ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ-CII) ਦੁਆਰਾ ਆਯੋਜਿਤ ‘ਵਿਕਸਿਤ ਭਾਰਤ ਦੀ ਤਰਫ਼ ਯਾਤਰਾ: ਕੇਂਦਰੀ ਬਜਟ 2024-25 ਦੇ ਬਾਅਦ ਕਾਨਫਰੰਸ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


"ਸਾਡੀ ਸਰਕਾਰ ਬੇਮਿਸਾਲ ਗਤੀ ਅਤੇ ਪੈਮਾਨੇ 'ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ"

“ਅੱਜ ਅਸੀਂ 'ਵਿਕਸਿਤ ਭਾਰਤ ਦੀ ਤਰਫ਼ ਯਾਤਰਾ' 'ਤੇ ਚਰਚਾ ਕਰ ਰਹੇ ਹਾਂ। ਇਹ ਸਿਰਫ਼ ਭਾਵਨਾ ਦੇ ਪਰਿਵਰਤਨ ਨੂੰ ਹੀ ਨਹੀਂ ਬਲਕਿ ਵਿਸ਼ਵਾਸ ਵਿੱਚ ਪਰਿਵਰਤਨ ਨੂੰ ਭੀ ਦਰਸਾਉਂਦਾ ਹੈ"

"ਭਾਰਤ ਦਾ ਵਿਕਾਸ ਅਤੇ ਸਥਿਰਤਾ ਵਰਤਮਾਨ ਵਿੱਚ ਅਨਿਸ਼ਚਿਤ ਦੁਨੀਆ ਦੇ ਮਾਮਲੇ ਵਿੱਚ ਇੱਕ ਅਪਵਾਦ ਹੈ"

"ਅਸੀਂ ਆਪਣੇ ਸਾਰੇ ਨਾਗਰਿਕਾਂ ਦੇ ਲਈ 'ਈਜ਼ ਆਵ੍ ਲਿਵਿੰਗ' (ਜੀਵਨ ਦੀ ਸਰਲਤਾ) ਅਤੇ 'ਕੁਆਲਿਟੀ ਆਵ੍ ਲਾਇਫ' (ਜੀਵਨ ਦੀ ਗੁਣਵੱਤਾ) ਸੁਨਿਸ਼ਚਿਤ ਕਰ ਰਹੇ ਹਾਂ"

“ਮਹਾਮਾਰੀ ਦੇ ਬਾਵਜੂਦ ਭਾਰਤ ਦੀ ਵਿੱਤੀ ਬੁੱਧੀਮਾਨੀ ਵਿਸ਼ਵ ਦੇ ਲਈ ਆਦਰਸ਼ ਹੈ”

“ਸਾਡੀ ਸਰਕਾਰ ਦਾ ਇਰਾਦਾ ਅਤੇ ਪ੍ਰਤੀਬੱਧਤਾ ਬਹੁਤ ਸਪਸ਼ਟ ਹੈ। ਸਾਡੀ ਦਿਸ਼ਾ ਵਿੱਚ ਕੋਈ ਮੋੜ ਨਹੀਂ ਹੈ"

“ਸਾਡੀ ਸਰਕਾਰ ਵਿੱਚ ਰਾਜਨੀਤਕ ਇੱਛਾਸ਼ਕਤੀ ਦੀ ਕੋਈ ਕਮੀ ਨਹੀਂ ਹੈ। ਸਾਡੇ ਲਈ, ਦੇਸ਼ ਅਤੇ ਸਾਡੇ ਨਾਗਰਿਕਾਂ ਦੀਆਂ ਆਕਾਂਖਿਆਵਾਂ ਸਭ ਤੋਂ ਉੱਪਰ ਹਨ।”

"ਮੈਂ ਉਦਯੋਗ ਅਤੇ ਭਾਰਤ ਦੇ ਪ੍ਰਾਈਵੇਟ ਸੈਕਟਰ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦਾ ਇੱਕ ਸਸ਼ਕਤ ਮਾਧਿਅਮ ਮੰਨਦਾ ਹਾਂ"

