ਰੇਲ ਮੰਤਰਾਲਾ
ਸ਼੍ਰੀ ਸਤੀਸ਼ ਕੁਮਾਰ ਨੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਸੰਭਾਲਿਆ
Posted On:
01 SEP 2024 5:42PM by PIB Chandigarh
ਸ਼੍ਰੀ ਸਤੀਸ਼ ਕੁਮਾਰ ਨੇ ਅੱਜ ਰੇਲਵੇ ਬੋਰਡ (ਰੇਲ ਮੰਤਰਾਲੇ) ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਹੁਦਾ ਸੰਭਾਲਿਆ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਹਾਲ ਹੀ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਦੇ ਰੂਪ ਵਿੱਚ ਸ਼੍ਰੀ ਸਤੀਸ਼ ਕੁਮਾਰ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਸੀ।
ਇੰਡੀਅਨ ਰੇਲਵੇ ਸਰਵਿਸ ਆਫ਼ ਮਕੈਨੀਕਲ ਇੰਜੀਨੀਅਰਜ਼ (ਆਈਆਰਐੱਸਐੱਮਈ) ਦੇ 1986 ਬੈਚ ਦੇ ਇੱਕ ਪ੍ਰਤਿਸ਼ਠਿਤ ਅਧਿਕਾਰੀ ਸ਼੍ਰੀ ਸਤੀਸ਼ ਕੁਮਾਰ ਨੇ ਆਪਣੇ 34 ਵਰ੍ਹਿਆਂ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਦੌਰਾਨ ਭਾਰਤੀ ਰੇਲਵੇ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। 8 ਨਵੰਬਰ 2022 ਨੂੰ, ਉਨ੍ਹਾਂ ਨੇ ਉੱਤਰ ਮੱਧ ਰੇਲਵੇ, ਪ੍ਰਯਾਗਰਾਜ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਿਆ, ਜੋ ਉਨ੍ਹਾਂ ਦੀ ਜਨਤਕ ਸੇਵਾ ਦੀ ਯਾਤਰਾ ਵਿੱਚ ਇੱਕ ਹੋਰ ਵੱਡੀ ਉਪਲਬਧੀ ਰਹੀ। ਉਨ੍ਹਾਂ ਦਾ ਵਿਦਿਅਕ ਪਿਛੋਕੜ ਉਨ੍ਹਾਂ ਦੀ ਪੇਸ਼ੇਵਰ ਉਪਲਬਧੀਆਂ ਜਿੰਨਾ ਹੀ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਜੈਪੁਰ ਦੇ ਪ੍ਰਤਿਸ਼ਠਿਤ ਮਾਲਵੀਯ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੋਲੋਜੀ (ਐੱਮਐੱਨਆਈਟੀ) ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈੱਕ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਈਗਨੂ) ਤੋਂ ਆਪਰੇਸ਼ਨ ਮੈਨੇਜਮੈਂਟ ਅਤੇ ਸਾਈਬਰ ਲਾਅ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਦੀ ਡਿਗਰੀ ਦੇ ਨਾਲ ਆਪਣੇ ਗਿਆਨ ਨੂੰ ਹੋਰ ਉੱਨਤ ਕੀਤਾ ਹੈ।
