ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਅਵਨੀ ਲੇਖਰਾ


ਪੈਰਾ ਸ਼ੂਟਿੰਗ ਦੀ ਇੱਕ ਪ੍ਰੇਰਣਾਸ੍ਰੋਤ

Posted On: 31 AUG 2024 5:25PM by PIB Chandigarh

ਅਵਨੀ ਲੇਖਰਾ ਨੇ 30 ਅਗਸਤ, 2024 ਨੂੰ ਪੈਰਿਸ 2024 ਪੈਰਾਲੰਪਿਕਸ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਸਟੈਂਡਿੰਗ ਈਵੈਂਟ ਵਿੱਚ ਆਪਣੇ ਐੱਸਐੱਚ1 ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕੀਤਾ ਅਤੇ ਪੈਰਾਲੰਪਿਕਸ ਖੇਡਾਂ ਦੇ ਇਤਿਹਾਸ ਵਿੱਚ ਦੋ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। 

ਸ਼ੁਰੂਆਤੀ ਜੀਵਨ ਅਤੇ ਮੁੜ ਉੱਠ ਖੜ੍ਹਨ ਦੀ ਰਾਹ

ਅਵਨੀ ਲੇਖਰਾ 8 ਨਵੰਬਰ, 2001 ਨੂੰ ਜੈਪੁਰ, ਰਾਜਸਥਾਨ ਵਿੱਚ ਜਨਮੀ, ਭਾਰਤ ਦੀ ਸਭ ਤੋਂ ਪ੍ਰੇਰਨਾਦਾਇਕ ਅਥਲੀਟਾਂ ਵਿੱਚੋਂ ਇੱਕ ਵਜੋਂ ਉੱਭਰੀ ਹੈ। ਉਨ੍ਹਾਂ ਦੀ ਅਟੁੱਟ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦੀ ਯਾਤਰਾ 2012 ਵਿੱਚ ਇੱਕ ਜੀਵਨ-ਬਦਲਣ ਵਾਲੇ ਸੜਕ ਹਾਦਸੇ ਤੋਂ ਬਾਅਦ ਸ਼ੁਰੂ ਹੋਈ, ਜਿਸ ਨੇ ਉਨ੍ਹਾਂ ਨੂੰ ਇੱਕ ਵ੍ਹੀਲਚੇਅਰ ਤੱਕ ਸੀਮਤ ਕਰ ਦਿੱਤਾ। ਸਖ਼ਤ ਸਰੀਰਕ ਅਤੇ ਭਾਵਨਾਤਮਕ ਚੁਣੌਤੀਆਂ ਦੇ ਬਾਵਜੂਦ, ਅਵਨੀ ਦੇ ਪਿਤਾ ਨੇ ਉਨ੍ਹਾਂ ਦੀ ਰਿਕਵਰੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਪੁਨਰਵਾਸ ਦੇ ਸਾਧਨ ਵਜੋਂ ਖੇਡਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਪੈਰਾਲੰਪਿਕਸ 2024 ਵਿੱਚ ਅਵਨੀ ਨੇ 3 ਪੈਰਾਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵਜੋਂ ਇਤਿਹਾਸ ਰਚਿਆ! ਉਨ੍ਹਾਂ ਦਾ ਸਮਰਪਣ ਭਾਰਤ ਨੂੰ ਲਗਾਤਾਰ ਮਾਣ ਦਿਵਾਉਂਦਾ ਹੈ। 