Posted On: 30 JUL 2024 1:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ-CII) ਦੁਆਰਾ ਆਯੋਜਿਤ ‘ਵਿਕਸਿਤ ਭਾਰਤ ਦੀ ਤਰਫ਼ ਯਾਤਰਾ: ਕੇਂਦਰੀ ਬਜਟ 2024-25 ਦੇ ਬਾਅਦ ਕਾਨਫਰੰਸ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਕਾਨਫਰੰਸ ਦਾ ਉਦੇਸ਼ ਵਿਕਾਸ ਲਈ ਸਰਕਾਰ ਦੇ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਉਦਯੋਗ ਦੀ ਭੂਮਿਕਾ ਦੇ ਲਈ ਰੂਪ-ਰੇਖਾ ਪੇਸ਼ ਕਰਨਾ ਹੈ। ਕਾਨਫਰੰਸ ਵਿੱਚ ਉਦਯੋਗ, ਸਰਕਾਰ, ਕੂਟਨੀਤਕ ਕਮਿਊਨਿਟੀ ਅਤੇ ਥਿੰਕ ਟੈਂਕਾਂ ਦੇ 1000 ਤੋਂ ਵੱਧ ਭਾਗੀਦਾਰਾਂ ਨੇ ਵਿਅਕਤੀਗਤ ਤੌਰ 'ਤੇ ਸ਼ਿਰਕਤ ਕੀਤੀ, ਜਦਕਿ ਬਹੁਤ ਸਾਰੇ ਭਾਗੀਦਾਰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਕੇਂਦਰਾਂ ਤੋਂ ਜੁੜੇ ਹੋਏ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਨਾਗਰਿਕ ਜੀਵਨ ਦੇ ਹਰ ਪਹਿਲੂ ਵਿੱਚ ਸਥਿਰਤਾ ਪ੍ਰਾਪਤ ਨਾ ਕਰ ਲੈਣ ਅਤੇ ਉਤਸ਼ਾਹ ਨਾਲ ਭਰ ਨਾ ਜਾਣ, ਰਾਸ਼ਟਰ ਕਦੇ ਭੀ ਪਿੱਛੇ ਨਹੀਂ ਹਟ ਸਕਦਾ। ਉਨ੍ਹਾਂ ਇਸ ਅਵਸਰ ਨੂੰ ਸੰਬੋਧਨ ਕਰਨ ਲਈ ਸੱਦਾ ਦੇਣ ਲਈ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਦਾ ਧੰਨਵਾਦ ਕੀਤਾ।

ਵਿਕਾਸ ਸਬੰਧੀ ਚਿੰਤਾਵਾਂ ਬਾਰੇ ਬਿਜ਼ਨਸ ਕਮਿਊਨਿਟੀ ਨਾਲ ਮਹਾਮਾਰੀ ਦੌਰਾਨ ਵਿਚਾਰ-ਵਟਾਂਦਰੇ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਆਸ਼ਾਵਾਦ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਉਸ ਸਮੇਂ ਪ੍ਰਗਟ ਕੀਤਾ ਸੀ ਅਤੇ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਅੱਜ ਅਸੀਂ ਵਿਕਸਿਤ ਭਾਰਤ ਦੀ ਤਰਫ਼ ਯਾਤਰਾ ਬਾਰੇ ਚਰਚਾ ਕਰ ਰਹੇ ਹਾਂ। ਉਨ੍ਹਾਂ ਨੇ ਵਿਸ਼ਵ ਵਿੱਚ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਦੁਹਰਾਉਂਦੇ ਹੋਏ ਕਿਹਾ, ਇਹ ਸਿਰਫ਼ ਭਾਵਨਾਵਾਂ ਦਾ ਪਰਿਵਰਤਨ ਨਹੀਂ ਹੈ, ਇਹ ਵਿਸ਼ਵਾਸ ਵਿੱਚ ਪਰਿਵਰਤਨ ਨੂੰ ਦਰਸਾਉਂਦਾ ਹੈ ਅਤੇ ਤੀਸਰੇ ਸਥਾਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਮੌਜੂਦਾ ਸਰਕਾਰ 2014 ਵਿੱਚ ਸੱਤਾ ਵਿੱਚ ਆਈ ਸੀ ਅਤੇ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਸਮੇਂ ਦੀ ਜ਼ਰੂਰਤ 'ਤੇ ਚਾਨਣਾ ਪਾਇਆ। ਉਨ੍ਹਾਂ ਨੇ 2014 ਤੋਂ ਪਹਿਲਾਂ ਦੇ ਦੌਰ ਵੱਲ ਧਿਆਨ ਦਿਵਾਇਆ, ਜਦੋਂ ਦੇਸ਼ ਕਮਜ਼ੋਰ ਪੰਜ ਅਰਥਵਿਵਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਸੀ ਅਤੇ ਲੱਖਾਂ-ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਵਿੱਚ ਘਿਰਿਆ ਹੋਇਆ ਸੀ। ਇੱਕ ਵ੍ਹਾਈਟ ਪੇਪਰ ਵਿੱਚ ਸਰਕਾਰ ਦੁਆਰਾ ਦਰਸਾਈਆਂ ਗਈਆਂ ਆਰਥਿਕ ਪਰਿਸਥਿਤੀਆਂ ਦੀ ਵਿਸ਼ੇਸ਼ਤਾ ਵਿੱਚ ਜਾਣ ਤੋਂ ਬਿਨਾ, ਪ੍ਰਧਾਨ ਮੰਤਰੀ ਨੇ ਉਦਯੋਗ ਦੇ ਨੇਤਾਵਾਂ ਅਤੇ ਸੰਗਠਨਾਂ ਨੂੰ ਦਸਤਾਵੇਜ਼ ਦੀ ਸਮੀਖਿਆ ਕਰਨ ਅਤੇ ਪਿਛਲੀਆਂ ਆਰਥਿਕ ਸਥਿਤੀਆਂ ਨਾਲ ਤੁਲਨਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਨੇ ਭਾਰਤ ਦੀ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ ਅਤੇ ਇਸ ਨੂੰ ਗੰਭੀਰ ਸੰਕਟਾਂ ਤੋਂ ਬਚਾਇਆ ਹੈ।

ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਵਿਚੋਂ ਕੁਝ ਤੱਥਾਂ ਨੂੰ ਸਾਹਮਣੇ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ 48 ਲੱਖ ਕਰੋੜ ਰੁਪਏ ਦੇ ਮੌਜੂਦਾ ਬਜਟ ਦੀ ਤੁਲਨਾ 2013-14 ਦੇ 16 ਲੱਖ ਕਰੋੜ ਰੁਪਏ ਦੇ ਬਜਟ ਨਾਲ ਕੀਤੀ, ਜੋ ਹੁਣ ਤਿੰਨ ਗੁਣਾ ਵੱਧ ਹੈ। ਪੂੰਜੀਗਤ ਖਰਚ, ਸਰੋਤ ਨਿਵੇਸ਼ ਦਾ ਸਭ ਤੋਂ ਬੜਾ ਮਾਪ 2004 ਵਿੱਚ 90 ਹਜ਼ਾਰ ਕਰੋੜ ਰੁਪਏ ਸੀ, ਜਿਸ ਨੂੰ 2014 ਤੱਕ ਦੇ 10 ਵਰ੍ਹਿਆਂ ਵਿੱਚ 2 ਗੁਣਾ ਵਾਧੇ ਨਾਲ 2 ਲੱਖ ਕਰੋੜ ਤੱਕ ਲਿਜਾਇਆ ਗਿਆ। ਇਸ ਦੇ ਮੁਕਾਬਲੇ ਅੱਜ ਇਹ ਮਹੱਤਵਪੂਰਨ ਸੂਚਕ 5 ਗੁਣਾ ਵਧ ਕੇ 11 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ।

ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਭਾਰਤੀ ਅਰਥਵਿਵਸਥਾ ਦੇ ਹਰ ਖੇਤਰ ਦੀ ਸੰਭਾਲ਼ ਲਈ ਦ੍ਰਿੜ੍ਹ ਹੈ, ਪ੍ਰਧਾਨ ਮੰਤਰੀ ਨੇ ਕਿਹਾ, "ਜੇ ਤੁਸੀਂ ਵੱਖ-ਵੱਖ ਸੈਕਟਰਾਂ ਨੂੰ ਦੇਖੋਗੇ, ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਭਾਰਤ ਉਨ੍ਹਾਂ ਵਿੱਚੋਂ ਹਰੇਕ 'ਤੇ ਕਿਵੇਂ ਧਿਆਨ ਕੇਂਦ੍ਰਿਤ ਕਰ ਰਿਹਾ ਹੈ।" ਪਿਛਲੀ ਸਰਕਾਰ ਨਾਲ ਤੁਲਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਰੇਲਵੇ ਅਤੇ ਹਾਈਵੇ ਦੇ ਬਜਟ ਵਿੱਚ 8 ਗੁਣਾ ਵਾਧਾ ਹੋਇਆ ਹੈ। ਇਸ ਦੌਰਾਨ, ਖੇਤੀਬਾੜੀ ਅਤੇ ਰੱਖਿਆ ਬਜਟ ਵਿੱਚ ਕ੍ਰਮਵਾਰ 4 ਅਤੇ 2 ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਸ ਵਿੱਚ ਰਿਕਾਰਡ ਕਟੌਤੀਆਂ ਤੋਂ ਬਾਅਦ ਹਰ ਖੇਤਰ ਦੇ ਬਜਟ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ, “2014 ਵਿੱਚ, 1 ਕਰੋੜ ਰੁਪਏ ਦੀ ਕਮਾਈ ਕਰਨ ਵਾਲੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਅਨੁਮਾਨਿਤ ਟੈਕਸ ਦੇਣਾ ਪੈਂਦਾ ਸੀ, ਹੁਣ 3 ਕਰੋੜ ਰੁਪਏ ਤੱਕ ਦੀ ਆਮਦਨ ਵਾਲੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਭੀ ਇਸ ਦਾ ਲਾਭ ਲੈ ਸਕਦੇ ਹਨ। ਸੰਨ 2014 ਵਿੱਚ, 50 ਕਰੋੜ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ 30 ਪ੍ਰਤੀਸ਼ਤ ਟੈਕਸ ਦੇਣਾ ਪੈਂਦਾ ਸੀ, ਅੱਜ ਇਹ ਦਰ 22 ਪ੍ਰਤੀਸ਼ਤ ਹੈ। 2014 ਵਿੱਚ ਕੰਪਨੀਆਂ 30 ਫੀਸਦੀ ਕਾਰਪੋਰੇਟ ਟੈਕਸ ਅਦਾ ਕਰਦੀਆਂ ਸਨ, ਅੱਜ ਇਹ ਦਰ 400 ਕਰੋੜ ਰੁਪਏ ਤੱਕ ਦੀ ਆਮਦਨ ਵਾਲੀਆਂ ਕੰਪਨੀਆਂ ਲਈ 25 ਫੀਸਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਂਦਰੀ ਬਜਟ ਸਿਰਫ਼ ਬਜਟ ਵੰਡ ਅਤੇ ਟੈਕਸ ਕਟੌਤੀ ਬਾਰੇ ਨਹੀਂ ਹੈ, ਬਲਕਿ ਸੁਸ਼ਾਸਨ ਬਾਰੇ ਭੀ ਹੈ। ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ 2014 ਤੋਂ ਪਹਿਲਾਂ, ਇੱਕ ਸਿਹਤਮੰਦ ਅਰਥਵਿਵਸਥਾ ਦਾ ਨਕਾਬ ਚੜ੍ਹਾਉਣ ਲਈ ਬਜਟ ਵਿੱਚ ਬੜੇ ਐਲਾਨ ਕੀਤੇ ਜਾਂਦੇ ਸਨ। ਹਾਲਾਂਕਿ, ਜਦੋਂ ਇਹ ਜ਼ਮੀਨ ਪੱਧਰ 'ਤੇ ਲਾਗੂ ਹੋਣ ਦੀ ਗੱਲ ਆਈ ਤਾਂ ਬਹੁਤ ਸਾਰੇ ਐਲਾਨਾਂ ਨੇ ਉਹ ਦਿਨ ਹੀ ਨਹੀਂ ਦੇਖਿਆ। ਉਹ ਬੁਨਿਆਦੀ ਢਾਂਚੇ 'ਤੇ ਐਲੋਟ ਕੀਤੀ ਰਕਮ ਭੀ ਪੂਰੀ ਤਰ੍ਹਾਂ ਖਰਚ ਕਰਨ ਤੋਂ ਅਸਮਰੱਥ ਸਨ, ਪਰ ਐਲਾਨਾਂ ਸਮੇਂ ਸੁਰਖੀਆਂ ਬਣੀਆਂ ਰਹਿੰਦੀਆਂ ਸਨ। ਸ਼ੇਅਰ ਬਜ਼ਾਰ ਭੀ ਛੋਟੀਆਂ-ਛੋਟੀਆਂ ਛਾਲਾਂ ਲਗਾਉਂਦੇ ਸਨ ਅਤੇ ਉਨ੍ਹਾਂ ਦੀਆਂ ਸਰਕਾਰਾਂ ਨੇ ਕਦੇ ਭੀ ਸਮੇਂ ਸਿਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਅਸੀਂ ਪਿਛਲੇ 10 ਵਰ੍ਹਿਆਂ ਵਿੱਚ ਇਸ ਸਥਿਤੀ ਨੂੰ ਬਦਲਿਆ ਹੈ। ਤੁਸੀਂ ਸਾਰਿਆਂ ਨੇ ਉਸ ਗਤੀ ਅਤੇ ਪੈਮਾਨੇ ਨੂੰ ਦੇਖਿਆ ਹੈ, ਜਿਸ ਨਾਲ ਅਸੀਂ ਹਰ ਬੁਨਿਆਦੀ ਢਾਂਚਾ ਪ੍ਰੋਜੈਕਟ ਨੂੰ ਪੂਰਾ ਕਰ ਰਹੇ ਹਾਂ।"

