ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮਨੂੰ ਭਾਕਰ ਨੇ ਪੈਰਿਸ ਓਲੰਪਿਕਸ 2024 ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ


ਓਲੰਪਿਕਸ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ

Posted On: 28 JUL 2024 6:05PM by PIB Chandigarh

ਮਨੂੰ ਭਾਕਰ ਨੇ ਪੈਰਿਸ 2024 ਓਲੰਪਿਕਸ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸਕ ਪ੍ਰਾਪਤੀ ਕੀਤੀ ਹੈ। ਪੈਰਿਸ 2024 ਓਲੰਪਿਕਸ ਵਿੱਚ ਭਾਰਤ ਲਈ ਇਹ ਪਹਿਲਾ ਮੈਡਲ ਹੈ ਅਤੇ ਲੰਡਨ 2012 ਓਲੰਪਿਕਸ ਖੇਡਾਂ ਤੋਂ ਬਾਅਦ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਪਹਿਲਾ ਓਲੰਪਿਕ ਮੈਡਲ ਹੈ।

ਇਸ ਪ੍ਰਾਪਤੀ ਦੇ ਨਾਲ ਮਨੂੰ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉਹ ਪਿਛਲੇ 20 ਸਾਲਾਂ ਵਿੱਚ ਕਿਸੇ ਵਿਅਕਤੀਗਤ ਮੁਕਾਬਲੇ ਵਿੱਚ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ।

ਮਨੂੰ ਭਾਕਰ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪੰਜਵੀਂ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ। ਉਸ ਤੋਂ ਪਹਿਲਾਂ ਰਾਜਵਰਧਨ ਸਿੰਘ ਰਾਠੌਰ (2004 ਏਥਨਜ਼), ਅਭਿਨਵ ਬਿੰਦਰਾ (2008 ਬੀਜਿੰਗ), ਵਿਜੇ ਕੁਮਾਰ (2012 ਲੰਡਨ) ਅਤੇ ਗਗਨ ਨਾਰੰਗ (2012 ਲੰਡਨ) ਨੇ ਤਮਗੇ ਜਿੱਤੇ ਸਨ।

 

ਕੁਆਲੀਫ਼ਿਕੇਸ਼ਨ ਰਾਊਂਡ ਦੀਆਂ ਮੁੱਖ ਗੱਲਾਂ:

  • ਮਨੂੰ ਭਾਕਰ 580 ਅੰਕਾਂ ਦੇ ਨਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ ਤੀਜੇ ਸਥਾਨ 'ਤੇ ਰਹੀ, ਨਾਲ ਹੀ ਉਸ ਨੇ ਸਭ ਤੋਂ ਵੱਧ ਪਰਫ਼ੈਕਟ ਸਕੋਰ (27) ਵੀ ਬਣਾਏ। 

  • ਉਹ ਪਿਛਲੇ 20 ਸਾਲਾਂ ਵਿੱਚ ਕਿਸੇ ਵਿਅਕਤੀਗਤ ਮੁਕਾਬਲੇ ਵਿੱਚ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਆਖ਼ਰੀ ਵਾਰ ਸੁਮਾ ਸ਼ਿਰੂਰ ਏਥਨਜ਼ 2004 ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੀ ਸੀ।  

  • ਉਹ ਕਿਸੇ ਵੀ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਹਿਲਾ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ।  

 

ਪ੍ਰਮੁੱਖ ਸਰਕਾਰੀ ਦਖ਼ਲਅੰਦਾਜ਼ੀ ਅਤੇ ਵਿੱਤੀ ਸਹਾਇਤਾ (ਪੈਰਿਸ ਦੌਰਾ): 

  • ਗੋਲਾ ਬਾਰੂਦ ਅਤੇ ਹਥਿਆਰਾਂ ਦੀ ਸਰਵਿਸਿੰਗ, ਪੈਲੇਟ ਅਤੇ ਗੋਲਾ ਬਾਰੂਦ ਦੀ ਜਾਂਚ ਅਤੇ ਬੈਰਲ ਚੋਣ ਲਈ ਸਹਾਇਤਾ

