ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਸਟੇਨਲੈੱਸ ਸਟੀਲ ਅਤੇ ਐਲੂਮੀਨੀਅਮ ਦੇ ਭਾਂਡਿਆਂ ਲਈ ਭਾਰਤੀ ਮਾਨਕ ਬਿਊਰੋ (ਬੀਆਈਐੱਸ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ

Posted On: 05 JUL 2024 11:07AM by PIB Chandigarh

ਰਸੋਈ ਦੀ ਸੁਰੱਖਿਆ, ਗੁਣਵੱਤਾ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਵਿੱਚ ਭਾਰਤ ਸਰਕਾਰ ਨੇ ਸਟੇਨਲੈੱਸ ਸਟੀਲ ਅਤੇ ਐਲੂਮੀਨੀਅਮ ਦੇ ਭਾਂਡਿਆਂ ਲਈ ਭਾਰਤੀ ਮਾਨਕ ਬਿਊਰੋ (ਬੀਆਈਐੱਸ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਜ਼ਮੀ ਕਰ ਦਿੱਤਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਵੱਲੋਂ 14 ਮਾਰਚ, 2024 ਨੂੰ ਜਾਰੀ ਕੀਤੇ ਗੁਣਵੱਤਾ ਨਿਯੰਤਰਨ ਦੇ ਹੁਕਮਾਂ ਅਨੁਸਾਰ ਅਜਿਹੇ ਭਾਂਡਿਆਂ ਲਈ ਆਈਐੱਸਆਈ ਮਾਰਕ ਲਾਜ਼ਮੀ ਹੋਵੇਗਾ। ਗ਼ੈਰ-ਪਾਲਣਾ ਸਜ਼ਾਯੋਗ ਹੈ, ਜੋ ਕਿ ਖਪਤਕਾਰਾਂ ਦੀ ਸੁਰੱਖਿਆ ਅਤੇ ਉਤਪਾਦ ਦੀ ਇਕਸਾਰਤਾ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੀ ਹੈ।

ਹਾਲ ਹੀ ਵਿੱਚ ਬੀਆਈਐੱਸ ਨੇ ਰਸੋਈ ਦੀਆਂ ਜ਼ਰੂਰੀ ਵਸਤਾਂ ਨੂੰ ਕਵਰ ਕਰਨ ਵਾਲੇ ਮਿਆਰਾਂ ਦੀ ਇੱਕ ਲੜੀ ਵਿਕਸਿਤ ਕੀਤੀ ਹੈ। ਇਹ ਮਾਪਦੰਡ ਬੀਆਈਐੱਸ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ  ਕਿ ਇਹ ਯਕੀਨੀ ਬਣਾਇਆ ਜਾਏ ਕਿ ਰਸੋਈ ਦੇ ਸਾਰੇ ਭਾਂਡੇ ਸਖ਼ਤ ਮਿਆਰਾਂ ਨੂੰ ਪੂਰਾ ਕਰਦੇ ਹਨ ਅਤੇ ਗੁਣਵੱਤਾ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹਨ। ਇਨ੍ਹਾਂ ਮਿਆਰਾਂ ਨੂੰ ਪੇਸ਼ ਕਰਕੇ ਬੀਆਈਐੱਸ ਦਾ ਉਦੇਸ਼ ਬਿਹਤਰ ਉਤਪਾਦ ਪ੍ਰਦਰਸ਼ਨ ਅਤੇ ਖਪਤਕਾਰਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ ਰਸੋਈ ਅਭਿਆਸਾਂ ਵਿੱਚ ਸਭਿਆਚਾਰਕ ਵਿਵਿਧਤਾ ਨੂੰ ਸੁਰੱਖਿਅਤ ਰੱਖਣਾ ਹੈ। 

