ਪ੍ਰਧਾਨ ਮੰਤਰੀ ਦਫਤਰ

ਐੱਸਸੀਓ ਸਮਿਟ (SCO summit) ‘ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ

Posted On: 04 JUL 2024 1:29PM by PIB Chandigarh

ਇਹ ਟਿੱਪਣੀਆਂ ਸਮਿਟ ਵਿੱਚ ਉਪਸਥਿਤ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕੀਤੀਆਂ।

ਮਹਾਮਹਿਮ,

ਭਾਰਤ ਸ਼ਲਾਘਾ ਦੇ ਨਾਲ ਯਾਦ ਕਰਦਾ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇ ਰੂਪ ਵਿੱਚ ਉਸ ਦਾ ਪ੍ਰਵੇਸ਼ 2017 ਕਜ਼ਾਕਿਸਤਾਨ ਪ੍ਰੈਜ਼ੀਡੈਂਸੀ ਦੇ ਦੌਰਾਨ ਹੋਇਆ ਸੀ। ਤਦ ਤੋਂ, ਅਸੀਂ ਐੱਸਸੀਓ ਵਿੱਚ ਪ੍ਰਧਾਨਗੀ ਦਾ ਇੱਕ ਚੱਕਰ ਪੂਰਾ ਕਰ ਲਿਆ ਹੈ। ਭਾਰਤ ਨੇ 2020 ਵਿੱਚ ਸਰਕਾਰ ਦੇ ਪ੍ਰਮੁੱਖਾਂ ਦੀ ਕੌਂਸਲ ਦੀ ਬੈਠਕ ਦੇ ਨਾਲ-ਨਾਲ 2023 ਵਿੱਚ ਰਾਜ ਦੇ ਮੁਖੀਆਂ ਦੀ ਕੌਂਸਲ ਦੀ ਬੈਠਕ ਦੀ ਮੇਜ਼ਬਾਨੀ ਕੀਤੀ। ਐੱਸਸੀਓ ਸਾਡੀ ਵਿਦੇਸ਼ ਨੀਤੀ ਵਿੱਚ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ।

ਅਸੀਂ ਸੰਗਠਨ ਦੇ ਮੈਂਬਰ ਦੇ ਰੂਪ ਵਿੱਚ ਹਿੱਸਾ ਲੈਣ ਵਾਲੇ ਈਰਾਨ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਮੈਂ ਹੈਲੀਕਾਪਟਰ ਦੁਰਘਟਨਾ ਵਿੱਚ ਰਾਸ਼ਟਰਪਤੀ ਰਾਏਸੀ (President Raisi) ਅਤੇ ਹੋਰ ਲੋਕਾਂ ਦੀ ਦੁਖਦਾਈ ਮੌਤ ‘ਤੇ ਆਪਣੀ ਗਹਿਰੀ ਸੰਵੇਦਨਾ ਵਿਅਕਤ ਕਰਦਾ ਹਾਂ।

ਮੈਂ ਰਾਸ਼ਟਰਪਤੀ ਲੁਕਾਸ਼ੈਂਕੋ (President Lukashenko) ਨੂੰ ਵੀ ਵਧਾਈ ਦਿੰਦਾ ਹਾਂ ਅਤੇ ਸੰਗਠਨ ਦੇ ਨਵੇਂ ਮੈਂਬਰ ਦੇ ਰੂਪ ਵਿੱਚ ਬੇਲਾਰੂਸ ਦਾ ਸੁਆਗਤ ਕਰਦਾ ਹਾਂ।

