ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav g20-india-2023

ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜੀਸ਼ਨ ਪੁਰਸ਼ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ


ਪੈਰਿਸ 2024 ਓਲੰਪਿਕਸ ਵਿੱਚ ਭਾਰਤ ਨੇ ਤੀਜਾ ਮੈਡਲ ਹਾਸਲ ਕੀਤਾ

Posted On: 01 AUG 2024 4:09PM by PIB Chandigarh

ਸਵਪਨਿਲ ਕੁਸਾਲੇ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਪੈਰਿਸ ਓਲੰਪਿਕਸ ਵਿੱਚ 50 ਮੀਟਰ ਰਾਈਫਲ 3 ਪੋਜੀਸ਼ਨ (3ਪੀ) ਈਵੈਂਟ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਬਣ ਗਏ ਹਨ। ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਐਥਲੀਟ ਸਵਪਨਿਲ ਨੇ ਕਮਾਲ ਦੇ ਲਚੀਲੇਪਣ ਅਤੇ ਸਟੀਕਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਰੈਂਕਿੰਗ ਵਿੱਚ ਲਗਾਤਾਰ ਵਾਧਾ ਕਰਦੇ ਹੋਏ 451.4 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਦੇਸ਼ ਲਈ ਕਾਂਸੀ ਦਾ ਤਮਗਾ ਹਾਸਲ ਕੀਤਾ। ਪੈਰਿਸ ਓਲੰਪਿਕ 'ਚ ਭਾਰਤ ਦਾ ਇਹ ਤੀਜਾ ਮੈਡਲ ਹੈ, ਤਿੰਨੋਂ ਮੈਡਲ ਨਿਸ਼ਾਨੇਬਾਜ਼ੀ ਮੁਕਾਬਲਿਆਂ 'ਚ ਆਏ ਹਨ। 

ਕੁਆਲੀਫਾਇੰਗ ਰਾਊਂਡ:

ਸਵਪਨਿਲ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 7ਵਾਂ ਸਥਾਨ ਹਾਸਲ ਕਰਕੇ ਫਾਈਨਲ ਰਾਊਂਡ ਲਈ ਕੁਆਲੀਫਾਈ ਕੀਤਾ, ਜਿੱਥੇ ਉਨ੍ਹਾਂ ਨੇ ਕੁੱਲ 590 ਅੰਕ ਹਾਸਲ ਕੀਤੇ। ਉਨ੍ਹਾਂ ਦੇ ਲਗਾਤਾਰ ਬਿਹਤਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਇਸ ਮੁਕਾਬਲੇ ਵਿਚ ਚੋਟੀ ਦੇ ਦਾਅਵੇਦਾਰਾਂ ਵਿਚ ਜਗ੍ਹਾ ਦਿਵਾਈ।

ਮੁੱਖ ਸਰਕਾਰੀ ਪ੍ਰੋਤਸਾਹਨ ਅਤੇ ਵਿੱਤੀ ਸਹਾਇਤਾ (ਪੈਰਿਸ ਦੌਰਾ): 

  • ਗੋਲਾ ਬਾਰੂਦ ਦੀ ਪ੍ਰਾਪਤੀ: ਸ਼ੂਟਿੰਗ ਵਿੱਚ ਉੱਚ ਪ੍ਰਦਰਸ਼ਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਸਰੋਤ ਪ੍ਰਦਾਨ ਕੀਤੇ ਗਏ।

  • ਪਰਸਨਲ ਕੋਚ ਦੇ ਨਾਲ ਘਰੇਲੂ ਸਿਖਲਾਈ: ਹੁਨਰ ਨੂੰ ਨਿਖਾਰਨ ਅਤੇ ਪ੍ਰਦਰਸ਼ਨ ਨੂੰ ਵਧਾਉਣ ਲਈ ਪਰਸਨਲ ਕੋਚਿੰਗ, ਟਾਰਗੇਟਿਡ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕੀਤੀ। 

  • ਟੌਪਸ (ਟਾਰਗੇਟ ਓਲੰਪਿਕ ਪੋਡੀਅਮ ਸਕੀਮ): 17,58,557/- ਰੁਪਏ

  • ਸਿਖਲਾਈ ਅਤੇ ਮੁਕਾਬਲੇ ਲਈ ਸਾਲਾਨਾ ਕੈਲੰਡਰ (ਏਸੀਟੀਸੀ): 1,42,69,647/-ਰੁਪਏ

ਪ੍ਰਾਪਤੀਆਂ:

