ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਐਨਰਜੀ ਵੀਕ 2025 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ
Posted On:
11 FEB 2025 4:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਇੰਡੀਆ ਐਨਰਜੀ ਵੀਕ 2025 ਦੇ ਤੀਸਰੇ ਸੰਸਕਰਣ ਦੇ ਉਦਘਾਟਨ ਸਮੇਂ ਆਪਣੀਆਂ ਟਿੱਪਣੀਆਂ ਦਿੱਤੀਆਂ। ਯਸ਼ੋਭੂਮੀ (Yashobhoomi) ਵਿਖੇ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਾਜ਼ਰੀਨ ਸਿਰਫ਼ ਐਨਰਜੀ ਵੀਕ ਦਾ ਹਿੱਸਾ ਨਹੀਂ ਹਨ, ਬਲਕਿ ਭਾਰਤ ਦੀਆਂ ਊਰਜਾ ਖ਼ਾਹਿਸ਼ਾਂ ਦਾ ਵੀ ਅਨਿੱਖੜਵਾਂ ਅੰਗ ਹਨ।
ਇੰਡੀਆ ਐਨਰਜੀ ਵੀਕ ਦੀ ਕਲਪਨਾ ਸਿਰਫ਼ ਇੱਕ ਹੋਰ ਉਦਯੋਗ ਸੰਮੇਲਨ ਤੋਂ ਕਿਤੇ ਵੱਧ ਦੇ ਰੂਪ ਵਿੱਚ ਕੀਤੀ ਗਈ ਸੀ। ਇਸ ਨੂੰ ਆਲਮੀ ਊਰਜਾ ਸੰਵਾਦਾਂ ਨੂੰ ਮੁੜ ਪਰਿਭਾਸ਼ਿਤ ਕਰਨ ਵਾਲੇ ਇੱਕ ਗਤੀਸ਼ੀਲ ਪਲੈਟਫਾਰਮ ਦੇ ਰੂਪ ‘ਚ ਤਿਆਰ ਕੀਤਾ ਗਿਆ ਸੀ। ਸਿਰਫ਼ ਦੋ ਵਰ੍ਹਿਆਂ ਵਿੱਚ, ਇਸ ਸਵੈ-ਨਿਧੀ ਵਾਲੀ ਪਹਿਲ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਇਹ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਊਰਜਾ ਪ੍ਰੋਗਰਾਮ ਬਣ ਗਿਆ ਹੈ। 11-14 ਫਰਵਰੀ, 2025 ਤੱਕ ਯਸ਼ੋਭੂਮੀ, ਨਵੀਂ ਦਿੱਲੀ ਵਿਖੇ ਹੋਣ ਵਾਲਾ ਇੰਡੀਆ ਐਨਰਜੀ ਵੀਕ 2025, ਵਿਸ਼ਵ ਊਰਜਾ ਬਿਰਤਾਂਤ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ।

ਇਹ ਦੱਸਦੇ ਹੋਏ ਕਿ ਦੁਨੀਆ ਭਰ ਦੇ ਮਾਹਰ ਇਹ ਕਹਿ ਰਹੇ ਹਨ ਕਿ 21ਵੀਂ ਸਦੀ ਭਾਰਤ ਦੀ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਭਾਰਤ ਨਾ ਸਿਰਫ਼ ਆਪਣੇ ਵਿਕਾਸ ਨੂੰ, ਬਲਕਿ ਦੁਨੀਆ ਦੇ ਵਿਕਾਸ ਨੂੰ ਵੀ ਅੱਗੇ ਵਧਾ ਰਿਹਾ ਹੈ, ਜਿਸ ਵਿੱਚ ਊਰਜਾ ਖੇਤਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ"। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਊਰਜਾ ਖ਼ਾਹਿਸ਼ਾਂ ਪੰਜ ਥੰਮ੍ਹਾਂ 'ਤੇ ਖੜ੍ਹੀਆਂ ਹਨ: ਸਰੋਤਾਂ ਦੀ ਵਰਤੋਂ, ਪ੍ਰਤਿਭਾਸ਼ਾਲੀ ਦਿਮਾਗ਼ਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ, ਆਰਥਿਕ ਤਾਕਤ ਅਤੇ ਰਾਜਨੀਤਕ ਸਥਿਰਤਾ, ਰਣਨੀਤਕ ਭੂਗੋਲ ਊਰਜਾ ਵਪਾਰ ਨੂੰ ਆਕਰਸ਼ਕ ਅਤੇ ਆਸਾਨ ਬਣਾਉਣਾ ਅਤੇ ਆਲਮੀ ਸਥਿਰਤਾ ਪ੍ਰਤੀ ਪ੍ਰਤੀਬੱਧਤਾ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਕਾਰਕ ਭਾਰਤ ਦੇ ਊਰਜਾ ਖੇਤਰ ਵਿੱਚ ਨਵੇਂ ਅਵਸਰ ਪੈਦਾ ਕਰ ਰਹੇ ਹਨ।
ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਭਾਰਤ ਪਿਛਲੇ ਦਹਾਕੇ ਵਿੱਚ ਦਸਵੀਂ ਸਭ ਤੋਂ ਬੜੀ ਤੋਂ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਿਆ ਹੈ"। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੀ ਸੌਰ ਊਰਜਾ ਉਤਪਾਦਨ ਸਮਰੱਥਾ 32 ਗੁਣਾ ਵਧੀ ਹੈ, ਜਿਸ ਨਾਲ ਇਹ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸੌਰ ਊਰਜਾ ਉਤਪਾਦਨ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗ਼ੈਰ-ਜੀਵਾਸ਼ਮ ਬਾਲਣ ਊਰਜਾ ਸਮਰੱਥਾ ਤਿੰਨ ਗੁਣਾ ਵਧ ਗਈ ਹੈ ਅਤੇ ਭਾਰਤ ਪੈਰਿਸ ਸਮਝੌਤੇ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਜੀ20 ਦੇਸ਼ ਹੈ। ਪ੍ਰਧਾਨ ਮੰਤਰੀ ਨੇ ਈਥੇਨੌਲ ਮਿਸ਼ਰਣ ਵਿੱਚ ਭਾਰਤ ਦੀਆਂ ਪ੍ਰਾਪਤੀਆਂ 'ਤੇ ਜ਼ੋਰ ਦਿੱਤਾ, ਜਿਸ ਦੀ ਮੌਜੂਦਾ ਦਰ 19 ਪ੍ਰਤੀਸ਼ਤ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ, ਕਿਸਾਨਾਂ ਲਈ ਆਮਦਨ ਅਤੇ ਸੀਓ2 ਦੇ ਨਿਕਾਸ ਵਿੱਚ ਮਹੱਤਵਪੂਰਨ ਕਮੀ ਆਈ ਹੈ। ਉਨ੍ਹਾਂ ਨੇ ਅਕਤੂਬਰ 2025 ਤੱਕ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਪ੍ਰਾਪਤ ਕਰਨ ਦੇ ਭਾਰਤ ਦੇ ਲਕਸ਼ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਭਾਰਤ ਦਾ ਜੈਵਿਕ ਈਂਧਣ ਉਦਯੋਗ 500 ਮਿਲੀਅਨ ਮੀਟ੍ਰਿਕ ਟਨ ਟਿਕਾਊ ਫੀਡਸਟਾਕ ਦੇ ਨਾਲ ਤੇਜ਼ੀ ਨਾਲ ਵਿਕਾਸ ਲਈ ਤਿਆਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ, ਗਲੋਬਲ ਬਾਇਓਫਿਊਲ ਅਲਾਇੰਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਲਗਾਤਾਰ ਫੈਲ ਰਿਹਾ ਹੈ, ਜਿਸ ਵਿੱਚ ਹੁਣ 28 ਦੇਸ਼ ਅਤੇ 12 ਅੰਤਰਰਾਸ਼ਟਰੀ ਸੰਗਠਨ ਸ਼ਾਮਲ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਅਲਾਇੰਸ ਰਹਿੰਦ-ਖੂੰਹਦ ਨੂੰ ਦੌਲਤ ਵਿੱਚ ਬਦਲ ਰਿਹਾ ਹੈ ਅਤੇ ਉੱਤਮਤਾ ਕੇਂਦਰ ਸਥਾਪਿਤ ਕਰ ਰਿਹਾ ਹੈ।
