ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਮੋਦੀ ਸਰਕਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਜ਼ਾ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਜੋ ਪੈਸੇ ਦੇ ਲਾਲਚ ਲਈ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਹਨੇਰੀ ਖਾਈ ਵਿੱਚ ਧੱਕਦੇ ਹਨ


ਹੇਠਾਂ ਤੋਂ ਉੱਪਰ ਅਤੇ ਉੱਪਰ ਤੋਂ ਹੇਠਾਂ ਤੱਕ ਰਣਨੀਤੀ ਦੇ ਨਾਲ ਇੱਕ ਅਚੂਕ ਜਾਂਚ ਦੇ ਨਤੀਜੇ ਵਜੋਂ, ਭਾਰਤ ਭਰ ਵਿੱਚ 12 ਵੱਖ-ਵੱਖ ਮਾਮਲਿਆਂ ਵਿੱਚ ਅਦਾਲਤ ਦੁਆਰਾ 29 ਨਸ਼ਾ ਤਸਕਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਨਸ਼ਾ ਮੁਕਤ ਭਾਰਤ ਬਣਾਉਣ ਲਈ ਬੇਰਹਿਮ (ruthless) ਅਤੇ ਬਾਰੀਕੀ ਨਾਲ ਜਾਂਚਾਂ ਰਾਹੀਂ ਨਸ਼ਿਆਂ ਦੇ ਖ਼ਤਰੇ ਦਾ ਮੁਕਾਬਲਾ ਜਾਰੀ ਰੱਖਣ ਦਾ ਵਾਅਦਾ ਕਰਦੀ ਹੈ

ਨਸ਼ਿਆਂ ਵਿਰੁੱਧ ਮੋਦੀ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਦੀ ਪਾਲਣਾ ਕਰਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਇਹ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ

Posted On: 02 MAR 2025 11:33AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਜ਼ਾ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਜੋ ਪੈਸੇ ਦੇ ਲਾਲਚ ਲਈ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਹਨੇਰੀ ਖਾਈ ਵਿੱਚ ਧੱਕਦੇ ਹਨ।

ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਨਸ਼ਾ ਮੁਕਤ ਭਾਰਤ ਬਣਾਉਣ ਲਈ ruthless ਅਤੇ ਬਾਰੀਕੀ ਨਾਲ ਜਾਂਚ ਰਾਹੀਂ ਨਸ਼ਿਆਂ ਦੇ ਖ਼ਤਰੇ ਦਾ ਮੁਕਾਬਲਾ ਜਾਰੀ ਰੱਖਣ ਦਾ ਵਾਅਦਾ ਕਰਦੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਹੇਠਾਂ ਤੋਂ ਉੱਪਰ ਅਤੇ ਉੱਪਰ ਤੋਂ ਹੇਠਾਂ ਤੱਕ ਰਣਨੀਤੀ ਦੇ ਨਾਲ ਇੱਕ ਅਚੂਕ ਜਾਂਚ ਦੇ ਨਤੀਜੇ ਵਜੋਂ, ਪੂਰੇ ਭਾਰਤ  ਵਿੱਚ 12 ਵੱਖ-ਵੱਖ ਮਾਮਲਿਆਂ ਵਿੱਚ ਅਦਾਲਤ ਦੁਆਰਾ 29 ਨਸ਼ਾ ਤਸਕਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਸਫਲਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਅਪਣਾਈ ਗਈ 'ਹੇਠਾਂ ਤੋਂ ਉੱਪਰ' ਅਤੇ ਉੱਪਰ ਤੋਂ ਹੇਠਾਂ' ਪਹੁੰਚ ਦਾ ਪ੍ਰਮਾਣ ਹੈ। ਮੋਦੀ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਦੀ ਪਾਲਣਾ ਕਰਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਹ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ।

12 ਮਾਮਲਿਆਂ ਦੇ ਵੇਰਵੇ ਇਸ ਪ੍ਰਕਾਰ ਹਨ:

