ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲ ਨੇ ਵਿਸ਼ੇਸ਼ ਐੱਨਸੀਡੀ ਜਾਂਚ ਅਭਿਯਾਨ ਸ਼ੁਰੂ ਕੀਤਾ; ਇਸ ਵਿੱਚ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੀ 100 ਪ੍ਰਤੀਸ਼ਤ ਕਵਰੇਜ ਸੁਨਿਸ਼ਚਿਤ ਕਰਨ ਦਾ ਟੀਚਾ ਹੈ
ਇਸ ਅਭਿਯਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਘਰ-ਘਰ ਜਾ ਕੇ ਸੰਪਰਕ ਕਰਨਾ, ਬਹੁ-ਏਜੰਸੀ ਸਹਿਯੋਗ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਰੀਅਲ ਟਾਈਮ ਦੀ ਨਿਗਰਾਨੀ ਸ਼ਾਮਲ ਹੈ
Posted On:
20 FEB 2025 12:01PM by PIB Chandigarh
ਦੇਸ਼ ਵਿੱਚ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲ ਨੇ ਅੱਜ ਵਿਸ਼ੇਸ਼ ਐੱਨਸੀਡੀ ਜਾਂਚ ਅਭਿਯਾਨ ਸ਼ੁਰੂ ਕੀਤਾ ਹੈ। 20 ਫਰਵਰੀ ਤੋਂ 31 ਮਾਰਚ 2025 ਤੱਕ ਚਲਣ ਵਾਲੀ ਇਸ ਮਹੱਤਵਅਕਾਂਖੀ ਪਹਿਲ ਦਾ ਉਦੇਸ਼ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਨਾਲ-ਨਾਲ ਓਰਲ, ਬ੍ਰੈਸਟ ਅਤੇ ਸਰਵਾਈਕਲ ਕੈਂਸਰ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਦੇ ਇਲਾਜ ਲਈ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੀ 100 ਫੀਸਦੀ ਜਾਂਚ ਕਰਨਾ ਹੈ।
ਇਹ ਅਭਿਯਾਨ ਰਾਸ਼ਟਰੀ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ (ਐੱਨਪੀ-ਐੱਨਸੀਡੀ) ਦੇ ਤਹਿਤ ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮ) ਅਤੇ ਦੇਸ਼ ਭਰ ਵਿੱਚ ਵਿਭਿੰਨ ਹੈਲਥ ਸੈਂਟਰਾਂ ਵਿੱਚ ਚਲਾਇਆ ਜਾਵੇਗਾ।
ਅਭਿਯਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਘਰ-ਘਰ ਜਾ ਕੇ ਸੰਪਰਕ: ਟ੍ਰੇਂਡ ਆਸ਼ਾ, ਏਐੱਨਐੱਮ ਅਤੇ ਫਰੰਟਲਾਈਨ ਵਰਕਰ ਜ਼ਿਆਦਾ ਤੋਂ ਜ਼ਿਆਦਾ ਜਾਂਚ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਦੌਰੇ ਕਰਨਗੇ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ।
- ਜ਼ਰੂਰੀ ਮੈਡੀਕਲ ਸਪਲਾਈ: ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਾਰੇ ਸਿਹਤ ਸੰਭਾਲ਼ ਕੇਂਦਰਾਂ ‘ਤੇ ਬੀਪੀ ਮੌਨੀਟਰ, ਗਲੂਕੋਮੀਟਰ ਅਤੇ ਜ਼ਰੂਰੀ ਦਵਾਈਆਂ ਸਮੇਤ ਜ਼ਰੂਰੀ ਮੈਡੀਕਲ ਸਪਲਾਈ ਸੁਨਿਸ਼ਚਿਤ ਕਰਨਗੇ।