ਇਹ ਉਜਾਗਰ ਕਰਦੇ ਹੋਏ ਕਿ ਭਾਰਤ ਆਪਣੇ ਹਾਇਡ੍ਰੋਕਾਰਬਨ ਸਰੋਤਾਂ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਵਰਤਣ ਲਈ ਲਗਾਤਾਰ ਸੁਧਾਰ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਬੜੀਆਂ ਖੋਜਾਂ ਅਤੇ ਗੈਸ ਬੁਨਿਆਦੀ ਢਾਂਚੇ ਦਾ ਵਿਸ਼ਾਲ ਵਿਸਤਾਰ ਗੈਸ ਸੈਕਟਰ ਦੇ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ, ਜਿਸ ਨਾਲ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦਾ ਹਿੱਸਾ ਵਧ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਸਮੇਂ ਚੌਥਾ ਸਭ ਤੋਂ ਬੜਾ ਰਿਫਾਈਨਿੰਗ ਹੱਬ ਹੈ ਅਤੇ ਆਪਣੀ ਸਮਰੱਥਾ ਨੂੰ 20 ਪ੍ਰਤੀਸ਼ਤ ਵਧਾਉਣ ਲਈ ਕੰਮ ਕਰ ਰਿਹਾ ਹੈ।
ਇਹ ਦੱਸਦੇ ਹੋਏ ਕਿ ਭਾਰਤ ਦੇ ਤਲਛਟੀ ਘਾਟੀਆਂ ਵਿੱਚ ਬਹੁਤ ਸਾਰੇ ਹਾਇਡ੍ਰੋਕਾਰਬਨ ਸਰੋਤ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ, ਜਦਕਿ ਕੁਝ ਖੋਜ ਦੀ ਉਡੀਕ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਉੱਪਰਲੇ ਖੇਤਰ ਨੂੰ ਹੋਰ ਆਕਰਸ਼ਕ ਬਣਾਉਣ ਲਈ, ਸਰਕਾਰ ਨੇ ਓਪਨ ਏਕਰੇਜ ਲਾਇਸੈਂਸਿੰਗ ਪਾਲਿਸੀ (ਓਏਐੱਲਪੀ) ਪੇਸ਼ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਨੂੰ ਵਿਆਪਕ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਵਿਸ਼ੇਸ਼ ਆਰਥਿਕ ਜ਼ੋਨ ਖੋਲ੍ਹਣਾ ਅਤੇ ਇੱਕ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਸਥਾਪਿਤ ਕਰਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਤੇਲ ਖੇਤਰ ਨਿਯਮ ਅਤੇ ਵਿਕਾਸ ਐਕਟ ਵਿੱਚ ਬਦਲਾਅ ਹੁਣ ਹਿਤਧਾਰਕਾਂ ਨੂੰ ਨੀਤੀ ਸਥਿਰਤਾ, ਵਿਸਤਾਰਤ ਲੀਜ਼ ਅਤੇ ਬਿਹਤਰ ਵਿੱਤੀ ਸ਼ਰਤਾਂ ਦੀ ਪੇਸ਼ਕਸ਼ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਧਾਰ ਸਮੁੰਦਰੀ ਖੇਤਰ ਵਿੱਚ ਤੇਲ ਅਤੇ ਗੈਸ ਸਰੋਤਾਂ ਦੀ ਖੋਜ ਨੂੰ ਸੁਵਿਧਾਜਨਕ ਬਣਾਉਣਗੇ, ਉਤਪਾਦਨ ਵਧਾਉਣਗੇ ਅਤੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਨੂੰ ਬਣਾਈ ਰੱਖਣਗੇ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਕਈ ਖੋਜਾਂ ਅਤੇ ਪਾਇਪਲਾਇਨ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਕਾਰਨ, ਕੁਦਰਤੀ ਗੈਸ ਦੀ ਸਪਲਾਈ ਵਧ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਨੇੜਲੇ ਭਵਿੱਖ ਵਿੱਚ ਕੁਦਰਤੀ ਗੈਸ ਦੀ ਵਰਤੋਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਦੇ ਕਈ ਮੌਕੇ ਹਨ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ ਇਸ ਸਮਾਗਮ ਦੀ ਵਧਦੀ ਮਹੱਤਤਾ 'ਤੇ ਚਾਨਣਾ ਪਾਇਆ, ਜੋ ਕਿ ਸਿਰਫ਼ ਤਿੰਨ ਸਾਲਾਂ ਵਿੱਚ ਤੇਜ਼ੀ ਨਾਲ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਊਰਜਾ ਸੰਮੇਲਨ ਬਣ ਗਿਆ ਹੈ। ਇਸ ਸਾਲ ਦੇ ਐਡੀਸ਼ਨ ਵਿੱਚ 50 ਤੋਂ ਵੱਧ ਦੇਸ਼ਾਂ ਦੇ 70,000 ਤੋਂ ਵੱਧ ਊਰਜਾ ਪੇਸ਼ੇਵਰ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚ 20 ਤੋਂ ਵੱਧ ਮੰਤਰੀ ਅਤੇ ਫਾਰਚੂਨ 500 ਊਰਜਾ ਕੰਪਨੀਆਂ ਦੇ 100 ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼ਾਮਲ ਹਨ, ਜਿਸ ਨਾਲ ਇਹ ਆਲਮੀ ਊਰਜਾ ਦ੍ਰਿਸ਼ 'ਤੇ ਵਿਚਾਰ-ਵਟਾਂਦਰੇ ਲਈ ਇੱਕ ਮੁੱਖ ਫੋਰਮ ਬਣ ਗਿਆ ਹੈ।
ਸ਼੍ਰੀ ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੰਡੀਆ ਐਨਰਜੀ ਵੀਕ 2025 ਇੱਕ ਨਾਜ਼ੁਕ ਮੋੜ 'ਤੇ ਆ ਰਿਹਾ ਹੈ ਜਦੋਂ ਬੜੀਆਂ ਭੂ-ਰਾਜਨੀਤਿਕ ਤਬਦੀਲੀਆਂ ਨੇ ਵਿਸ਼ਵ ਊਰਜਾ ਪ੍ਰਣਾਲੀ ਨੂੰ ਨਵਾਂ ਆਕਾਰ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕਾਨਫਰੰਸ ਨੀਤੀ ਨਿਰਮਾਤਾਵਾਂ, ਉਦਯੋਗ ਦੇ ਨੇਤਾਵਾਂ ਅਤੇ ਹਿਤਧਾਰਕਾਂ ਨੂੰ ਅਰਥਪੂਰਨ ਗੱਲਬਾਤ ਵਿੱਚ ਸ਼ਾਮਲ ਹੋਣ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਇੱਕ ਸੰਤੁਲਿਤ ਅਤੇ ਸਮਾਵੇਸ਼ੀ ਊਰਜਾ ਪਰਿਵਰਤਨ ਲਈ ਇੱਕ ਰਸਤਾ ਬਣਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ। ਸਥਿਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਖੁੱਟ ਊਰਜਾ, ਹਾਈਡ੍ਰੋਜਨ ਅਤੇ ਜੈਵਿਕ ਈਂਧਣ ਦੇ ਨਾਲ-ਨਾਲ ਹਾਈਡ੍ਰੋਕਾਰਬਨ ਦੀ ਨਿਰੰਤਰ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਤਬਦੀਲੀ ਵਿਹਾਰਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ 2024 ਵਿੱਚ ਆਲਮੀ ਊਰਜਾ ਨਿਵੇਸ਼ 3 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋਣ ਦੇ ਅਨੁਮਾਨ ਦਾ ਹਵਾਲਾ ਦਿੱਤਾ, ਜਿਸ ਵਿੱਚ 2 ਟ੍ਰਿਲੀਅਨ ਅਮਰੀਕੀ ਡਾਲਰ ਸਵੱਛ ਊਰਜਾ ਟੈਕਨੋਲੋਜੀਆਂ ਨੂੰ ਸਮਰਪਿਤ ਹਨ, ਜੋ ਕਿ ਸਵੱਛ ਊਰਜਾ ਸਰੋਤਾਂ ਵੱਲ ਤੇਜ਼ੀ ਨਾਲ ਹੋ ਰਹੇ ਬਦਲਾਅ ਦਾ ਸਪਸ਼ਟ ਸੰਕੇਤ ਹੈ।

ਮੰਤਰੀ ਨੇ ਊਰਜਾ ਇਨੋਵੇਸ਼ਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਅਗਵਾਈ 'ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਬੀਪੀ, ਸ਼ੈੱਲ, ਐਕਸੋਨਮੋਬਿਲ ਅਤੇ ਸ਼ੈਵਰੋਨ ਜਿਹੀਆਂ ਪ੍ਰਮੁੱਖ ਆਲਮੀ ਊਰਜਾ ਕੰਪਨੀਆਂ ਭਾਰਤ ਵਿੱਚ ਆਲਮੀ ਸਮਰੱਥਾ ਕੇਂਦਰ ਚਲਾਉਂਦੀਆਂ ਹਨ, ਜੋ ਊਰਜਾ ਕੁਸ਼ਲਤਾ, ਡੇਟਾ ਵਿਸ਼ਲੇਸ਼ਣ ਅਤੇ ਟਿਕਾਊ ਕਾਰਜਾਂ ਲਈ ਅਤਿ-ਆਧੁਨਿਕ ਸਮਾਧਾਨ ਵਿਕਸਿਤ ਕਰਨ ਲਈ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਨੂੰ ਰੋਜ਼ਗਾਰ ਦਿੰਦੀਆਂ ਹਨ। ਉਨ੍ਹਾਂ ਨੇ ਅਵਿਨਿਆ ਅਤੇ ਵਸੁਧਾ ਜਿਹੀਆਂ ਸਟਾਰਟ-ਅਪ ਚੁਣੌਤੀਆਂ ਵਿੱਚ ਹਿੱਸਾ ਲੈਣ ਵਾਲੇ 500+ ਉੱਦਮੀਆਂ ਅਤੇ 100 ਤੋਂ ਵੱਧ ਸਟਾਰਟ-ਅਪਸ ਸਮੇਤ 700 ਪ੍ਰਦਰਸ਼ਨੀ ਕੰਪਨੀਆਂ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ, ਜੋ ਏਆਈ-ਸੰਚਾਲਿਤ ਊਰਜਾ ਹੱਲ, ਕੁਆਂਟਮ ਕੰਪਿਊਟਿੰਗ ਐਪਲੀਕੇਸ਼ਨਾਂ ਅਤੇ ਜੈਵਿਕ ਈਂਧਣ ਅਤੇ ਬੈਟਰੀ ਟੈਕਨੋਲੋਜੀਆਂ ਵਿੱਚ ਤਰੱਕੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ।