ਸਟੇਨਲੈੱਸ ਸਟੀਲ ਦੇ ਭਾਂਡੇ: ਮਜ਼ਬੂਤੀ ਅਤੇ ਸੁੰਦਰਤਾ

ਸਟੇਨਲੈੱਸ ਸਟੀਲ ਦੇ ਭਾਂਡਿਆਂ ਨੂੰ ਉਨ੍ਹਾਂ ਦੀ ਮਜ਼ਬੂਤੀ, ਵੱਖ-ਵੱਖ ਵਰਤੋਂ ਅਤੇ ਖਿਚਵੀਂ ਦਿੱਖ ਕਾਰਨ ਦੁਨੀਆ ਭਰ ਦੀਆਂ ਰਸੋਈਆਂ ਵਿੱਚ ਲੰਬੇ ਸਮੇਂ ਤੋਂ ਪਸੰਦ ਕੀਤਾ ਜਾਂਦਾ ਰਿਹਾ ਹੈ। ਕ੍ਰੋਮੀਅਮ ਅਤੇ ਹੋਰ ਧਾਤਾਂ ਜਿਵੇਂ ਕਿ ਨਿੱਕਲ, ਮੋਲੀਬਡੇਨਮ ਅਤੇ ਮੈਂਗਨੀਜ਼ ਨਾਲ ਮਿਸ਼ਰਤ ਤੋਂ ਬਣਿਆ ਸਟੇਨਲੈੱਸ ਸਟੀਲ ਇਸਦੇ ਖੋਰ ਪ੍ਰਤਿਰੋਧ ਅਤੇ ਮਜ਼ਬੂਤ ​​ਮਕੈਨੀਕਲ ਵਿਸ਼ੇਸ਼ਤਾਵਾਂ ਲਈ ਮਸ਼ਹੂਰ ਹੈ। ਬੀਆਈਐੱਸ ਨੇ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਭਾਰਤੀ ਮਿਆਰ ਆਈਐੱਸ 14756:2022 ਵਿੱਚ ਸੂਚੀਬੱਧ ਕੀਤਾ ਹੈ, ਜੋ ਭੋਜਨ ਪਕਾਉਣ, ਪਰੋਸਣ, ਭੋਜਨ ਕਰਨ ਅਤੇ ਸਟੋਰ ਕਰਨ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਭਾਂਡਿਆਂ ਲਈ ਲੋੜਾਂ ਨੂੰ ਦਰਸਾਉਂਦਾ ਹੈ।

ਆਈਐੱਸ 14756:2022 ਮਿਆਰ ਵਿੱਚ ਸ਼ਾਮਲ ਹਨ:

  • ਸਮਗਰੀ ਦੀਆਂ ਲੋੜਾਂ: ਨਿਰਮਾਣ ਵਿੱਚ ਵਰਤੀਆਂ ਜਾਂਦੀਆਂ ਸਮਗਰੀਆਂ ਦੀ ਸੁਰੱਖਿਅਤ ਰਚਨਾ ਨੂੰ ਯਕੀਨੀ ਬਣਾਉਣਾ।

  • ਆਕਾਰ ਅਤੇ ਮਾਪ: ਬਰਤਨ ਡਿਜ਼ਾਈਨ ਵਿਚ ਇਕਸਾਰਤਾ ਅਤੇ ਵਿਹਾਰਕਤਾ ਪ੍ਰਦਾਨ ਕਰਨਾ।

  • ਕਾਰੀਗਰੀ ਅਤੇ ਅੰਤਿਮ ਰੂਪ: ਉੱਚ-ਗੁਣਵੱਤਾ ਦੀ ਕਾਰੀਗਰੀ ਅਤੇ ਸੁਹਜ ਆਕਰਸ਼ਣ ਨੂੰ ਲਾਜ਼ਮੀ ਕਰਨਾ।

  • ਪ੍ਰਦਰਸ਼ਨ ਮਾਪਦੰਡ: ਟੈਸਟਾਂ ਸਮੇਤ

  •  ਜਿਵੇਂ ਕਿ ਸਟੈਨਿੰਗ ਟੈਸਟ, ਮਕੈਨੀਕਲ ਸ਼ੌਕ ਟੈਸਟ, ਥਰਮਲ ਸ਼ੌਕ ਟੈਸਟ, ਡ੍ਰਾਈ ਹੀਟ ਟੈਸਟ, ਕੋਟਿੰਗ ਥਿਕਨੈਸ ਟੈਸਟ, ਨਾਮੀਨਲ ਕਪੈਸਿਟੀ ਟੈਸਟ, ਫਲੇਮ ਸਥਿਰਤਾ ਟੈਸਟ ਅਤੇ ਟੈਂਪਰਡ ਸ਼ੀਸ਼ੇ ਦੇ ਢੱਕਣਾਂ ਵਾਲੇ ਭਾਂਡਿਆਂ ਲਈ ਖ਼ਾਸ ਟੈਸਟ।