ਮਹਾਮਹਿਮ,

ਅਸੀਂ ਅੱਜ ਮਹਾਮਾਰੀ ਦੇ ਪ੍ਰਭਾਵ, ਚੱਲ ਰਹੇ ਸੰਘਰਸ਼ਾਂ, ਵਧਦੇ ਤਣਾਅ, ਵਿਸ਼ਵਾਸ ਦੀ ਕਮੀ ਅਤੇ ਦੁਨੀਆ ਭਰ ਵਿੱਚ ਹੌਟਸਪੌਟ ਦੀ ਵਧਦੀ ਸੰਖਿਆ ਦੇ ਪਿਛੋਕੜ ਵਿੱਚ ਇਕੱਠੇ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਅੰਤਰਰਾਸ਼ਟਰੀ ਸਬੰਧਾਂ ਅਤੇ ਆਲਮੀ ਆਰਥਿਕ ਵਿਕਾਸ ‘ਤੇ ਮਹੱਤਵਪੂਰਨ ਦਬਾਅ ਪਾਇਆ ਹੈ। ਉਨ੍ਹਾਂ ਨੇ ਵਿਸ਼ਵੀਕਰਣ ਤੋਂ ਪੈਦਾ ਹੋਈਆਂ ਕੁਝ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਸੰਮੇਲਨ ਦਾ ਉਦੇਸ਼ ਵਿਕਾਸ ਦੇ ਨਤੀਜੇ ਵਜੋਂ ਆਈਆਂ ਇਨ੍ਹਾਂ ਚੁਣੌਤੀਆਂ ਨੂੰ ਘੱਟ ਕਰਨ ਦੇ ਲਈ ਜ਼ਮੀਨ ਦੀ ਤਲਾਸ਼ ਕਰਨਾ ਹੈ।

ਐੱਸਸੀਓ ਇੱਕ ਸਿਧਾਂਤ-ਅਧਾਰਿਤ ਸੰਗਠਨ ਹੈ, ਜਿਸ ਦੀ ਸਰਬਸੰਮਤੀ ਇਸ ਦੇ ਮੈਂਬਰ ਦੇਸ਼ਾਂ ਦੇ ਦ੍ਰਿਸ਼ਟੀਕੋਣ ਨੂੰ ਸੰਚਾਲਿਤ ਕਰਦੀ ਹੈ। ਇਸ ਸਮੇਂ, ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਅਸੀਂ ਆਪਣੀਆਂ ਵਿਦੇਸ਼ ਨੀਤੀਆਂ ਦੇ ਅਧਾਰ ਦੇ ਰੂਪ ਵਿੱਚ ਪ੍ਰਭੂਸੱਤਾ, ਸੁਤੰਤਰਤਾ, ਖੇਤਰੀ ਅਖੰਡਤਾ, ਸਮਾਨਤਾ, ਆਪਸੀ ਲਾਭ, ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ, ਬਲ ਦਾ ਪ੍ਰਯੋਗ ਨਾ ਕਰਨ ਜਾਂ ਬਲ ਪ੍ਰਯੋਗ ਦੀ ਧਮਕੀ ਦੇ ਲਈ ਆਪਸੀ ਸਨਮਾਨ ਨੂੰ ਦੁਹਰਾ ਰਹੇ ਹਨ। ਅਸੀਂ ਰਾਜ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਦੇ ਉਲਟ ਕੋਈ ਵੀ ਕਦਮ ਨਾ ਉਠਾਉਣ ‘ਤੇ ਵੀ ਸਹਿਮਤੀ ਵਿਅਕਤ ਕੀਤੀ ਹੈ।

