ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ


“ਨਾਲੰਦਾ ਭਾਰਤ ਦੀ ਅਕਾਦਮਿਕ ਵਿਰਾਸਤ ਅਤੇ ਜੀਵੰਤ ਸੱਭਿਆਚਾਰਕ ਵਟਾਂਦਰੇ ਦਾ ਪ੍ਰਤੀਕ ਹੈ”

“ਨਾਲੰਦਾ ਸਿਰਫ਼ ਇੱਕ ਨਾਮ ਨਹੀਂ ਹੈ। ਨਾਲੰਦਾ ਇੱਕ ਪਹਿਚਾਣ ਹੈ, ਇੱਕ ਸਨਮਾਨ ਹੈ, ਇੱਕ ਕੀਮਤ ਹੈ, ਇੱਕ ਮੰਤਰ ਹੈ, ਇੱਕ ਗੌਰਵ ਹੈ ਅਤੇ ਇੱਕ ਗਾਥਾ ਹੈ"

"ਇਹ ਪੁਨਰ-ਸੁਰਜੀਤੀ ਭਾਰਤ ਲਈ ਇੱਕ ਸੁਨਹਿਰੀ ਯੁਗ ਸ਼ੁਰੂ ਕਰਨ ਜਾ ਰਹੀ ਹੈ"

“ਨਾਲੰਦਾ ਸਿਰਫ਼ ਭਾਰਤ ਦੇ ਅਤੀਤ ਦਾ ਪੁਨਰ-ਜਾਗਰਣ ਨਹੀਂ ਹੈ। ਦੁਨੀਆ ਅਤੇ ਏਸ਼ੀਆ ਦੇ ਕਈ ਦੇਸ਼ਾਂ ਦੀ ਵਿਰਾਸਤ ਇਸ ਨਾਲ ਜੁੜੀ ਹੈ"

“ਭਾਰਤ ਨੇ ਸਦੀਆਂ ਤੋਂ ਇੱਕ ਮਾਡਲ ਵਜੋਂ ਸਥਿਰਤਾ ਨੂੰ ਜੀਵਿਆ ਹੈ ਅਤੇ ਇਸ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਪ੍ਰਗਤੀ ਅਤੇ ਵਾਤਾਵਰਣ ਦੇ ਨਾਲ ਮਿਲ ਕੇ ਅੱਗੇ ਵਧਦੇ ਹਾਂ”

“ਮੇਰਾ ਮਿਸ਼ਨ ਹੈ ਕਿ ਭਾਰਤ ਵਿਸ਼ਵ ਲਈ ਸਿੱਖਿਆ ਅਤੇ ਗਿਆਨ ਦਾ ਕੇਂਦਰ ਬਣੇ। ਮੇਰਾ ਮਿਸ਼ਨ ਹੈ ਕਿ ਭਾਰਤ ਨੂੰ ਫਿਰ ਤੋਂ ਵਿਸ਼ਵ ਦੇ ਸਭ ਤੋਂ ਪ੍ਰਮੁੱਖ ਗਿਆਨ ਕੇਂਦਰ ਵਜੋਂ ਮਾਨਤਾ ਦਿੱਤੀ ਜਾਵੇ"

"ਸਾਡਾ ਯਤਨ ਹੈ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵਿਆਪਕ ਅਤੇ ਸੰਪੂਰਨ ਕੌਸ਼ਲ ਪ੍ਰਣਾਲੀ ਹੋਵੇ ਅਤੇ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਉੱਨਤ ਖੋਜ-ਮੁਖੀ ਉਚੇਰੀ ਸਿੱਖਿਆ ਪ੍ਰਣਾਲੀ ਹੋਵੇ"

"ਮੈਨੂੰ ਵਿਸ਼ਵਾਸ ਹੈ ਕਿ ਨਾਲੰਦਾ ਆਲਮੀ ਹਿਤ ਦਾ ਇੱਕ ਮਹੱਤਵਪੂਰਨ ਕੇਂਦਰ ਬਣੇਗਾ"

