ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਮੰਕੀਪੌਕਸ ਦੀ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ


ਰੋਗ ਦੇ ਪ੍ਰਸਾਰ ਨੂੰ ਰੋਕਣ ਅਤੇ ਕਾਬੂ ਕਰਨ ਲਈ ਸਾਵਧਾਨੀ ਵਰਤਣ ਦੇ ਉਪਾਅ ਕੀਤੇ ਜਾਣਗੇ

ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ

Posted On: 17 AUG 2024 4:29PM by PIB Chandigarh

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ 14 ਅਗਸਤ 2024 ਨੂੰ ਮੰਕੀਪੌਕਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਪਬਲਿਕ ਹੈਲਥ ਐਮਰਜੈਂਸੀ (ਪੀਐੱਚਈਆਈਸੀ) ਘੋਸ਼ਿਤ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਮੰਕੀਪੌਕਸ ਦੀ ਸਥਿਤੀ ਅਤੇ ਤਿਆਰੀਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ।

ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੇਂਦਰੀ ਸਿਹਤ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੂਰਨ ਤੌਰ ‘ਤੇ ਸਾਵਧਾਨੀ ਵਰਤਣ ਲਈ ਕੁਝ ਵਿਸ਼ੇਸ਼ ਉਪਰਾਲੇ (ਜਿਵੇਂ ਕਿ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਗਰਾਉਂਡ ਕ੍ਰੌਸਿੰਗ ‘ਤੇ ਹੈਲਥ ਯੂਨਿਟਾਂ ਨੂੰ ਸੰਵੇਦਨਸ਼ੀਲ ਬਣਾਉਣਾ; ਟੈਸਟਿੰਗ ਲੈਬੋਰਟਰੀਜ਼ (ਕੁੱਲ 32) ਨੂੰ ਤਿਆਰ ਕਰਨਾ; ਕਿਸੇ ਵੀ ਮਾਮਲੇ ਦਾ ਪਤਾ ਲਗਾਉਣਾ, ਉਸ ਨੂੰ ਆਈਸੋਲੇਟ ਕਰਨਾ ਅਤੇ ਉਸ ਦਾ ਪ੍ਰਬੰਧਨ ਕਰਨ ਲਈ ਸਿਹਤ ਸੁਵਿਧਾਵਾਂ ਨੂੰ ਤਿਆਰ ਕਰਨਾ, ਆਦਿ) ਕੀਤੇ ਜਾਣ।

ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੰਕੀਪੌਕਸ ਸੰਕ੍ਰਮਣ ਆਮ ਤੌਰ ‘ਤੇ 2-4 ਹਫਤਿਆਂ ਤੱਕ ਚਲਣ ਵਾਲਾ ਸਵੈ-ਸੀਮਤ ਸੰਕ੍ਰਮਣ ਹੁੰਦਾ ਹੈ ਅਤੇ ਮਰੀਜ਼ ਆਮਤੌਰ ‘ਤੇ ਸਹਾਇਤਾ ਸਬੰਧੀ ਪ੍ਰਬੰਧਨ ਨਾਲ ਠੀਕ ਹੋ ਜਾਂਦੇ ਹਨ। ਸੰਕ੍ਰਮਣ ਲਈ ਸੰਕ੍ਰਮਿਤ ਵਿਅਕਤੀ ਦੇ ਨਾਲ ਲੰਬੇ ਸਮੇਂ ਤੱਕ ਨਿਕਟ ਸੰਪਰਕ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਆਮਤੌਰ ‘ਤੇ ਯੌਨ ਮਾਰਗ, ਸਰੀਰ/ਜ਼ਖਮ ਦੇ ਤਰਲ ਨਾਲ ਸਿੱਧੇ ਸੰਪਰਕ ਵਿੱਚ ਜਾਂ ਸੰਕ੍ਰਮਿਤ ਵਿਅਕਤੀ ਦੇ ਗੰਦੇ ਕੱਪੜਿਆਂ/ਚੱਦਰ ਦੀ ਵਰਤੋਂ ਕਰਨ ਨਾਲ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਮੰਕੀਪੌਕਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ ਅਤੇ ਬਾਅਦ ਵਿੱਚ ਮਈ 2023 ਵਿੱਚ ਇਸ ਨੂੰ ਰੱਦ ਕਰ ਦਿੱਤਾ ਸੀ। 2022 ਤੋਂ ਆਲਮੀ ਪੱਧਰ ‘ਤੇ ਡਬਲਿਊਐੱਚਓ ਨੇ 116 ਦੇਸ਼ਾਂ ਤੋਂ ਐੱਮਪੌਕਸ ਦੇ ਕਾਰਨ 99,176 ਮਾਮਲਿਆਂ ਅਤੇ 208 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ। ਡਬਲਿਊਐੱਚਓ ਦੁਆਰਾ 2022 ਦੀ ਘੋਸ਼ਣਾ ਦੇ ਬਾਅਦ ਤੋਂ ਭਾਰਤ ਵਿੱਚ ਕੁੱਲ 30 ਮਾਮਲੇ ਪਾਏ ਗਏ, ਜਿਨ੍ਹਾਂ ਵਿੱਚੋਂ ਅੰਤਿਮ ਮਾਮਲਾ ਮਾਰਚ 2024 ਵਿੱਚ ਸਾਹਮਣੇ ਆਇਆ।

ਸਥਿਤੀ ਦੀ ਸਮੀਖਿਆ ਲਈ 16 ਅਗਸਤ 2024 ਨੂੰ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸ ਦੀ ਪ੍ਰਧਾਨਗੀ ਵਿੱਚ ਸਬੰਧਿਤ ਖੇਤਰਾਂ ਦੇ ਮਾਹਿਰਾਂ ਨਾਲ ਮਿਲ ਕੇ ਇੱਕ ਜੁਆਇੰਟ ਮੌਨੀਟਰਿੰਗ ਗਰੁੱਪ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ), ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ), ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ (ਐੱਨਵੀਬੀਡੀਸੀਪੀ), ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (Dte.GHS), ਕੇਂਦਰੀ ਸਰਕਾਰੀ ਹਸਪਤਾਲ, ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਏਮਸ ਆਦਿ ਦੇ ਮਾਹਿਰਾਂ ਨੇ ਹਿੱਸਾ ਲਿਆ। ਹਾਲਾਂਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੁਝ ਆਯਾਤ ਮਾਮਲਿਆਂ ਦਾ ਪਤਾ ਲੱਗਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ ਹੈ, ਪਰ ਇਹ ਮੁਲਾਂਕਣ ਕੀਤਾ ਗਿਆ ਸੀ ਕਿ ਲਗਾਤਾਰ ਪ੍ਰਸਾਰਣ ਦੇ ਨਾਲ ਇੱਕ ਵੱਡੇ ਪ੍ਰਕੋਪ ਦਾ ਜੋਖਮ ਵਰਤਮਾਨ ਵਿੱਚ ਭਾਰਤ ਲਈ ਘੱਟ ਹੈ।


ਮੰਤਰਾਲੇ ਦੁਆਰਾ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।


 

*****


 

ਏਕੇਐੱਸ


(Release ID: 2046831) Visitor Counter : 50