ਭਾਰਤੀ ਰੇਲਵੇ ਵਿੱਚ ਸ਼੍ਰੀ ਸਤੀਸ਼ ਕੁਮਾਰ ਦਾ ਕਰੀਅਰ ਮਾਰਚ 1988 ਵਿੱਚ ਸ਼ੁਰੂ ਹੋਇਆ ਅਤੇ ਤਦ ਤੋਂ, ਉਨ੍ਹਾਂ ਨੇ ਰੇਲਵੇ ਪ੍ਰਣਾਲੀ ਵਿੱਚ ਇਨੋਵੇਸ਼ਨ, ਕੁਸ਼ਲਤਾ ਅਤੇ ਸੁਰੱਖਿਆ ਵਿਵਸਥਾ ਵਿੱਚ ਸੁਧਾਰ ਲਿਆਉਂਦੇ ਹੋਏ ਵਿਭਿੰਨ ਜ਼ੋਨਾਂ ਅਤੇ ਡਿਵੀਜ਼ਨਾਂ ਵਿੱਚ ਵੱਖ-ਵੱਖ ਮਹੱਤਵਪੂਰਨ ਭੂਮਿਕਾਵਾਂ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਸ਼ੁਰੂਆਤੀ ਪੋਸਟਿੰਗ ਵਿੱਚ ਤਤਕਾਲੀ ਮੱਧ ਰੇਲਵੇ ਦਾ ਝਾਂਸੀ ਡਿਵੀਜ਼ਨ ਅਤੇ ਵਾਰਾਣਸੀ ਵਿੱਚ ਡੀਜ਼ਲ ਲੋਕੋਮੋਟਿਵ ਵਰਕਸ (ਡੀਐੱਲਡਬਲਿਊ) ਸ਼ਾਮਲ ਸਨ, ਜਿੱਥੇ ਉਨ੍ਹਾਂ ਨੇ ਲੋਕੋਮੋਟਿਵ ਇੰਜੀਨੀਅਰਿੰਗ ਅਤੇ ਰੱਖ-ਰਖਾਅ ਦੇ ਖੇਤਰ ਵਿੱਚ ਆਪਣੇ ਕੌਸ਼ਲ ਨੂੰ ਨਿਖਾਰਿਆ। ਬਾਅਦ ਵਿੱਚ ਉਨ੍ਹਾਂ ਨੇ ਉੱਤਰ ਪੂਰਬ ਰੇਲਵੇ, ਗੋਰਖਪੁਰ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਯੋਗਦਾਨ ਦਿੱਤਾ, ਜਿਸ ਨਾਲ ਇਨ੍ਹਾਂ ਡਿਵੀਜ਼ਨਾਂ ਦੀ ਸੰਚਾਲਨ ਸਬੰਧੀ ਕੁਸ਼ਲਤਾ ਵਿੱਚ ਵਾਧਾ ਹੋਇਆ।
ਸ਼੍ਰੀ ਕੁਮਾਰ ਦੇ ਕਰੀਅਰ ਦਾ ਇੱਕ ਜ਼ਿਕਰਯੋਗ ਪਹਿਲੂ ਟੋਟਲ ਕੁਆਲਿਟੀ ਮੈਨੇਜਮੈਂਟ (ਟੀਕਿਊਐੱਮ) ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਹੈ। ਵਰ੍ਹੇ 1996 ਵਿੱਚ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਤਹਿਤ ਟੀਕਿਊਐੱਮ ਵਿੱਚ ਵਿਸ਼ੇਸ਼ ਟ੍ਰੇਨਿੰਗ ਹਾਸਲ ਕੀਤੀ। ਇਸ ਟ੍ਰੇਨਿੰਗ ਨੇ ਰੇਲਵੇ ਪ੍ਰਬੰਧਨ ਦੇ ਪ੍ਰਤੀ ਉਨ੍ਹਾਂ ਦੇ ਵਿਜ਼ਨ ਨੂੰ ਆਕਾਰ ਦੇਣ, ਨਿਰੰਤਰ ਸੁਧਾਰ ਅਤੇ ਗੁਣਵੱਤਾ ਦੇ ਉੱਚਤਮ ਮਾਪਦੰਡਾਂ ਦੇ ਪਾਲਣ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਟੀਕਿਊਐੱਮ ਦੇ ਸਿਧਾਂਤਾਂ ਨਾਲ ਜੁੜੇ ਉਨ੍ਹਾਂ ਦੀ ਐਪਲੀਕੇਸ਼ਨ ਸਪੱਸ਼ਟ ਤੌਰ ‘ਤੇ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਵਿੱਚ ਪਰਿਲਕਸ਼ਿਤ ਹੋਈ ਹੈ, ਜਿਸ ਨਾਲ ਰੇਲਵੇ ਦੇ ਸੰਚਾਲਨ ਸਬੰਧੀ ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ।
