ਰੱਖਿਆ ਮੰਤਰਾਲਾ

ਭਾਰਤੀ ਸੈਨਾ ਦੀ ਟੁਕੜੀ ਪੰਜਵੇਂ ਭਾਰਤ-ਓਮਾਨ ਸੰਯੁਕਤ ਸੈਨਿਕ ਅਭਿਆਸ 'ਅਲ ਨਜਾਹ' ਲਈ ਰਵਾਨਾ

Posted On: 12 SEP 2024 10:39AM by PIB Chandigarh

ਭਾਰਤੀ ਸੈਨਾ ਦੀ ਟੁਕੜੀ ਅੱਜ ਭਾਰਤ-ਓਮਾਨ ਸੰਯੁਕਤ ਸੈਨਿਕ ਅਭਿਆਸ 'ਅਲ ਨਜਾਹ' ਦੇ 5ਵੇਂ ਸੰਸਕਰਨ ਲਈ ਰਵਾਨਾ ਹੋ ਗਈ। ਇਹ ਅਭਿਆਸ 13 ਤੋਂ 26 ਸਤੰਬਰ, 2024 ਤੱਕ ਓਮਾਨ ਦੇ ਸਲਾਲਾਹ ਵਿੱਚ ਰਬਕੂਟ ਸਿਖਲਾਈ ਖੇਤਰ ਵਿੱਚ ਆਯੋਜਿਤ ਕੀਤਾ ਜਾਣਾ ਹੈ। ਅਭਿਆਸ 'ਅਲ ਨਜਾਹ' 2015 ਤੋਂ ਭਾਰਤ ਅਤੇ ਓਮਾਨ ਵਿਚਾਲੇ ਵਾਰੀ-ਵਾਰੀ ਨਾਲ ਦੋ ਸਾਲਾ ਆਧਾਰ ’ਤੇ ਬਦਲਵੇਂ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸੇ ਅਭਿਆਸ ਦਾ ਪਿਛਲਾ ਸੰਸਕਰਨ ਰਾਜਸਥਾਨ ਦੇ ਮਹਾਜਨ ਵਿਖੇ ਆਯੋਜਿਤ ਕੀਤਾ ਗਿਆ ਸੀ।

ਕੁੱਲ 60 ਜਵਾਨਾਂ ਵਾਲੀ ਭਾਰਤੀ ਸੈਨਾ ਦੀ ਟੁਕੜੀ ਦੀ ਨੁਮਾਇੰਦਗੀ ਮਕੇਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੀ ਇੱਕ ਬਟਾਲੀਅਨ ਦੇ ਨਾਲ-ਨਾਲ ਹੋਰ ਸ਼ਾਖ਼ਾਵਾਂ ਅਤੇ ਸੇਵਾਵਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਓਮਾਨ ਦੀ ਸ਼ਾਹੀ ਸੈਨਾ ਦੀ ਟੁਕੜੀ ਵਿੱਚ ਵੀ 60 ਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਨੁਮਾਇੰਦਗੀ ਫਰੰਟੀਅਰ ਫੋਰਸ ਦੇ ਸੈਨਿਕਾਂ ਵੱਲੋਂ ਕੀਤੀ ਜਾਵੇਗੀ।

ਸੰਯੁਕਤ ਅਭਿਆਸ ਦਾ ਉਦੇਸ਼ ਸੰਯੁਕਤ ਰਾਸ਼ਟਰ ਚਾਰਟਰ ਦੇ ਅਧਿਆਏ VII ਦੇ ਤਹਿਤ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਸੰਚਾਲਨ ਲਈ ਦੋਵਾਂ ਧਿਰਾਂ ਦੀ ਸਾਂਝੀ ਸੈਨਿਕ  ਸਮਰੱਥਾ ਨੂੰ ਵਧਾਉਣਾ ਹੈ। ਇਹ ਅਭਿਆਸ ਮਾਰੂਥਲ ਦੇ ਵਾਤਾਵਰਨ ਵਿੱਚ ਸੰਚਾਲਨ 'ਤੇ ਧਿਆਨ ਕੇਂਦਰਿਤ ਕਰੇਗਾ।

ਅਭਿਆਸ ਦੌਰਾਨ ਕੀਤੀਆਂ ਜਾਣ ਵਾਲੀਆਂ ਟੈਕਟਿਕਲ ਡਰਿੱਲਾਂ ਵਿੱਚ ਹੋਰ ਅਭਿਆਸਾਂ ਤੋਂ ਇਲਾਵਾ ਸੰਯੁਕਤ ਯੋਜਨਾਬੰਦੀ, ਘੇਰਾਬੰਦੀ ਅਤੇ ਸਰਚ ਆਪਰੇਸ਼ਨ, ਬਿਲਟ ਅੱਪ ਏਰੀਆ ਵਿੱਚ ਲੜਾਈ, ਮੋਬਾਈਲ ਵਾਹਨ ਚੈੱਕ ਪੋਸਟ ਦੀ ਸਥਾਪਨਾ, ਕਾਊਂਟਰ ਡਰੋਨ ਅਤੇ ਰੂਮ ਇੰਟਰਵੈਂਸ਼ਨ ਆਦਿ ਸ਼ਾਮਲ ਹਨ। ਵਾਸਤਵਿਕ ਦੁਨੀਆਂ ਦੇ ਅੱਤਵਾਦ ਵਿਰੋਧੀ ਅਭਿਆਨਾਂ ਲਈ ਸੰਯੁਕਤ ਫੀਲਡ ਸਿਖਲਾਈ ਅਭਿਆਸਾਂ ਦੀ ਯੋਜਨਾ ਵੀ ਬਣਾਈ ਗਈ ਹੈ।

ਅਭਿਆਸ ਅਲ ਨਜਾਹ-V ਦੋਵਾਂ ਧਿਰਾਂ ਨੂੰ ਸੰਯੁਕਤ ਕਾਰਵਾਈਆਂ ਲਈ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਨਾਲ ਸਬੰਧਤ ਸਰਬੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਦੀ ਆਗਿਆ ਦੇਵੇਗਾ। ਇਹ ਦੋਵਾਂ ਸੈਨਾਵਾਂ ਦਰਮਿਆਨ ਅੰਤਰ-ਸੰਚਾਲਨ, ਸਦਭਾਵਨਾ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ ਸੰਯੁਕਤ ਅਭਿਆਸ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਦੋਵਾਂ ਮਿੱਤਰ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਵਧਾਏਗਾ।

*********

ਐੱਸ.ਸੀ



(Release ID: 2055596) Visitor Counter : 4