ਐਲੂਮੀਨੀਅਮ ਦੇ ਭਾਂਡੇ: ਹਲਕੇ ਅਤੇ ਉਪਯੋਗੀ

ਐਲੂਮੀਨੀਅਮ ਦੇ ਭਾਂਡੇ ਘਰੇਲੂ ਅਤੇ ਵਪਾਰਕ ਰਸੋਈਆਂ ਦੋਵਾਂ ਦਾ ਇੱਕ ਹੋਰ ਨੀਂਹ ਪੱਥਰ ਹਨ, ਜੋ ਉਨ੍ਹਾਂ ਦੇ ਹਲਕੇ ਭਾਰ, ਸ਼ਾਨਦਾਰ ਤਾਪ ਚਾਲਕਤਾ, ਸਮਰੱਥਾ ਅਤੇ ਟਿਕਾਊਤਾ ਲਈ ਮਹੱਤਵਪੂਰਨ ਹਨ। ਬੀਆਈਐੱਸ ਨੇ ਇੰਡੀਅਨ ਸਟੈਂਡਰਡ ਆਈਐੱਸ 1660:2024 ਵਿਕਸਿਤ ਕੀਤਾ ਹੈ, ਜੋ ਹਾਰਡ ਐਨੋਡਾਈਜ਼ਡ ਅਤੇ ਨਾਨ-ਸਟਿੱਕ ਅਨਰੀਨਫੋਰਸਡ ਪਲਾਸਟਿਕ ਕੋਟਿੰਗ ਸਮੇਤ 30 ਲੀਟਰ ਦੀ ਸਮਰੱਥਾ ਵਾਲੇ ਘੜੇ ਅਤੇ ਕਾਸਟ ਐਲੂਮੀਨੀਅਮ ਦੇ ਭਾਂਡਿਆਂ ਲਈ ਵਿਸ਼ੇਸ਼ਤਾਵਾਂ ਦੀ ਰੂਪ-ਰੇਖਾ ਦਿੰਦਾ ਹੈ। ਇਹ ਮਿਆਰ ਇਹ ਯਕੀਨੀ ਬਣਾਉਂਦਾ ਹੈ ਕਿ ਐਲੂਮੀਨੀਅਮ ਦੇ ਭਾਂਡੇ ਉੱਚਤਮ ਸਮਗਰੀ ਦੀ ਗੁਣਵੱਤਾ ਅਤੇ ਪ੍ਰਦਰਸ਼ਨ ਦੇ ਮਿਆਰਾਂ ਨੂੰ ਪੂਰਾ ਕਰਦੇ ਹਨ।

ਆਈਐੱਸ 1660:2024 ਸਟੈਂਡਰਡ ਦੇ ਮੁੱਖ ਤੱਤਾਂ ਵਿੱਚ ਸ਼ਾਮਲ ਹਨ:

  • ਆਮ ਲੋੜਾਂ: ਵਰਤੀ ਗਈ ਸਮੱਗਰੀ ਦੀ ਸਮੁੱਚੀ ਗੁਣਵੱਤਾ ਅਤੇ ਮੋਟਾਈ ਨੂੰ ਸ਼ਾਮਿਲ ਕਰਨਾ।

  • ਵਰਗੀਕਰਨ ਅਤੇ ਸਮੱਗਰੀ ਗ੍ਰੇਡ: ਤਿਆਰ ਕੀਤੇ ਭਾਂਡਿਆਂ ਲਈ ਆਈਐੱਸ 21 ਅਤੇ ਢਾਲੇ ਗਏ ਭਾਂਡਿਆਂ ਲਈ ਆਈਐੱਸ 617 ਦੇ ਅਨੁਸਾਰ ਢੁਕਵੇਂ ਗ੍ਰੇਡਾਂ ਦੀ ਵਰਤੋਂ ਨੂੰ ਯਕੀਨੀ ਬਣਾਉਣਾ।

  • ਨਿਰਮਾਣ ਅਤੇ ਡਿਜ਼ਾਈਨ: ਉੱਚ-ਗੁਣਵੱਤਾ ਵਾਲੇ ਭਾਂਡਿਆਂ ਲਈ ਲੋੜੀਂਦੇ ਆਕਾਰ, ਮਾਪ ਅਤੇ ਕਾਰੀਗਰੀ ਦਾ ਵੇਰਵਾ ਦੇਣਾ।

  • ਪ੍ਰਦਰਸ਼ਨ ਟੈਸਟ: ਇਸ ਵਿੱਚ ਟਿਕਾਊਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਲੂਮੀਨੀਅਮ ਦੇ ਲੰਚ ਬਾਕਸ ਲਈ ਵਿਸ਼ੇਸ਼ ਟੈਸਟ ਸ਼ਾਮਲ ਹਨ।

ਸਟੇਨਲੈੱਸ ਸਟੀਲ ਦੇ ਭਾਂਡਿਆਂ ਦੀ ਤਰ੍ਹਾਂ ਐਲੂਮੀਨੀਅਮ ਦੇ ਭਾਂਡਿਆਂ ਨੂੰ ਵੀ 14 ਮਾਰਚ, 2024 ਦੇ ਕੁਆਲਿਟੀ ਕੰਟਰੋਲ ਆਰਡਰ ਦੇ ਅਨੁਸਾਰ ਲਾਜ਼ਮੀ ਪ੍ਰਮਾਣੀਕਰਨ ਦੇ ਅਧੀਨ ਕੀਤਾ ਗਿਆ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਐਲੂਮੀਨੀਅਮ ਦੇ ਭਾਂਡਿਆਂ ਦਾ ਨਿਰਮਾਣ, ਆਯਾਤ, ਵੇਚ, ਵੰਡ, ਸਟੋਰ, ਕਿਰਾਏ, ਪੱਟੇ 'ਤੇ ਜਾਂ ਵਿਕਰੀ ਲਈ ਪ੍ਰਦਰਸ਼ਨੀ ਨਹੀਂ ਕਰ ਸਕਦਾ ਹੈ, ਜੋ ਬੀਆਈਐੱਸ ਮਿਆਰਾਂ ਨੂੰ ਪੂਰਾ ਨਹੀਂ ਕਰਦੇ ਅਤੇ ਜਿਨ੍ਹਾਂ ’ਤੇ ਬੀਆਈਐੱਸ ਸਟੈਂਡਰਡ ਮਾਰਕ ਨਹੀਂ ਲੱਗਾ ਹੈ। ਇਸ ਹੁਕਮ ਦੀ ਉਲੰਘਣਾ ਕਾਨੂੰਨੀ ਸਜ਼ਾ ਦੇ ਅਧੀਨ ਹੈ, ਜੋ ਕਿ ਜਨਤਕ ਸਿਹਤ ਦੀ ਸੁਰੱਖਿਆ ਅਤੇ ਰਸੋਈ ਦੇ ਸਾਮਾਨ ਦੇ ਉਤਪਾਦਾਂ ਵਿੱਚ ਭਰੋਸਾ ਬਣਾਈ ਰੱਖਣ ਵਿੱਚ ਪਾਲਣਾ ਦੀ ਮਹੱਤਤਾ ਨੂੰ ਮਜ਼ਬੂਤ ​​​​ਕਰਦੀ ਹੈ। 

ਗੁਣਵੱਤਾ ਅਤੇ ਖਪਤਕਾਰ ਵਿਸ਼ਵਾਸ ਨੂੰ ਯਕੀਨੀ ਬਣਾਉਣਾ

ਸਟੇਨਲੈੱਸ ਸਟੀਲ ਅਤੇ ਐਲੂਮੀਨੀਅਮ ਦੇ ਭਾਂਡਿਆਂ ਲਈ ਬੀਆਈਐੱਸ ਦੇ ਸਖ਼ਤ ਮਾਪਦੰਡ ਇਹ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਨ ਕਿ ਭਾਰਤ ਭਰ ਵਿੱਚ ਘਰਾਂ ਅਤੇ ਵਪਾਰਕ ਸੈਟਿੰਗਾਂ ਵਿੱਚ ਵਰਤੇ ਜਾਣ ਵਾਲੇ ਰਸੋਈ ਦੇ ਸਮਾਨ ਉੱਚਤਮ ਸੁਰੱਖਿਆ ਅਤੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਸਖ਼ਤ ਟੈਸਟਿੰਗ ਅਤੇ ਪ੍ਰਮਾਣੀਕਰਨ ਪ੍ਰਕਿਰਿਆਵਾਂ ਨੂੰ ਲਾਗੂ ਕਰਕੇ, ਬੀਆਈਐੱਸ ਖਪਤਕਾਰਾਂ ਨੂੰ ਘਟੀਆ ਉਤਪਾਦਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਬਰਤਨ ਵਰਤਣ ਲਈ ਸੁਰੱਖਿਅਤ ਹਨ ਅਤੇ ਲੰਬੇ ਸਮੇਂ ਤੱਕ ਚੱਲਦੇ ਹਨ। 

ਇਹ ਉਪਾਅ ਖਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਨਿਰਮਾਤਾਵਾਂ ਨੂੰ ਉਤਪਾਦਨ ਵਿੱਚ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਉਦਯੋਗ ਵਿੱਚ ਸਮੁੱਚੇ ਸੁਧਾਰ ਹੁੰਦੇ ਹਨ।  ਬੀਆਈਐੱਸ ਸਟੈਂਡਰਡ ਮਾਰਕ ਗੁਣਵੱਤਾ ਦੇ ਇੱਕ ਭਰੋਸੇਯੋਗ ਸੂਚਕ ਵਜੋਂ ਕੰਮ ਕਰਦਾ ਹੈ, ਉਪਭੋਗਤਾਵਾਂ ਨੂੰ ਸੂਚਿਤ ਵਿਕਲਪ ਬਣਾਉਣ ਵਿੱਚ ਮਾਰਗਦਰਸ਼ਨ ਕਰਦਾ ਹੈ ਅਤੇ ਰਸੋਈ ਦੇ ਭਾਂਡਿਆਂ ਵਿੱਚ ਉੱਤਮਤਾ ਅਤੇ ਸੁਰੱਖਿਆ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ। 

 

***************

 

ਏਡੀ/ਐੱਨਐੱਸ


(Release ID: 2030993) Visitor Counter : 74