Posted On: 19 JUN 2024 12:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਗੀਰ, ਬਿਹਾਰ ਵਿਖੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਯੂਨੀਵਰਸਿਟੀ ਦੀ ਪਰਿਕਲਪਨਾ ਭਾਰਤ ਅਤੇ ਪੂਰਬੀ ਏਸ਼ੀਆ ਸਮਿਟ (ਈਏਐੱਸ) ਦੇਸ਼ਾਂ ਵਿਚਕਾਰ ਇੱਕ ਸਹਿਯੋਗ ਵਜੋਂ ਕੀਤੀ ਗਈ ਹੈ। ਇਸ ਉਦਘਾਟਨ ਸਮਾਰੋਹ ਵਿੱਚ 17 ਦੇਸ਼ਾਂ ਦੇ ਮਿਸ਼ਨਾਂ ਦੇ ਮੁਖੀਆਂ ਸਮੇਤ ਕਈ ਉੱਘੇ ਲੋਕ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਇੱਕ ਪੌਦਾ ਭੀ ਲਗਾਇਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ 10 ਦਿਨਾਂ ਦੇ ਅੰਦਰ ਨਾਲੰਦਾ ਦਾ ਦੌਰਾ ਕਰਕੇ ਆਪਣੇ ਸੁਭਾਗੇ ਹੋਣ 'ਤੇ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਭਾਰਤ ਦੀ ਵਿਕਾਸ ਯਾਤਰਾ ਵੱਲ ਇੱਕ ਸਕਾਰਾਤਮਕ ਸੰਕੇਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਨਾਲੰਦਾ ਸਿਰਫ਼ ਇੱਕ ਨਾਮ ਨਹੀਂ ਹੈ, ਇਹ ਇੱਕ ਪਹਿਚਾਣ ਹੈ, ਇੱਕ ਸਨਮਾਨ ਹੈ। ਨਾਲੰਦਾ ਮੂਲ ਹੈ, ਇਹ ਇੱਕ ਮੰਤਰ ਹੈ। ਨਾਲੰਦਾ ਇਸ ਸੱਚ ਦਾ ਐਲਾਨ ਹੈ ਕਿ ਗਿਆਨ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਭਾਵੇਂ ਕਿਤਾਬਾਂ ਅੱਗ ਵਿੱਚ ਸੜ ਜਾਣ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਵੀਂ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਭਾਰਤ ਦੇ ਸੁਨਹਿਰੀ ਯੁਗ ਦੀ ਸ਼ੁਰੂਆਤ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਦੇ ਪ੍ਰਾਚੀਨ ਖੰਡਰਾਂ ਦੇ ਨੇੜੇ ਪੁਨਰ-ਸੁਰਜੀਤੀ ਭਾਰਤ ਦੀਆਂ ਸਮਰੱਥਾਵਾਂ ਨੂੰ ਦੁਨੀਆ ਦੇ ਸਾਹਮਣੇ ਲਿਆਵੇਗੀ ਕਿਉਂਕਿ ਇਹ ਦੁਨੀਆ ਨੂੰ ਦੱਸੇਗਾ ਕਿ ਮਜ਼ਬੂਤ ​​ਮਨੁੱਖੀ ਕਦਰਾਂ-ਕੀਮਤਾਂ ਵਾਲੇ ਰਾਸ਼ਟਰ ਇਤਿਹਾਸ ਨੂੰ ਪੁਨਰ-ਸੁਰਜੀਤ ਕਰਕੇ ਬਿਹਤਰ ਸੰਸਾਰ ਦੀ ਸਿਰਜਣਾ ਕਰਨ ਦੇ ਸਮਰੱਥ ਹਨ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨਾਲੰਦਾ ਵਿਸ਼ਵ, ਏਸ਼ੀਆ ਅਤੇ ਕਈ ਦੇਸ਼ਾਂ ਦੀ ਵਿਰਾਸਤ ਨੂੰ ਸੰਭਾਲ਼ ਰਿਹਾ ਹੈ ਅਤੇ ਇਸ ਦੀ ਪੁਨਰ-ਸੁਰਜੀਤੀ ਭਾਰਤੀ ਪਹਿਲੂਆਂ ਨੂੰ ਪੁਨਰ-ਸੁਰਜੀਤ ਕਰਨ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨਾਲੰਦਾ ਪ੍ਰੋਜੈਕਟ ਵਿੱਚ ਮਿੱਤਰ ਦੇਸ਼ਾਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਇਹ ਅੱਜ ਦੇ ਉਦਘਾਟਨੀ ਸਮਾਰੋਹ ਵਿੱਚ ਬਹੁਤ ਸਾਰੇ ਦੇਸ਼ਾਂ ਦੀ ਮੌਜੂਦਗੀ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਨੇ ਨਾਲੰਦਾ ਦੀ ਸ਼ਾਨ ਨੂੰ ਵਾਪਸ ਲਿਆਉਣ ਲਈ ਬਿਹਾਰ ਦੇ ਲੋਕਾਂ ਦੇ ਦ੍ਰਿੜ੍ਹ ਸੰਕਲਪ ਲਈ ਭੀ ਪ੍ਰਸ਼ੰਸਾ ਕੀਤੀ।