ਮੌਜੂਦਾ ਆਲਮੀ ਦ੍ਰਿਸ਼ਟੀਕੋਣ ਦੀਆਂ ਅਨਿਸ਼ਚਿਤਤਾਵਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਅਤੇ ਸਥਿਰਤਾ ਦੇ ਅਪਵਾਦ ਨੂੰ ਉਜਾਗਰ ਕੀਤਾ। ਭਾਰਤ ਦੇ ਵਿਦੇਸ਼ੀ ਮੁਦਰਾ ਰਿਜ਼ਰਵ ਵਿੱਚ ਮਜ਼ਬੂਤ ​​ਵਾਧਾ ਹੋਇਆ ਹੈ ਅਤੇ ਘੱਟ-ਵਿਕਾਸ ਅਤੇ ਉੱਚ-ਮੁਦਰਾਸਫੀਤੀ ਗਲੋਬਲ ਦ੍ਰਿਸ਼ ਵਿੱਚ ਭਾਰਤ ਇੱਕ ਉੱਚ ਵਿਕਾਸ ਦਰ ਅਤੇ ਘੱਟ ਮਹਿੰਗਾਈ ਦਰ ਪ੍ਰਦਰਸ਼ਿਤ ਕਰ ਰਿਹਾ ਹੈ। ਉਨ੍ਹਾਂ ਮਹਾਮਾਰੀ ਦੌਰਾਨ ਭਾਰਤ ਦੀ ਵਿੱਤੀ ਸਮਝਦਾਰੀ ਨੂੰ ਵਿਸ਼ਵ ਲਈ ਇੱਕ ਰੋਲ ਮਾਡਲ ਭੀ ਦੱਸਿਆ। ਵਸਤਾਂ ਅਤੇ ਸੇਵਾਵਾਂ ਦੇ ਆਲਮੀ ਨਿਰਯਾਤ ਵਿੱਚ ਭਾਰਤ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ, ਕੁਦਰਤੀ ਆਫ਼ਤਾਂ ਅਤੇ ਯੁੱਧਾਂ ਵਰਗੇ ਬੜੇ ਆਲਮੀ ਝਟਕਿਆਂ ਦੇ ਬਾਵਜੂਦ ਵਿਸ਼ਵ ਵਿਕਾਸ ਵਿੱਚ ਭਾਰਤ ਦਾ ਯੋਗਦਾਨ 16 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸੰਕਲਪਾਂ ਨਾਲ ਰਾਸ਼ਟਰ ਵਿਕਾਸ ਅੱਗੇ ਵਧ ਰਿਹਾ ਹੈ, ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ ਅਤੇ 'ਈਜ਼ ਆਵ੍ ਲਿਵਿੰਗ' (ਜੀਵਨ ਦੀ ਸਰਲਤਾ) ਅਤੇ 'ਕੁਆਲਿਟੀ ਆਵ੍ ਲਾਇਫ' (ਜੀਵਨ ਦੀ ਗੁਣਵੱਤਾ) ਨੂੰ ਵਧਾਉਣ ਲਈ ਸਰਕਾਰ ਦੇ ਪ੍ਰਯਾਸਾਂ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਦਯੋਗ 4.0 ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਨਰ ਵਿਕਾਸ ਅਤੇ ਰੋਜ਼ਗਾਰ 'ਤੇ ਬਹੁਤ ਜ਼ਿਆਦਾ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ, ਸਟਾਰਟਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਅਭਿਆਨਾਂ ਦੀ ਉਦਾਹਰਣ ਦਿੱਤੀ ਅਤੇ ਦੱਸਿਆ ਕਿ 8 ਕਰੋੜ ਤੋਂ ਵੱਧ ਲੋਕਾਂ ਨੇ ਨਵੇਂ ਕਾਰੋਬਾਰ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ 1.40 ਲੱਖ ਸਟਾਰਟਅੱਪਸ ਦਾ ਘਰ ਹੈ, ਜੋ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਹਨ। ਇਸ ਸਾਲ ਦੇ ਬਜਟ ਵਿੱਚ 2 ਲੱਖ ਕਰੋੜ ਰੁਪਏ ਦੇ ਪੀਐੱਮ ਪੈਕੇਜ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ 4 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਵਿਸਥਾਰ ਵਿੱਚ ਦੱਸਿਆ, “ਪੀਐੱਮ ਪੈਕੇਜ ਸੰਪੂਰਨ ਅਤੇ ਵਿਆਪਕ ਹੈ। ਇਹ ਅੰਤ-ਤੋਂ-ਅੰਤ ਹੱਲਾਂ ਨਾਲ ਅੰਤਰ ਸਬੰਧਤ ਹੈ। ਪੀਐੱਮ ਪੈਕੇਜ ਦੇ ਪਿੱਛੇ ਦ੍ਰਿਸ਼ਟੀਕੋਣ ਦੀ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸਦਾ ਉਦੇਸ਼ ਭਾਰਤ ਦੀ ਮਨੁੱਖੀ ਸ਼ਕਤੀ ਅਤੇ ਉਤਪਾਦਾਂ ਨੂੰ ਗੁਣਵੱਤਾ ਅਤੇ ਮੁੱਲ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣਾ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ ਲਈ ਹੁਨਰ ਅਤੇ ਐਕਸਪੋਜਰ ਨੂੰ ਵਧਾਉਣ ਲਈ ਸ਼ੁਰੂ ਕੀਤੀ ਇੰਟਰਨਸ਼ਿਪ ਸਕੀਮ ਦਾ ਭੀ ਜ਼ਿਕਰ ਕੀਤਾ, ਜਿਸ ਨਾਲ ਉਨ੍ਹਾਂ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਮਿਲ ਰਿਹਾ ਹੈ, ਇਸ ਦੇ ਨਾਲ ਹੀ ਬੜੇ ਪੱਧਰ 'ਤੇ ਰੋਜ਼ਗਾਰ ਪੈਦਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ ਸਰਕਾਰ ਨੇ ਈਪੀਐੱਫਓ ​​ਯੋਗਦਾਨ ਵਿੱਚ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਅਤੇ ਪ੍ਰਤੀਬੱਧਤਾ ਬਹੁਤ ਸਪਸ਼ਟ ਹੈ ਅਤੇ ਇਸ ਦੀ ਦਿਸ਼ਾ ਵਿੱਚ ਕੋਈ ਮੋੜ ਨਹੀਂ ਹੈ। 'ਨੇਸ਼ਨ ਫਸਟ' ਦੀ ਪ੍ਰਤੀਬੱਧਤਾ 5 ਟ੍ਰਿਲੀਅਨ ਡਾਲਰ ਦੇ ਅਰਥਵਿਵਸਥਾ ਦੇ ਟੀਚੇ, ਸੰਪੂਰਨ ਪਹੁੰਚ, ਜ਼ੀਰੋ ਇਫੈਕਟ-ਜ਼ੀਰੋ ਡਿਫੈਕਟ 'ਤੇ ਜ਼ੋਰ ਅਤੇ ਆਤਮਨਿਰਭਰ ਭਾਰਤ ਜਾਂ ਵਿਕਸਿਤ ਭਾਰਤ ਦੀ ਪ੍ਰਤੀਬੱਧਤਾ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਉਨ੍ਹਾਂ ਨੇ ਯੋਜਨਾਵਾਂ ਦੇ ਵਿਸਥਾਰ ਅਤੇ ਨਿਗਰਾਨੀ 'ਤੇ ਧਿਆਨ ਅਤੇ ਜ਼ੋਰ ਦੇਣ 'ਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਬਜਟ ਵਿੱਚ ਨਿਰਮਾਣ ਦੇ ਪਹਿਲੂ ਨੂੰ ਛੋਹਿਆ। ਉਨ੍ਹਾਂ ਨੇ ਮੇਕ ਇਨ ਇੰਡੀਆ ਅਤੇ ਵੱਖ-ਵੱਖ ਸੈਕਟਰਾਂ ਵਿੱਚ ਐੱਫਡੀਆਈ ਨਿਯਮਾਂ ਨੂੰ ਸਰਲ ਬਣਾਉਣ ਦੇ ਨਾਲ-ਨਾਲ ਬਹੁ-ਮੰਤਵੀ ਲੌਜਿਸਟਿਕਸ ਪਾਰਕ, ​​14 ਸੈਕਟਰਾਂ ਲਈ ਪੀਐੱਲਆਈ ਦਾ ਜ਼ਿਕਰ ਕੀਤਾ। ਇਸ ਬਜਟ ਵਿੱਚ ਦੇਸ਼ ਦੇ 100 ਜ਼ਿਲ੍ਹਿਆਂ ਲਈ ਪਲੱਗ-ਐਂਡ-ਪਲੇਅ ਨਿਵੇਸ਼ ਲਈ ਤਿਆਰ ਨਿਵੇਸ਼ ਪਾਰਕਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, “ਇਹ 100 ਸ਼ਹਿਰ ਵਿਕਸਿਤ ਭਾਰਤ ਦੇ ਨਵੇਂ ਹੱਬ ਬਣਨਗੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਜੂਦਾ ਉਦਯੋਗਿਕ ਗਲਿਆਰਿਆਂ ਦਾ ਭੀ ਆਧੁਨਿਕੀਕਰਣ ਕਰੇਗੀ।

