ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਪੁਰੀ ਦੇ ਸਮੁੰਦਰ ਤਟ ‘ਤੇ ਕੁਝ ਸਮਾਂ ਬਿਤਾਇਆ


ਪਹਾੜ, ਜੰਗਲ, ਨਦੀਆਂ ਅਤੇ ਸਮੁੰਦਰ ਤਟ ਸਾਡੇ ਅੰਤਰਮਨ ਨੂੰ ਆਕਰਸ਼ਿਤ ਕਰਦੇ ਹਨ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ

Posted On: 08 JUL 2024 10:56AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਲਾਨਾ ਰਥ ਯਾਤਰਾ ਵਿੱਚ ਹਿੱਸਾ ਲੈਣ ਦੇ ਇੱਕ ਦਿਨ ਬਾਅਦ, ਅੱਜ ਸਵੇਰੇ (8 ਜੁਲਾਈ, 2024) ਨੂੰ ਪਵਿੱਤਰ ਸ਼ਹਿਰ ਪੁਰੀ ਦੇ ਸਮੁੰਦਰ ਤਟ ‘ਤੇ ਕੁਝ ਸਮਾਂ ਬਿਤਾਇਆ, ਬਾਅਦ ਵਿੱਚ ਉਨ੍ਹਾਂ ਨੇ ਕੁਦਰਤ ਦੇ ਨਾਲ ਨੇੜਤਾ ਦੇ ਅਨੁਭਵ ਦੇ ਬਾਰੇ ਵਿੱਚ ਆਪਣੇ ਵਿਚਾਰ ਲਿਖੇ।

ਐਕਸ (X) ‘ਤੇ ਲਿਖੀ ਇੱਕ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ: “ਅਜਿਹੀਆਂ ਥਾਵਾਂ ਹਨ ਜੋ ਸਾਨੂੰ ਜੀਵਨ ਦੇ ਸਾਰ ਦੇ ਕਰੀਬ ਲਿਆਉਂਦੀਆਂ ਹਨ ਅਤੇ ਸਾਨੂੰ ਯਾਦ ਦਿਲਾਉਂਦੀਆਂ ਹਿ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ। ਪਹਾੜ, ਜੰਗਲ, ਨਦੀਆਂ ਅਤੇ ਸਮੁੰਦਰ ਤਟ ਸਾਡੇ ਅੰਤਰਮਨ ਨੂੰ ਆਕਰਸ਼ਿਤ ਕਰਦੇ ਹਨ। ਅੱਜ ਜਦੋਂ ਮੈਂ ਸਮੁੰਦਰ ਤਟ ‘ਤੇ ਟਹਿਲ ਰਹੀ ਸੀ, ਤਾਂ ਆਲੇ-ਦੁਆਲੇ ਦੇ ਵਾਤਾਵਰਣ ਦੇ ਨਾਲ ਮੈਨੂੰ ਗਹਿਰਾ ਜੁੜਾਅ ਮਹਿਸੂਸ ਹੋਇਆ- ਸ਼ੀਤਲ ਹਵਾ, ਲਹਿਰਾਂ ਦੀ ਗਰਜਨਾ ਅਤੇ ਪਾਣੀ ਦਾ ਅਥਾਹ ਵਿਸਤਾਰ। ਇਹ ਇੱਕ ਧਿਆਨ ਵਿੱਚ ਹੋਣ ਜਿਹਾ ਅਨੁਭਵ ਸੀ।

ਮੈਨੂੰ ਇੱਕ ਗਹਿਨ ਸ਼ਾਂਤੀ ਦਾ ਅਹਿਸਾਸ ਹੋਇਆ, ਜੋ ਮੈਂ ਕੱਲ੍ਹ ਮਹਾਪ੍ਰਭੂ ਸ਼੍ਰੀ ਜਗਨਨਾਥ ਦੇ ਦਰਸ਼ਨ ਕਰਦੇ ਸਮੇਂ ਮਹਿਸੂਸ ਕੀਤੀ ਸੀ। ਅਤੇ ਅਜਿਹਾ ਇਕੱਲਾ ਮੇਰਾ ਅਨੁਭਵ ਨਹੀਂ ਹੈ; ਅਸੀਂ ਸਾਰੇ ਅਜਿਹਾ ਮਹਿਸੂਸ ਕਰਦੇ ਹਾਂ, ਜਦੋਂ ਅਸੀਂ ਅਨੰਤ ਦਾ ਸਾਹਮਣਾ ਕਰਦੇ ਹਾਂ, ਜੋ ਸ਼ਕਤੀ ਸਾਨੂੰ ਕਾਇਮ ਰੱਖਦੀ ਹੈ ਅਤੇ ਸਾਡੇ ਜੀਵਨ ਨੂੰ ਸਾਰਥਕਤਾ ਦਿੰਦੀ ਹੈ।

ਰੋਜ਼ਮਰਾ ਦੀ ਆਪਾ-ਧਾਮੀ ਵਿੱਚ ਅਸੀਂ ਕੁਦਰਤ ਨਾਲ ਆਪਣਾ ਨਾਤਾ ਭੁੱਲ ਜਾਂਦੇ ਹਾਂ। ਮਨੁੱਖ ਜਾਤੀ ਮੰਨਦੀ ਹੈ ਕਿ ਉਸ ਨੇ ਕੁਦਰਤ ‘ਤੇ ਕਬਜ਼ਾ ਕਰ ਲਿਆ ਹੈ ਅਤੇ ਆਪਣ ਅਲਪਕਾਲਿਕ ਲਾਭਾਂ ਦੇ ਲਈ ਉਸ ਦਾ ਦੋਹਨ ਕਰ ਰਹੀ ਹੈ। ਇਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਇਸ ਵਰ੍ਹੇ ਗਰਮੀ ਵਿੱਚ ਭਾਰਤ ਦੇ ਕਈ ਹਿੱਸੇ ਤੇਜ਼ ਲੂ ਦੀ ਚਪੇਟ ਵਿੱਚ ਸਨ। ਹਾਲ ਦੇ ਵਰ੍ਹਿਆਂ ਵਿੱਚ ਦੁਨੀਆ ਭਰ ਵਿੱਚ ਮੌਸਮ ਦੀਆਂ ਅਤਿ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਆਉਣ ਵਾਲੇ ਦਹਾਕਿਆਂ ਵਿੱਚ ਸਥਿਤੀ ਹੋਰ ਵੀ ਬਦਤਰ ਹੋਣ ਦਾ ਅਨੁਮਾਨ ਹੈ।

ਪ੍ਰਿਥਵੀ ਦੀ ਸਤ੍ਹਾ ਦਾ 70 ਫੀਸਦੀ ਹਿੱਸਾ ਮਹਾਸਾਗਰਾਂ ਨਾਲ ਬਣਿਆ ਹੈ ਅਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਆਲਮੀ ਸਮੁੰਦਰ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਤਟਵਰਤੀ ਇਲਾਕਿਆਂ ਦੇ ਡੁੱਬਣ ਦਾ ਖ਼ਤਰਾ ਹੈ। ਮਹਾਸਾਗਰ ਅਤੇ ਉੱਥੇ ਪਾਈਆਂ ਜਾਣ ਵਾਲੀਆਂ ਵਨਸਪਤੀਆਂ ਅਤੇ ਜੀਵਾਂ ਦੀ ਸਮ੍ਰਿੱਧ ਵਿਵਿਧਤਾ ਨੂੰ ਵਿਭਿੰਨ ਪ੍ਰਕਾਰ ਦੇ ਪ੍ਰਦੂਸ਼ਣ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਸੌਭਾਗਯ ਨਾਲ, ਕੁਦਰਤ ਦੀ ਗੋਦ ਵਿੱਚ ਰਹਿਣ ਵਾਲੇ ਲੋਕਾਂ ਨੇ ਅਜਿਹੀਆਂ ਪਰੰਪਰਾਵਾਂ ਕਾਇਮ ਰੱਖੀਆਂ ਹਨ ਜੋ ਸਾਨੂੰ ਰਸਤਾ ਦਿਖਾ ਸਕਦੀਆਂ ਹਨ। ਤੱਟਵਰਤੀ ਖੇਤਰਾਂ ਦੇ ਵਾਸੀ, ਉਦਾਹਰਨ ਲਈ, ਹਵਾਵਾਂ ਅਤੇ ਸਮੁੰਦਰ ਦੀਆਂ ਲਹਿਰਾਂ ਦੀ ਭਾਸ਼ਾ ਜਾਣਦੇ ਹਨ। ਸਾਡੇ ਪੂਰਵਜਾਂ ਦੀ ਪਾਲਣਾ ਕਰਦੇ ਹੋਏ, ਉਹ ਸਮੁੰਦਰ ਨੂੰ ਭਗਵਾਨ ਦੇ ਰੂਪ ਵਿੱਚ ਪੂਜਦੇ ਹਨ।

 

ਮੇਰਾ ਮੰਨਣਾ ਹੈ, ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ਼ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਦੋ ਤਰੀਕੇ ਹਨ; ਵਿਆਪਕ ਕਦਮ ਜੋ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਚੁੱਕੇ ਜਾ ਸਕਦੇ ਹਨ, ਅਤੇ ਛੋਟੇ ਸਥਾਨਕ ਕਦਮ ਜੋ ਅਸੀਂ ਨਾਗਰਿਕਾਂ ਦੇ ਰੂਪ ਵਿੱਚ ਚੁੱਕ ਸਕਦੇ ਹਾਂ। ਬੇਸ਼ੱਕ, ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ। ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਕਰਜ਼ਦਾਰ ਹਾਂ। ਤਾਂ, ਆਓ ਬਿਹਤਰ ਕੱਲ੍ਹ ਦੇ ਲਈ ਨਿਜੀ ਤੌਰ ‘ਤੇ ਅਤੇ ਸਥਾਨਕ ਪੱਧਰ ‘ਤੇ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ, ਉਸ ਨੂੰ ਕਰਨ ਦਾ ਸੰਕਲਪ ਲਈਏ।”

***************

ਡੀਐੱਸ/ਐੱਸਆਰ



(Release ID: 2031670) Visitor Counter : 11