ਨਾਲੰਦਾ ਕਿਸੇ ਸਮੇਂ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਜੀਵੰਤ ਕੇਂਦਰ ਹੋਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਦਾ ਅਰਥ ਗਿਆਨ ਅਤੇ ਸਿੱਖਿਆ ਦਾ ਨਿਰੰਤਰ ਪ੍ਰਵਾਹ ਹੈ ਅਤੇ ਸਿੱਖਿਆ ਪ੍ਰਤੀ ਇਹ ਭਾਰਤ ਦੀ ਪਹੁੰਚ ਅਤੇ ਸੋਚ ਰਹੀ ਹੈ। “ਸਿੱਖਿਆ ਸੀਮਾਵਾਂ ਤੋਂ ਪਰੇ ਹੈ। ਇਸ ਨੂੰ ਆਕਾਰ ਦਿੰਦੇ ਹੋਏ ਇਹ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਪੈਦਾ ਕਰਦੀ ਹੈ।”ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਪਹਿਚਾਣ ਅਤੇ ਰਾਸ਼ਟਰੀਅਤਾ ਦੀ ਪਰਵਾਹ ਕੀਤੇ ਬਿਨਾ ਦਾਖਲਾ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਨਾਲੰਦਾ ਯੂਨੀਵਰਸਿਟੀ ਕੈਂਪਸ ਦੇ ਨਵੇਂ ਉਦਘਾਟਨ ਕੀਤੇ ਗਏ ਉਹੀ ਪੁਰਾਤਨ ਪਰੰਪਰਾਵਾਂ ਨੂੰ ਆਧੁਨਿਕ ਰੂਪ ਵਿੱਚ ਮਜ਼ਬੂਤ ​​ਕਰਨ ਦੀ ਜ਼ਰੂਰਤ 'ਤੇ ਭੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਨਾਲੰਦਾ ਯੂਨੀਵਰਸਿਟੀ ਵਿੱਚ 20 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪਹਿਲਾਂ ਤੋਂ ਹੀ ਪੜ੍ਹ ਰਹੇ ਹਨ ਅਤੇ ਕਿਹਾ ਕਿ ਇਹ 'ਵਸੁਧੈਵ ਕੁਟੁੰਬਕਮ' (‘Vasudhaiva  Kutumbakam’) ਦੀ ਉੱਤਮ ਉਦਾਹਰਣ ਹੈ।