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੂੰ ਸਸ਼ਕਤ ਬਣਾਉਣ ਲਈ ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਨਾਲ ਦਰਪੇਸ਼ ਚੁਣੌਤੀਆਂ ਦਾ ਹੱਲ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਇਹ ਸੁਨਿਸ਼ਚਿਤ ਕਰਨ ਲਈ 2014 ਤੋਂ ਲਗਾਤਾਰ ਕੰਮ ਕਰ ਰਹੇ ਹਾਂ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਲੋੜੀਂਦੀ ਕਾਰਜਸ਼ੀਲ ਪੂੰਜੀ ਅਤੇ ਕ੍ਰੈਡਿਟ ਮਿਲੇ, ਉਨ੍ਹਾਂ ਦੀ ਮਾਰਕਿਟ ਪਹੁੰਚ ਅਤੇ ਸੰਭਾਵਨਾਵਾਂ ਵਿੱਚ ਸੁਧਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਰਸਮੀ ਬਣਾਇਆ ਜਾਵੇ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਲਈ ਟੈਕਸ ਕਟੌਤੀ ਅਤੇ ਘੱਟ ਪਾਲਣਾ ਬੋਝ ਨੂੰ ਯਕੀਨੀ ਬਣਾਇਆ ਹੈ। 

