ਸੰਸਦੀ ਮਾਮਲੇ
ਦੋਵੇਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੇ ਨਾਲ ਹੀ ਸੰਸਦ ਦਾ ਸੈਸ਼ਨ ਸਮਾਪਤ ਹੋ ਗਿਆ
539 ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ
ਦੋਵੇਂ ਸਦਨਾਂ ਨੇ 100 ਪ੍ਰਤੀਸ਼ਤ ਤੋਂ ਵੱਧ ਉਤਪਾਦਕਤਾ ਦਰਜ ਕੀਤੀ
प्रविष्टि तिथि:
03 JUL 2024 5:18PM by PIB Chandigarh
18ਵੀਂ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ, ਲੋਕ ਸਭਾ ਦਾ ਪਹਿਲਾ ਸੈਸ਼ਨ ਅਤੇ ਰਾਜ ਸਭਾ ਦਾ 264ਵਾਂ ਸੈਸ਼ਨ ਕ੍ਰਮਵਾਰ 24 ਤੋਂ 27 ਜੂਨ ਨੂੰ ਬੁਲਾਇਆ ਗਿਆ ਸੀ। ਲੋਕ ਸਭਾ ਦੀ ਕਾਰਵਾਈ ਕੱਲ੍ਹ, 2 ਜੁਲਾਈ, 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ, ਜਦੋਂ ਕਿ ਰਾਜ ਸਭਾ ਦੀ ਕਾਰਵਾਈ ਅੱਜ, 3 ਜੁਲਾਈ, 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸੰਸਦ ਦੇ ਇਸ ਸੈਸ਼ਨ ਦੀ ਕਾਰਵਾਈ ਦੇ ਵੇਰਵੇ ਪੇਸ਼ ਕੀਤੇ। ਲੋਕ ਸਭਾ ਦੇ ਪਹਿਲੇ ਦੋ ਦਿਨ ਵਿਸ਼ੇਸ਼ ਤੌਰ 'ਤੇ 18ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਸਹੁੰ ਚੁਕਾਉਣ ਦੇ ਉਦੇਸ਼ ਲਈ ਸਮਰਪਿਤ ਸਨ। ਇਜਲਾਸ ਦੌਰਾਨ ਕੁੱਲ 542 ਮੈਂਬਰਾਂ ਵਿੱਚੋਂ 539 ਮੈਂਬਰਾਂ ਨੇ ਸਹੁੰ ਚੁੱਕੀ।
ਸਹੁੰ/ਪੁਸ਼ਟੀ ਦੀ ਸੁਵਿਧਾ ਲਈ, ਭਾਰਤ ਦੇ ਰਾਸ਼ਟਰਪਤੀ ਨੇ ਸੰਵਿਧਾਨ ਦੇ ਅਨੁਛੇਦ 95(1) ਦੇ ਤਹਿਤ ਸ਼੍ਰੀ ਭਰਤਰੂਹਰੀ ਮਹਿਤਾਬ (Bhartruhari Mehtab) ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਅਤੇ ਸ਼੍ਰੀ ਸੁਰੇਸ਼ ਕੋਡੀਕੁੰਨਿਲ, ਸ਼੍ਰੀ ਰਾਧਾ ਮੋਹਨ ਸਿੰਘ, ਸ਼੍ਰੀ ਫੱਗਨ ਸਿੰਘ ਕੁਲਸਤੇ, ਸ਼੍ਰੀ ਟੀ ਆਰ ਬਾਲੂ ਅਤੇ ਸ਼੍ਰੀ ਸੁਦੀਪ ਬੰਦੋਪਾਧਿਆਏ ਨੂੰ ਅਜਿਹੇ ਵਿਅਕਤੀਆਂ ਵਜੋਂ ਨਿਯੁਕਤ ਕੀਤਾ, ਜਿਨ੍ਹਾਂ ਦੇ ਸਾਹਮਣੇ ਮੈਂਬਰ ਸੰਵਿਧਾਨ ਦੇ ਆਰਟੀਕਲ 99 ਦੇ ਤਹਿਤ ਸਹੁੰ/ਪੁਸ਼ਟੀ ਕਰ ਸਕਦੇ ਹਨ ਅਤੇ ਹਸਤਾਖਰ ਕਰ ਸਕਦੇ ਹਨ।
26 ਜੂਨ, 2024 ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਈ ਅਤੇ ਲੋਕ ਸਭਾ ਮੈਂਬਰ ਸ਼੍ਰੀ ਓਮ ਬਿਰਲਾ ਨੂੰ ਆਵਾਜ਼ ਵੋਟ ਰਾਹੀਂ ਸਪੀਕਰ ਚੁਣਿਆ ਗਿਆ। ਉਸੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਆਪਣੀ ਕੈਬਨਿਟ ਨਾਲ ਜਾਣ-ਪਹਿਚਾਣ ਕਰਵਾਈ।