ਪ੍ਰਧਾਨ ਮੰਤਰੀ ਨੇ ਸਿੱਖਿਆ ਨੂੰ ਮਨੁੱਖੀ ਕਲਿਆਣ ਦੇ ਸਾਧਨ ਵਜੋਂ ਮੰਨਣ ਦੀ ਭਾਰਤੀ ਪਰੰਪਰਾ ਨੂੰ ਉਜਾਗਰ ਕੀਤਾ। ਉਨ੍ਹਾਂ ਆਉਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗ ਦਿਵਸ ਇੱਕ ਅੰਤਰਰਾਸ਼ਟਰੀ ਉਤਸਵ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਦੀਆਂ ਇੰਨੀਆਂ ਸਾਰੀਆਂ ਵਿਧਾਵਾਂ ਵਿਕਸਿਤ ਹੋਣ ਦੇ ਬਾਵਜੂਦ, ਭਾਰਤ ਵਿੱਚ ਕਿਸੇ ਨੇ ਭੀ ਯੋਗ 'ਤੇ ਕੋਈ ਏਕਾਧਿਕਾਰ ਨਹੀਂ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਰਤ ਨੇ ਆਯੁਰਵੇਦ ਨੂੰ ਪੂਰੀ ਦੁਨੀਆ ਨਾਲ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਥਿਰਤਾ ਪ੍ਰਤੀ ਭਾਰਤ ਦੀ ਸਮਰਪਣ ਭਾਵਨਾ ਨੂੰ ਭੀ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਵਿੱਚ ਅਸੀਂ ਪ੍ਰਗਤੀ ਅਤੇ ਵਾਤਾਵਰਣ ਨੂੰ ਨਾਲ ਲੈ ਕੇ ਚਲ ਰਹੇ ਹਨ। ਇਸ ਨੇ ਭਾਰਤ ਨੂੰ ਮਿਸ਼ਨ ਲਾਇਫ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੀਆਂ ਪਹਿਲਾਂ ਕਰਨ ਦੇ ਸਮਰੱਥ ਬਣਾਇਆ। ਉਨ੍ਹਾਂ ਨੇ ਕਿਹਾ ਕਿ ਨਾਲੰਦਾ ਕੈਂਪਸ ਆਪਣੀ ਮੋਹਰੀ ਨੈੱਟ ਜ਼ੀਰੋ ਐਨਰਜੀ, ਨੈੱਟ ਜ਼ੀਰੋ ਐਮੀਸ਼ਨ, ਨੈੱਟ ਜ਼ੀਰੋ ਵਾਟਰ ਅਤੇ ਨੈੱਟ ਜ਼ੀਰੋ ਵੇਸਟ ਮਾਡਲ (Net Zero Energy, Net Zero Emission, Net Zero Water and Net Zero Waste model) ਦੇ ਨਾਲ ਸਥਿਰਤਾ ਦੀ ਭਾਵਨਾ ਨੂੰ ਅੱਗੇ ਵਧਾਏਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਦਾ ਵਿਕਾਸ ਅਰਥਵਿਵਸਥਾ ਅਤੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਕਰਨ ਵੱਲ ਲੈ ਜਾਂਦਾ ਹੈ। ਇਹ ਵਿਸ਼ਵਵਿਆਪੀ ਤਜ਼ਰਬੇ ਅਤੇ ਵਿਕਸਿਤ ਦੇਸ਼ਾਂ ਦੇ ਤਜ਼ਰਬੇ ਤੋਂ ਪੈਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਜੋ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਲਕਸ਼ 'ਤੇ ਕੰਮ ਕਰ ਰਿਹਾ ਹੈ, ਆਪਣੀ ਸਿੱਖਿਆ ਪ੍ਰਣਾਲੀ ਨੂੰ ਭੀ ਬਦਲ ਰਿਹਾ ਹੈ"। ਉਨ੍ਹਾਂ ਅੱਗੇ ਕਿਹਾ, "ਮੇਰਾ ਮਿਸ਼ਨ ਇਹ ਹੈ ਕਿ ਭਾਰਤ ਦੁਨੀਆ ਲਈ ਸਿੱਖਿਆ ਅਤੇ ਗਿਆਨ ਦਾ ਕੇਂਦਰ ਬਣੇ। ਮੇਰਾ ਮਿਸ਼ਨ ਇਹ ਹੈ ਕਿ ਭਾਰਤ ਨੂੰ ਫਿਰ ਤੋਂ ਦੁਨੀਆ ਦੇ ਸਭ ਤੋਂ ਪ੍ਰਮੁੱਖ ਗਿਆਨ ਕੇਂਦਰ ਵਜੋਂ ਮਾਨਤਾ ਦਿੱਤੀ ਜਾਵੇ।” ਪ੍ਰਧਾਨ ਮੰਤਰੀ ਨੇ ਅਟਲ ਟਿੰਕਰਿੰਗ ਲੈਬਸ ਜੋ ਕਿ ਇੱਕ ਕਰੋੜ ਤੋਂ ਵੱਧ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਹਨ, ਚੰਦਰਯਾਨ ਅਤੇ ਗਗਨਯਾਨ ਦੁਆਰਾ ਪੈਦਾ ਕੀਤੀ ਵਿਗਿਆਨ ਵਿੱਚ ਦਿਲਚਸਪੀ ਅਤੇ ਸਟਾਰਟਅਪ ਇੰਡੀਆ ਜਿਹੀਆਂ ਪਹਿਲਾਂ ਦਾ ਜ਼ਿਕਰ ਕੀਤਾ, ਜਿਸ ਨਾਲ ਭਾਰਤ ਵਿੱਚ 10 ਸਾਲ ਪਹਿਲਾਂ ਕੁਝ ਸੌ ਤੋਂ 1.30 ਲੱਖ ਸਟਾਰਟਅੱਪ ਬਣੇ। ਉਨ੍ਹਾਂ ਪੇਟੈਂਟ ਅਤੇ ਖੋਜ ਪੱਤਰਾਂ ਦੀ ਰਿਕਾਰਡ ਸੰਖਿਆ ਅਤੇ 1 ਲੱਖ ਕਰੋੜ ਦੇ ਖੋਜ ਫੰਡਾਂ ਦਾ ਭੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਉੱਨਤ ਖੋਜ-ਮੁਖੀ ਉਚੇਰੀ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਸਭ ਤੋਂ ਵਿਆਪਕ ਅਤੇ ਸੰਪੂਰਨ ਕੌਸ਼ਲ ਪ੍ਰਣਾਲੀ ਬਣਾਉਣ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਗਲੋਬਲ ਰੈਂਕਿੰਗ ਵਿੱਚ ਭਾਰਤ ਦੀਆਂ ਯੂਨੀਵਰਸਿਟੀਆਂ ਦੁਆਰਾ ਬਿਹਤਰ ਪ੍ਰਦਰਸ਼ਨ ਦਾ ਭੀ ਜ਼ਿਕਰ ਕੀਤਾ। ਪਿਛਲੇ 10 ਸਾਲਾਂ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਹਾਲੀਆ ਪ੍ਰਾਪਤੀਆਂ 'ਤੇ ਪ੍ਰਕਾਸ਼ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਊਐੱਸ (QS) ਰੈਂਕਿੰਗ ਵਿੱਚ ਭਾਰਤੀ ਵਿੱਦਿਅਕ ਸੰਸਥਾਵਾਂ ਦੀ ਗਿਣਤੀ 9 ਤੋਂ 46 ਤੱਕ ਅਤੇ ਟਾਇਮਸ ਹਾਇਰ ਐਜੂਕੇਸ਼ਨ ਇੰਪੈਕਟ ਰੈਂਕਿੰਗ ਵਿੱਚ 13 ਤੋਂ 100 ਤੱਕ ਪਹੁੰਚਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ 10 ਸਾਲਾਂ ਵਿੱਚ ਹਰ ਹਫ਼ਤੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ, ਹਰ ਰੋਜ਼ ਇੱਕ ਨਵੀਂ ਆਈਟੀਆਈ ਸਥਾਪਿਤ ਕੀਤੀ ਗਈ ਹੈ, ਹਰ ਤੀਸਰੇ ਦਿਨ ਇੱਕ ਅਟਲ ਟਿੰਕਰਿੰਗ ਲੈਬ ਖੋਲ੍ਹੀ ਗਈ ਹੈ ਅਤੇ ਹਰ ਰੋਜ਼ ਦੋ ਨਵੇਂ ਕਾਲਜ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅੱਜ 23 ਆਈਆਈਟੀ ਦਾ ਘਰ ਹੈ, ਆਈਆਈਐੱਮ ਦੀ ਗਿਣਤੀ 13 ਤੋਂ ਵੱਧ ਕੇ 21 ਹੋ ਗਈ ਹੈ ਅਤੇ ਏਮਸ ਦੀ ਗਿਣਤੀ ਲਗਭਗ ਤਿੰਨ ਗੁਣਾ ਵਧ ਕੇ 22 ਹੋ ਗਈ ਹੈ। ਉਨ੍ਹਾਂ ਕਿਹਾ, “10 ਸਾਲਾਂ ਵਿੱਚ, ਮੈਡੀਕਲ ਕਾਲਜਾਂ ਦੀ ਗਿਣਤੀ ਭੀ ਲਗਭਗ ਦੁੱਗਣੀ ਹੋ ਗਈ ਹੈ। ਵਿੱਦਿਅਕ ਖੇਤਰ ਵਿੱਚ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੇ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਸ਼੍ਰੀ ਮੋਦੀ ਨੇ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਸਹਿਯੋਗ ਅਤੇ ਡੀਕਨ ਅਤੇ ਵਲੁੰਗੌਂਗ ਜਿਹੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨਵੇਂ ਕੈਂਪਸ ਖੋਲ੍ਹਣ ਦਾ ਭੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, “ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ, ਭਾਰਤੀ ਵਿਦਿਆਰਥੀ ਉਚੇਰੀ ਸਿੱਖਿਆ ਲਈ ਭਾਰਤ ਵਿੱਚ ਸਭ ਤੋਂ ਵਧੀਆ ਵਿੱਦਿਅਕ ਸੰਸਥਾਵਾਂ ਪ੍ਰਾਪਤ ਕਰ ਰਹੇ ਹਨ। ਇਸ ਨਾਲ ਸਾਡੇ ਮੱਧ ਵਰਗ ਦੇ ਪੈਸੇ ਦੀ ਭੀ ਬੱਚਤ ਹੋ ਰਹੀ ਹੈ।"