ਅਹਿਮਦਾਬਾਦ ਜ਼ੋਨ

1. 27.07.2019 ਨੂੰ, ਐੱਨਸੀਬੀ ਅਹਿਮਦਾਬਾਦ ਜ਼ੋਨਲ ਯੂਨਿਟ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਰੇਲਵੇ ਸਟੇਸ਼ਨ 'ਤੇ ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਜੀਸ਼ਾਨ ਦੇ ਕਬਜ਼ੇ ਤੋਂ 23.859 ਕਿਲੋਗ੍ਰਾਮ ਚਰਸ ਜ਼ਬਤ ਕੀਤੀ ਅਤੇ ਐੱਨਸੀਬੀ ਅਹਿਮਦਾਬਾਦ ਅਪਰਾਧ ਨੰਬਰ 05/2019 ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਪਰੋਕਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਦੌਰਾਨ, ਇੱਕ ਸਾਹਿਦੁਲ ਰਹਿਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਪੂਰੀ ਹੋਣ ਤੋਂ ਬਾਅਦ, ਸਿਟੀ ਸਿਵਿਲ ਅਤੇ ਸੈਸ਼ਨ ਕੋਰਟ ਅਹਿਮਦਾਬਾਦ ਦੇ ਵਿਦਵਤਾਪੂਰਨ ਜੱਜ ਦੇ ਸਾਹਮਣੇ ਐੱਨਡੀਪੀਐੱਸ ਐਕਟ ਤਹਿਤ ਉਪਰੋਕਤ ਤਿੰਨ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ। ਕੇਸ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ, ਅਦਾਲਤ ਨੇ 29.01.2025 ਨੂੰ ਫੈਸਲਾ ਸੁਣਾਇਆ ਅਤੇ ਸਾਰੇ 03 ਮੁਲਜ਼ਮਾਂ ਨੂੰ 14 ਸਾਲ ਦੀ ਸਖ਼ਤ ਕੈਦ ਅਤੇ ਹਰੇਕ ਨੂੰ 01 ਲੱਖ ਰੁਪਏ ਦੇ ਜੁਰਮਾਨੇ ਲਈ ਦੋਸ਼ੀ ਠਹਿਰਾਇਆ ਗਿਆ।

ਭੋਪਾਲ ਜ਼ੋਨ (ਮੰਦਸੌਰ)

2. ਜੁਲਾਈ 2022 ਵਿੱਚ, ਐੱਨਸੀਬੀ ਮੰਦਸੌਰ ਨੇ ਮੱਧ ਪ੍ਰਦੇਸ਼ ਦੇ ਸ਼ਾਹਡੋਲ ਵਿੱਚ ਧਰੁਵ ਟੋਲ ਪਲਾਜ਼ਾ 'ਤੇ ਰਾਸ਼ਟਰੀ ਰਾਜਮਾਰਗ 43 'ਤੇ ਇੱਕ ਹੈਰੀਅਰ ਅਤੇ ਇੱਕ ਵਰਨਾ ਨੂੰ ਰੋਕਿਆ ਅਤੇ 123.080 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਇਸ ਮਾਮਲੇ ਵਿੱਚ ਸ਼ਿਵਮ ਸਿੰਘ (ਜ਼ਬਤ ਕੀਤੇ ਗਏ ਵਾਹਨਾਂ ਦੇ ਮਾਲਕ), ਸੰਤ ਕੁਮਾਰ ਯਾਦਵ, ਬਾਲਮੁਕੁੰਦ ਮਿਸ਼ਰਾ ਅਤੇ ਉੱਤਮ ਸਿੰਘ (ਸਾਰੇ ਵਾਹਕਾਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਖੇਪ ਕੋਰਾਪੁਟ (ਓਡੀਸ਼ਾ) ਤੋਂ ਪ੍ਰਾਪਤ ਕੀਤੀ ਗਈ ਸੀ ਅਤੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਲਈ ਜਾਣੀ ਸੀ। ਜਾਂਚ ਟੀਮ ਨੇ ਸੁਰੇਸ਼ ਕੁਮਾਰ ਬਿੰਦ ਨਾਮਕ ਤਸਕਰੀ ਪ੍ਰਾਪਤ ਕਰਨ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ। 24.02.2025 ਨੂੰ, ਵਿਸ਼ੇਸ਼ ਐੱਨਡੀਪੀਐੱਸ ਅਦਾਲਤ, ਸ਼ਾਹਡੋਲ ਨੇ ਚਾਰ ਮੁਲਜ਼ਮਾਂ ਸ਼ਿਵਮ ਸਿੰਘ, ਸੰਤ ਕੁਮਾਰ ਯਾਦਵ, ਬਾਲਮੁਕੁੰਦ ਮਿਸ਼ਰਾ ਅਤੇ ਉੱਤਮ ਸਿੰਘ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 12 ਸਾਲ ਦੀ ਸਖ਼ਤ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਚੰਡੀਗੜ੍ਹ ਜ਼ੋਨ