ਅਜਿਹਾ ਕਰਦੇ ਸਮੇਂ, ਸੁਭਾਵਿਕ ਤੌਰ ‘ਤੇ ਆਤੰਕਵਾਦ ਦਾ ਮੁਕਾਬਲਾ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ, ਇਹ ਸ਼ੰਘਾਈ ਸਹਿਯੋਗ ਸੰਗਠਨ ਦੇ ਮੂਲ ਲਕਸ਼ਾਂ ਵਿੱਚੋਂ ਇੱਕ ਹੈ। ਸਾਡੇ ਵਿੱਚੋਂ ਕਈ ਲੋਕਾਂ ਦੇ ਕੋਲ ਅਜਿਹੇ ਅਨੁਭਵ ਹਨ, ਜੋ ਅਕਸਰ ਸਾਡੀਆਂ ਸੀਮਾਵਾਂ ਤੋਂ ਪਰ੍ਹੇ ਪੈਦਾ ਹੁੰਦੇ ਹਨ। ਸਾਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਜੇਕਰ ਇਸ ਨੂੰ ਬੇਕਾਬੂ ਛੱਡ ਦਿੱਤਾ ਜਾਵੇ, ਤਾਂ ਇਹ ਖੇਤਰੀ ਅਤੇ ਆਲਮੀ ਸ਼ਾਂਤੀ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ। ਕਿਸੇ ਵੀ ਰੂਪ ਜਾਂ ਪ੍ਰਗਟਾਵੇ ਵਿੱਚ ਆਤੰਕਵਾਦ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਹੈ ਜਾਂ ਉਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ।  ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇਸ਼ਾਂ ਨੂੰ ਵੱਖੋ-ਵੱਖਰੇ ਅਤੇ ਬੇਨਕਾਬ ਕਰਨਾ ਚਾਹੀਦਾ ਹੈ ਜੋ ਆਤੰਕਵਾਦੀਆਂ ਨੂੰ ਸੁਰੱਖਿਆ ਦਿੰਦੇ ਹਨ ਅਤੇ ਆਤੰਕਵਾਦ ਨੂੰ ਹੁਲਾਰਾ ਦਿੰਦੇ ਹਨ। ਸੀਮਾ ਪਾਰ ਆਤੰਕਵਾਦ ਦਾ ਨਿਰਣਾਇਕ ਜੁਆਬ ਦੇਣ ਦੀ ਜ਼ਰੂਰਤ ਹੈ ਅਤੇ ਆਤੰਕਵਾਦ ਦੇ ਵਿੱਤਪੋਸ਼ਣ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਆਪਣੇ ਨੌਜਵਾਨਾਂ ਵਿੱਚ ਕੱਟੜਪੰਥ ਨੂੰ ਫੈਲਣ ਤੋਂ ਰੋਕਣ ਲਈ ਵੀ ਸਰਗਰਮ ਕਦਮ ਉਠਾਉਣੇ ਚਾਹੀਦੇ ਹਨ। ਪਿਛਲੇ ਵਰ੍ਹੇ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਇਸ ਵਿਸ਼ੇ ‘ਤੇ ਜਾਰੀ ਸੰਯੁਕਤ ਬਿਆਨ ਸਾਡੀ ਸਾਂਝੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

ਅੱਜ ਸਾਡੇ ਸਾਹਮਣੇ ਇੱਕ ਹੋਰ ਪ੍ਰਮੁੱਖ ਚਿੰਤਾ ਜਲਵਾਯੂ ਪਰਿਵਰਤਨ ਦੀ ਹੈ। ਅਸੀਂ ਵੈਕਲਪਿਕ ਈਂਧਣ ਵਿੱਚ ਬਦਲਾਅ, ਇਲੈਕਟ੍ਰਿਕ ਵਹੀਕਲਜ਼ ਨੂੰ ਅਪਣਾਉਣ ਅਤੇ ਜਲਵਾਯੂ-ਲਚੀਲੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਸਹਿਤ ਨਿਕਾਸੀ ਵਿੱਚ ਪ੍ਰਤੀਬੱਧ ਕਮੀ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਇਸ ਸੰਦਰਭ ਵਿੱਚ, ਭਾਰਤ ਦੀ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰਧਾਨਗੀ ਦੇ ਦੌਰਾਨ, ਉੱਭਰਦੇ ਈਂਧਣਾਂ ‘ਤੇ ਇੱਕ ਸੰਯੁਕਤ ਬਿਆਨ ਅਤੇ  ਆਵਾਜਾਈ ਖੇਤਰ ਵਿੱਚ ਡੀ-ਕਾਰਬੋਨਾਈਜ਼ੇਸ਼ਨ 'ਤੇ ਇੱਕ ਸੰਕਲਪ ਪੱਤਰ ਨੂੰ ਮਨਜ਼ੂਰੀ ਦਿੱਤੀ ਗਈ।