- ਰੀਅਲ ਟਾਈਮ ਨਿਗਰਾਨੀ: ਜਾਂਚ, ਇਲਾਜ ਅਤੇ ਫਾਲੋ-ਆਪਸ ਬਾਰੇ ਡੇਟਾ ਹਰ ਦਿਨ ਐੱਨਪੀ-ਐੱਨਸੀਡੀ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ ਜਿਸ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਹੋਵੇਗੀ।
- ਬਹੁ-ਪੱਧਰੀ ਤਾਲਮੇਲ: ਅਭਿਯਾਨ ਦੇ ਨਿਰਵਿਘਨ ਲਾਗੂਕਰਨ ਲਈ ਸਿਹਤ ਕੇਂਦਰਾਂ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ।
- ਰੋਜ਼ਾਨਾ ਪ੍ਰਗਤੀ ਦੀ ਸਮੀਖਿਆ: ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਰ ਦਿਨ ਸ਼ਾਮ 6 ਵਜੇ ਤੱਕ ਮੰਤਰਾਲੇ ਨੂੰ ਜਾਣਕਾਰੀ ਉਪਲਬਧ ਕਰਵਾਉਣਗੇ ਜਿਸ ਨਾਲ ਨਿਰੰਤਰ ਨਿਗਰਾਨੀ ਅਤੇ ਤਕਨੀਕੀ ਸਹਾਇਤਾ ਮਿਲ ਸਕੇਗੀ।

ਇਸ ਗਹਿਨ ਜਾਂਚ ਅਭਿਯਾਨ ਦਾ ਉਦੇਸ਼ ਹੈ:
- 100 ਪ੍ਰਤੀਸ਼ਤ ਜਾਂਚ ਕਵਰੇਜ: ਇਸ ਅਭਿਯਾਨ ਦਾ ਉਦੇਸ਼ ਗੈਰ-ਸੰਚਾਰੀ ਬਿਮਾਰੀਆਂ ਦਾ ਜਲਦੀ ਪਤਾ ਲਗਾਉਣਾ ਅਤੇ ਸਮੇਂ ‘ਤੇ ਜ਼ਰੂਰੀ ਕਾਰਵਾਈ ਸੁਨਿਸ਼ਚਿਤ ਕਰਨਾ ਹੈ।
- ਦੇਖਭਾਲ ਨਾਲ ਬਿਹਤਰ ਜੁੜਾਅ: ਢਾਂਚਾਗਤ ਇਲਾਜ ਅਤੇ ਫਾਲੋਆਪਸ ਪ੍ਰੋਟੋਕਾਲ ਸਥਾਪਿਤ ਕਰ ਕੇ ਇਸ ਅਭਿਯਾਨ ਦਾ ਉਦੇਸ਼ ਐੱਨਸੀਡੀ ਨਾਲ ਜੁੜੀਆਂ ਗੁੰਝਲਾਂ ਨੂੰ ਘੱਟ ਕਰਨਾ ਹੈ।
- ਬਿਹਤਰ ਸਿਹਤ ਨਤੀਜੇ: ਇਸ ਪਹਿਲ ਨਾਲ ਸਿਹਤ ਸੰਭਾਲ ਲਾਗਤਾਂ ਘੱਟ ਹੋਣ ਅਤੇ ਦੇਸ਼ ਭਰ ਵਿੱਚ ਵਿਅਕਤੀਆਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

ਕੇਂਦਰ ਸਰਕਾਰ ਨਿਵਾਰਕ ਸਿਹਤ ਸੰਭਾਲ਼ ਨੂੰ ਮਜ਼ਬੂਤ ਕਰਨ ਅਤੇ ਆਯੁਸ਼ਮਾਨ ਭਾਰਤ ਪਹਿਲ ਦੇ ਤਹਿਤ ਗੁਣਵੱਤਾਪੂਰਨ ਸਿਹਤ ਸੰਭਾਲ ਸੇਵਾਵਾਂ ਤੱਕ ਸਾਰਿਆਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਵਿੱਚ ਦ੍ਰਿੜ੍ਹ ਹੈ। ਇਹ ਵਿਸ਼ੇਸ਼ ਅਭਿਯਾਨ ਇੱਕ ਸਵਸਥ ਅਤੇ ਐੱਨਸੀਡੀ-ਮੁਕਤ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਨਾਗਰਿਕਾਂ ਨੂੰ ਆਪਣੀ ਸਿਹਤ ਅਤੇ ਭਲਾਈ ਦੀ ਜ਼ਿੰਮੇਵਾਰੀ ਲੈਣ ਲਈ ਸਸ਼ਕਤ ਬਣਾਉਂਦਾ ਹੈ।
****
ਐੱਮਵੀ
(Release ID: 2105153)
Visitor Counter : 17