Image

ਤੀਰ-ਅੰਦਾਜ਼ੀ ਤੋਂ ਨਿਸ਼ਾਨੇਬਾਜ਼ੀ ਵੱਲ ਕਦਮ

ਉਹ ਸ਼ੁਰੂ ਵਿੱਚ ਤੀਰ-ਅੰਦਾਜ਼ੀ ਦੀ ਖੇਡ ਵੱਲ ਆਕਰਸ਼ਿਤ ਹੋਈ ਜੋ ਸਟੀਕਤਾ, ਇਕਾਗਰਤਾ ਅਤੇ ਅਨੁਸ਼ਾਸਨ ਦੀ ਮੰਗ ਕਰਦੀ ਹੈ, ਅਵਨੀ ਨੂੰ ਜਲਦੀ ਹੀ ਪ੍ਰਤੀਯੋਗੀ ਨਿਸ਼ਾਨੇਬਾਜ਼ੀ ਵਿੱਚ ਆਪਣੀ ਅਸਲੀ ਪਹਿਚਾਣ ਮਿਲ ਗਈ। ਮਸ਼ਹੂਰ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ 2015 ਵਿੱਚ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਅਪਣਾਇਆ। ਉਨ੍ਹਾਂ ਦੇ ਸਮਰਪਣ ਅਤੇ ਕੁਦਰਤੀ ਪ੍ਰਤਿਭਾ ਨੇ ਉਨ੍ਹਾਂ ਨੂੰ ਜਲਦੀ ਹੀ ਦੂਜਿਆਂ ਤੋਂ ਵੱਖ ਕਰ ਦਿੱਤਾ ਅਤੇ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜਿੱਤਾਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਵਨੀ ਨੇ ਪੈਰਾ ਸ਼ੂਟਿੰਗ ਵਿੱਚ ਇੱਕ ਵਿਸ਼ਵ ਰਿਕਾਰਡ ਬਣਾਇਆ ਅਤੇ ਆਪਣੇ ਆਪ ਨੂੰ ਖੇਡ ਵਿੱਚ ਇੱਕ ਮਜ਼ਬੂਤ ​​ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕੀਤਾ।

 

 

ਅਕਾਦਮਿਕ ਗਤੀਵਿਧੀਆਂ ਅਤੇ ਬਹੁਮੁਖੀ ਪ੍ਰਤਿਭਾ

ਆਪਣੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ, ਅਵਨੀ ਆਪਣੇ ਅਕਾਦਮਿਕ ਕੰਮਾਂ ਲਈ ਸੁਚੇਤ ਹੈ। ਸਖ਼ਤ ਸਿਖਲਾਈ ਪ੍ਰੋਗਰਾਮ ਦੇ ਬਾਵਜੂਦ, ਉਨ੍ਹਾਂ ਨੇ ਰਾਜਸਥਾਨ ਯੂਨੀਵਰਸਿਟੀ ਵਿੱਚ ਪੰਜ ਸਾਲਾ ਕਾਨੂੰਨ ਦੀ ਡਿਗਰੀ ਦੇ ਕੋਰਸ ਵਿੱਚ ਦਾਖ਼ਲਾ ਲਿਆ। ਆਪਣੇ ਖੇਡ ਕਰੀਅਰ ਦੇ ਨਾਲ-ਨਾਲ ਸਖ਼ਤ ਅਕਾਦਮਿਕ ਗਤੀਵਿਧੀਆਂ ਨੂੰ ਸੰਤੁਲਿਤ ਕਰਨ ਦੀ ਉਨ੍ਹਾਂ ਦੀ ਯੋਗਤਾ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਰੇਖਾਂਕਿਤ ਕਰਦੀ ਹੈ।

ਪੈਰਾਲੰਪਿਕ ਵਿੱਚ ਇਤਿਹਾਸਕ ਸਫ਼ਲਤਾ

ਅਵਨੀ 2021 ਵਿੱਚ ਟੋਕੀਓ ਪੈਰਾਲੰਪਿਕਖੇਡਾਂ ਵਿੱਚ ਆਪਣੇ ਖੇਡ ਕਰੀਅਰ ਦੇ ਸਿਖ਼ਰ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ ਇੱਕੋ ਈਵੈਂਟ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪੈਰਾਲੰਪਿਕ ਬਣ ਕੇ ਇਤਿਹਾਸ ਰਚਿਆ। ਉਨ੍ਹਾਂ ਨੇ ਆਰ2 - ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਈਵੈਂਟ ਵਿੱਚ ਇੱਕ ਗੋਲਡ ਮੈਡਲ ਅਤੇ ਆਰ8 - ਔਰਤਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਐੱਸਐੱਚ1 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਿਆ। ਪੈਰਾਲੰਪਿਕ 2024 ਵਿੱਚ ਗੋਲਡ ਮੈਡਲ ਜਿੱਤ ਕੇ, ਅਵਨੀ ਲੇਖਰਾ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਕਿਉਂਕਿ ਉਹ 3 ਪੈਰਾਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ। ਉਨ੍ਹਾਂ ਦੀ ਜਿੱਤ ਦੀ ਗੂੰਜ ਦੇਸ਼ ਭਰ ਵਿੱਚ ਸੁਣਾਈ ਦਿੱਤੀ ਅਤੇ ਭਾਰਤੀ ਖੇਡਾਂ ਦੀ ਮੋਹਰੀ ਵਜੋਂ ਉਨ੍ਹਾਂ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਗਿਆ। 

ਸਫ਼ਲਤਾ ਵਿੱਚ ਸਰਕਾਰ ਦਾ ਸਹਿਯੋਗ

ਅਵਨੀ ਲੇਖਰਾ ਦੀ ਪੈਰਾਲੰਪਿਕ ਗੋਲਡ ਮੈਡਲ ਜੇਤੂ ਬਣਨ ਦੀ ਯਾਤਰਾ ਨੂੰ ਭਾਰਤ ਸਰਕਾਰ ਦੇ ਅਟੁੱਟ ਸਮਰਥਨ ਰਾਹੀਂ ਬਹੁਤ ਉਤਸ਼ਾਹਿਤ ਕੀਤਾ ਗਿਆ ਹੈ। ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਰਾਹੀਂ, ਅਵਨੀ ਨੂੰ ਵਿਆਪਕ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ, ਜਿਸ ਨਾਲ ਉਨ੍ਹਾਂ ਨੂੰ ਉੱਚ-ਸ਼੍ਰੇਣੀ ਦੀਆਂ ਸਿਖਲਾਈ ਸਹੂਲਤਾਂ ਤੱਕ ਪਹੁੰਚ ਕਰਨ, ਵਿਸ਼ੇਸ਼ ਖੇਡ ਸਾਜ਼ੋ-ਸਾਮਾਨ ਖਰੀਦਣ ਅਤੇ ਮਾਹਰ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ, ਖੇਲੋ ਇੰਡੀਆ ਵਰਗੇ ਪ੍ਰੋਗਰਾਮਾਂ ਨੇ ਉਨ੍ਹਾਂ ਨੂੰ ਆਪਣੀ ਪ੍ਰਤੀਯੋਗਿਤਾ ਬਰਕਰਾਰ ਰੱਖਣ ਲਈ ਲੋੜੀਂਦੇ ਸਰੋਤ ਪ੍ਰਦਾਨ ਕੀਤੇ ਹਨ। ਪੈਰਾ ਸਪੋਰਟਸ ਵਿੱਚ ਪ੍ਰਤਿਭਾ ਨੂੰ ਨਿਖਾਰਨ ਲਈ ਸਰਕਾਰ ਦੀ ਵਚਨਬੱਧਤਾ ਅਵਨੀ ਦੀ ਸਫ਼ਲਤਾ ਦਾ ਅਧਾਰ ਰਹੀ ਹੈ, ਜਿਸ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਉੱਤਮਤਾ ਪ੍ਰਾਪਤ ਕਰਨ ਅਤੇ ਅਣਗਿਣਤ ਹੋਰ ਦਿਵਯਾਂਗਜਨਾਂ ਨੂੰ ਪ੍ਰੇਰਿਤ ਕਰਨ ਦੇ ਯੋਗ ਬਣਾਇਆ।