3. ਐੱਨਸੀਬੀ ਚੰਡੀਗੜ੍ਹ ਦੇ ਅਧਿਕਾਰੀਆਂ ਦੁਆਰਾ DHL ਐਕਸਪ੍ਰੈੱਸ, ਲੁਧਿਆਣਾ ਵਿਖੇ 438 ਗ੍ਰਾਮ ਅਫੀਮ ਨਾਲ ਭਰੇ ਦੋ ਹਾਕੀ ਸਟਿੱਕਾਂ ਵਾਲਾ ਇੱਕ ਪਾਰਸਲ ਫੜਿਆ ਗਿਆ। ਇਹ ਪਾਰਸਲ ਦੋਸ਼ੀ ਨਸੀਬ ਸਿੰਘ ਨੇ ਬੁੱਕ ਕੀਤਾ ਸੀ, ਬੁਕਿੰਗ ਦੌਰਾਨ ਗੋਬਿੰਦ ਸਿੰਘ ਵੀ ਉਸ ਦੇ ਨਾਲ ਸੀ। ਐੱਨਸੀਬੀ ਅਪਰਾਧ ਨੰਬਰ 06/2024 ਦਾ ਇੱਕ ਕੇਸ ਦਰਜ ਕੀਤਾ ਗਿਆ ਸੀ, ਅਤੇ ਜਾਂਚ ਤੋਂ ਬਾਅਦ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ। ਵਿਸ਼ੇਸ਼ ਅਦਾਲਤ, ਲੁਧਿਆਣਾ ਨੇ 31.01.25 ਨੂੰ ਆਪਣਾ ਫੈਸਲਾ ਸੁਣਾਇਆ ਹੈ ਅਤੇ NDPS ਐਕਟ, 1985 ਦੀ ਧਾਰਾ 18(c), 23, 28, ਅਤੇ 29 ਦੇ ਤਹਿਤ ਨਸੀਬ ਸਿੰਘ ਅਤੇ ਗੋਬਿੰਦ ਸਿੰਘ (ਮੁੱਖ ਮੁਨਸ਼ੀ ਪੰਜਾਬ ਪੁਲਿਸ) ਨੂੰ ਦੋਸ਼ੀ ਠਹਿਰਾਇਆ ਹੈ, ਉਨ੍ਹਾਂ ਨੂੰ ਅਫੀਮ ਕੈਨੇਡਾ ਲਿਜਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ NDPS ਐਕਟ ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ ₹10,000 (ਡਿਫਾਲਟ ਦੇ ਰੂਪ ਵਿੱਚ, ਇੱਕ ਮਹੀਨੇ ਦੀ ਵਾਧੂ ਕੈਦ) ਦਾ ਜੁਰਮਾਨਾ ਦੀ ਸਜ਼ਾ ਸੁਣਾਈ।