ਮਹਾਮਹਿਮ,

ਆਰਥਿਕ ਵਿਕਾਸ ਦੇ ਲਈ ਮਜ਼ਬੂਤ ਕਨੈਕਟੀਵਿਟੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਸਾਡੇ ਸਮਾਜਾਂ ਦੇ ਦਰਮਿਆਨ ਸਹਿਯੋਗ ਅਤੇ ਵਿਸ਼ਵਾਸ ਦਾ ਮਾਰਗ ਵੀ ਪੱਧਰਾ ਹੋ ਸਕਦਾ ਹੈ। ਕਨੈਕਟੀਵਿਟੀ ਅਤੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਲਈ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਜ਼ਰੂਰੀ ਹੈ। ਇਸੇ ਤਰ੍ਹਾਂ ਪੱਖਪਾਤੀ ਵਪਾਰ ਅਧਿਕਾਰ ਅਤੇ ਆਵਾਜਾਈ ਪ੍ਰਣਾਲੀਆਂ ਵੀ ਹਨ। ਐੱਸਸੀਓ ਨੂੰ ਇਨ੍ਹਾਂ ਪਹਿਲੂਆਂ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਦੀ ਜ਼ਰੂਰਤ ਹੈ।

 

21ਵੀਂ ਸਦੀ ਟੈਕਨੋਲੋਜੀ ਦੀ ਸਦੀ ਹੈ। ਸਾਨੂੰ ਟੈਕਨੋਲੋਜੀ ਨੂੰ ਰਚਨਾਤਮਕ ਬਣਾਉਣਾ ਹੋਵੇਗਾ ਅਤੇ ਇਸ ਨੂੰ ਆਪਣੇ ਸਮਾਜ ਦੀ ਭਲਾਈ ਅਤੇ ਤਰੱਕੀ ਦੇ ਲਈ ਲਾਗੂ ਕਰਨਾ ਹੋਵੇਗਾ। ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਰਾਸ਼ਟਰੀ ਰਣਨੀਤੀ ਤਿਆਰ ਕਰਨ ਅਤੇ ਏਆਈ ਮਿਸ਼ਨ ਸ਼ੁਰੂ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ‘ਏਆਈ ਫਾਰ ਆਲ’ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਏਆਈ ਸਹਿਯੋਗ ‘ਤੇ ਰੋਡਮੈਪ ‘ਤੇ ਐੱਸਸੀਓ ਫ੍ਰੇਮਵਰਕ ਦੇ ਅੰਦਰ ਕੰਮ ਕਰਨ ਵਿੱਚ ਵੀ ਪ੍ਰਤੀਬਿੰਬਿਤ ਹੁੰਦੀ ਹੈ।

ਭਾਰਤ ਦਾ ਇਸ ਖੇਤਰ ਦੇ ਲੋਕਾਂ ਦੇ ਨਾਲ ਗਹਿਰਾ ਸੱਭਿਅਤਾਗਤ ਸਬੰਧ ਹੈ। ਐੱਸਸੀਓ ਦੇ ਲਈ ਮੱਧ ਏਸ਼ੀਆ ਦੇ ਮਹੱਤਵ ਨੂੰ ਪਹਿਚਾਣਦੇ ਹੋਏ, ਅਸੀਂ ਉਨ੍ਹਾਂ ਦੇ ਹਿਤਾਂ ਅਤੇ ਇੱਛਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਹ ਉਨ੍ਹਾਂ ਦੇ ਨਾਲ ਵੱਧ ਤੋਂ ਵੱਧ ਅਦਾਨ-ਪ੍ਰਦਾਨ, ਪ੍ਰੋਜੈਕਟਾਂ ਅਤੇ ਗਤੀਵਿਧੀਆਂ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ।

 

ਸਾਡੇ ਲਈ ਐੱਸਸੀਓ ਵਿੱਚ ਸਹਿਯੋਗ ਜਨ-ਕੇਂਦ੍ਰਿਤ ਰਿਹਾ ਹੈ। ਭਾਰਤ ਨੇ ਆਪਣੀ ਪ੍ਰਧਾਨਗੀ ਦੇ ਦੌਰਾਨ ਐੱਸਸੀਓ ਮਿਲਟਸ ਫੂਡ ਫੈਸਟੀਵਲ, ਐੱਸਸੀਓ ਫਿਲਮ ਫੈਸਟੀਵਲ, ਐੱਸਸੀਓ ਸੂਰਜਕੁੰਡ ਕਰਾਫਟ ਮੇਲਾ, ਐੱਸਸੀਓ ਥਿੰਕ-ਟੈਂਕਸ ਕਾਨਫਰੰਸ ਅਤੇ ਸਾਂਝੀ ਬੌਧ ਵਿਰਾਸਤ ‘ਤੇ ਇੰਟਰਨੈਸ਼ਨਲ ਕਾਨਫਰੰਸ ਆਯੋਜਿਤ ਕੀਤੀਆਂ ਹਨ। ਅਸੀਂ ਸੁਭਾਵਿਕ ਤੌਰ ‘ਤੇ ਦੂਸਰਿਆਂ ਦੇ ਇਸੇ ਤਰ੍ਹਾਂ ਦੇ ਪ੍ਰਯਾਸਾਂ ਦਾ ਸਮਰਥਨ ਕਰਾਂਗੇ।

 

ਮੈਨੂੰ ਪ੍ਰਸੰਨਤਾ ਹੈ ਕਿ ਪਿਛਲੇ ਵਰ੍ਹੇ ਇਸ ਦੇ ਉਦਘਾਟਨ ਦੇ ਬਾਅਦ ਤੋਂ ਐੱਸਸੀਓ ਸਕੱਤਰੇਤ ਦੇ ਨਵੀਂ ਦਿੱਲੀ ਹਾਲ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਇਸ ਵਿੱਚ 2024 ਵਿੱਚ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੀ ਸ਼ਾਮਲ ਹੈ।

 

ਮਹਾਮਹਿਮ,

ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਸ਼ੰਘਾਈ ਸਹਿਯੋਗ ਸਮਿਟ ਸਾਨੂੰ ਲੋਕਾਂ ਨੂੰ ਇਕਜੁੱਟ ਕਰਨ, ਸਹਿਯੋਗ ਕਰਨ, ਵਿਕਾਸ ਅਤੇ ਇਕੱਠਿਆਂ ਸਮ੍ਰਿੱਧ ਹੋਣ ਲਈ ਇੱਕ ਅਨੂਠਾ ਮੰਚ ਪ੍ਰਦਾਨ ਕਰਦਾ ਹੈ। ਜੋ ਵਸੁਧੈਵ ਕੁਟੁੰਬਕਮ (वसुधैव कुटुम्बकम) ਦੇ ਹਜ਼ਾਰਾਂ ਵਰ੍ਹੇ ਪੁਰਾਣੇ ਸਿਧਾਂਤ ਦੀ ਪਾਲਣਾ ਕਰਦਾ ਹੈ ਜਿਸ ਦਾ ਅਰਥ ਹੈ ‘ਵਿਸ਼ਵ ਇੱਕ ਪਰਿਵਾਰ ਹੈ’। ਸਾਨੂੰ ਇਨ੍ਹਾਂ ਭਾਵਨਾਵਾਂ ਨੂੰ ਲਗਾਤਾਰ ਵਿਵਹਾਰਿਕ ਸਹਿਯੋਗ ਵਿੱਚ ਪਰਿਵਰਤਿਤ ਕਰਨਾ ਚਾਹੀਦਾ ਹੈ। ਮੈਂ ਅੱਜ ਲਏ ਜਾਣ ਵਾਲੇ ਮਹੱਤਵਪੂਰਨ ਫੈਸਲਿਆਂ ਦਾ ਸੁਆਗਤ ਕਰਦਾ ਹਾਂ।

 

ਮੈਂ ਐੱਸਸੀਓ ਸਮਿਟ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਦੇ ਲਈ ਕਜ਼ਾਕਿਸਤਾਨ ਨੂੰ ਸ਼ੁਭਕਾਮਨਾਵਾਂ ਦੇ ਕੇ ਆਪਣੀ ਗੱਲ ਖਤਮ ਕਰਦਾ ਹਾਂ ਅਤੇ ਅਗਲੇ ਪ੍ਰੈਜ਼ੀਡੈਂਸੀ ਅਹੁਦੇ ਲਈ ਚੀਨ ਨੂੰ ਵਧਾਈ ਦਿੰਦਾ ਹਾਂ।

************

ਡੀਐੱਸ/ਐੱਸਆਰ



(Release ID: 2030780) Visitor Counter : 9