ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਪ੍ਰਧਾਨ ਮੰਤਰੀ ਨੇ ਅਸ਼ੋਕ ਵਿਹਾਰ ਵਿਖੇ ਸਵਾਭੀਮਾਨ ਅਪਾਰਟਮੈਂਟਸ, ਵਿੱਚ ਆਰਥਿਕ ਪੱਖੋਂ ਕਮਜੋਰ ਵਰਗ ਲਈ 1,675 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਿੱਲੀ ਦੇ ਲਈ ਇੱਕ ਇਤਿਹਾਸਿਕ ਦਿਨ ਹੈ, ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਲਈ ਆਵਾਸ, ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਪਰਿਵਰਤਨਕਾਰੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ
ਕੇਂਦਰ ਸਰਕਾਰ ਨੇ ਝੁੱਗੀਆਂ ਦੇ ਸਥਾਨ ‘ਤੇ ਪੱਕੇ ਘਰ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ ਹੈ: ਪ੍ਰਧਾਨ ਮੰਤਰੀ
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਦੀ ਨੀਤੀ ਹੈ : ਪ੍ਰਧਾਨ ਮੰਤਰੀ
Posted On:
03 JAN 2025 3:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਕਈ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਲ 2025 ਭਾਰਤ ਦੇ ਵਿਕਾਸ ਲਈ ਅਨੇਕ ਅਵਸਰਾਂ ਦਾ ਵਰ੍ਹਾ ਹੋਵੇਗਾ, ਜੋ ਦੇਸ਼ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਟੀਚੇ ਵੱਲ ਅਗ੍ਰਸਰ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਭਾਰਤ ਰਾਜਨੀਤਕ ਅਤੇ ਆਰਥਿਕ ਸਥਿਰਤਾ ਦੇ ਗਲੋਬਲ ਪ੍ਰਤੀਕ ਵਜੋਂ ਖੜ੍ਹਿਆ ਹੈ।” ਉਨ੍ਹਾਂ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਦੀ ਛਵੀ ਹੋਰ ਮਜ਼ਬੂਤ ਹੋਵੇਗੀ। ਸ਼੍ਰੀ ਮੋਦੀ ਨੇ 2025 ਦੇ ਲਈ ਸਰਕਾਰ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਹੱਬ ਬਣਨ, ਨੌਜਵਾਨਾਂ ਨੂੰ ਸਟਾਰਟਅੱਪਸ ਅਤੇ ਉੱਦਮਤਾ ਲਈ ਮਜ਼ਬੂਤ ਬਣਾਉਣ, ਨਵੇਂ ਖੇਤੀਬਾੜੀ ਰਿਕਾਰਡ ਸਥਾਪਿਤ ਕਰਨ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਈਜ਼ ਆਫ ਲਿਵਿੰਗ ‘ਤੇ ਧਿਆਨ ਕੇਂਦ੍ਰਿਤ ਕਰਕੇ ਹਰੇਕ ਨਾਗਰਿਕ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਵਰ੍ਹਾ ਹੈ।
ਇਸ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਗਰੀਬਾਂ ਲਈ ਘਰ ਅਤੇ ਸਕੂਲਾਂ-ਕਾਲਜਾਂ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਤਰ੍ਹਾਂ ਨਾਲ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੀਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਝੁੱਗੀਆਂ ਦੀ ਥਾਂ ਪੱਕੇ ਘਰ ਅਤੇ ਕਿਰਾਏ ਦੇ ਘਰਾਂ ਦੀ ਥਾਂ 'ਤੇ ਆਪਣੇ ਘਰ ਸਨ, ਅਸਲ ਵਿੱਚ ਇੱਕ ਨਵੀਂ ਸ਼ੁਰੂਆਤ ਸੀ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਲੋਕਾਂ ਨੂੰ ਅਲਾਟ ਕੀਤੇ ਗਏ ਘਰ ਸਵੈ-ਮਾਣ, ਸਵਾਭੀਮਾਨ ਅਤੇ ਨਵੀਆਂ ਇੱਛਾਵਾਂ ਅਤੇ ਸੁਪਨਿਆਂ ਦੇ ਘਰ ਦਾ ਪ੍ਰਤੀਕ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਉਨ੍ਹਾਂ ਦੇ ਜਸ਼ਨ ਅਤੇ ਤਿਉਹਾਰਾਂ ਦਾ ਹਿੱਸਾ ਬਣਨ ਲਈ ਮੌਜੂਦ ਸਨ। ਪਿਛਲੇ ਸਮੇਂ ਵਿੱਚ ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਵਰਗੇ ਹੋਰ ਬਹੁਤ ਸਾਰੇ ਪਾਰਟੀ ਵਰਕਰ ਜੋ ਐਮਰਜੈਂਸੀ ਵਿਰੁੱਧ ਭੂਮੀਗਤ ਅੰਦੋਲਨ ਦਾ ਹਿੱਸਾ ਸਨ, ਅਸ਼ੋਕ ਵਿਹਾਰ ਵਿੱਚ ਹੀ ਠਹਿਰੇ ਸਨ।
ਸ਼੍ਰੀ ਮੋਦੀ ਨੇ ਕਿਹਾ, “ਪੂਰਾ ਦੇਸ਼ ਅੱਜ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਲਗਿਆ ਹੋਇਆ ਹੈ" । ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਸ ਸੰਕਲਪ ਨਾਲ ਕੰਮ ਕਰ ਰਹੇ ਹਾਂ ਕਿ ਵਿਕਸਿਤ ਭਾਰਤ ਵਿੱਚ ਭਾਰਤ ਦੇ ਹਰ ਨਾਗਰਿਕ ਕੋਲ ਪੱਕਾ ਘਰ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਦਿੱਲੀ ਦੀ ਵੱਡੀ ਭੂਮਿਕਾ ਹੈ। ਇਸ ਲਈ, ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਝੁੱਗੀਆਂ ਨੂੰ ਪੱਕੇ ਘਰਾਂ ਨਾਲ ਬਦਲਣ ਦੀ ਯੋਜਨਾ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਦੋ ਸਾਲ ਪਹਿਲਾਂ, ਉਨ੍ਹਾਂ ਨੂੰ ਝੁੱਗੀ ਨਿਵਾਸੀਆਂ ਲਈ ਕਾਲਕਾਜੀ ਐਕਸਟੈਂਸ਼ਨ ਵਿੱਚ 3,000 ਤੋਂ ਵੱਧ ਘਰਾਂ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਪਰਿਵਾਰ ਜਿਨ੍ਹਾਂ ਵਿੱਚ ਕਈ ਪੀੜ੍ਹੀਆਂ ਬਿਨਾ ਕਿਸੇ ਉਮੀਦ ਦੇ ਝੁੱਗੀਆਂ ਵਿੱਚ ਰਹਿ ਰਹੀਆਂ ਸਨ, ਉਹ ਪਹਿਲੀ ਵਾਰ ਪੱਕੇ ਘਰਾਂ ਵਿੱਚ ਚਲੇ ਗਏ ਸਨ। ਉਨ੍ਹਾਂ ਅੱਗੇ ਯਾਦ ਕੀਤਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਸੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਲੋਕਾਂ ਨੂੰ ਲਗਭਗ 1,500 ਘਰਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ "ਸਵਾਭੀਮਾਨ ਅਪਾਰਟਮੈਂਟ ਲੋਕਾਂ ਦੇ ਆਤਮ-ਸਨਮਾਨ ਨੂੰ ਹੋਰ ਵਧਾਏਗਾ"। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਮਹਿਸੂਸ ਕੀਤਾ ਕਿ ਉਨ੍ਹਾਂ ਵਿੱਚ ਇੱਕ ਨਵਾਂ ਉਤਸ਼ਾਹ ਅਤੇ ਊਰਜਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਘਰ ਦਾ ਮਾਲਕ ਕੋਈ ਵੀ ਹੋਵੇ, ਪਰ ਉਹ ਸਾਰੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਸਨ।
ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਉਨ੍ਹਾਂ ਦੀ ਸਰਕਾਰ ਨੇ 4 ਕਰੋੜ ਤੋਂ ਵੱਧ ਲੋਕਾਂ ਦੇ ਪੱਕੇ ਘਰ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਭੀੜ ਨੂੰ ਇਹ ਪ੍ਰਚਾਰ ਕਰਨ ਲਈ ਕਿਹਾ ਕਿ ਜਿਹੜੇ ਲੋਕ ਇਸ ਸਮੇਂ ਛੱਤ ਤੋਂ ਬਿਨਾ ਰਹਿ ਰਹੇ ਹਨ, ਉਨ੍ਹਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਨਾਲ ਘਰ ਜ਼ਰੂਰ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਕਦਮ ਇੱਕ ਗ਼ਰੀਬ ਵਿਅਕਤੀ ਦੇ ਆਤਮ-ਵਿਸ਼ਵਾਸ ਨੂੰ ਵਧਾਉਣਗੇ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਕਰਨਗੇ ਜੋ ਕਿ ਵਿਕਸਿਤ ਭਾਰਤ ਦੀ ਅਸਲ ਊਰਜਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਲਗਭਗ 3000 ਨਵੇਂ ਘਰਾਂ ਦੇ ਨਿਰਮਾਣ ਦਾ ਵੀ ਐਲਾਨ ਕੀਤਾ, ਨਾਲ ਹੀ ਕਿਹਾ ਕਿ ਆਉਣ ਵਾਲੇ ਸਾਲ ਵਿੱਚ ਸ਼ਹਿਰ ਦੇ ਨਿਵਾਸੀਆਂ ਲਈ ਹਜ਼ਾਰਾਂ ਨਵੇਂ ਘਰ ਉਪਲਬਧ ਕਰਵਾਏ ਜਾਣਗੇ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਇਨ੍ਹਾਂ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਕਰਮਚਾਰੀ ਰਹਿੰਦੇ ਹਨ, ਅਤੇ ਜਿਨ੍ਹਾਂ ਘਰਾਂ ਵਿੱਚ ਉਨ੍ਹਾਂ ਨੇ ਕਬਜ਼ਾ ਕੀਤਾ ਸੀ ਉਹ ਕਾਫ਼ੀ ਪੁਰਾਣੇ ਸਨ। ਨਵੇਂ, ਆਧੁਨਿਕ ਘਰਾਂ ਦਾ ਨਿਰਮਾਣ ਉਨ੍ਹਾਂ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰੇਗਾ, ਜੋ ਉਨ੍ਹਾਂ ਦੀ ਭਲਾਈ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਸ਼ਹਿਰ ਵਿੱਚ ਵਧਦੀ ਆਬਾਦੀ ਅਤੇ ਸ਼ਹਿਰੀਕਰਣ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨਰੇਲਾ ਉਪ-ਸ਼ਹਿਰ ਦੇ ਨਿਰਮਾਣ ਨੂੰ ਤੇਜ਼ ਕਰਕੇ ਦਿੱਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਤੇਜ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿੱਚ ਸ਼ਹਿਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ, ਇਹ ਸ਼ਹਿਰੀ ਕੇਂਦਰ ਉਹ ਥਾਂ ਹਨ ਜਿੱਥੇ ਦੇਸ਼ ਭਰ ਤੋਂ ਲੋਕ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਉਂਦੇ ਹਨ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਮਿਆਰੀ ਰਿਹਾਇਸ਼ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਕਿਹਾ ਕਿ, "ਸਾਡੇ ਸ਼ਹਿਰ ਇੱਕ ਵਿਕਸਿਤ ਭਾਰਤ ਦੀ ਨੀਂਹ ਹਨ। ਲੋਕ ਇੱਥੇ ਵੱਡੇ ਸੁਪਨੇ ਲੈ ਕੇ ਆਉਂਦੇ ਹਨ, ਅਤੇ ਉਹ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਖ਼ਤ ਮਿਹਨਤ ਕਰਦੇ ਹਨ। ਕੇਂਦਰ ਸਰਕਾਰ ਸਾਡੇ ਸ਼ਹਿਰਾਂ ਦੇ ਹਰ ਪਰਿਵਾਰ ਨੂੰ ਇੱਕ ਮਿਆਰੀ ਜੀਵਨ ਪ੍ਰਦਾਨ ਕਰਨ ਲਈ ਵਚਨਬੱਧ ਹੈ"। ਪ੍ਰਧਾਨ ਮੰਤਰੀ ਨੇ ਆਵਾਸ ਖੇਤਰ ਵਿੱਚ ਕੀਤੀਆਂ ਗਈਆਂ ਮਹੱਤਵਪੂਰਨ ਤਰੱਕੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਸਫਲ ਲਾਗੂਕਰਨ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ ਪਿਛਲੇ ਦਹਾਕੇ ਵਿੱਚ ਦੇਸ਼ ਭਰ ਵਿੱਚ 1 ਕਰੋੜ ਤੋਂ ਵੱਧ ਘਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ "ਪਿਛਲੇ 10 ਸਾਲਾਂ ਵਿੱਚ, ਇਸ ਯੋਜਨਾ ਦੇ ਤਹਿਤ ਦਿੱਲੀ ਵਿੱਚ 30,000 ਤੋਂ ਵੱਧ ਨਵੇਂ ਘਰ ਬਣਾਏ ਗਏ ਹਨ। ਉਨ੍ਹਾਂ ਅੱਗੇ ਕਿਹਾ, “ਅਸੀਂ ਹੁਣ ਇਸ ਯਤਨ ਦਾ ਵਿਸਤਾਰ ਕਰ ਰਹੇ ਹਾਂ, ਅਤੇ ਅਗਲੇ ਪੜਾਅ ਵਿੱਚ, ਦੇਸ਼ ਭਰ ਵਿੱਚ ਸ਼ਹਿਰੀ ਗਰੀਬ ਪਰਿਵਾਰਾਂ ਲਈ ਇੱਕ ਕਰੋੜ ਹੋਰ ਘਰ ਬਣਾਏ ਜਾਣਗੇ" । ਪ੍ਰਧਾਨ ਮੰਤਰੀ ਨੇ ਮੱਧ ਵਰਗੀ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 'ਤੇ ਵੀ ਚਾਨਣਾ ਪਾਇਆ, ਜਿਸ ਵਿੱਚ 9 ਲੱਖ ਰੁਪਏ ਸਲਾਨਾ ਤੋਂ ਘੱਟ ਕਮਾਉਣ ਵਾਲਿਆਂ ਲਈ ਘਰੇਲੂ ਕਰਜ਼ੇ ਦੀਆਂ ਵਿਆਜ ਦਰਾਂ 'ਤੇ ਵੱਡੀਆਂ ਸਬਸਿਡੀਆਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਪਰਿਵਾਰ, ਭਾਵੇਂ ਉਹ ਗ਼ਰੀਬ ਹੋਵੇ ਜਾਂ ਮੱਧ ਵਰਗ, ਨੂੰ ਇੱਕ ਚੰਗਾ ਘਰ ਖਰੀਦਣ ਦਾ ਅਵਸਰ ਮਿਲੇ।”
ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਮੋਰਚੇ 'ਤੇ, ਸਾਰੇ ਬੱਚਿਆਂ, ਖਾਸ ਕਰਕੇ ਵੰਚਿਤ ਪਿਛੋਕੜ ਵਾਲੇ ਬੱਚਿਆਂ ਲਈ ਮਿਆਰੀ ਸਿੱਖਿਆ ਅਤੇ ਮੌਕਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ 'ਤੇ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ, "ਹਰ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਸਭ ਤੋਂ ਵਧੀਆ ਸਿੱਖਿਆ ਪ੍ਰਾਪਤ ਕਰਨ, ਅਤੇ ਕੇਂਦਰ ਸਰਕਾਰ ਦੇਸ਼ ਭਰ ਵਿੱਚ ਉੱਚ-ਪੱਧਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ।" ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਵੀ ਪ੍ਰਸ਼ੰਸਾ ਕੀਤੀ, ਜੋ ਮਾਤ੍ਰ ਭਾਸ਼ਾਵਾਂ ਵਿੱਚ ਸਿੱਖਿਆ 'ਤੇ ਜ਼ੋਰ ਦਿੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਸਮੇਤ ਸਾਰੇ ਪਿਛੋਕੜਾਂ ਦੇ ਬੱਚਿਆਂ ਨੂੰ ਸਫਲ ਹੋਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ, "ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਗ਼ਰੀਬ ਪਰਿਵਾਰਾਂ ਦੇ ਬੱਚਿਆਂ ਕੋਲ ਹੁਣ ਡਾਕਟਰ, ਇੰਜੀਨੀਅਰ ਅਤੇ ਪੇਸ਼ੇਵਰ ਬਣਨ ਦਾ ਇੱਕ ਸਪਸ਼ਟ ਰਸਤਾ ਹੈ।" ਸ਼੍ਰੀ ਮੋਦੀ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਆਧੁਨਿਕ ਵਿਦਿਅਕ ਅਭਿਆਸਾਂ ਦੇ ਵਿਸਥਾਰ ਦਾ ਸਮਰਥਨ ਕਰਨ ਲਈ ਇੱਕ ਨਵੀਂ CBSE ਬਿਲਡਿੰਗ ਦੇ ਨਿਰਮਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ "ਨਵੀਂ CBSE ਬਿਲਡਿੰਗ ਆਧੁਨਿਕ ਸਿੱਖਿਆ ਦਾ ਵਿਸਥਾਰ ਕਰਨ ਅਤੇ ਉੱਨਤ ਪ੍ਰੀਖਿਆ ਵਿਧੀਆਂ ਨੂੰ ਅਪਣਾਉਣ ਵਿੱਚ ਮਦਦ ਕਰੇਗੀ।"
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ, ਦਿੱਲੀ ਯੂਨੀਵਰਸਿਟੀ ਦੀ ਸਾਖ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ "ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਦੇ ਨੌਜਵਾਨਾਂ ਨੂੰ ਇੱਥੇ ਹੀ ਉੱਚ ਸਿੱਖਿਆ ਦੇ ਹੋਰ ਮੌਕੇ ਉਪਲਬਧ ਕਰਵਾਏ ਜਾਣ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ, ਅੱਜ, ਨਵੇਂ ਕੈਂਪਸਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜਿਸ ਨਾਲ ਸੈਂਕੜੇ ਵਿਦਿਆਰਥੀ ਹਰ ਸਾਲ ਡੀਯੂ ਵਿੱਚ ਪੜ੍ਹਾਈ ਕਰ ਸਕਣਗੇ। ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪੂਰਬੀ ਅਤੇ ਪੱਛਮੀ ਕੈਂਪਸ ਹੁਣ ਕ੍ਰਮਵਾਰ ਸੂਰਜਮਲ ਵਿਹਾਰ ਅਤੇ ਦਵਾਰਕਾ ਵਿੱਚ ਵਿਕਸਿਤ ਕੀਤੇ ਜਾਣਗੇ।" ਇਸ ਤੋਂ ਇਲਾਵਾ, ਵੀਰ ਸਾਵਰਕਰ ਜੀ ਦੇ ਨਾਮ 'ਤੇ ਇੱਕ ਨਵਾਂ ਕਾਲਜ ਵੀ ਨਜਫਗੜ੍ਹ ਵਿੱਚ ਬਣਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇੱਕ ਪਾਸੇ, ਕੇਂਦਰ ਸਰਕਾਰ ਦਿੱਲੀ ਵਿੱਚ ਸਿੱਖਿਆ ਪ੍ਰਣਾਲੀ ਲਈ ਯਤਨ ਕਰ ਰਹੀ ਹੈ, ਜਦਕਿ ਦੂਜੇ ਪਾਸੇ, ਰਾਜ ਸਰਕਾਰ ਦੇ ਸਿੱਧੇ ਝੂਠ ਸਾਹਮਣੇ ਆ ਰਹੇ ਹਨ। ਦਿੱਲੀ ਦੀ ਰਾਜ ਸਰਕਾਰ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਖਾਸ ਕਰਕੇ ਸਿੱਖਿਆ ਲਈ ਰੱਖੇ ਫੰਡਾਂ ਦਾ ਗਲਤ ਪ੍ਰਬੰਧਨ ਕਰਕੇ। “ਸਥਿਤੀ ਅਜਿਹੀ ਹੈ ਕਿ "ਸਮਗ੍ਰ ਸਿਕਸ਼ਾ ਅਭਿਆਨ" ਅਧੀਨ ਅਲਾਟ ਕੀਤੇ ਗਏ ਫੰਡ ਰਾਜ ਸਰਕਾਰ ਦੁਆਰਾ ਬੱਚਿਆਂ ਦੀ ਸਿੱਖਿਆ 'ਤੇ ਵੀ ਖਰਚ ਨਹੀਂ ਕੀਤੇ ਗਏ। ਪਿਛਲੇ 10 ਸਾਲ ਭ੍ਰਿਸ਼ਟਾਚਾਰ ਅਤੇ ਸ਼ਰਾਬ ਦੇ ਠੇਕੇ, ਸਕੂਲ ਸਿੱਖਿਆ, ਗਰੀਬਾਂ ਲਈ ਸਿਹਤ ਸੰਭਾਲ, ਪ੍ਰਦੂਸ਼ਣ ਨਿਯੰਤਰਣ ਅਤੇ ਭਰਤੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਨਾਲ ਭਰੇ ਹੋਏ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ, “ਕੁਝ ਕੱਟੜ ਭ੍ਰਿਸ਼ਟ ਵਿਅਕਤੀਆਂ ਨੇ, ਅੰਨਾ ਹਜ਼ਾਰੇ ਨੂੰ ਇੱਕ ਮੋਰਚੇ ਵਿੱਚ ਅੱਗੇ ਰੱਖ ਕੇ, ਦਿੱਲੀ ਨੂੰ ਇਸ ਸੰਕਟ ਵਿੱਚ ਧੱਕ ਦਿੱਤਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦਿੱਲੀ ਨੇ ਹਮੇਸ਼ਾ ਚੰਗੇ ਸ਼ਾਸਨ ਦੀ ਕਲਪਨਾ ਕੀਤੀ ਹੈ ਪਰ ਸੱਤਾਧਾਰੀ ਰਾਜ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਸਥਿਤੀ ਨੂੰ ਹੋਰ ਵੀ ਬਦਤਰ ਕਰ ਦਿੱਤਾ ਹੈ। ਨਤੀਜੇ ਵਜੋਂ, ਦਿੱਲੀ ਦੇ ਲੋਕ ਇਸ ਸੰਕਟ ਵਿਰੁੱਧ ਲੜਨ ਲਈ ਦ੍ਰਿੜ ਹਨ, ਬਦਲਾਅ ਲਿਆਉਣ ਅਤੇ ਸ਼ਹਿਰ ਨੂੰ ਇਸ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਸਹੁੰ ਖਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਦਿੱਲੀ ਵਿੱਚ ਸੜਕਾਂ, ਮੈਟਰੋ ਸਿਸਟਮ, ਹਸਪਤਾਲ ਅਤੇ ਕਾਲਜ ਕੈਂਪਸ ਵਰਗੇ ਵੱਡੇ ਪ੍ਰੋਜੈਕਟਾਂ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਹਾਲਾਂਕਿ, ਰਾਜ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ, ਖਾਸ ਕਰਕੇ ਯਮੁਨਾ ਨਦੀ ਦੀ ਸਫਾਈ ਵਰਗੇ ਖੇਤਰਾਂ ਵਿੱਚ ਕੋਈ ਤਰੱਕੀ ਨਹੀਂ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯਮੁਨਾ ਨਦੀ ਨੂੰ ਅਣਗੌਲਿਆ ਕਰਨ ਨਾਲ ਇੱਕ ਸੰਕਟ ਪੈਦਾ ਹੋ ਗਿਆ ਹੈ ਜਿੱਥੇ ਲੋਕਾਂ ਨੂੰ ਗੰਦੇ ਪਾਣੀ ਨਾਲ ਰਹਿਣਾ ਪੈ ਰਿਹਾ ਹੈ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਚੰਗੀਆਂ ਰਾਸ਼ਟਰੀ ਯੋਜਨਾਵਾਂ ਦੇ ਲਾਭ ਦਿੱਲੀ ਤੱਕ ਪਹੁੰਚਣ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਗ਼ਰੀਬ ਅਤੇ ਮੱਧ ਵਰਗ ਨੂੰ ਵਿੱਤੀ ਲਾਭ ਅਤੇ ਬੱਚਤ ਦੋਵੇਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਜਲੀ ਦੇ ਬਿਲਾਂ ਨੂੰ ਵੀ ਜ਼ੀਰੋ ਕਰ ਰਹੀ ਹੈ ਅਤੇ ਪਰਿਵਾਰਾਂ ਨੂੰ ਬਿਜਲੀ ਉਤਪਾਦਨ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਰਾਹੀਂ, ਪਰਿਵਾਰ ਬਿਜਲੀ ਉਤਪਾਦਕ ਬਣ ਰਹੇ ਹਨ, ਕੇਂਦਰ ਸਰਕਾਰ ਸੋਲਰ ਪੈਨਲ ਲਗਾਉਣ ਵਿੱਚ ਮਦਦ ਲਈ 78,000 ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਇਸ ਗੱਲ਼ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਦਿੱਲੀ ਵਿੱਚ ਲਗਭਗ 75 ਲੱਖ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾ ਰਹੀ ਹੈ। “ਵਨ ਨੇਸ਼ਨ, ਵਨ ਰਾਸ਼ਨ ਕਾਰਡ” ਸਕੀਮ ਦਿੱਲੀ ਦੇ ਲੋਕਾਂ ਲਈ ਬਹੁਤ ਸਹਾਇਕ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਲਗਭਗ 500 ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਗਏ ਹਨ ਜੋ 80% ਤੋਂ ਵੱਧ ਛੋਟ 'ਤੇ ਕਿਫਾਇਤੀ ਦਵਾਈਆਂ ਪ੍ਰਦਾਨ ਕਰਦੇ ਹਨ, ਜਿਸ ਨਾਲ ਲੋਕਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬੱਚਤ ਹੁੰਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੇ ਲਾਭ ਪ੍ਰਦਾਨ ਕਰਨਾ ਚਾਹੁੰਦੇ ਹਨ, ਜੋ ਮੁਫ਼ਤ ਇਲਾਜ ਦੀ ਪੇਸ਼ਕਸ਼ ਕਰਦੀ ਹੈ ਪਰ ਰਾਜ ਸਰਕਾਰ ਆਯੁਸ਼ਮਾਨ ਯੋਜਨਾ ਨੂੰ ਦਿੱਲੀ ਵਿੱਚ ਲਾਗੂ ਨਹੀਂ ਹੋਣ ਦੇ ਰਹੀ ਹੈ। ਜਿਸ ਦੇ ਸਿੱਟੇ ਵਜੋਂ, ਦਿੱਲੀ ਦੇ ਲੋਕ ਪਰੇਸ਼ਾਨ ਹਨ।
ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਰਾਹੀਂ ਦਿੱਲੀ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਕੇਂਦਰ ਸਰਕਾਰ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਆਯੁਸ਼ਮਾਨ ਭਾਰਤ ਯੋਜਨਾ ਦਾ ਵਿਸਥਾਰ ਕੀਤਾ ਹੈ। ਹਾਲਾਂਕਿ, ਦਿੱਲੀ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਨੂੰ, ਰਾਜ ਸਰਕਾਰ ਦੇ ਸੁਆਰਥ, ਹੰਕਾਰ ਅਤੇ ਜ਼ਿੱਦ ਕਾਰਨ ਇਸ ਦਾ ਲਾਭ ਨਹੀਂ ਮਿਲ ਰਿਹਾ ਹੈ।" ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਸਨੀਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਦਿੱਲੀ ਵਿੱਚ ਕਲੋਨੀਆਂ ਨੂੰ ਨਿਯਮਿਤ ਕਰਨ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਇਆ। ਉਨ੍ਹਾਂ ਨੇ ਪਾਣੀ ਅਤੇ ਸੀਵਰੇਜ਼ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ ਰਾਜ ਸਰਕਾਰ ਦੀ ਆਲੋਚਨਾ ਕੀਤੀ। ਸ਼੍ਰੀ ਮੋਦੀ ਨੇ ਦਿੱਲੀ ਦੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਦਿੱਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਚੱਲ ਰਹੀ ਪ੍ਰਗਤੀ, ਜਿਵੇਂ ਕਿ ਹਰ ਘਰ ਨੂੰ ਪਾਈਪ ਰਾਹੀਂ ਕੁਦਰਤੀ ਗੈਸ ਪਹੁੰਚਾਉਣ ਦੀ ਵਿਵਸਥਾ ਅਤੇ ਨਵੇਂ ਹਾਈਵੇਅਜ਼ ਅਤੇ ਐਕਸਪ੍ਰੈੱਸਵੇਅ ਦਾ ਨਿਰਮਾਣ ਆਦਿ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਕਿਉਂਕਿ ਰਾਜ ਦਾ ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਈ ਦਖਲ ਨਹੀਂ ਹੈ, ਇਸ ਲਈ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਵਿਕਾਸ ਪ੍ਰਕਿਰਿਆ ਦਿੱਲੀ ਦੇ ਵਸਨੀਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਹੈ।" ਉਨ੍ਹਾਂ ਨੇ ਸ਼ਿਵ ਮੂਰਤੀ ਤੋਂ ਨੈਲਸਨ ਮੰਡੇਲਾ ਮਾਰਗ ਤੱਕ ਇੱਕ ਟਨਲ ਦੇ ਨਿਰਮਾਣ ਅਤੇ ਕਈ ਮੁੱਖ ਐਕਸਪ੍ਰੈੱਸਵੇਅ ਨੂੰ ਜੋੜਨ ਸਮੇਤ ਪ੍ਰਸਤਾਵਿਤ ਹਾਲ ਹੀ ਦੇ ਟ੍ਰੈਫਿਕ ਸਬੰਧੀ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਟ੍ਰੈਫਿਕ ਜਾਮ ਵਰਗੀ ਸਮੱਸਿਆ ਵਿੱਚ ਕਾਫ਼ੀ ਹੱਦ ਤੱਕ ਕਮੀ ਆਵੇਗੀ।