ਹਾਲ ਹੀ ਵਿੱਚ ਪ੍ਰਮੁੱਖ ਭਾਰਤੀ ਸੰਸਥਾਵਾਂ ਦੇ ਗਲੋਬਲ ਕੈਂਪਸਾਂ ਦੇ ਖੁੱਲ੍ਹਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਲੰਦਾ ਲਈ ਵੀ ਇਹੋ ਆਸ਼ਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਨੌਜਵਾਨਾਂ 'ਤੇ ਟਿਕੀਆਂ ਹੋਈਆਂ ਹਨ। “ਭਾਰਤ ਭਗਵਾਨ ਬੁੱਧ ਦਾ ਦੇਸ਼ ਹੈ ਅਤੇ ਦੁਨੀਆ ਲੋਕਤੰਤਰ ਦੀ ਜਨਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣਾ ਚਾਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਜਦੋਂ ਭਾਰਤ ‘ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਕਹਿੰਦਾ ਹੈ, ਤਾਂ ਵਿਸ਼ਵ ਸਾਡੇ ਨਾਲ ਖੜ੍ਹਾ ਹੁੰਦਾ ਹੈ।" ਜਦੋਂ ਭਾਰਤ 'ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ' ਕਹਿੰਦਾ ਹੈ, ਤਾਂ ਇਸ ਨੂੰ ਵਿਸ਼ਵ ਲਈ ਭਵਿੱਖ ਦਾ ਰਾਹ ਮੰਨਿਆ ਜਾਂਦਾ ਹੈ। ਜਦੋਂ ਭਾਰਤ ਇੱਕ ਪ੍ਰਿਥਵੀ, ਇੱਕ ਸਿਹਤ ਆਖਦਾ ਹੈ, ਤਾਂ ਦੁਨੀਆ ਉਸ ਦੇ ਵਿਚਾਰਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਸਵੀਕਾਰ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨਾਲੰਦਾ ਦੀ ਧਰਤੀ ਆਲਮੀ  ਭਾਈਚਾਰੇ ਦੀ ਇਸ ਭਾਵਨਾ ਨੂੰ ਨਵਾਂ ਆਯਾਮ ਦੇ ਸਕਦੀ ਹੈ। ਇਸ ਲਈ ਨਾਲੰਦਾ ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੋਰ ਭੀ ਵਧ ਗਈ ਹੈ।”

