ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਨੇ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਦੀ 10ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਡਾਕਟਰ ਬਿਮਾਰ ਮਨੁੱਖਤਾ ਨੂੰ ਇਲਾਜ ਪ੍ਰਦਾਨ ਕਰਦੇ ਹਨ ਅਤੇ ਕੇਵਲ ਉਹ ਹੀ ਜੀਵਨ ਅਤੇ ਮੌਤ ਦਰਮਿਆਨ ਅੰਤਰ ਕਰ ਸਕਦੇ ਹਨ: ਸ਼੍ਰੀਮਤੀ ਦ੍ਰੌਪਦੀ ਮੁਰਮੂ
“ਕੋਵਿਡ ਮਹਾਮਾਰੀ ਦੌਰਾਨ, ਡਾਕਟਰਾਂ ਅਤੇ ਨਰਸਾਂ ਨੇ ਜੀਵਨ ਬਚਾਉਣ ਲਈ ਸਮਰਪਣ ਦੇ ਨਾਲ ਆਪਣੇ ਕਰਤੱਵਾਂ ਦਾ ਪਾਲਣ ਕੀਤਾ, ਅਤੇ ਇੱਕ ਦੇਸ਼ ਦੇ ਰੂਪ ਵਿੱਚ, ਅਸੀਂ ਹਮੇਸ਼ਾ ਉਨ੍ਹਾਂ ਦੇ ਆਭਾਰੀ ਰਹਾਂਗੇ”
ਇੱਥੇ ਮੌਜੂਦ ਵਿਦਿਆਰਥੀ ਅਤੇ ਵਿਦਵਾਨ ਬਿਹਤਰ ਭਵਿੱਖ ਦੇ ਨਿਰਮਾਣ ਲਈ ਸਾਡੀ ਮਨੁੱਖੀ ਸੰਸਾਧਨ ਪੂੰਜੀ ਹਨ: ਸ਼੍ਰੀ ਜੇਪੀ ਨੱਡਾ
ਵਿਦਿਆਰਥੀਆਂ ਨੂੰ ਦੇਸ਼ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਆਪਣੀ ਪ੍ਰਤਿਭਾ, ਕੌਸ਼ਲ ਅਤੇ ਗਿਆਨ ਦਾ ਕੁਸ਼ਲਤਾਪੂਰਵਕ ਇਸਤੇਮਾਲ ਕਰਨ ਲਈ ਪ੍ਰੋਤਸਾਹਿਤ ਕੀਤਾ
Posted On:
30 SEP 2024 7:07PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਇੱਥੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਅਤੇ ਨੀਤੀ ਆਯੋਗ ਦੇ ਮੈਂਬਰ (ਹੈਲਥ) ਡਾ. ਵੀ ਕੇ ਪੌਲ ਦੀ ਮੌਜੂਦਗੀ ਵਿੱਚ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ (ਏਬੀਵੀਆਈਐੱਮਐੱਸ) ਦੀ 10ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।
ਰਾਸ਼ਟਰਪਤੀ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਇਸ ਹਸਪਤਾਲ ਅਤੇ ਸੰਸਥਾਨ ਨਾਲ ਦੋ ਸਨਮਾਨਿਤ ਅਤੇ ਮਹਾਨ ਵਿਅਕਤੀ: ਡਾ. ਰਾਮ ਮਨੋਹਰ ਲੋਹੀਆ ਅਤੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੁੜੇ ਹੋਏ ਹਨ। ਇਨ੍ਹਾਂ ਦੋਹਾਂ ਲਈ ਰਾਸ਼ਟਰ ਸਰਬਉੱਚ ਸੀ। ਉਨ੍ਹਾਂ ਨੇ ਸਾਡੇ ਸਮਾਜ ਅਤੇ ਦੇਸ਼ ਨੂੰ ਨਵੇਂ ਆਯਾਮ ਦਿੱਤੇ। ਮੈਨੂੰ ਵਿਸ਼ਵਾਸ ਹੈ ਅਤੇ ਉਮੀਦ ਹੈ ਕਿ ਇਸ ਸੰਸਥਾਨ ਅਤੇ ਹਸਪਤਾਲ ਨਾਲ ਜੁੜੇ ਲੋਕ ਵੀ ਉਸੇ ਦਿਸ਼ਾ ਅਤੇ ਉਨ੍ਹਾਂ ਦੇ ਪੈੜਾਂ ‘ਤੇ ਚੱਲਣਗੇ।”
ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰ ਬਿਮਾਰ ਮਨੁੱਖਤਾ ਨੂੰ ਇਲਾਜ ਪ੍ਰਦਾਨ ਕਰਦੇ ਹਨ ਅਤੇ ਕੇਵਲ ਉਹ ਹੀ ਜੀਵਨ ਅਤੇ ਮੌਤ ਦਰਮਿਆਨ ਅੰਤਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ, “ਤੁਸੀਂ ਇੱਕ ਵੱਡੀ ਜ਼ਿੰਮੇਵਾਰੀ ਲਈ ਹੈ। ਸਾਡੇ ਦੇਸ਼ ਵਿੱਚ, ਡਾਕਟਰਾਂ ਨੂੰ ਭਗਵਾਨ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਕਿਉਂਕਿ ਉਹ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹਨ। ਕਿਰਪਾ ਯਾਦ ਰੱਖੋ ਕਿ ਤੁਸੀਂ ਜੋ ਦਵਾਈਆਂ ਲਿਖਦੇ ਹੋ, ਉਨ੍ਹਾਂ ਨਾਲ ਸਾਰਥਕ ਇਲਾਜ ਹੋਣਾ ਚਾਹੀਦਾ ਹੈ।”
ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੇ ਵਿਰੁੱਧ ਹਿੰਸਾ ਦੇ ਮਾਮਲਿਆਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ, ਰਾਸ਼ਟਰਪਤੀ ਨੇ ਔਖੇ ਸਮੇਂ ਦੌਰਾਨ ਮਰੀਜ਼ਾਂ ਅਤੇ ਮਰੀਜ਼ ਦੀ ਸੇਵਾ ਕਰਨ ਵਾਲਿਆਂ ਦੇ ਸ਼ਾਂਤ ਰਹਿਣ ਦੀ ਜ਼ਰੂਰਤ ‘ਤੇ ਵੀ ਚਾਣਨਾ ਪਾਇਆ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਮਰੀਜ਼ ਪੀੜ੍ਹਤ ਹੋਣ। ਉਨ੍ਹਾਂ ਨੇ ਕਿਹਾ ਕਿ “ਕੋਵਿਡ ਮਹਾਮਾਰੀ ਦੌਰਾਨ, ਡਾਕਟਰਾਂ ਅਤੇ ਨਰਸਾਂ ਨੇ ਜੀਵਨ ਬਚਾਉਣ ਦੇ ਲਈ ਸਮਰਪਣ ਦੇ ਨਾਲ ਆਪਣਾ ਕਰਤੱਵ ਨਿਭਾਇਆ ਅਤੇ ਇੱਕ ਦੇਸ਼ ਦੇ ਰੂਪ ਵਿੱਚ, ਅਸੀਂ ਹਮੇਸ਼ਾ ਉਨ੍ਹਾਂ ਦੇ ਆਭਾਰੀ ਰਹਾਂਗੇ।”
ਰਾਸ਼ਟਰਪਤੀ ਨੇ ਮੈਡੀਕਲ ਭਾਈਚਾਰੇ ਅਤੇ ਸਬੰਧਿਤ ਸੰਸਥਾਨਾਂ ਨੂੰ ਮਹਿਲਾਵਾਂ ਦੀ ਸਿਹਤ ਨੂੰ ਪ੍ਰਾਥਮਿਕਤਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਮਹਿਲਾਵਾਂ ਨੂੰ ਸਿਹਤ ਸੇਵਾਵਾਂ ਤੱਕ ਪਹੁੰਚਣ ਵਿੱਚ ਸਹਾਇਤਾ ਕੀਤੀ ਹੈ।
ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਦੌਰਾਨ ਸਿਹਤ ਸੰਭਾਲ ਖੇਤਰ ਵਿੱਚ ਉਪਲਬਧੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, “ਮੈਡੀਕਲ ਇੰਸਟੀਟਿਊਟਸ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ, ਅਤੇ ਪੀਜੀ ਸੀਟਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ। ਨਵੇਂ ਏਮਸ ਸਥਾਪਿਤ ਕੀਤੇ ਗਏ ਹਨ, ਅਤੇ ਇਨ੍ਹਾਂ ਸੰਸਥਾਵਾਂ ਵਿੱਚ ਅੰਡਰਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਗਏ ਹਨ।”
ਰਾਸ਼ਟਰਪਤੀ ਨੇ 36 ਸੁਪਰ ਸਪੈਸ਼ਲਿਟੀ ਵਿਦਿਆਰਥੀਆਂ ਸਮੇਤ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ (ਏਬੀਵੀਆਈਐੱਮਐੱਸ) ਦੇ ਵਿਦਿਆਰਥੀਆਂ ਨੂੰ ਡਿਗਰੀ ਵੀ ਪ੍ਰਦਾਨ ਕੀਤੀ।
ਇਸ ਅਵਸਰ ‘ਤੇ ਸ਼੍ਰੀ ਜੇ ਪੀ ਨੱਡਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੈਡੀਕਲ ਐਜੂਕੇਸ਼ਨ ਦੇ ਉੱਚਤਮ ਮਾਪਦੰਡਾਂ ਨੂੰ ਸੁਨਿਸ਼ਚਿਤ ਕਰਨਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ, “ਇੱਥੇ ਮੌਜੂਦ ਵਿਦਿਆਰਥੀ ਅਤੇ ਵਿਦਵਾਨ ਬਿਹਤਰ ਭਵਿੱਖ ਦੇ ਨਿਰਮਾਣ ਲਈ ਸਾਡੀ ਮਨੁੱਖੀ ਸੰਸਾਧਨ ਪੂੰਜੀ ਹਨ।”
ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪੇਸ਼ੇਵਰ ਸਿੱਖਿਆ ਇੱਕ ਵਿਸ਼ੇਸ਼ ਅਧਿਕਾਰ ਹੈ, ਜਿਸ ਨੂੰ ਪ੍ਰਾਪਤ ਕਰਨ ਦਾ ਸੌਭਾਗਯ ਕੇਵਲ ਕੁਝ ਹੀ ਲੋਕਾਂ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ, “ਸਰਕਾਰ ਅਜਿਹੀ ਪੇਸ਼ੇਵਰ ਸਿੱਖਿਆ ਪ੍ਰਦਾਨ ਕਰਨ ਲਈ ਪ੍ਰਤੀ ਵਰ੍ਹੇ ਹਰੇਕ ਮੈਡੀਕਲ ਵਿਦਿਆਰਥੀ ‘ਤੇ ਲਗਭਗ 30-35 ਲੱਖ ਰੁਪਏ ਖਰਚ ਕਰਦੀ ਹੈ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਸਿਹਤ ਸੇਵਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਆਪਣੀ ਪ੍ਰਤਿਭਾ, ਕੌਸ਼ਲ ਅਤੇ ਗਿਆਨ ਦਾ ਕੁਸ਼ਲਤਾਪੂਰਵਕ ਇਸਤੇਮਾਲ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਡਾਕਟਰਾਂ ਦੀ ਸਥਿਤੀ ਪੱਛਮੀ ਦੇਸ਼ਾਂ ਤੋਂ ਬਿਲਕੁਲ ਅਲੱਗ ਹੈ। ਭਾਰਤ ਦੇ ਹਸਪਤਾਲਾਂ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਦੁਨੀਆ ਭਰ ਦੇ ਅਧਿਕਾਂਸ਼ ਦੇਸ਼ਾਂ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਬਹੁਤ ਘੱਟ ਲੋਕ ਸਮਝ ਸਕਦੇ ਹਨ ਕਿ ਸਾਡੇ ਡਾਕਟਰ ਕਿਸ ਤਰ੍ਹਾਂ ਮਰੀਜ਼ਾਂ ਦੀ ਕੇਅਰ, ਰਿਸਰਚ ਅਤੇ ਇਨੋਵੇਸ਼ਨ ਵਿੱਚ ਸ਼ਾਮਲ ਹਨ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੁੱਲ੍ਹੇ ਦਿਲ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਕਿਹਾ, “ ਹੁਣ ਤੁਸੀਂ ਨਾ ਕੇਵਲ ਮਨੁੱਖੀ ਜੀਵਨ ਦੇ ਬਲਕਿ ਇੱਕ ਮਹਾਨ ਪੇਸ਼ੇ ਦੇ ਵੀ ਸਰਪ੍ਰਸਤ ਅਤੇ ਰੱਖਿਅਕ ਹੋ।”
ਇਸ ਅਵਸਰ ‘ਤੇ ਸ਼੍ਰੀ ਜੇ ਪੀ ਨੱਡਾ ਨੇ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਦੀ ਮੈਗਜ਼ੀਨ “ਸੰਹਿਤਾ” ਦਾ ਪਹਿਲਾ ਐਡੀਸ਼ਨ ਰਿਲੀਜ਼ ਵੀ ਕੀਤਾ ਅਤੇ ਇਸ ਦੀ ਪਹਿਲੀ ਕਾਪੀ ਮਾਣਯੋਗ ਰਾਸ਼ਟਰਪਤੀ ਨੂੰ ਭੇਂਟ ਕੀਤੀ।
ਡਾ. ਵੀ. ਕੇ. ਪੌਲ ਨੇ ਮੈਡੀਕਲ ਪੇਸ਼ਵਰਾਂ ਦੀ ਜ਼ਿੰਮੇਵਾਰੀਆਂ ਬਾਰੇ ਮਾਣਯੋਗ ਰਾਸ਼ਟਰਪਤੀ ਦੀ ਸਲਾਹ ਨੂੰ ਦੁਹਰਾਇਆ, ਅਤੇ ਸਫ਼ਲਤਾ ਦੇ ਲਈ ਉਤਕ੍ਰਿਸ਼ਟਤਾ, ਕਦਰਾਂ-ਕੀਮਤਾਂ ਅਤੇ ਹਮਦਰਦੀ ਨੂੰ ਪ੍ਰਮੁੱਖ ਗੁਣ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਕ ਪ੍ਰਾਪਤੀਆਂ ਲਈ ਵੀ ਪ੍ਰੋਤਸਾਹਿਤ ਕੀਤਾ, ਤਾਕਿ ਉਹ ਆਪਣੇ ਗਿਆਨ ਅਤੇ ਮੁਹਾਰਤ ਨੂੰ ਅਗਲੀ ਪੀੜ੍ਹੀ ਦੇ ਮੈਡੀਕਲ ਪੇਸ਼ਵਰਾਂ ਦੇ ਨਾਲ ਸਾਂਝਾ ਕਰ ਸਕਣ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵਿਸ਼ੇਸ਼ ਅਧਿਕਾਰੀ ਸੁਸ਼੍ਰੀ ਪੁਣਯ ਸਲਿਲਾ ਸ੍ਰੀਵਾਸਤਵ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਜੈਦੀਪ ਕੁਮਾਰ ਮਿਸ਼ਰਾ, ਏਬੀਵੀਆਈਐੱਮਐੱਸ ਦੇ ਡਾਇਰੈਕਟਰ ਡਾ. (ਪ੍ਰੋ.) ਅਜੈ ਸ਼ੁਕਲਾ, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ, ਏਬੀਵੀਆਈਐੱਮਐੱਸ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਕਰਮਚਾਰੀ ਵੀ ਇਸ ਅਵਸਰ ‘ਤੇ ਮੌਜੂਦ ਸਨ।
*** *** *** ***
ਐੱਮਵੀ
(Release ID: 2061102)
Visitor Counter : 39