ਸਵਪਨਿਲ ਕੁਸਾਲੇ ਦਾ ਇਸ ਇਤਿਹਾਸਕ ਓਲੰਪਿਕ ਮੈਡਲ ਤੱਕ ਦਾ ਸਫ਼ਰ ਕਈ ਪ੍ਰਾਪਤੀਆਂ ਨਾਲ ਸਜਿਆ ਹੈ:

  • ਵਰਲਡ ਚੈਂਪੀਅਨਸ਼ਿਪ, ਕਾਹਿਰਾ (2022): ਚੌਥੇ ਸਥਾਨ 'ਤੇ ਰਹਿ ਕੇ ਭਾਰਤ ਲਈ ਓਲੰਪਿਕ ਕੋਟਾ ਸਥਾਨ ਜਿੱਤਿਆ।

  • ਏਸ਼ੀਅਨ ਖੇਡਾਂ 2022: ਟੀਮ ਈਵੈਂਟ ਵਿੱਚ ਗੋਲਡ ਮੈਡਲ।

  • ਵਰਲਡ ਕੱਪ, ਬਾਕੂ (2023): ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ ਅਤੇ ਵਿਅਕਤੀਗਤ ਅਤੇ ਟੀਮ ਈਵੈਂਟ ਵਿੱਚ ਦੋ ਸਿਲਵਰ ਮੈਡਲ।

  • ਵਰਲਡ ਚੈਂਪੀਅਨਸ਼ਿਪ, ਕਾਹਿਰਾ (2022): ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗਾ।

  • ਵਰਲਡ ਕੱਪ, ਨਵੀਂ ਦਿੱਲੀ (2021): ਟੀਮ ਈਵੈਂਟ ਵਿੱਚ ਗੋਲਡ ਮੈਡਲ।

ਪਿਛੋਕੜ:

ਸਵਪਨਿਲ ਕੁਸਾਲੇ ਦਾ ਜਨਮ 6 ਅਗਸਤ, 1995 ਨੂੰ ਪੁਣੇ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਖੇਡਾਂ ਵਿੱਚ ਉਨ੍ਹਾਂ ਦਾ ਸਫ਼ਰ 2009 ਵਿੱਚ ਸ਼ੁਰੂ ਹੋਇਆ, ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਦੇ ਪ੍ਰਾਇਮਰੀ ਸਪੋਰਟਸ ਪ੍ਰੋਗਰਾਮ ਕ੍ਰੀੜਾ ਪ੍ਰਭੋਦਿਨੀ ਵਿੱਚ ਦਾਖ਼ਲ ਕਰਵਾਇਆ। ਇੱਕ ਸਾਲ ਦੀ ਸਖ਼ਤ ਸਰੀਰਕ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਇੱਕ ਖੇਡ ਦੀ ਚੋਣ ਕਰਨੀ ਸੀ ਅਤੇ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਨੂੰ ਚੁਣਿਆ। 2013 ਵਿੱਚ ਉਨ੍ਹਾਂ ਨੂੰ ਲਕਸ਼ਿਆ ਸਪੋਰਟਸ ਵੱਲੋਂ ਸਪਾਂਸਰ ਕੀਤਾ ਗਿਆ।

2015 ਵਿੱਚ ਉਨ੍ਹਾਂ ਨੇ ਕੁਵੈਤ ਵਿੱਚ 2015 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜੂਨੀਅਰ ਵਰਗ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਵਿੱਚ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ ਤੁਗਲਕਾਬਾਦ ਵਿਖੇ ਹੋਈ 59ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗਗਨ ਨਾਰੰਗ ਅਤੇ ਚੈਨ ਸਿੰਘ ਤੋਂ ਅੱਗੇ ਰਹਿੰਦੇ ਹੋਏ 50 ਮੀਟਰ ਰਾਈਫਲ ਪ੍ਰੋਨ ਈਵੈਂਟ ਵੀ ਜਿੱਤਿਆ। ਉਨ੍ਹਾਂ ਨੇ ਤਿਰੂਵਨੰਤਪੁਰਮ ਵਿੱਚ 61ਵੀਂ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ 3 ਪੋਜੀਸ਼ਨ ਵਿੱਚ ਗੋਲਡ ਮੈਡਲ ਜਿੱਤ ਕੇ ਉਸੇ ਪ੍ਰਦਰਸ਼ਨ ਨੂੰ ਦੁਹਰਾਇਆ। 

 

************

 

ਹਿਮਾਂਸ਼ੂ ਪਾਠਕ/ਖੁਸ਼ਬੂ



(Release ID: 2041589) Visitor Counter : 26