ਉਨ੍ਹਾਂ ਦੇ ਸੰਬੋਧਨ ਦਾ ਇੱਕ ਮੁੱਖ ਵਿਸ਼ਾ 'ਊਰਜਾ ਨਿਆਂ' ਸੀ, ਜਿੱਥੇ ਉਨ੍ਹਾਂ ਨੇ ਖੰਡਿਤ ਊਰਜਾ ਨੀਤੀਆਂ ਵਿਰੁੱਧ ਚੇਤਾਵਨੀ ਦਿੱਤੀ ਜੋ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਪਰਿਵਰਤਨ ਵਿੱਚ ਪਿੱਛੇ ਛੱਡ ਕੇ ਅਸਮਾਨਤਾ ਨੂੰ ਜ਼ਿਆਦਾ ਵਧਾ ਸਕਦੀਆਂ ਹਨ। ਉਨ੍ਹਾਂ ਨੇ ਮਹੱਤਵਪੂਰਨ ਖਣਿਜਾਂ, ਸੈਮੀਕੰਡਕਟਰਾਂ ਅਤੇ ਉੱਭਰ ਰਹੀਆਂ ਊਰਜਾ ਟੈਕਨੋਲੋਜੀਆਂ ਵਿੱਚ ਲਚਕੀਲੀਆਂ ਸਪਲਾਈ ਚੇਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਤਰੱਕੀ ਵਿੱਚ ਰੁਕਾਵਟ ਪਾਉਣ ਵਾਲੀਆਂ ਰੁਕਾਵਟਾਂ ਨੂੰ ਰੋਕਣ ਲਈ ਆਲਮੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਰਣਨੀਤਕ ਤੌਰ 'ਤੇ ਵਿਭਿੰਨ ਊਰਜਾ ਸਰੋਤਾਂ ਵਿੱਚ ਨਿਵੇਸ਼ ਕਰ ਰਿਹਾ ਹੈ, ਜਿਸ ਵਿੱਚ ਜੈਵਿਕ ਈਂਧਣ ਉਤਪਾਦਨ ਨੂੰ ਵਧਾਉਣਾ, ਗੈਸ ਹਿੱਸੇ ਨੂੰ 6% ਤੋਂ ਵਧਾ ਕੇ 15% ਕਰਨਾ ਅਤੇ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਹਾਈਡ੍ਰੋਜਨ ਉਤਪਾਦਨ ਦਾ ਟੀਚਾ ਸ਼ਾਮਲ ਹੈ ਤਾਕਿ ਊਰਜਾ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾ ਇੱਕ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇ।
ਆਪਣੀ ਟਿੱਪਣੀ ਨੂੰ ਸਮਾਪਤ ਕਰਦੇ ਹੋਏ, ਸ਼੍ਰੀ ਪੁਰੀ ਨੇ ਸਾਰੇ ਹਿਤਧਾਰਕਾਂ ਨੂੰ ਇੰਡੀਆ ਐਨਰਜੀ ਵੀਕ ਨੂੰ ਪਰਿਵਰਤਨਕਾਰੀ ਭਾਈਵਾਲੀ ਬਣਾਉਣ ਅਤੇ ਆਲਮੀ ਊਰਜਾ ਏਜੰਡਾ ਨੂੰ ਆਕਾਰ ਦੇਣ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ 6,000+ ਡੈਲੀਗੇਟਾਂ ਨੂੰ ਅਗਲੇ ਚਾਰ ਦਿਨਾਂ ਵਿੱਚ ਕਾਨਫਰੰਸ ਦੀਆਂ ਚਰਚਾਵਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ, ਜਿਸ ਵਿੱਚ ਊਰਜਾ ਬਜ਼ਾਰਾਂ ਨੂੰ ਸਥਿਰ ਕਰਨ, ਤਕਨੀਕੀ ਤਰੱਕੀ ਨੂੰ ਅੱਗੇ ਵਧਾਉਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਦੀਆਂ ਰਣਨੀਤੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਭਾਰਤ ਦੇ ਆਲਮੀ ਊਰਜਾ ਈਕੋਸਿਸਟਮ ਵਿੱਚ ਵਧਦੀ ਕੇਂਦਰੀ ਭੂਮਿਕਾ ਨਿਭਾਉਣ ਦੇ ਨਾਲ, ਇੰਡੀਆ ਐਨਰਜੀ ਵੀਕ 2025 ਊਰਜਾ ਦੇ ਭਵਿੱਖ ਨੂੰ ਪਰਿਭਾਸ਼ਤ ਕਰਨ ਲਈ ਇੱਕ ਇਤਿਹਾਸਿਕ ਘਟਨਾਕ੍ਰਮ ਬਣਨ ਲਈ ਤਿਆਰ ਹੈ।
*******
ਮੋਨਿਕਾ
(Release ID: 2101942)
Visitor Counter : 29