ਪੇਂਡੂ ਵਿਕਾਸ ਮੰਤਰਾਲਾ
ਬਦਲਦਾ ਹੋਇਆ ਭਾਰਤ, ਸਸ਼ਕਤ ਹੁੰਦੇ ਭਾਰਤੀ
ਨਾਗਾਲੈਂਡ ਵਿੱਚ ਪੀਐੱਮਏਵਾਈ-ਜੀ ਦੀ ਯਾਤਰਾ
Posted On:
29 NOV 2024 11:15AM by PIB Chandigarh
ਜ਼ਿੰਦਗੀ ਵਿੱਚ ਇੱਕ ਸਕਾਰਾਤਮਕ ਬਦਲਾਅ ਦਾ ਹਮੇਸ਼ਾ ਹੀ ਸੁਆਗਤ ਕੀਤਾ ਜਾਂਦਾ ਹੈ, ਖਾਸ ਕਰਕੇ ਜਦੋਂ ਇਹ ਜ਼ਿੰਦਗੀ ਵਿੱਚ ਬਦਲਾਅ ਲਿਆਉਂਦਾ ਹੈ। ਭਾਰਤ ਅਜਿਹੇ ਜ਼ਿਕਰਯੋਗ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਭਾਰਤੀਆਂ ਦਾ ਜੀਵਨ ਸੁਰੱਖਿਅਤ, ਸਨਮਾਨਜਨਕ ਅਤੇ ਬਿਹਤਰ ਹੋ ਰਿਹਾ ਹੈ। ਜੋ ਗੱਲਾਂ ਇਸ ਯਾਤਰਾ ਨੂੰ ਅਸਾਧਾਰਣ ਬਣਾਉਂਦੀਆਂ ਹਨ, ਉਹ ਸਮਾਵੇਸ਼ਿਤਾ ਅਤੇ ਸਮਾਨਤਾ ਵੱਲ ਧਿਆਨ ਕੇਂਦ੍ਰਿਤ ਕਰਨਾ ਹੈ। ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਵਾਲੇ ਦੇਸ਼ ਵਿੱਚ, ਜਿੱਥੇ ਵਿਕਾਸ ਦੀਆਂ ਯੋਜਨਾਵਾਂ ਨੂੰ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਾਉਣ ਵਿੱਚ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰਿਵਰਤਨ ਦੀ ਹਵਾ ਹੁਣ ਦੇਸ਼ ਦੇ ਹਰ ਕੋਨੇ ਵਿੱਚ ਫੈਲ ਰਹੀ ਹੈ, ਇਹ ਸੁਨਿਸ਼ਚਿਤ ਕਰਦੀ ਹੈ ਕਿ ਕੋਈ ਵੀ ਬਦਲਾਅ ਤੋਂ ਵਾਂਝਾ ਨਾ ਰਹੇ। ਦੇਸ਼ ਦੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਪਹਿਲਕਦਮੀਆਂ ਦੇ ਮਾਧਿਅਮ ਨਾਲ਼ ਭਾਰਤੀਆਂ ਨੂੰ ਵਿਕਸਿਤ ਭਾਰਤ ਦੇ ਸਮੂਹਿਕ ਲਕਸ਼ ਦੀ ਪ੍ਰਾਪਤੀ ਦੇ ਲਈ ਇੱਕਜੁੱਟ ਕੀਤਾ ਗਿਆ ਹੈ।