ਸ਼੍ਰੀ ਸਤੀਸ਼ ਕੁਮਾਰ ਦਾ ਇੱਕ ਮਹੱਤਵਪੂਰਨ ਯੋਗਦਾਨ ਫੌਗ ਸੇਫ ਡਿਵਾਈਸ ਨਾਲ ਸਬੰਧਿਤ ਉਨ੍ਹਾਂ ਦਾ ਕੰਮ ਹੈ। ਇਹ ਇੱਕ ਅਜਿਹਾ ਇਨੋਵੇਸ਼ਨ ਹੈ, ਜੋ ਧੁੰਦ ਦੌਰਾਨ ਟ੍ਰੇਨਾਂ ਦਾ ਸੁਰੱਖਿਅਤ ਸੰਚਾਲਨ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਇਆ ਹੈ। ਇਹ ਉਪਕਰਣ ਭਾਰਤੀ ਰੇਲਵੇ ਲਈ ਇੱਕ ਮਹੱਤਵਪੂਰਨ ਉਪਕਰਣ ਬਣ ਗਿਆ ਹੈ, ਜੋ ਸਰਦੀਆਂ ਦੇ ਮਹੀਨਿਆਂ ਦੌਰਾਨ, ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਉੱਤਰੀ ਖੇਤਰਾਂ ਵਿੱਚ ਘੱਟ ਦ੍ਰਿਸ਼ਟੀ ਨਾਲ ਜੁੜੇ ਜੋਖਮਾਂ ਨੂੰ ਬਹੁਤ ਘੱਟ ਕਰ ਦਿੰਦਾ ਹੈ। ਇਸ ਤਕਨੀਕ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਪ੍ਰਯਾਸਾਂ ਨੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਤੋਂ ਪਹਿਚਾਣ ਅਤੇ ਸ਼ਲਾਘਾ ਦਿਲਵਾਈ ਹੈ।
ਅਪ੍ਰੈਲ 2017 ਤੋਂ ਅਪ੍ਰੈਲ 2019 ਦੌਰਾਨ, ਸ਼੍ਰੀ ਕੁਮਾਰ ਨੇ ਉੱਤਰ ਰੇਲਵੇ ਦੇ ਲਖਨਊ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਦੇ ਰੂਪ ਵਿੱਚ ਕੰਮ ਕੀਤਾ। ਡੀਆਰਐੱਮ ਦੇ ਰੂਪ ਵਿੱਚ ਉਨ੍ਹਾਂ ਦੇ ਕਾਰਜਕਾਲ ਵਿੱਚ ਕਈ ਅਜਿਹੇ ਢਾਂਚਾਗਤ ਵਿਕਾਸ ਹੋਏ, ਜਿਸ ਨਾਲ ਉਕਤ ਖੇਤਰ ਵਿੱਚ ਰੇਲਵੇ ਨੈੱਟਵਰਕ ਮਜ਼ਬੂਤ ਹੋਇਆ। ਉਨ੍ਹਾਂ ਦੀਆਂ ਸਭ ਤੋਂ ਸ਼ਲਾਘਾਯੋਗ ਉਪਲਬਧੀਆਂ ਵਿੱਚੋਂ ਇੱਕ 2019 ਵਿੱਚ ਕੁੰਭ ਮੇਲੇ ਦੌਰਾਨ ਸਫ਼ਲ ਸੰਚਾਲਨ ਸੀ।
ਇਹ ਇੱਕ ਅਜਿਹਾ ਵਿਸ਼ਾਲ ਆਯੋਜਨ ਸੀ, ਜਿਸ ਵਿੱਚ ਲੱਖਾਂ ਤੀਰਥ ਯਾਤਰੀਆਂ ਦੇ ਪ੍ਰਵਾਹ ਨੂੰ ਪ੍ਰਬੰਧਿਤ ਕਰਨ ਲਈ ਸੁਚੱਜੀ (ਸੁਵਿਵਸਥਿਤ) ਯੋਜਨਾ ਅਤੇ ਤਾਲਮੇਲ ਦੀ ਜ਼ਰੂਰਤ ਸੀ। ਉਨ੍ਹਾਂ ਦੀ ਅਗਵਾਈ ਨੇ ਇਸ ਮਿਆਦ ਦੌਰਾਨ ਰੇਲਵੇ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਸੁਨਿਸ਼ਚਿਤ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ ਸੰਗਠਨ ਦੇ ਸਾਰੇ ਪੱਧਰਾਂ ‘ਤੇ ਪ੍ਰਸ਼ੰਸਾ ਹਾਸਲ ਹੋਈ।