4. 30.12.2021 ਨੂੰ, ਐਨਸੀਬੀ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਭੀਮ ਲਾਮਾ ਨੂੰ 390 ਗ੍ਰਾਮ ਚਰਸ ਨਾਲ ਮੁੰਬਈ ਜਾਣ ਵਾਲੀ ਪੱਛਮੀ ਐਕਸਪ੍ਰੈੱਸ ਵਿੱਚ ਚੜ੍ਹਣ ਤੋਂ ਪਹਿਲਾਂ ਫੜਿਆ । ਦੋਸ਼ੀ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਅਤੇ ਜਾਂਚ ਪੂਰੀ ਹੋਣ 'ਤੇ, ਕੇਸ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਦੋਸ਼ੀ ਨੇ ਸਵੈ-ਇੱਛਾ ਨਾਲ ਆਪਣਾ ਦੋਸ਼ ਕਬੂਲ ਕਰ ਲਿਆ, ਜਿਸ ਕਾਰਨ ਉਸ ਨੂੰ ਦੋਸ਼ੀ ਠਹਿਰਾਇਆ ਗਿਆ। 08.01.2025 ਨੂੰ, ਵਿਸ਼ੇਸ਼ ਅਦਾਲਤ, ਚੰਡੀਗੜ੍ਹ ਨੇ ਭੀਮ ਲਾਮਾ ਨੂੰ ਐੱਨਡੀਪੀਐੱਸ ਐਕਟ, 1985 ਦੀ ਧਾਰਾ 20 ਦੇ ਤਹਿਤ 390 ਗ੍ਰਾਮ ਚਰਸ ਰੱਖਣ ਲਈ ਦੋਸ਼ੀ ਠਹਿਰਾਇਆ। ਅਦਾਲਤ ਨੇ ਦੋਸ਼ੀ ਦੁਆਰਾ ਦਿਖਾਏ ਗਏ ਪਛਤਾਵੇ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਵਪਾਰਕ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਨਡੀਪੀਐੱਸ ਐਕਟ ਦੇ ਤਹਿਤ 6 ਮਹੀਨੇ ਦੀ ਸਖ਼ਤ ਕੈਦ ਅਤੇ ₹5,000 (ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ ਇੱਕ ਮਹੀਨੇ ਦੀ ਵਾਧੂ ਕੈਦ) ਦੀ ਸਜ਼ਾ ਸੁਣਾਈ।

ਕੋਚੀਨ ਜ਼ੋਨ

5. 19.06.2021 ਨੂੰ ਐੱਨਸੀਬੀ ਕੋਚੀਨ ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਸ਼ੈਰਨ ਚਿਗਵਾਜ਼ਾ ਨਾਮ ਦੀ ਇੱਕ ਜ਼ਿੰਬਾਬਵੇ ਦੀ ਮਹਿਲਾ ਨੂੰ ਰੋਕਿਆ। ਸ਼ੈਰਨ ਚਿਗਵਾਜ਼ਾ ਕਤਰ ਏਅਰਵੇਜ਼ ਦੁਆਰਾ ਜੋਹਾਨਸਬਰਗ ਤੋਂ ਕੋਚੀ ਰਾਹੀਂ ਦੋਹਾ ਜਾ ਰਹੀ ਸੀ। ਉਸ ਦੇ ਚੈੱਕ-ਇਨ ਕੀਤੇ ਸਮਾਨ ਦੀ ਹੋਰ ਜਾਂਚ ਕਰਨ 'ਤੇ 2.910 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਜ਼ਬਤ ਕੀਤੀ ਗਈ। ਇਸ ਅਨੁਸਾਰ, ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਐੱਨਸੀਬੀ ਕੋਚੀਨ ਜ਼ੋਨਲ ਯੂਨਿਟ ਦੁਆਰਾ ਇੱਕ ਕੇਸ ਓਆਰ ਨੰਬਰ 04/2021 ਦਰਜ ਕੀਤਾ ਗਿਆ। ਜਾਂਚ ਪੂਰੀ ਹੋਣ 'ਤੇ, ਜ਼ਿਲ੍ਹਾ ਅਤੇ ਸੈਸ਼ਨ ਅਦਾਲਤ, ਏਰਨਾਕੁਲਮ ਦੇ ਸਾਹਮਣੇ ਐੱਸਸੀ ਨੰਬਰ 554/2022 ਵਾਲੀ ਸ਼ਿਕਾਇਤ ਦਾਇਰ ਕੀਤੀ ਗਈ। ਮੁਕੱਦਮਾ VII ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ, ਏਰਨਾਕੁਲਮ ਦੇ ਸਾਹਮਣੇ ਚਲਾਇਆ ਗਿਆ ਅਤੇ ਮੁਕੱਦਮਾ ਪੂਰਾ ਹੋਣ 'ਤੇ, ਅਦਾਲਤ ਨੇ ਸ਼ੈਰਨ ਚਿਗਵਾਜ਼ਾ ਨੂੰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੇ ਕਬਜ਼ੇ ਅਤੇ ਗੈਰ-ਕਾਨੂੰਨੀ ਆਯਾਤ ਲਈ NDPS ਐਕਟ, 1985 ਦੀ ਧਾਰਾ 8(c) ਦੇ ਨਾਲ ਪੜ੍ਹੀ  ਜਾਣ ਵਾਲੀ ਧਾਰਾ 21 C ਅਤੇ 23 C ਦੇ ਤਹਿਤ ਅਪਰਾਧਾਂ ਲਈ ਦੋਸ਼ੀ ਪਾਇਆ। 29.01.2025 ਨੂੰ ਸੁਣਾਏ ਗਏ ਵਿਸਤ੍ਰਿਤ ਫੈਸਲੇ ਵਿੱਚ, ਅਦਾਲਤ ਨੇ ਦੋਸ਼ੀ ਨੂੰ 11 ਸਾਲ ਦੀ ਸਖ਼ਤ ਕੈਦ ਅਤੇ 3,00,000/- ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਦੇਹਰਾਦੂਨ ਜ਼ੋਨ

