ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਡਾ. ਮਨਸੁਖ ਮਾਂਡਵੀਆ ਨੇ ਪੈਰਾ-ਬੈਡਮਿੰਟਨ ਦਲ ਨੂੰ ਸਨਮਾਨਤ ਕੀਤਾ; ਬੇਮਿਸਾਲ ਪ੍ਰਦਰਸ਼ਨ ਲਈ ਅਥਲੀਟਾਂ ਦੀ ਸ਼ਲਾਘਾ ਕੀਤੀ


ਭਾਰਤ ਨੇ 3 ਸਤੰਬਰ, 2024 ਤੱਕ 20 ਮੈਡਲਾਂ ਨਾਲ ਟੋਕੀਓ ਪੈਰਾਲੰਪਿਕ ਤਮਗਿਆਂ ਦੀ ਟੈਲੀ ਨੂੰ ਪਛਾੜ ਦਿੱਤਾ

ਭਾਰਤ ਨੇ ਪੰਜ ਤਮਗਿਆਂ ਦੇ ਨਾਲ ਪੈਰਾ-ਬੈਡਮਿੰਟਨ ਵਿੱਚ ਸਰਬੋਤਮ ਪ੍ਰਦਰਸ਼ਨ ਦਾ ਰਿਕਾਰਡ ਬਣਾਇਆ

Posted On: 04 SEP 2024 5:03PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਪੈਰਾ-ਬੈਡਮਿੰਟਨ ਦਲ ਦੇ ਖਿਡਾਰੀਆਂ ਨੂੰ ਭਾਰਤ ਵਾਪਸ ਆਉਣ 'ਤੇ ਵਧਾਈ ਦਿੱਤੀ। ਭਾਰਤ ਨੇ ਜਿੱਤੇ ਗਏ ਕੁੱਲ ਤਮਗਿਆਂ ਦੇ ਮਾਮਲੇ ਵਿੱਚ ਪੈਰਾ ਬੈਡਮਿੰਟਨ ਵਿੱਚ, ਪੈਰਿਸ ਪੈਰਾਲੰਪਿਕ ਖੇਡਾਂ 2024 ਵਿੱਚ 5 ਤਮਗੇ (1 ਸੋਨ, 2 ਚਾਂਦੀ ਅਤੇ 2 ਕਾਂਸੀ) ਦੇ ਨਾਲ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।

ਡਾ. ਮਾਂਡਵੀਆ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਅਥਲੀਟਾਂ ਦੀਆਂ ਪ੍ਰਾਪਤੀਆਂ 'ਤੇ ਬਹੁਤ ਜ਼ਿਆਦਾ ਮਾਣ ਜ਼ਾਹਰ ਕਰਦੇ ਹੋਏ ਕਿਹਾ, “ਤੁਸੀਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਤੁਹਾਡੇ ਸਮਰਪਣ ਅਤੇ ਖੇਡ ਦੀ ਭਾਵਨਾ ਨੇ ਭਾਰਤੀ ਖੇਡਾਂ ਲਈ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ”

ਡਾ. ਮਾਂਡਵੀਆ ਨੇ ਉਨ੍ਹਾਂ ਅਥਲੀਟਾਂ ਦਾ, ਜੋ ਕੁਝ ਕਾਰਨਾਂ ਕਰਕੇ ਤਮਗੇ ਹਾਸਲ ਕਰਨ ਤੋਂ ਖੁੰਝ ਗਏ ਹਨ, ਹੌਂਸਲਾ ਵਧਾਉਂਦਿਆਂ ਕਿਹਾ, “ਅਸੀਂ ਤਮਗੇ ਨਹੀਂ ਗੁਆਏ ਹਨ, ਅਸੀਂ ਅਨਮੋਲ ਅਤੇ ਵੱਡਮੁੱਲਾ ਤਜਰਬਾ ਹਾਸਲ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਭਵਿੱਖ ਦੀਆਂ ਪੈਰਾਲੰਪਿਕ ਖੇਡਾਂ ਵਿੱਚ ਸਾਡੇ ਤਮਗਿਆਂ ਦੀ ਗਿਣਤੀ ਹੋਰ ਵਧੇਗੀ ਅਤੇ ਤੁਹਾਡੇ ਵਿੱਚੋਂ ਹਰ ਇੱਕ ਜੇਤੂ ਬਣ ਕੇ ਉਭਰੇਗਾ।”

ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਗਤੀ ਨੂੰ ਦਰਸਾਉਂਦੇ ਹੋਏ ਡਾ. ਮਾਂਡਵੀਆ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਨੇ ਪਿਛਲੇ ਇੱਕ ਦਹਾਕੇ ਵਿੱਚ ਓਲੰਪਿਕ ਅਤੇ ਪੈਰਾਲੰਪਿਕ ਦੋਵਾਂ ਹੀ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ "ਪਿਛਲੇ 10 ਸਾਲਾਂ ਵਿੱਚ ਅਸੀਂ ਵਿਸ਼ਵ ਪੱਧਰ 'ਤੇ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਹੋਏ ਲਗਾਤਾਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ।”

ਕੇਂਦਰੀ ਮੰਤਰੀ ਨੇ ਪੈਰਾ-ਐਥਲੀਟਾਂ ਨੂੰ ਬਿਹਤਰ ਸਹੂਲਤਾਂ, ਸਿਖਲਾਈ ਅਤੇ ਉੱਚ ਪੱਧਰਾਂ 'ਤੇ ਉੱਤਮ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਨ ਦੇ ਮੌਕਿਆਂ ਨਾਲ ਸਹਾਇਤਾ ਕਰਨ ਦੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਦਲ ਨੂੰ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਉਚੇਰੇ ਟੀਚੇ ਰੱਖਣ ਲਈ ਪ੍ਰੇਰਿਤ ਕੀਤਾ।

 

ਪੰਜ ਤਮਗਾ ਜੇਤੂਆਂ ਵਿੱਚ ਨਿਤੇਸ਼ ਕੁਮਾਰ (ਸੋਨ ਤਮਗਾ), ਸੁਹਾਸ ਐੱਲ.ਵਾਈ (ਚਾਂਦੀ), ਥੁਲਾਸੀਮਥੀ ਮੁਰੁਗੇਸਨ (ਚਾਂਦੀ), ਨਿਤਿਆ ਸ੍ਰੀ (ਕਾਂਸਾ) ਅਤੇ ਮਨੀਸ਼ਾ ਰਾਮਦਾਸ (ਕਾਂਸਾ) ਸ਼ਾਮਲ ਸਨ।

ਭਾਰਤ ਨੇ 03 ਸਤੰਬਰ, 2024 ਨੂੰ ਮੁਕਾਬਲਿਆਂ ਦੇ ਅੰਤ ਤੱਕ ਕੁੱਲ 20 ਤਗਮੇ ਜਿੱਤੇ ਹਨ, ਜੋ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਹਾਸਲ ਕੀਤੇ 19 ਤਮਗਿਆਂ ਦੀ ਪਿਛਲੀ ਗਿਣਤੀ ਨੂੰ ਪਾਰ ਕਰ ਗਿਆ ਹੈ।

ਪੈਰਾ-ਐਥਲੀਟਾਂ ਨੇ ਇਸ ਮੌਕੇ ਕੇਂਦਰੀ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਰਕਾਰ ਦੀ ਸਹਾਇਤਾ ਲਈ ਖ਼ਾਸ ਤੌਰ 'ਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਸਕੀਮ ਦਾ ਸਿਹਰਾ ਆਪਣੀਆਂ ਖੇਡਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਲੋੜੀਂਦੀਆਂ ਸਹੂਲਤਾਂ ਅਤੇ ਸਰੋਤ ਪ੍ਰਦਾਨ ਕਰਨ ਲਈ ਦਿੱਤਾ।

ਖੇਡਾਂ ਵਿੱਚ ਭਾਗ ਲੈਣ ਵਾਲੇ 13 ਪੈਰਾ ਬੈਡਮਿੰਟਨ ਖਿਡਾਰੀਆਂ ਲਈ ਪੈਰਿਸ ਪੈਰਾਲੰਪਿਕ ਖੇਡਾਂ ਦੀ ਤਿਆਰੀ ਲਈ ਭਾਰਤ ਸਰਕਾਰ ਵੱਲੋਂ ਕੁੱਲ 19 ਵਿਦੇਸ਼ੀ ਯਾਤਰਾਵਾਂ ਦੀ ਸਹੂਲਤ ਦਿੱਤੀ ਗਈ ਸੀ।

***

ਹਿਮਾਂਸ਼ੂ ਪਾਠਕ



(Release ID: 2052229) Visitor Counter : 17