27 ਜੂਨ, 2024 ਨੂੰ, ਰਾਸ਼ਟਰਪਤੀ ਨੇ ਸੰਵਿਧਾਨ ਦੇ ਅਨੁਛੇਦ 87 ਦੇ ਤਹਿਤ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ, ਜਿਸ ਵਿੱਚ ਸਰਕਾਰ ਦੀਆਂ ਪਿਛਲੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਅਤੇ ਰਾਸ਼ਟਰ ਦੇ ਭਵਿੱਖ ਦੇ ਵਿਕਾਸ ਲਈ ਰੂਪ-ਰੇਖਾ ਦਾ ਵੇਰਵਾ ਵੀ ਦਿੱਤਾ ਗਿਆ।
27 ਜੂਨ, 2024 ਨੂੰ, ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਆਪਣੀ ਕੈਬਨਿਟ ਦੀ ਜਾਣ-ਪਹਿਚਾਣ ਕਰਵਾਈ।
ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ 28 ਜੂਨ, 2024 ਨੂੰ ਦੋਵੇਂ ਸਦਨਾਂ ਵਿੱਚ ਸ਼ੁਰੂ ਹੋਣੀ ਨਿਰਧਾਰਿਤ ਕੀਤੀ ਗਈ ਸੀ।
ਲੋਕ ਸਭਾ 'ਚ ਹੰਗਾਮੇ ਕਾਰਨ ਇਸ ਵਿਸ਼ੇ 'ਤੇ ਬਹਿਸ 1 ਜੁਲਾਈ 2024 ਨੂੰ ਹੀ ਸ਼ੁਰੂ ਹੋ ਸਕੀ। ਸ਼੍ਰੀ ਅਨੁਰਾਗ ਠਾਕੁਰ, ਸੰਸਦ ਮੈਂਬਰ ਨੇ ਬਹਿਸ ਦੀ ਸ਼ੁਰੂਆਤ ਕੀਤੀ, ਜਦੋਂ ਕਿ ਸੁਸ਼੍ਰੀ ਬਾਂਸੁਰੀ ਸਵਰਾਜ, ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਚਰਚਾ ਦਾ ਸਮਰਥਨ ਕੀਤਾ। ਕੁੱਲ 68 ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲਿਆ, ਜਦੋਂ ਕਿ 50 ਤੋਂ ਵੱਧ ਮੈਂਬਰਾਂ ਨੇ ਆਪਣੇ ਭਾਸ਼ਣ ਸਦਨ ਦੇ ਮੇਜ਼ 'ਤੇ ਰੱਖੇ। 2 ਜੁਲਾਈ, 2024 ਨੂੰ 18 ਘੰਟਿਆਂ ਤੋਂ ਵੱਧ ਦੀ ਚਰਚਾ ਤੋਂ ਬਾਅਦ ਪ੍ਰਧਾਨ ਮੰਤਰੀ ਦੁਆਰਾ ਬਹਿਸ ਦਾ ਜਵਾਬ ਦਿੱਤਾ ਗਿਆ। ਲਗਭਗ 34 ਘੰਟਿਆਂ ਦੇ ਸਮੇਂ ਵਿੱਚ ਲੋਕ ਸਭਾ ਦੀਆਂ 7 ਬੈਠਕਾਂ ਹੋਈਆਂ ਅਤੇ ਇੱਕ ਦਿਨ ਦੇ ਵਿਘਨ ਦੇ ਬਾਵਜੂਦ ਉਤਪਾਦਕਤਾ 105 ਫੀਸਦੀ ਰਹੀ।
28 ਜੂਨ, 2024 ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਸ਼੍ਰੀ ਸੁਧਾਂਸ਼ੂ ਤ੍ਰਿਵੇਦੀ, ਸੰਸਦ ਮੈਂਬਰ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਸਮਰਥਨ ਸੁਸ਼੍ਰੀ ਕਵਿਤਾ ਪਾਟੀਦਾਰ, ਸੰਸਦ ਮੈਂਬਰ ਨੇ ਕੀਤਾ।
21 ਘੰਟਿਆਂ ਤੋਂ ਵੱਧ ਚੱਲੀ ਇਸ ਬਹਿਸ ਵਿੱਚ ਕੁੱਲ 76 ਮੈਂਬਰਾਂ ਨੇ ਹਿੱਸਾ ਲਿਆ, ਜਿਸ ਦਾ ਜਵਾਬ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਜੁਲਾਈ, 2024 ਨੂੰ ਦਿੱਤਾ। ਰਾਜ ਸਭਾ ਦੀ ਸਮੁੱਚੀ ਉਤਪਾਦਕਤਾ 100 ਪ੍ਰਤੀਸ਼ਤ ਤੋਂ ਵੱਧ ਰਹੀ।
******
ਬੀਨਾ ਯਾਦਵ/ਸ਼ੁਹੈਬ ਟੀ
(रिलीज़ आईडी: 2030677)
आगंतुक पटल : 133