ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਬਿੱਟ ਮੇਸਰਾ ਦੇ ਪਲੈਟੀਨਮ ਜੁਬਲੀ ਸਮਾਰੋਹਾਂ ਵਿੱਚ ਹਿੱਸਾ ਲਿਆ
Posted On:
15 FEB 2025 1:17PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (15 ਫਰਵਰੀ, 2025) ਝਾਰਖੰਡ ਦੇ ਰਾਂਚੀ ਵਿਖੇ ਬੀਆਈਟੀ ਮੇਸਰਾ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਮੌਕੇ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਯੁੱਗ ਟੈਕਨੋਲੋਜੀ ਦਾ ਯੁੱਗ ਹੈ। ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਂ ਪ੍ਰਗਤੀ ਨੇ ਸਾਡੇ ਰਹਿਣ-ਸਹਿਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਜੋ ਕੱਲ੍ਹ ਤੱਕ ਅਸੰਭਵ ਸੀ, ਅੱਜ ਉਹ ਵਾਸਤਵਿਕਤਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਹੋਰ ਵੀ ਨਾਟਕੀ ਹੋਣ ਵਾਲੇ ਹਨ, ਖਾਸ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਦੂਰਗਾਮੀ ਤਰੱਕੀ ਦੀ ਉਮੀਦ ਹੈ। ਜਿਵੇਂ ਕਿ ਏਆਈ ਤੇਜ਼ੀ ਨਾਲ ਅਰਥਵਿਵਸਥਾਵਾਂ ਨੂੰ ਬਦਲ ਰਿਹਾ ਹੈ, ਭਾਰਤ ਸਰਕਾਰ ਉੱਭਰ ਰਹੇ ਦ੍ਰਿਸ਼ ਦਾ ਜਵਾਬ ਦੇਣ ਵਿੱਚ ਤੇਜ਼ ਰਹੀ ਹੈ। ਉੱਚ ਸਿੱਖਿਆ ਸੰਸਥਾਵਾਂ ਵਿੱਚ ਏਆਈ ਨੂੰ ਏਕੀਕ੍ਰਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਕਿ ਟੈਕਨੋਲੋਜੀ ਸਮਾਜ ਵਿੱਚ ਵੱਡੇ ਪੈਮਾਨੇ ‘ਤੇ ਰੁਕਾਵਟਾਂ ਪੈਦਾ ਕਰਦੀ ਹੈ, ਇਸ ਲਈ ਸਾਨੂੰ ਹਾਸ਼ੀਏ 'ਤੇ ਧੱਕੇ ਸਮੂਹਾਂ 'ਤੇ ਇਸ ਦੇ ਪ੍ਰਭਾਵ ਬਾਰੇ ਚਿੰਤਤ ਰਹਿਣਾ ਚਾਹੀਦਾ ਹੈ। ਜੋ ਮਹਾਨ ਮੌਕੇ ਪੈਦਾ ਕੀਤੇ ਜਾ ਰਹੇ ਹਨ, ਉਹ ਸਾਰਿਆਂ ਲਈ ਉਪਲਬਧ ਹੋਣੇ ਚਾਹੀਦੇ ਹਨ; ਜੋ ਮਹਾਨ ਪਰਿਵਰਤਨ ਲਾਏ ਜਾ ਰਹੇ ਹਨ, ਉਨ੍ਹਾਂ ਤੋਂ ਸਾਰਿਆਂ ਨੂੰ ਲਾਭ ਮਿਲਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਕਸਰ, ਸਾਡੇ ਆਸ-ਪਾਸ ਦੀਆਂ ਸਮੱਸਿਆਵਾਂ ਦੇ ਲਈ ਕਿਸੇ ਵੱਡੀ ਤਕਨੀਕੀ ਦਖਲਅੰਦਾਜ਼ੀ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਨੇ ਨੌਜਵਾਨਾਂ ਨੂੰ ਛੋਟੇ ਪੈਮਾਨੇ ਦੇ, ਪਾਰੰਪਰਿਕ ਸਮਾਧਾਨਾਂ ਦੀ ਮਹੱਤਤਾ ਨੂੰ ਨਾ ਭੁੱਲਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਨਵੀਨਤਾਕਾਰਾਂ ਅਤੇ ਉੱਦਮੀਆਂ ਨੂੰ ਪਾਰੰਪਰਿਕ ਸਮੁਦਾਇ ਦੇ ਗਿਆਨ ਅਧਾਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਰਾਸ਼ਟਰਪਤੀ ਨੇ ਕਿਹਾ ਕਿ ਪਲੈਟੀਨਮ ਜੁਬਲੀ ਇੰਜੀਨੀਅਰਿੰਗ, ਟੈਕਨੋਲੋਜੀ ਅਤੇ ਸਬੰਧਤ ਖੇਤਰਾਂ ਵਿੱਚ ਸਿੱਖਿਆ, ਖੋਜ ਅਤੇ ਇਨੋਵੇਸ਼ਨ ਵਿੱਚ ਬੀਆਈਟੀ ਮੇਸਰਾ ਦੇ ਯੋਗਦਾਨ ਦਾ ਜਸ਼ਨ ਮਨਾਉਣ ਅਤੇ ਸਨਮਾਨਿਤ ਕਰਨ ਦਾ ਇੱਕ ਉਪਯੁਕਤ ਅਵਸਰ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਸੰਸਥਾਨ ਕਈ ਖੇਤਰਾਂ ਵਿੱਚ ਮੋਹਰੀ ਰਿਹਾ ਹੈ। ਦੇਸ਼ ਵਿੱਚ ਸਪੇਸ ਇੰਜੀਨੀਅਰਿੰਗ ਅਤੇ ਰਾਕੇਟਰੀ ਦਾ ਪਹਿਲਾ ਵਿਭਾਗ ਇੱਥੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ। ਇੰਜੀਨੀਅਰਿੰਗ ਉੱਦਮਤਾ ਨੂੰ ਹੁਲਾਰਾ ਦੇਣ ਲਈ ਸਭ ਤੋਂ ਪਹਿਲੇ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਪਾਰਕਾਂ (STEP) ਦੀ ਸਥਾਪਨਾ ਵੀ 1975 ਵਿੱਚ ਇੱਥੇ ਕੀਤੀ ਗਈ ਸੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬੀਆਈਟੀ ਮੇਸਰਾ ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਨਿਰੰਤਰ ਵਿਕਾਸ ਵਿੱਚ ਭਰਪੂਰ ਯੋਗਦਾਨ ਦੇਣਾ ਜਾਰੀ ਰਹੇਗਾ।




ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- –
************
ਐੱਮਜੇਪੀਐੱਸ/ਐੱਸਆਰ
(Release ID: 2103718)
Visitor Counter : 14