ਸਫ਼ਲਤਾ ਦੀ ਰਾਹ

ਅਵਨੀ ਦਾ ਸਫ਼ਰ 2021 ਪੈਰਾਲੰਪਿਕ 'ਤੇ ਖ਼ਤਮ ਨਹੀਂ ਹੋਇਆ। ਉਨ੍ਹਾਂ ਨੇ ਵਿਸ਼ਵ ਕੱਪ ਅਤੇ ਏਸ਼ੀਅਨ ਪੈਰਾ ਖੇਡਾਂ ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਜਿੱਥੇ ਉਨ੍ਹਾਂ ਨੇ ਲਗਾਤਾਰ ਮੈਡਲ ਜਿੱਤੇ ਅਤੇ ਨਵੇਂ ਮਿਆਰ ਕਾਇਮ ਕੀਤੇ। ਉਨ੍ਹਾਂ ਦੀਆਂ ਇੱਛਾਵਾਂ ਖੇਡਾਂ ਤੋਂ ਪਰੇ ਹਨ, ਕਿਉਂਕਿ ਉਨ੍ਹਾਂ ਦਾ ਉਦੇਸ਼ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਅਤੇ ਆਪਣੇ ਕਾਨੂੰਨ ਅਧਿਐਨ ਰਾਹੀਂ ਸਮਾਜ ਵਿੱਚ ਯੋਗਦਾਨ ਪਾਉਣਾ ਹੈ। ਅਵਨੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪਦਮ ਸ਼੍ਰੀ ਅਤੇ ਖੇਡ ਰਤਨ ਸਮੇਤ ਵੱਖ-ਵੱਖ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। 

ਅੰਤ ਵਿੱਚ

ਅਵਨੀ ਲੇਖਰਾ ਦੀ ਕਹਾਣੀ ਅਟੁੱਟ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਉੱਤਮਤਾ ਪ੍ਰਾਪਤ ਕਰਨ ਦੀ ਅਟੁੱਟ ਇੱਛਾ ਦੀ ਇੱਕ ਕਹਾਣੀ ਹੈ। ਜ਼ਿੰਦਗੀ ਨੂੰ ਬਦਲਣ ਵਾਲੇ ਹਾਦਸੇ ਤੋਂ ਉਭਰਨ ਤੋਂ ਲੈ ਕੇ ਪੈਰਾਲੰਪਿਕ ਚੈਂਪੀਅਨ ਬਣਨ ਤੱਕ, ਉਨ੍ਹਾਂ ਨੇ ਦਿਖਾਇਆ ਹੈ ਕਿ ਹੌਂਸਲੇ ਅਤੇ ਦ੍ਰਿੜ੍ਹਤਾ ਨਾਲ ਕੁਝ ਵੀ ਸੰਭਵ ਹੈ। ਲਗਾਤਾਰ ਰੁਕਾਵਟਾਂ ਨੂੰ ਤੋੜ ਕੇ ਅਤੇ ਨਵੇਂ ਰਿਕਾਰਡ ਕਾਇਮ ਕਰਕੇ, ਅਵਨੀ ਲੱਖਾਂ ਲੋਕਾਂ ਲਈ ਉਮੀਦ ਅਤੇ ਪ੍ਰੇਰਨਾ ਦੀ ਕਿਰਨ ਬਣੀ ਹੋਈ ਹੈ।

ਹਵਾਲਾ

https://pib.gov.in/PressReleasePage.aspx?PRID=2050105#:~:text=The%20Prime%20Minister%2C%20Shri%20Narendra,to%20win%203%20Paralympic%20medals.

https://olympics.com/en/news/paris-2024-paralympics-medal-india-tally-winners-table

INDIAN ATHLETES: PARIS PARALYMPICS 2024.pdf

 

************

ਸੰਤੋਸ਼ ਕੁਮਾਰ/ਸਰਲਾ ਮੀਨਾ/ਮਦੀਹਾ ਇਕਬਾਲ


(Release ID: 2051416) Visitor Counter : 37