ਪ੍ਰਧਾਨ ਮੰਤਰੀ ਨੇ ਬਜਟ ਵਿੱਚ ਕੁਝ ਨੁਕਤਿਆਂ ਜਿਵੇਂ ਕਿ ਪਰਮਾਣੂ ਬਿਜਲੀ ਉਤਪਾਦਨ ਲਈ ਵਧੀ ਅਲਾਟਮੈਂਟ, ਖੇਤੀਬਾੜੀ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਕਿਸਾਨਾਂ ਦੀ ਜ਼ਮੀਨ ਦੇ ਭਾਗਾਂ ਨੂੰ ਨੰਬਰ ਪ੍ਰਦਾਨ ਕਰਨ ਲਈ ਭੂ-ਆਧਾਰ ਕਾਰਡ, ਪੁਲਾੜ ਅਰਥਵਿਵਸਥਾ ਲਈ 1000 ਕਰੋੜ ਰੁਪਏ ਦਾ ਉੱਦਮ ਪੂੰਜੀ ਫੰਡ, ਕ੍ਰਿਟੀਕਲ ਮਿਨਰਲ ਮਿਸ਼ਨ ਅਤੇ ਮਾਈਨਿੰਗ ਲਈ ਆਫਸ਼ੋਰ ਬਲਾਕਾਂ ਦੀ ਆਗਾਮੀ ਨਿਲਾਮੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਇਹ ਨਵੇਂ ਐਲਾਨ ਤਰੱਕੀ ਦੇ ਨਵੇਂ ਰਾਹ ਖੋਲ੍ਹਣਗੇ।”