ਨਾਲੰਦਾ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਭਾਰਤ ਦਾ ਭਵਿੱਖ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਉਨ੍ਹਾਂ ਨੂੰ ਨਾਲੰਦਾ ਦੇ ‘ਨਾਲੰਦਾ ਮਾਰਗ’ ਅਤੇ ਕਦਰਾਂ-ਕੀਮਤਾਂ ਨੂੰ ਨਾਲ ਲੈ ਕੇ ਚਲਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਲੋਗੋ ਦੇ ਅਨੁਰੂਪ ਜਗਿਆਸੂ ਬਣਨ, ਸਾਹਸੀ ਬਣਨ ਅਤੇ ਸਭ ਤੋਂ ਵਧਕੇ ਦਿਆਲੂ ਬਣਨ ਅਤੇ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਈ ਕੰਮ ਕਰਨ ਲਈ ਆਖਿਆ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਲੰਦਾ ਦਾ ਗਿਆਨ ਮਨੁੱਖਤਾ ਨੂੰ ਦਿਸ਼ਾ ਦੇਵੇਗਾ ਅਤੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਪੂਰੀ ਦੁਨੀਆ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਨਾਲੰਦਾ ਆਲਮੀ ਹਿਤ ਲਈ ਇੱਕ ਮਹੱਤਵਪੂਰਨ ਕੇਂਦਰ ਬਣੇਗਾ।"

