਦੇ ਨਾਤੇ, ਕਈ ਵਾਰ ਉਨ੍ਹਾਂ ਨੂੰ ਬਹੁਤ ਚੁਣੌਤੀਪੂਰਨ ਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਪੈਂਦਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ, ਸਹੀ ਜੀਵਨ ਸ਼ੈਲੀ ਅਪਣਾਉਣ, ਯੋਗ ਅਤੇ ਕਸਰਤ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਰੇ ਕਦਮ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਅਤੇ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਨਗੇ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
*****
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2110462)
Visitor Counter : 30