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਜਿਵੇਂ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਲਈ ਤਿਆਰ ਹੈ, ਖਾਸ ਤੌਰ 'ਤੇ ਉੱਭਰ ਰਹੇ ਖੇਤਰਾਂ ਵਿੱਚ ਮੌਕੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਭਵਿੱਖ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਨਾਮ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਲਈ ਸਰਕਾਰ ਸੈਮੀਕੰਡਕਟਰ ਉਦਯੋਗ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਖਾਸ ਕਰਕੇ ਮੋਬਾਈਲ ਨਿਰਮਾਣ ਕ੍ਰਾਂਤੀ ਦੇ ਮੌਜੂਦਾ ਦੌਰ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਨੂੰ ਉਤਸ਼ਾਹਿਤ ਕਰਨ 'ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਸਮਾਨਤਾ ਦਰਸਾਈ ਕਿ ਕਿਵੇਂ ਭਾਰਤ ਅਤੀਤ ਵਿੱਚ ਇੱਕ ਆਯਾਤਕ ਤੋਂ ਇੱਕ ਚੋਟੀ ਦੇ ਮੋਬਾਈਲ ਨਿਰਮਾਤਾ ਅਤੇ ਨਿਰਯਾਤਕ ਵਿੱਚ ਬਦਲ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਨ ਹਾਈਡ੍ਰੋਜਨ ਅਤੇ ਈ-ਵਾਹਨ ਉਦਯੋਗਾਂ ਨੂੰ ਹੁਲਾਰਾ ਦੇਣ ਵਾਲੇ ਭਾਰਤ ਵਿੱਚ ਗ੍ਰੀਨ ਜੌਬ ਸੈਕਟਰ ਲਈ ਇੱਕ ਰੋਡ ਮੈਪ ਦਾ ਭੀ ਜ਼ਿਕਰ ਕੀਤਾ। ਇਹ ਨੋਟ ਕਰਦੇ ਹੋਏ ਕਿ ਇਸ ਸਾਲ ਦੇ ਬਜਟ ਵਿੱਚ ਸਵੱਛ ਊਰਜਾ ਪਹਿਲਾਂ ਦੀ ਬਹੁਤ ਜ਼ਿਆਦਾ ਚਰਚਾ ਕੀਤੀ ਜਾ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ, ਊਰਜਾ ਸੁਰੱਖਿਆ ਅਤੇ ਊਰਜਾ ਪਰਿਵਰਤਨ ਦੋਵੇਂ ਅਰਥਵਿਵਸਥਾ ਅਤੇ ਵਾਤਾਵਰਣ ਲਈ ਬਰਾਬਰ ਮਹੱਤਵਪੂਰਨ ਹਨ। ਛੋਟੇ ਪਰਮਾਣੂ ਰਿਐਕਟਰਾਂ 'ਤੇ ਕੀਤੇ ਜਾ ਰਹੇ ਕੰਮ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਊਰਜਾ ਪਹੁੰਚ ਦੇ ਰੂਪ 'ਚ ਉਦਯੋਗ ਨੂੰ ਫਾਇਦਾ ਹੋਵੇਗਾ ਬਲਕਿ ਇਸ ਖੇਤਰ ਨਾਲ ਸਬੰਧਤ ਸਮੁੱਚੀ ਸਪਲਾਈ ਲੜੀ ਨੂੰ ਕਾਰੋਬਾਰ ਦੇ ਨਵੇਂ ਮੌਕੇ ਭੀ ਮਿਲਣਗੇ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਉਦਯੋਗਾਂ ਅਤੇ ਉੱਦਮੀਆਂ ਨੇ ਹਮੇਸ਼ਾ ਦੇਸ਼ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਦਿਖਾਈ ਹੈ, ਉਹ ਸਾਰੇ ਉੱਭਰ ਰਹੇ ਖੇਤਰਾਂ ਵਿੱਚ ਭਾਰਤ ਨੂੰ ਇੱਕ ਆਲਮੀ ਖਿਡਾਰੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੀ ਸਰਕਾਰ ਦੇ ਪਾਸ ਰਾਜਨੀਤਕ ਇੱਛਾਸ਼ਕਤੀ ਦੀ ਕੋਈ ਕਮੀ ਨਹੀਂ ਹੈ। ਸਾਡੇ ਲਈ, ਦੇਸ਼ ਅਤੇ ਇਸ ਦੇ ਨਾਗਰਿਕਾਂ ਦੀਆਂ ਆਕਾਂਖਿਆਵਾਂ ਸਭ ਤੋਂ ਮਹੱਤਵਪੂਰਨ ਹਨ। ਭਾਰਤ ਦੇ ਪ੍ਰਾਈਵੇਟ ਸੈਕਟਰ ਨੂੰ ਵਿਕਸਿਤ ਭਾਰਤ ਬਣਾਉਣ ਲਈ ਇੱਕ ਮਜ਼ਬੂਤ ​​ਮਾਧਿਅਮ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੌਲਤ ਦੇ ਸਿਰਜਣਹਾਰ ਭਾਰਤ ਦੀ ਵਿਕਾਸ ਕਹਾਣੀ ਦੀ ਮੁੱਖ ਪ੍ਰੇਰਣਾ ਸ਼ਕਤੀ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਨੀਤੀਆਂ, ਪ੍ਰਤੀਬੱਧਤਾ, ਦ੍ਰਿੜ੍ਹਤਾ, ਫ਼ੈਸਲੇ ਅਤੇ ਨਿਵੇਸ਼ ਵਿਸ਼ਵ ਪ੍ਰਗਤੀ ਦਾ ਆਧਾਰ ਬਣ ਰਹੇ ਹਨ। ਵਿਸ਼ਵਵਿਆਪੀ ਨਿਵੇਸ਼ਕਾਂ ਵਿੱਚ ਭਾਰਤ ਵਿੱਚ ਵਧ ਰਹੀ ਦਿਲਚਸਪੀ ਨੂੰ ਚਿੰਨ੍ਹਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਵੇਸ਼ਕ-ਪੱਖੀ ਚਾਰਟਰ ਬਣਾਉਣ, ਨਿਵੇਸ਼ ਨੀਤੀਆਂ ਵਿੱਚ ਸਪਸ਼ਟਤਾ ਲਿਆਉਣ ਅਤੇ ਨਿਵੇਸ਼ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਨੀਤੀ ਆਯੋਗ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ।  

ਇਸ ਮੌਕੇ 'ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਦੇ ਪ੍ਰੈਜ਼ੀਡੈਂਟ ਸ਼੍ਰੀ ਸੰਜੀਵ ਪੁਰੀ ਮੌਜੂਦ ਸਨ।

************


ਡੀਐੱਸ/ਟੀਐੱਸ/ਆਰਟੀ



(Release ID: 2039366) Visitor Counter : 17