ਉੱਤਰ ਮੱਧ ਰੇਲਵੇ ਦੇ ਜਨਰਲ ਮੈਨੇਜਰ ਦੇ ਰੂਪ ਵਿੱਚ ਨਿਯੁਕਤੀ ਤੋਂ ਪਹਿਲਾਂ, ਸ਼੍ਰੀ ਕੁਮਾਰ ਨੇ ਉੱਤਰ ਪੱਛਮੀ ਰੇਲਵੇ, ਜੈਪੁਰ ਵਿੱਚ ਸੀਨੀਅਰ ਡਿਪਟੀ ਜਨਰਲ ਮੈਨੇਜਰ ਅਤੇ ਚੀਫ ਵਿਜੀਲੈਂਸ ਅਫ਼ਸਰ ਦੇ ਰੂਪ ਵਿੱਚ ਕੰਮ ਕੀਤਾ। ਇਸ ਭੂਮਿਕਾ ਵਿੱਚ, ਉਹ ਚੌਕਸੀ ਕਾਰਜਾਂ ਦੀ ਦੇਖਰੇਖ, ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਅਤੇ ਰੇਲਵੇ ਦੇ ਸੰਚਾਲਨ ਦੀ ਭਰੋਸੇਯੋਗਤਾ ਨੂੰ ਬਣਾਏ ਰੱਖਣ ਲਈ ਜ਼ਿੰਮੇਵਾਰ ਸਨ।
ਭਾਰਤੀ ਰੇਲਵੇ ਵਿੱਚ ਸ਼੍ਰੀ ਸਤੀਸ ਕੁਮਾਰ ਦੇ ਵਿਸ਼ਾਲ ਅਨੁਭਵ ਅਤੇ ਯੋਗਦਾਨਾਂ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਨੂੰ ਹਾਲ ਹੀ ਵਿੱਚ ਮੈਂਬਰ (ਟ੍ਰੈਕਸ਼ਨ ਐਂਡ ਰੋਲਿੰਗ ਸਟਾਕ) (ਐੱਮਟੀਆਰਐੱਸ) ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਇਹ ਇੱਕ ਅਜਿਹਾ ਅਹਿਮ ਅਹੁਦਾ ਹੈ, ਜੋ ਭਾਰਤੀ ਰੇਲਵੇ ਵਿੱਚ ਟ੍ਰੈਕਸ਼ਨ ਅਤੇ ਰੋਲਿੰਗ ਸਟਾਕ ਦੇ ਮਹੱਤਵਪੂਰਨ ਪਹਿਲੂਆਂ ਦੀ ਦੇਖਰੇਖ ਕਰਦਾ ਹੈ।
ਇਸ ਦੇ ਬਾਅਦ, ਉਨ੍ਹਾਂ ਨੇ ਰੇਲਵੇ ਬੋਰਡ (ਸੀਆਰਬੀ) ਦੇ ਚੇਅਰਮੈਨ ਦੇ ਰੂਪ ਵਿੱਚ ਭਾਰਤੀ ਰੇਲਵੇ ਦਾ ਸਰਬਉੱਚ ਅਹੁਦਾ ਸੰਭਾਲਿਆ, ਜਿੱਥੇ ਹੁਣ ਉਹ ਦੇਸ਼ ਦੇ ਰੇਲਵੇ ਨੈੱਟਵਰਕ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਦੂਰਦਰਸ਼ਿਤਾ, ਮੁਹਾਰਤ ਅਤੇ ਅਗਵਾਈ ਕੌਸ਼ਲ ਨਾਲ ਯਾਤਰੀ ਸੇਵਾਵਾਂ, ਸੁਰੱਖਿਆ ਵਿਵਸਥਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਭਾਰਤੀ ਰੇਲਵੇ ਦੁਆਰਾ ਕੁਸ਼ਲਤਾਪੂਰਵਕ ਅਤੇ ਪ੍ਰਭਾਵੀ ਢੰਗ ਨਾਲ ਰਾਸ਼ਟਰ ਦੀ ਸੇਵਾ ਜਾਰੀ ਰੱਖਣਾ ਸੁਨਿਸ਼ਚਿਤ ਹੋ ਸਕੇਗਾ।
****
ਕੇਐੱਸ/ਐੱਸਕੇ
(Release ID: 2050822)
Visitor Counter : 49