6. 05.01.2018 ਨੂੰ, ਐੱਨਸੀਬੀ ਦੇਹਰਾਦੂਨ ਨੇ 450 ਗ੍ਰਾਮ ਚਰਸ ਜ਼ਬਤ ਕੀਤੀ, ਜਿਸ ਨਾਲ ਨਮਨ ਬਾਂਸਲ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਹੋਰ ਜਾਂਚ ਦੇ ਨਤੀਜੇ ਵਜੋਂ 19.02.2018 ਨੂੰ ਇੱਕ ਹੋਰ ਸਹਿ-ਦੋਸ਼ੀ, ਆਸ਼ੂਤੋਸ਼ ਉਨਿਆਲ, ਜੋ ਕਿ ਦੇਹਰਾਦੂਨ ਦਾ ਵਸਨੀਕ ਹੈ, ਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮੇ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ, ਐੱਨਡੀਪੀਐੱਸ (NDPS) ਅਦਾਲਤ, ਦੇਹਰਾਦੂਨ (UKD) ਨੇ 18.01.2025 ਨੂੰ ਦੋਸ਼ੀ ਨਮਨ ਬਾਂਸਲ ਨੂੰ 01 ਸਾਲ ਦੀ ਕੈਦ ਅਤੇ 20,000/- ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

ਦਿੱਲੀ ਜ਼ੋਨ

7. 19.03,2021 ਨੂੰ, ਐੱਨਡੀਪੀਐੱਸ ਦਿੱਲੀ ਜ਼ੋਨਲ ਯੂਨਿਟ ਨੇ ਦੋ ਮੁਲਜ਼ਮਾਂ ਸਾਹੀ ਰਾਮ ਅਤੇ ਸਤਯਵਾਨ ਉਰਫ਼ ਪੰਡਿਤ ਦੇ ਕਬਜ਼ੇ ਵਿੱਚੋਂ 1.950 ਕਿਲੋਗ੍ਰਾਮ ਚਰਸ ਜ਼ਬਤ ਕੀਤੀ, ਅਤੇ ਜ਼ਬਤ ਕੀਤੇ ਪਦਾਰਥ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਪੂਰੀ ਜਾਂਚ ਤੋਂ ਬਾਅਦ, ਐੱਨਡੀਪੀਐੱਸ ਕੇਸ ਨੰਬਰ 11/2021 ਦੇ ਤਹਿਤ NDPS ਅਦਾਲਤ, ਜੀਂਦ (ਹਰਿਆਣਾ) ਵਿੱਚ ਸ਼ਿਕਾਇਤ ਦਰਜ ਕੀਤੀ ਗਈ। ਅਦਾਲਤ ਨੇ 10.01.2025 ਨੂੰ ਦੋਵਾਂ ਮੁਲਜ਼ਮਾਂ ਨੂੰ 10 ਸਾਲ ਦੀ ਕੈਦ ਅਤੇ ਹਰੇਕ ਨੂੰ 01 ਲੱਖ ਰੁਪਏ ਦਾ ਜੁਰਮਾਨਾ ਲਗਾਇਆ।