  • ਓਲੰਪਿਕ ਦੀ ਤਿਆਰੀ ਲਈ ਲਕਸਮਬਰਗ ਵਿੱਚ ਨਿੱਜੀ ਕੋਚ ਸ੍ਰੀ ਜਸਪਾਲ ਰਾਣਾ ਨਾਲ ਟ੍ਰੇਨਿੰਗ ਲਈ ਸਹਾਇਤਾ

  • ਟੀਓਪੀਐੱਸ ਦੇ ਤਹਿਤ ਵਿੱਤੀ ਸਹਾਇਤਾ: 28,78,634 ਰੁਪਏ

  • ਸਿਖਲਾਈ ਅਤੇ ਮੁਕਾਬਲੇ ਲਈ ਸਲਾਨਾ ਕੈਲੰਡਰ (ਏਸੀਟੀਸੀ) ਦੇ ਤਹਿਤ ਵਿੱਤੀ ਸਹਾਇਤਾ: 1,35,36,155 ਰੁਪਏ

 

ਪ੍ਰਾਪਤੀਆਂ:

  • ਏਸ਼ੀਅਨ ਖੇਡਾਂ ਵਿੱਚ 25 ਮੀਟਰ ਪਿਸਟਲ ਟੀਮ ਵਿੱਚ ਗੋਲਡ ਮੈਡਲ (2022)

  • ਵਰਲਡ ਚੈਂਪੀਅਨਸ਼ਿਪ, ਬਾਕੂ (2023) ਵਿੱਚ 25 ਮੀਟਰ ਪਿਸਟਲ ਟੀਮ ਵਿੱਚ ਗੋਲਡ ਮੈਡਲ

  • ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ, ਚਾਂਗਵੋਨ (2023) ਵਿਖੇ ਪੈਰਿਸ ਖੇਡਾਂ 2024 ਲਈ ਕੋਟਾ ਸਥਾਨ

  • ਵਰਲਡ ਕੱਪ, ਭੋਪਾਲ (2023) ਵਿੱਚ 25 ਮੀਟਰ ਪਿਸਟਲ ਵਿੱਚ ਕਾਂਸੀ ਦਾ ਤਗਮਾ

  • ਵਰਲਡ ਚੈਂਪੀਅਨਸ਼ਿਪ, ਕਾਹਿਰਾ (2022) ਵਿੱਚ 25 ਮੀਟਰ ਪਿਸਟਲ ਵਿੱਚ ਸਿਲਵਰ ਮੈਡਲ

  • ਵਰਲਡ ਯੂਨੀਵਰਸਿਟੀ ਗੇਮਜ਼, ਚੇਂਗਦੂ (2021) ਵਿੱਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ

 

ਪਿਛੋਕੜ:

ਮਨੂੰ ਭਾਕਰ ਇੱਕ ਭਾਰਤੀ ਓਲੰਪੀਅਨ ਹੈ, ਜੋ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਮੁੱਕੇਬਾਜ਼ਾਂ ਅਤੇ ਪਹਿਲਵਾਨਾਂ ਲਈ ਮਸ਼ਹੂਰ ਰਾਜ ਹਰਿਆਣਾ ਦੇ ਝੱਜਰ ਵਿੱਚ ਜਨਮੀ ਮਨੂੰ ਭਾਕਰ ਨੇ ਸਕੂਲ ਵਿੱਚ ਟੈਨਿਸ, ਸਕੇਟਿੰਗ ਅਤੇ ਮੁੱਕੇਬਾਜ਼ੀ ਵਰਗੀਆਂ ਖੇਡਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ 'ਥਾਂਗ ਤਾ' ਨਾਂ ਦੀ ਮਾਰਸ਼ਲ ਆਰਟ ਵਿੱਚ ਵੀ ਹਿੱਸਾ ਲਿਆ ਅਤੇ ਰਾਸ਼ਟਰੀ ਪੱਧਰ 'ਤੇ ਤਮਗੇ ਜਿੱਤੇ। ਫਿਰ ਅਚਾਨਕ 14 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸ਼ੂਟਿੰਗ ਵਿੱਚ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ - 2016 ਦੇ ਰੀਓ ਓਲੰਪਿਕ ਖ਼ਤਮ ਹੋਣ ਤੋਂ ਬਾਅਦ - ਅਤੇ ਉਨ੍ਹਾਂ ਨੂੰ ਇਹ ਪਸੰਦ ਆਇਆ।