ਇਸ ਮੌਕੇ ਬਿਹਾਰ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ, ਕੇਂਦਰੀ ਵਿਦੇਸ਼ ਮੰਤਰੀ ਡਾ: ਸੁਬ੍ਰਹਮਣੀਅਮ ਜੈਸ਼ੰਕਰ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿੱਤਰ ਮਾਰਗੇਰਿਟਾ, ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਵਿਜੈ ਕੁਮਾਰ ਸਿਨਹਾ ਅਤੇ ਸ਼੍ਰੀ ਸਮਰਾਟ ਚੌਧਰੀ, ਨਾਲੰਦਾ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ: ਅਰਵਿੰਦ ਪਨਗੜੀਆ ਅਤੇ ਨਾਲੰਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਭੈ ਕੁਮਾਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਪਿਛੋਕੜ

ਨਾਲੰਦਾ ਯੂਨੀਵਰਸਿਟੀ ਕੈਂਪਸ ਵਿੱਚ ਦੋ ਅਕਾਦਮਿਕ ਬਲਾਕ ਹਨ, ਜਿਨ੍ਹਾਂ ਵਿੱਚ 40 ਕਲਾਸਰੂਮ ਹਨ, ਜਿਨ੍ਹਾਂ ਦੀ ਕੁੱਲ ਬੈਠਣ ਦੀ ਸਮਰੱਥਾ ਲਗਭਗ 1900 ਹੈ। ਇਸ ਵਿੱਚ 300 ਸੀਟਾਂ ਦੀ ਸਮਰੱਥਾ ਵਾਲੇ ਦੋ ਆਡੀਟੋਰੀਅਮ, ਲਗਭਗ 550 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇੱਕ ਵਿਦਿਆਰਥੀ ਹੋਸਟਲ ਅਤੇ  ਕਈ ਹੋਰ ਸਹੂਲਤਾਂ ਹਨ, ਜਿਨ੍ਹਾਂ ਵਿੱਚ ਇੱਕ ਇੰਟਰਨੈਸ਼ਨਲ ਸੈਂਟਰ, 2000 ਵਿਅਕਤੀਆਂ ਦੀ ਸਮਰੱਥਾ ਵਾਲਾ ਇੱਕ ਐਂਫੀਥਿਏਟਰ (Amphitheater), ਇੱਕ ਫੈਕਲਟੀ ਕਲੱਬ ਅਤੇ ਹੋਰਾਂ ਵਿੱਚ ਇੱਕ ਸਪੋਰਟਸ ਕੰਪਲੈਕਸ ਸ਼ਾਮਲ ਹਨ।

ਕੈਂਪਸ ਇੱਕ 'ਨੈੱਟ ਜ਼ੀਰੋ' ਗ੍ਰੀਨ ਕੈਂਪਸ ਹੈ। ਇਹ ਸੋਲਰ ਪਲਾਂਟ, ਘਰੇਲੂ ਅਤੇ ਪੀਣ ਵਾਲੇ ਪਾਣੀ ਦੇ ਟ੍ਰੀਟਮੈਂਟ ਪਲਾਂਟ, ਗੰਦੇ ਪਾਣੀ ਦੀ ਮੁੜ ਵਰਤੋਂ ਲਈ ਵਾਟਰ ਰੀਸਾਇਕਲਿੰਗ ਪਲਾਂਟ, 100 ਏਕੜ ਜਲ ਭੰਡਾਰਾਂ ਅਤੇ ਹੋਰ ਬਹੁਤ ਸਾਰੀਆਂ ਵਾਤਾਵਰਣ ਅਨੁਕੂਲ ਸੁਵਿਧਾਵਾਂ ਨਾਲ ਲੈਸ ਹੈ।

ਇਸ ਯੂਨੀਵਰਸਿਟੀ ਦਾ ਇਤਿਹਾਸ ਨਾਲ ਡੂੰਘਾ ਸਬੰਧ ਹੈ। ਲਗਭਗ 1600 ਸਾਲ ਪਹਿਲਾਂ ਸਥਾਪਿਤ ਮੂਲ ਨਾਲੰਦਾ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਪਹਿਲੀਆਂ ਰਿਹਾਇਸ਼ੀ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲੰਦਾ ਦੇ ਖੰਡਰਾਂ ਨੂੰ 2016 ਵਿੱਚ ਸੰਯੁਕਤ ਰਾਸ਼ਟਰ ਦਾ ਵਿਰਾਸਤੀ ਸਥਲ ਐਲਾਨਿਆ ਗਿਆ ਸੀ।

****

ਡੀਐੱਸ/ਟੀਐੱਸ


(Release ID: 2026872) Visitor Counter : 57