ਇਸ ਬਦਲਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਪਹਿਲੂਆਂ ਵਿੱਚੋਂ ਇੱਕ ਅਨਿਸ਼ਚਿਤਤਾ ਤੋਂ ਸਥਿਰਤਾ ਵੱਲ ਜਾਣਾ ਹੈ, ਖਾਸ ਤੌਰ ‘ਤੇ ਰਿਹਾਇਸ਼ ਦੇ ਮਾਮਲੇ ਵਿੱਚ। ਇੱਕ ਸਮਾਂ ਸੀ ਜਦੋਂ ਦੇਸ਼ ਦੇ ਲੱਖਾਂ ਪਿੰਡਾਂ ਦੇ ਲੋਕਾਂ ਲਈ ਬੇਘਰ ਹੋਣਾ ਇੱਕ ਕਠੋਰ ਹਕੀਕਤ ਸੀ ਅਤੇ ਉਨ੍ਹਾਂ ਪਰਿਵਾਰਾਂ ਨੂੰ ਪ੍ਰਤੀਕੂਲ ਮੌਸਮ, ਸਮਾਜਿਕ ਅਲਹਿਦਗੀ ਅਤੇ ਲਗਾਤਾਰ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਨੇ ਉਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਪੱਕੇ ਘਰ ਦਿੱਤੇ ਗਏ ਹਨ ਜੋ ਨਾ ਸਿਰਫ਼ ਉਨ੍ਹਾਂ ਨੂੰ ਆਸਰਾ ਪ੍ਰਦਾਨ ਕਰਦੇ ਹਨ, ਬਲਕਿ ਉਨ੍ਹਾਂ ਨੂੰ ਮਾਣ, ਸੁਰੱਖਿਆ ਅਤੇ ਆਪਣੇਪਣ ਦੀ ਭਾਵਨਾ ਵੀ ਪ੍ਰਦਾਨ ਕਰਦੇ ਹਨ।

ਇਸ ਦਾ ਪ੍ਰਭਾਵ ਨਾਗਾਲੈਂਡ ਦੇ ਦੂਰ-ਦੁਰਾਡੇ ਦੇ ਪਹਾੜੀ ਖੇਤਰਾਂ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ, ਜਿੱਥੇ ਵਿਕਾਸ ਪ੍ਰੋਜੈਕਟਾਂ ਨੂੰ ਅਕਸਰ ਲੌਜਿਸਟਿਕ ਅਤੇ ਭੂਗੋਲਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ, ਪੀਐੱਮਏਵਾਈ-ਜੀ ਦੁਆਰਾ ਪਹਿਲਾਂ ਹੀ 48,826 ਘਰਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 19,300 ਤੋਂ ਵਧ ਘਰ ਪੂਰੇ ਹੋ ਚੁੱਕੇ ਹਨ, ਜੋ ਉਨ੍ਹਾਂ ਪਰਿਵਾਰਾਂ ਦੇ ਜੀਵਨ ਵਿੱਚ ਪਰਿਵਰਤਨ ਲਿਆ ਰਿਹਾ ਹੈ, ਜੋ ਕਦੇ ਬੁਨਿਆਦੀ ਆਸਰੇ ਲਈ ਸੰਘਰਸ਼ ਕਰਦੇ ਰਹੇ ਸਨ। ਮਜ਼ਬੂਤ ਪੱਧਰ ਦੇ ਥੰਮ੍ਹਾਂ ਅਤੇ ਉੱਚੇ ਢਾਂਚਿਆਂ ’ਤੇ ਬਣੇ ਇਹ ਘਰ ਨਾ ਸਿਰਫ਼ ਸਮੇਂ ਦੀ ਕਸੌਟੀ ’ਤੇ ਖਰੇ ਉਤਰਦੇ ਹਨ, ਬਲਕਿ ਇਹ ਲਚਕੀਲੇਪਣ ਅਤੇ ਨਵਿਆਉਣਯੋਗਤਾ ਦਾ ਵੀ ਪ੍ਰਤੀਕ ਹਨ। ਘਰਾਂ ਦੀ ਬਣਤਰ ਲੰਬੀ ਉਮਰ ਨੂੰ ਸੁਨਿਸ਼ਚਿਤ ਕਰਦੇ ਹੋਏ ਨਮੀ ਅਤੇ ਸਿਓਂਕ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ। ਇਨ੍ਹਾਂ ਘਰਾਂ ਨੂੰ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ, ਇਹ ਉਨ੍ਹਾਂ ਦੇ ਸਸ਼ਕਤੀਕਰਣ ਦਾ ਪਲ ਹੈ: ਇੱਕ ਅਜਿਹੀ ਥਾਂ ਜਿੱਥੇ ਇੱਛਾਵਾਂ ਜੜ੍ਹਾਂ ਫੜਦੀਆਂ ਹਨ ਅਤੇ ਵਧਦੀਆਂ ਹਨ। ਯੋਜਨਾ ਦਾ ਦ੍ਰਿਸ਼ਟੀਕੋਣ ਇੱਕ ਅਜਿਹੇ ਭਾਰਤ ਦੀ ਕਲਪਨਾ ’ਤੇ ਅਧਾਰਿਤ ਹੈ ਜਿੱਥੇ ਵਿਕਾਸ ਸਮਾਵੇਸ਼ੀ ਹੋਵੇ, ਜੋ ਰਾਸ਼ਟਰੀ ਪ੍ਰਗਤੀ ਵਿੱਚ ਯੋਗਦਾਨ ਪਾਉਂਦੇ ਹੋਏ ਲੋਕਾਂ ਨੂੰ ਸਸ਼ਕਤ ਬਣਾਉਂਦਾ ਹੋਵੇ।
ਲੇਕਿਨ ਇਹ ਬਦਲਾਅ ਕਿਸੇ ਵਿਅਕਤੀ ਦੇ ਸਿਰ ਉੱਤੇ ਛੱਤ ਪ੍ਰਦਾਨ ਕਰਨ ਨਾਲ ਖਤਮ ਨਹੀਂ ਹੁੰਦਾ ਹੈ। ਪੀਐੱਮਏਵਾਈ-ਜੀ ਨੇ ਆਪਣੇ ਸੰਚਾਲਨ ਵਿੱਚ ਸਥਾਨਕ ਅਰਥਵਿਵਸਥਾਵਾਂ ਨੂੰ ਸ਼ਾਮਲ ਕਰਕੇ ਗ੍ਰਾਮੀਣ ਭਾਰਤ ਵਿੱਚ ਆਰਥਿਕ ਸਸ਼ਕਤੀਕਰਣ ਨੂੰ ਹੁਲਾਰਾ ਦਿੱਤਾ ਹੈ। ਨਾਗਾਲੈਂਡ ਵਿੱਚ, ਲਾਭਪਾਤਰੀਆਂ ਨੇ ਆਪਣੇ ਨਿਰਮਾਣ ਕੌਸ਼ਲ ਅਤੇ ਆਤਮ-ਨਿਰਭਰਤਾ ਦੇ ਨਾਲ-ਨਾਲ ਆਪਣੀ ਨਿਰਮਾਣ ਦੀ ਲਾਗਤ ਵਿੱਚ ਕਮੀ ਲਿਆਉਣ ਲਈ ਬਾਂਸ ਅਤੇ ਹਲਕੇ ਕੰਕ੍ਰੀਟ ਜਿਹੇ ਸਥਾਨਕ ਸਰੋਤਾਂ ਦੀ ਵਰਤੋਂ ਕੀਤੀ ਹੈ।
ਪੀਐੱਮਏਵਾਈ-ਜੀ ਪ੍ਰਥਾਵਾਂ ਅਤੇ ਆਧੁਨਿਕਤਾ ਦੇ ਦਰਮਿਆਨ ਪਾੜੇ ਨੂੰ ਵੀ ਪੂਰਾ ਕਰਦਾ ਹੈ, ਇਹ ਸੁਨਿਸ਼ਚਿਤ ਕਰਦਾ ਹੈ ਕਿ ਵਿਕਾਸ ਦੇ ਮਾਧਿਅਮ ਨਾਲ਼ ਸੱਭਿਆਚਾਰਕ ਪਹਿਚਾਣ ਦਾ ਸਨਮਾਨ ਹੋਵੇ। ਨਾਗਾਲੈਂਡ ਵਿੱਚ, ਇਸ ਯੋਜਨਾ ਦੇ ਤਹਿਤ ਬਣਾਏ ਗਏ ਮਕਾਨ ਇਸ ਖੇਤਰ ਦੀ ਸਥਾਪਿਤ ਵਿਰਾਸਤ ਨੂੰ ਦਰਸਾਉਂਦੇ ਹਨ, ਜਿਸ ਵਿੱਚ ਆਧੁਨਿਕ ਪਹਿਲੂ ਕੁਦਰਤੀ ਲੈਂਡਸਕੇਪ ਦੇ ਨਾਲ ਅਸਾਨੀ ਨਾਲ਼ ਘੁਲ-ਮਿਲ ਜਾਂਦੇ ਹਨ। ਬਾਂਸ ਦੀਆਂ ਚਟਾਈਆਂ, ਕੰਧਾਂ ਅਤੇ ਛੱਤ ਦੀ ਸ਼ੋਭਾ ਵਧਾਉਂਦੀਆਂ ਹਨ ਅਤੇ ਸੀਜੀਆਈ ਸ਼ੀਟਾਂ ਛੱਤ ਦਾ ਕੰਮ ਕਰਦੀਆਂ ਹਨ, ਪਰੰਪਰਾਵਾਂ ਨੂੰ ਕਾਰਜਸ਼ੀਲਤਾ ਨਾਲ ਜੋੜਦੀਆਂ ਹਨ। ਇਹ ਘਰ ਸਿਰਫ਼ ਕਾਰਜਸ਼ੀਲ ਹੀ ਨਹੀਂ ਹਨ ਬਲਕਿ ਇਹ ਇਸ ਗੱਲ ਦਾ ਪ੍ਰਤੀਬਿੰਬ ਹਨ ਕਿ ਕਿਵੇਂ ਵਿਕਾਸ ਦੇ ਮਾਧਿਅਮ ਨਾਲ ਸਥਾਨਕ ਪਰੰਪਰਾਵਾਂ ਦਾ ਸਤਿਕਾਰ ਅਤੇ ਏਕੀਕਰਣ ਕਿਵੇਂ ਕੀਤਾ ਜਾ ਸਕਦਾ ਹੈ।
ਕੁੱਲ ਮਿਲਾ ਕੇ, ਪੀਐੱਮਏਵਾਈ-ਜੀ ਜ਼ਿੰਦਗੀ ਵਿੱਚ ਪਰਿਵਰਤਨ ਲਿਆਉਣ ਅਤੇ ਅਜਿਹਾ ਕਰਨ ਵਿੱਚ, ਭਾਰਤ ਵਿੱਚ ਬਦਲਾਅ ਲਿਆਉਣ ਬਾਰੇ ਹੈ। ਸੁਰੱਖਿਅਤ ਅਤੇ ਮਜ਼ਬੂਤ ਘਰਾਂ ਨਾਲ, ਪਰਿਵਾਰ ਹੁਣ ਸਿੱਖਿਆ, ਸਿਹਤ ਅਤੇ ਰੋਜ਼ੀ-ਰੋਟੀ ਵੱਲ ਧਿਆਨ ਕੇਂਦ੍ਰਿਤ ਕਰਨ ਦੇ ਲਈ ਸੁਤੰਤਰ ਹੋ ਚੁੱਕੇ ਹਨ, ਜੋ ਅੰਤਰ-ਪੀੜ੍ਹੀ ਪ੍ਰਗਤੀ ਦਾ ਰਾਹ ਪੱਧਰਾ ਕਰਦੇ ਹਨ। ਨਾਗਾਲੈਂਡ ਵਿੱਚ, ਇਹ ਪਰਿਵਰਤਨ ਸਪਸ਼ਟ ਤੌਰ ’ਤੇ ਸਾਫ਼ ਦਿਖਾਈ ਦਿੰਦਾ ਹੈ। ਆਪਣੇ ਨਵੇਂ ਘਰਾਂ ਵਿੱਚ ਰਹਿਣ ਵਾਲੇ ਪਰਿਵਾਰ ਆਪਣੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਨ, ਜੋ ਨੀਤੀ ਨੂੰ ਖੁਸ਼ਹਾਲੀ ਵਿੱਚ ਬਦਲਣ ਦੀ ਯੋਜਨਾ ਦੀ ਸਫ਼ਲਤਾ ਦਾ ਪ੍ਰਤੀਕ ਹਨ। ਇਹ ਇੱਕ ਬਦਲਦੇ ਭਾਰਤ ਦੀ ਭਾਵਨਾ ਹੈ, ਜਿੱਥੇ ਦੇਸ਼ ਦਾ ਹਰੇਕ ਨਾਗਰਿਕ ਆਪਣੇ ਵਿਕਾਸ ਵਿੱਚ ਇੱਕ ਹਿੱਸੇਦਾਰ ਹੈ ਅਤੇ ਹਰੇਕ ਸੁਪਨੇ ਦਾ ਇੱਕ ਅਧਾਰ ਹੈ।
ਹਵਾਲਾ:-
https://pmayg.nic.in/netiay/PBIDashboard/PMAYGDashboard.aspx
https://static.pib.gov.in/WriteReadData/specificdocs/documents/2024/nov/doc20241119437801.pdf
PMAY Success stories
******
ਸੰਤੋਸ਼ ਕੁਮਾਰ/ ਸਰਲਾ ਮੀਨਾ/ ਮਦਿਹਾ ਇਕਬਾਲ
(Release ID: 2079458)
Visitor Counter : 54