 

ਹੈਦਰਾਬਾਦ ਜ਼ੋਨ

8. 24.02.2021 ਨੂੰ, ਐੱਨਸੀਬੀ ਹੈਦਰਾਬਾਦ ਜ਼ੋਨ ਦੇ ਅਧਿਕਾਰੀਆਂ ਨੇ ਰੰਗਾ ਰੈੱਡੀ ਜ਼ਿਲ੍ਹੇ ਦੇ ਹਯਾਤਨਗਰ ਮੰਡਲ ਦੇ ਨਹਿਰੂ ਆਊਟਰ ਰਿੰਗ ਰੋਡ 'ਤੇ ਪੇਡਾ ਅੰਬਰਪੇਟ ਟੋਲ ਪਲਾਜ਼ਾ 'ਤੇ 681.8 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਇਹ ਤਸਕਰੀ ਤਿੰਨ ਵਾਹਨਾਂ ਵਿੱਚ ਕੀਤੀ ਜਾ ਰਹੀ ਸੀ: ਮਹਿੰਦਰਾ ਬਲੈਰੋ ਪਿਕ-ਅੱਪ, ਹੌਂਡਾ ਸਿਟੀ, ਅਤੇ ਸਵਿਫਟ ਡਿਜ਼ਾਇਰ, ਸਿਲੇਰੂ, ਵਿਸ਼ਾਖਾਪਟਨਮ (ਆਂਧਰ ਪ੍ਰਦੇਸ਼) ਤੋਂ ਪੁਣੇ ਅਤੇ ਉਸਮਾਨਾਬਾਦ ਰਾਹੀਂ ਹੈਦਰਾਬਾਦ ਲਿਜਾਈ ਜਾ ਰਹੀ ਸੀ। ਅੱਠ ਮੁਲਜ਼ਮਾਂ ਸੁਰੇਸ਼ ਸ਼ਿਆਮ ਰਾਓ ਪਵਾਰ, ਵਿਸ਼ਾਲ ਰਮੇਸ਼ ਪਵਾਰ, ਬਾਲਾਜੀ ਰਾਮਦਾਸ ਵੇਅਰ, ਮਨੋਜ ਵਿਲਾਸ ਧੋਤਰੇ, ਧਿਆਨੇਸ਼ਵਰ ਲਾਲਾਸਾਹੇਬ ਦੇਸ਼ਮੁਖ, ਰਾਮਰਾਜੇ ਚਤੁਰਭੁਜ ਗੁੰਜਲੇ, ਅਕਸ਼ੈ ਅਨੰਤ ਗਾਂਧੀ ਅਤੇ ਸਚਿਨ ਦਗਾਡੂ ਸਨਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਕੋਰਟ, ਰੰਗਾ ਰੈੱਡੀ ਨੇ ਸਾਰੇ ਅੱਠ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਐੱਨਡੀਪੀਐੱਸ ਐਕਟ, 1985 ਦੇ ਤਹਿਤ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ₹1 ਲੱਖ ਦਾ ਜੁਰਮਾਨਾ ਲਗਾਇਆ।

ਇੰਦੌਰ ਜ਼ੋਨ

9. ਸਤੰਬਰ 2021 ਵਿੱਚ, ਐੱਨਸੀਬੀ ਇੰਦੌਰ ਨੇ ਮੱਧ ਪ੍ਰਦੇਸ਼ ਦੇ ਸਿਓਨੀ ਵਿੱਚ ਅਲੋਨੀਆ ਟੋਲ ਪਲਾਜ਼ਾ ਵਿਖੇ ਰਾਸ਼ਟਰੀ ਰਾਜਮਾਰਗ 07 'ਤੇ ਇੱਕ ਟਰੱਕ ਨੂੰ ਰੋਕਿਆ ਅਤੇ 152.665 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਇਸ ਮਾਮਲੇ ਵਿੱਚ ਮਹਿੰਦਰ ਸਿੰਘ ਯਾਦਵ ਅਤੇ ਸੋਹੇਲ ਦਾਊਦ ਖਾਨ ਪਠਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਖੇਪ ਵਿਸ਼ਾਖਾਪਟਨਮ (ਆਂਧਰ ਪ੍ਰਦੇਸ਼) ਤੋਂ ਪ੍ਰਾਪਤ ਕੀਤੀ ਗਈ ਸੀ ਅਤੇ ਝਾਂਸੀ, ਉੱਤਰ ਪ੍ਰਦੇਸ਼ ਲਈ ਜਾਣੀ ਸੀ। ਜਾਂਚ ਟੀਮ ਨੇ ਰਿਸੀਵਰ ਸੁਰੇਸ਼ ਗੁਪਤਾ ਅਤੇ ਸਹਿ-ਰਿਸੀਵਰ ਦੇ ਨਾਲ-ਨਾਲ ਜ਼ਬਤ ਕੀਤੇ ਟਰੱਕ ਦੇ ਮਾਲਕ ਰਾਮ ਬਾਬੂ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ। 22.02.2025 ਨੂੰ, ਵਿਸ਼ੇਸ਼ ਐੱਨਡੀਪੀਐੱਸ ਅਦਾਲਤ, ਸਿਓਨੀ ਨੇ ਚਾਰਾਂ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 15 ਸਾਲ ਦੀ ਸਖ਼ਤ ਕੈਦ ਅਤੇ ਹਰੇਕ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਕੋਲਕਾਤਾ ਜ਼ੋਨ

10. 11.07.2020 ਨੂੰ, ਐੱਨਸੀਬੀ ਕੋਲਕਾਤਾ ਜ਼ੋਨ ਦੇ ਅਧਿਕਾਰੀਆਂ ਨੇ ਐੱਨਸੀਬੀ ਅਪਰਾਧਿਕ ਕਾਰਵਾਈ ਨੰਬਰ 15/2020 ਦੇ ਅਨੁਸਾਰ, ਪਗਲਾਚੰਡੀ ਨੇੜੇ ਪਲਾਸੀ ਅਤੇ ਕ੍ਰਿਸ਼ਨ ਨਗਰ ਦੇ ਦਰਮਿਆਨ NH12 'ਤੇ ਇੱਕ TATA 709 ਲਾਈਟ ਗੁਡਜ਼ ਵਹੀਕਲ (LGV) ਤੋਂ 1301 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਦੋ ਮੁਲਜ਼ਮਾਂ ਸ਼ਾਹਜਹਾਂ ਤਰਫਦਾਰ ਅਤੇ ਉੱਤਮ ਦੇਬਨਾਥ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ। ਮੁਕੱਦਮਾ 04 ਸਾਲਾਂ ਤੋਂ ਵੱਧ ਸਮੇਂ ਤੱਕ ਚੱਲਿਆ। 21.02.2025 ਨੂੰ, ਕ੍ਰਿਸ਼ਨ ਨਗਰ ਵਿਖੇ ਐੱਨਡੀਪੀਐੱਸ  ਸਪੈਸ਼ਲ ਕੋਰਟ, ਨਾਦੀਆ ਨੇ ਦੋਸ਼ੀ ਸ਼ਾਹਜਹਾਂ ਤਰਫਦਾਰ ਨੂੰ NDPS ਐਕਟ, 1985 ਦੇ ਤਹਿਤ 15 ਸਾਲ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