ਪ੍ਰਧਾਨ ਮੰਤਰੀ ਨੇ 2025 ਲਈ ਆਪਣੇ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਪੇਸ਼ ਕਰਦੇ ਹੋਏ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ, "2025 ਦਾ ਸਾਲ ਦਿੱਲੀ ਵਿੱਚ ਚੰਗੇ ਸ਼ਾਸਨ ਦਾ ਇੱਕ ਨਵਾਂ ਯੁੱਗ ਲਿਆਏਗਾ। ਇਹ 'ਰਾਸ਼ਟਰ ਪ੍ਰਥਮ, ਦੇਸ਼ਵਾਸੀ ਪ੍ਰਥਮ' ਦੀ ਭਾਵਨਾ ਨੂੰ ਮਜ਼ਬੂਤ ਕਰੇਗਾ ਅਤੇ ਰਾਸ਼ਟਰ ਨਿਰਮਾਣ ਅਤੇ ਜਨ ਭਲਾਈ 'ਤੇ ਕੇਂਦ੍ਰਿਤ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।" ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਸਨ ਅਤੇ ਦਿੱਲੀ ਦੇ ਲੋਕਾਂ ਨੂੰ ਨਵੇਂ ਵਿਦਿਅਕ ਅਦਾਰਿਆਂ ਲਈ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ, ਸ਼੍ਰੀ ਮਨੋਹਰ ਲਾਲ, ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਦਿੱਲੀ ਦੇ ਉਪ ਰਾਜਪਾਲ, ਸ਼੍ਰੀ ਵਿਨਯ ਕੁਮਾਰ ਸਕਸੈਨਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
‘ਸਾਰਿਆਂ ਲਈ ਆਵਾਸ’ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨੇ ਅੱਜ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਸਵਾਭੀਮਾਨ ਅਪਾਰਟਮੈਂਟ ਵਿੱਚ ਇਨ-ਸੀਟੂ ਸਲੱਮ ਪੁਨਰਵਾਸ ਪ੍ਰੋਜੈਕਟ ਦੇ ਤਹਿਤ ਝੁੱਗੀ-ਝੌਂਪੜੀ (ਜੇਜੇ) ਕਲਸਟਰਾਂ ਦੇ ਵਸਨੀਕਾਂ ਲਈ ਨਵੇਂ ਬਣੇ ਫਲੈਟਾਂ ਦਾ ਦੌਰਾ ਕੀਤਾ।
ਪ੍ਰਧਾਨ ਮੰਤਰੀ ਨੇ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਜੇਜੇ ਕਲਸਟਰਾਂ ਦੇ ਨਿਵਾਸੀਆਂ ਲਈ 1,675 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ ਅਤੇ ਯੋਗ ਲਾਭਪਾਤਰੀਆਂ ਨੂੰ ਸਵਾਭੀਮਾਨ ਅਪਾਰਟਮੈਂਟਸ ਦੀਆਂ ਚਾਬੀਆਂ ਵੀ ਸੌਂਪੀਆਂ। ਨਵੇਂ ਬਣੇ ਫਲੈਟਾਂ ਦਾ ਉਦਘਾਟਨ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੁਆਰਾ ਦੂਜੇ ਸਫਲ ਇਨ-ਸੀਟੂ ਸਲੱਮ ਪੁਨਰਵਾਸ ਪ੍ਰੋਜੈਕਟ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਦਿੱਲੀ ਵਿੱਚ ਜੇਜੇ ਕਲਸਟਰਾਂ ਦੇ ਨਿਵਾਸੀਆਂ ਨੂੰ ਉਚਿਤ ਸਹੂਲਤਾਂ ਅਤੇ ਸੁਖ-ਸੁਵਿਧਾਵਾਂ ਨਾਲ ਲੈਸ ਇੱਕ ਬਿਹਤਰ ਅਤੇ ਸਿਹਤਮੰਦ ਰਹਿਣ-ਸਹਿਣ ਵਾਲਾ ਵਾਤਾਵਰਣ ਪ੍ਰਦਾਨ ਕਰਨਾ ਹੈ।