 

2017 ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ, ਮਨੂੰ ਭਾਕਰ ਨੇ ਓਲੰਪੀਅਨ ਅਤੇ ਸਾਬਕਾ ਵਿਸ਼ਵ ਨੰਬਰ 1 ਹਿਨਾ ਸਿੱਧੂ ਨੂੰ ਹੈਰਾਨ ਕਰ ਦਿੱਤਾ ਜਿੱਥੇ ਉਨ੍ਹਾਂ ਨੇ 9 ਗੋਲਡ ਮੈਡਲ ਜਿੱਤੇ। ਮਨੂੰ ਨੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਸਿੱਧੂ ਦੇ ਰਿਕਾਰਡ ਨੂੰ ਤੋੜਦੇ ਹੋਏ 242.3 ਦਾ ਰਿਕਾਰਡ ਸਕੋਰ ਬਣਾਇਆ। 2018 ਇੱਕ ਨਿਸ਼ਾਨੇਬਾਜ਼ ਵਜੋਂ ਭਾਕਰ ਲਈ ਸਫਲਤਾ ਦਾ ਸਾਲ ਸੀ ਕਿਉਂਕਿ ਉਨ੍ਹਾਂ ਨੇ ਸਿਰਫ 16 ਸਾਲ ਦੀ ਉਮਰ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ  ਸਨਸਨੀ ਪੈਦਾ ਕਰ ਦਿੱਤੀ ਸੀ। 

 

2018 ਵਿੱਚ ਗੁਆਡਲਜਾਰਾ, ਮੈਕਸੀਕੋ ਵਿੱਚ ਆਯੋਜਿਤ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਰਲਡ ਕੱਪ ਵਿੱਚ ਭਾਕਰ ਨੇ ਦੋ ਵਾਰ ਦੀ ਜੇਤੂ ਮੈਕਸੀਕੋ ਦੀ ਅਲੇਜਾਂਦਰਾ ਜ਼ਵਾਲਾ ਨੂੰ ਹਰਾ ਕੇ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ। 

 

ਮਨੂੰ ਭਾਕਰ ਨੇ 2019 ਮਿਊਨਿਖ ਆਈਐੱਸਐੱਸਐੱਫ ਵਰਲਡ ਕੱਪ ਵਿੱਚ ਚੌਥਾ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਸਥਾਨ ਵੀ ਪੱਕਾ ਕੀਤਾ। ਹਾਲਾਂਕਿ, ਖੇਡਾਂ ਵਿੱਚ ਉਨ੍ਹਾਂ ਦੀ ਸ਼ੁਰੂਆਤ ਯੋਜਨਾ ਅਨੁਸਾਰ ਨਹੀਂ ਹੋਈ। ਟੋਕੀਓ 2020 ਤੋਂ ਤੁਰੰਤ ਬਾਅਦ ਮਨੂੰ ਭਾਕਰ ਲੀਮਾ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਜੂਨੀਅਰ ਵਰਲਡ ਚੈਂਪੀਅਨ ਬਣੀ ਅਤੇ 2022 ਕਾਹਿਰਾ ਵਰਲਡ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 25 ਮੀਟਰ ਪਿਸਟਲ ਵਿੱਚ ਸਿਲਵਰ ਮੈਡਲ ਅਤੇ 2023 ਵਿੱਚ ਹਾਂਗਝੂ ਵਿੱਚ ਏਸ਼ੀਆਈ ਖੇਡਾਂ ਵਿੱਚ ਉਸੇ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ।

 

ਟ੍ਰੇਨਿੰਗ ਬੇਸ: ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਨਵੀਂ ਦਿੱਲੀ 

ਜਨਮ ਸਥਾਨ: ਝੱਜਰ, ਹਰਿਆਣਾ

 

*****************

ਹਿਮਾਂਸ਼ੂ ਪਾਠਕ



(Release ID: 2038191) Visitor Counter : 63