ਲਖਨਊ ਜ਼ੋਨ

11. 14.02.2022 ਨੂੰ, ਐੱਨਸੀਬੀ ਲਖਨਊ ਨੇ ਦੋਸ਼ੀ ਦਸ਼ਰਥ, ਪੁੱਤਰ ਦੇਵਦੱਤ ਨਿਵਾਸੀ ਚਿਰੀਪੁਰ, ਥਾਣਾ ਸਿਰਸੀਆ, ਜ਼ਿਲ੍ਹਾ ਸ਼ਰਾਵਸਤੀ, ਉੱਤਰ ਪ੍ਰਦੇਸ਼ ਵਿੱਚ ਦੇ ਕਬਜ਼ੇ ਵਿੱਚੋਂ 3.1 ਕਿਲੋਗ੍ਰਾਮ ਚਰਸ/ਹਸ਼ੀਸ਼ ਜ਼ਬਤ ਕੀਤੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਾਂਚ ਤੋਂ ਬਾਅਦ ਐੱਨਡੀਪੀਐੱਸ ਐਕਟ, 1985 ਦੀ ਧਾਰਾ 8, 20 ਅਤੇ 29 ਤਹਿਤ ਸ਼ਿਕਾਇਤ ਦਰਜ ਕੀਤੀ ਗਈ। ਵਧੀਕ ਜ਼ਿਲ੍ਹਾ ਅਦਾਲਤ ਸ਼ਰਾਵਸਤੀ ਨੇ ਦੋਸ਼ੀ ਦਸ਼ਰਥ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਪਾਇਆ ਅਤੇ 02.01.2025 ਨੂੰ ਉਸ ਨੂੰ 15 ਸਾਲ ਦੀ ਸਖ਼ਤ ਕੈਦ ਦੇ ਨਾਲ-ਨਾਲ 150,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

12. 04.01.2024  ਨੂੰ, ਐੱਨਸੀਬੀ ਲਖਨਊ ਨੇ ਦੋਸ਼ੀ ਧੀਰਜ ਕ੍ਰਿਸ਼ਣ ਡਾਂਗੀ, ਪੁੱਤਰ ਸਵਰਗੀ ਬੈਜਨਾਥ ਡਾਂਗੀ, ਜੋ ਪਿੰਡ, ਪੋਸਟ, ਅਤੇ ਪੁਲਿਸ ਸਟੇਸ਼ਨ- ਗਿਧੌਰ, ਜ਼ਿਲ੍ਹਾ-ਚਤਰਾ, ਝਾਰਖੰਡ ਵਿੱਚ ਰਹਿੰਦਾ ਸੀ, ਦੇ ਕਬਜ਼ੇ ਵਿੱਚੋਂ 08 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅਤੇ ਜਾਂਚ ਤੋਂ ਬਾਅਦ ਐੱਨਡੀਪੀਐੱਸ ਐਕਟ, 1985 ਦੀ ਧਾਰਾ 8, 18, ਅਤੇ 29 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ। ਵਧੀਕ ਜ਼ਿਲ੍ਹਾ ਅਦਾਲਤ ਬਰੇਲੀ ਨੇ ਦੋਸ਼ੀ ਧੀਰਜ ਕ੍ਰਿਸ਼ਣ ਡਾਂਗੀ ਨੂੰ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ 'ਦੋਸ਼ੀ' ਪਾਇਆ ਅਤੇ 21.02.2025 ਨੂੰ ਉਸ ਨੂੰ 11 ਸਾਲ ਦੀ ਸਖ਼ਤ ਕੈਦ ਦੇ ਨਾਲ-ਨਾਲ 1,00,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ।

ਇਹ ਸਜ਼ਾਵਾਂ ਅਦਾਲਤਾਂ ਵਿੱਚ ਦਾਇਰ ਕੀਤੇ ਗਏ ਆਪਣੇ ਮਾਮਲਿਆਂ ਦੀ ਸਫਲਤਾ ਪੂਰਵਕ ਪੈਰਵੀ ਨੂੰ ਯਕੀਨੀ ਬਣਾਉਣ ਲਈ ਐੱਨਸੀਬੀ  ਦੇ ਸਮਰਪਣ ਦੀਆਂ ਉਦਾਹਰਣਾਂ ਦਿੰਦੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਐੱਨਸੀਬੀ 2047 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਐੱਨਸੀਬੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦਾ ਸਮਰਥਨ ਚਾਹੁੰਦਾ ਹੈ। ਐੱਨਸੀਬੀ ਦੇ MANAS ਹੈਲਪਲਾਈਨ ਨੰਬਰ 1933 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਣਕਾਰੀ ਗੁਪਤ ਰੂਪ ਵਿੱਚ ਪ੍ਰਦਾਨ ਕੀਤੀ ਜਾ ਸਕਦੀ ਹੈ।

 

*****

ਆਰਕੇ/ਵੀਵੀ/ਏਐੱਸਐਚ/ਆਰਆਰ/ਪੀਐੱਸ  


(Release ID: 2107542) Visitor Counter : 22