ਸਰਕਾਰ ਦੁਆਰਾ ਇੱਕ ਫਲੈਟ ਦੇ ਨਿਰਮਾਣ 'ਤੇ ਖਰਚ ਕੀਤੇ ਗਏ ਹਰੇਕ 25 ਲੱਖ ਰੁਪਏ ਲਈ, ਯੋਗ ਲਾਭਪਾਤਰੀ ਕੁੱਲ ਰਾਸ਼ੀ ਦਾ 7% ਤੋਂ ਵੀ ਘੱਟ ਭੁਗਤਾਨ ਕਰਦੇ ਹਨ, ਜਿਸ ਵਿੱਚ 1.42 ਲੱਖ ਰੁਪਏ ਨਾਮਾਤਰ ਯੋਗਦਾਨ ਅਤੇ ਪੰਜ ਵਰ੍ਹੇ ਦੇ ਰੱਖ-ਰਖਾਅ ਲਈ 30,000 ਰੁਪਏ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਦੋ ਸ਼ਹਿਰੀ ਪੁਨਰ ਵਿਕਾਸ ਪ੍ਰੋਜੈਕਟਾਂ - ਨੌਰੋਜੀ ਨਗਰ ਵਿਖੇ ਵਰਲਡ ਟ੍ਰੇਡ ਸੈਂਟਰ (WTC) ਅਤੇ ਸਰੋਜਿਨੀ ਨਗਰ ਵਿਖੇ ਜਨਰਲ ਪੂਲ ਰਿਹਾਇਸ਼ੀ ਆਵਾਸ (GPRA) ਟਾਈਪ-II ਕੁਆਰਟਰਸ ਦਾ ਵੀ ਉਦਘਾਟਨ ਕੀਤਾ।
ਨੌਰੋਜੀ ਨਗਰ ਵਿੱਚ ਵਰਲਡ ਟ੍ਰੇਡ ਸੈਂਟਰ ਨੇ 600 ਤੋਂ ਵੱਧ ਖੰਡਹਰ ਹੋਏ ਕੁਆਰਟਰਾਂ ਨੂੰ ਅਤਿ-ਆਧੁਨਿਕ ਵਪਾਰਕ ਟਾਵਰਾਂ ਨਾਲ ਬਦਲ ਕੇ ਇਸ ਖੇਤਰ ਨੂੰ ਬਦਲ ਦਿੱਤਾ ਹੈ, ਜਿਸ ਨਾਲ ਲਗਭਗ 34 ਲੱਖ ਵਰਗ ਫੁੱਟ ਪ੍ਰੀਮੀਅਮ ਵਪਾਰਕ ਜਗ੍ਹਾ ਉੱਨਤ ਸਹੂਲਤਾਂ ਨਾਲ ਲੈਸ ਹੈ। ਇਸ ਪ੍ਰੋਜੈਕਟ ਵਿੱਚ ਜ਼ੀਰੋ-ਡਿਸਚਾਰਜ ਸੰਕਲਪ, ਸੌਰ ਊਰਜਾ ਉਤਪਾਦਨ, ਅਤੇ ਰੇਨਵਾਟਰ ਹਾਰਵੈਸਟਿੰਗ ਸਿਸਟਮਸ ਵਰਗੇ ਪ੍ਰਬੰਧਾਂ ਦੇ ਨਾਲ ਗ੍ਰੀਨ ਬਿਲਡਿੰਗ ਪ੍ਰੈਕਟਿਸਿਸ ਨੂੰ ਸ਼ਾਮਲ ਕੀਤਾ ਗਿਆ ਹੈ।
ਸਰੋਜਿਨੀ ਨਗਰ ਵਿੱਚ GPRA ਟਾਈਪ –II ਕੁਆਰਟਰਸ ਵਿੱਚ 28 ਟਾਵਰ ਸ਼ਾਮਲ ਹਨ, ਜਿਨ੍ਹਾਂ ਵਿੱਚ 2500 ਤੋਂ ਵੱਧ ਰੈਜ਼ੀਡੈਂਸ਼ੀਅਲ ਯੂਨਿਟਸ ਹਨ, ਜੋ ਆਧੁਨਿਕ ਸੁਵਿਧਾਵਾਂ ਅਤੇ ਸਥਾਨ ਦੀ ਕੁਸ਼ਲ ਵਰਤੋਂ ਪ੍ਰਦਾਨ ਕਰਦੀਆਂ ਹਨ। ਪ੍ਰੋਜੈਕਟ ਦੇ ਡਿਜ਼ਾਈਨ ਵਿੱਚ ਰੇਨਵਾਟਰ ਹਾਰਵੈਸਟਿੰਗ ਸਿਸਟਮ, ਸੀਵੇਜ਼ ਅਤੇ ਵਾਟਰ ਟ੍ਰੀਟਮੈਂਟ ਪਲਾਂਟਸ ਅਤੇ ਸੋਲਰ ਪਾਵਰ ਨਾਲ ਚਲਣ ਵਾਲੇ ਵੇਸਟ ਕੰਪੈਕਟਰਸ ਸ਼ਾਮਲ ਹਨ ਜੋ ਵਾਤਾਵਰਣ ਦੇ ਪ੍ਰਤੀ ਜਾਗਰੂਕ ਜੀਵਨ ਨੂੰ ਪ੍ਰੋਤਸਾਹਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਦਿੱਲੀ ਦੇ ਦਵਾਰਕਾ ਵਿਖੇ ਸੀਬੀਐੱਸਈ ਦੇ ਇੰਟੈਗ੍ਰੇਟਿਡ ਆਫਿਸ ਕੰਪਲੈਕਸ ਦਾ ਵੀ ਉਦਘਾਟਨ ਕੀਤਾ, ਜਿਸ ਦਾ ਨਿਰਮਾਣ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਵਿੱਚ ਆਫਿਸ, ਔਡੀਟੋਰੀਅਮ, ਐਡਵਾਂਸਡ ਡੇਟਾ ਸੈਂਟਰ, ਵਿਆਪਕ ਜਲ ਪ੍ਰਬੰਧਨ ਪ੍ਰਣਾਲੀ ਆਦਿ ਸ਼ਾਮਲ ਹਨ। ਵਾਤਾਵਰਣ ਅਨੁਕੂਲ ਇਸ ਬਿਲਡਿੰਗ ਦਾ ਨਿਰਮਾਣ ਉੱਚ ਵਾਤਾਵਰਣਿਕ ਮਿਆਰਾਂ ਅਨੁਸਾਰ ਕੀਤਾ ਗਿਆ ਹੈ ਅਤੇ ਇਸ ਨੂੰ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (IGBC) ਦੇ ਪਲੈਟੀਨਮ ਰੇਟਿੰਗ ਮਿਆਰਾਂ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ।
ਸ਼੍ਰੀ ਮੋਦੀ ਨੇ ਦਿੱਲੀ ਯੂਨੀਵਰਸਿਟੀ ਵਿੱਚ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਤਿੰਨ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਪੂਰਬੀ ਦਿੱਲੀ ਦੇ ਸੂਰਜਮਲ ਵਿਹਾਰ ਵਿੱਚ ਈਸਟਰਨ ਕੈਂਪਸ ਅਤੇ ਦਵਾਰਕਾ ਵਿਖੇ ਵੈਸਟਰਨ ਕੈਂਪਸ ਸ਼ਾਮਲ ਹਨ। ਇਸ ਵਿੱਚ ਨਜਫਗੜ੍ਹ ਦੇ ਰੌਸ਼ਨਪੁਰਾ ਵਿੱਚ ਵੀਰ ਸਾਵਰਕਰ ਕਾਲਜ ਦਾ ਭਵਨ ਵੀ ਸ਼ਾਮਲ ਹੈ, ਜਿਸ ਵਿੱਚ ਸਿੱਖਿਆ ਦੇ ਲਈ ਅਤਿਆਧੁਨਿਕ ਸੁਵਿਧਾਵਾਂ ਹੋਣਗੀਆਂ।
************
ਐੱਮਜੇਪੀਐੱਸ/ਵੀਜੇ/ਐੱਸਆਰ/ਆਰਟੀ
(Release ID: 2090079)
Visitor Counter : 17
Read this release in:
Odia
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam