ਭਾਰਤ ਚੋਣ ਕਮਿਸ਼ਨ

ਦੇਸ਼ ਦੇ ਲੋਕਾਂ ਦੀ ਇੱਕਜੁੱਟਤਾ ਅਤੇ ਜਮਹੂਰੀਅਤ ਦੇ ਚੱਕਰ ਨੂੰ ਨਿਰੰਤਰ ਸਰਗਰਮ ਰੱਖਣ ਦੇ ਦ੍ਰਿੜ੍ਹ ਸੰਕਲਪ ਦੇ ਵਿਚਕਾਰ 18ਵੀਂ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋਈਆਂ


ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਨੇ ਵੋਟਰਾਂ, ਰਾਜਨੀਤਿਕ ਪਾਰਟੀਆਂ, ਪੋਲਿੰਗ ਮਸ਼ੀਨਰੀ ਅਤੇ ਵੋਟਿੰਗ ਨੂੰ ਸਫ਼ਲ ਬਣਾਉਣ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ

Posted On: 01 JUN 2024 6:11PM by PIB Chandigarh

ਭਾਰਤ ਨੇ ਅੱਜ ਇਤਿਹਾਸ ਰਚ ਦਿੱਤਾ ਹੈ। 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਤੋਂ ਸ਼ੁਰੂ ਹੋ ਕੇ 7 ਪੜਾਵਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ 2024 ਲਈ ਪੋਲਿੰਗ ਅੱਜ ਸਮਾਪਤ ਹੋ ਗਈ। ਭਾਰਤੀ ਵੋਟਰਾਂ ਨੇ 18ਵੀਂ ਲੋਕ ਸਭਾ ਦੇ ਗਠਨ ਲਈ ਵੋਟ ਪਾਉਣ ਦੇ ਆਪਣੇ ਸਭ ਤੋਂ ਪਿਆਰੇ ਹੱਕ ਦਾ ਇਸਤੇਮਾਲ ਕੀਤਾ ਹੈ। ਭਾਰਤੀ ਲੋਕਤੰਤਰ ਅਤੇ ਭਾਰਤੀ ਚੋਣਾਂ ਨੇ ਫਿਰ ਜਾਦੂ ਕੀਤਾ ਹੈ। ਮਹਾਨ ਭਾਰਤੀ ਵੋਟਰਾਂ ਨੇ ਜਾਤ, ਨਸਲ, ਧਰਮ, ਸਮਾਜਿਕ-ਆਰਥਿਕ ਅਤੇ ਵਿੱਦਿਅਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਇੱਕ ਵਾਰ ਫਿਰ ਅਜਿਹਾ ਕਰ ਦਿਖਾਇਆ ਹੈ। ਹਕੀਕਤ ਵਿੱਚ ਅਸਲ ਜੇਤੂ ਭਾਰਤੀ ਵੋਟਰ ਹਨ। 

ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ, ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ ਅਤੇ ਈਸੀਆਈ ਪਰਿਵਾਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਅਤੇ ਦੁਚਿੱਤੀਆਂ ਨੂੰ ਪਾਰ ਕਰਦੇ ਹੋਏ ਪੋਲਿੰਗ ਬੂਥ ਤੱਕ ਪਹੁੰਚ ਕੀਤੀ। ਚੋਣ ਕਮਿਸ਼ਨ ਨੇ ਪੂਰੀ ਇਮਾਨਦਾਰੀ ਨਾਲ ਸਾਰੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਆਪਣੀ ਜ਼ਬਰਦਸਤ ਭਾਗੀਦਾਰੀ ਰਾਹੀਂ ਵੋਟਰਾਂ ਨੇ ਭਾਰਤੀ ਸੰਵਿਧਾਨ ਦੇ ਸੰਸਥਾਪਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਬਰਕਰਾਰ ਰੱਖਿਆ ਹੈ, ਜਦੋਂ ਉਨ੍ਹਾਂ ਨੇ ਆਮ ਭਾਰਤੀ ਨੂੰ ਵੋਟ ਦੇ ਅਧਿਕਾਰ ਦੀ ਸ਼ਕਤੀ ਸੌਂਪੀ ਸੀ। ਲੋਕਤੰਤਰੀ ਪ੍ਰਕਿਰਿਆ ਵਿੱਚ ਲੋਕਾਂ ਦੀ ਵਿਆਪਕ ਸ਼ਮੂਲੀਅਤ ਭਾਰਤ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਭਾਵਨਾ ਦੀ ਪੁਸ਼ਟੀ ਕਰਦੀ ਹੈ।

ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਭਰ ਦੇ ਵੋਟਰਾਂ ਨੂੰ ਨਿਰਵਿਘਨ, ਸ਼ਾਂਤਮਈ ਅਤੇ ਤਿਉਹਾਰਾਂ ਵਾਲਾ ਮਾਹੌਲ ਪ੍ਰਦਾਨ ਕਰਨ, ਕਠਿਨ ਮੌਸਮ, ਮੁਸ਼ਕਲ ਇਲਾਕਿਆਂ ਵਰਗੀਆਂ ਲੌਜਿਸਟਿਕ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵਿਵਿਧ ਆਬਾਦੀ ਵਿੱਚ ਅਮਨ-ਕਾਨੂੰਨ ਦਾ ਪ੍ਰਬੰਧਨ ਕਰਨ ਲਈ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਲਈ ਸੁਰੱਖਿਆ ਬਲਾਂ ਸਮੇਤ ਸਮੁੱਚੀ ਚੋਣ ਮਸ਼ੀਨਰੀ ਦਾ ਵੀ ਧੰਨਵਾਦ ਕੀਤਾ।

ਕਮਿਸ਼ਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਵੀ ਧੰਨਵਾਦ ਕਰਦਾ ਹੈ, ਜੋ ਭਾਰਤੀ ਚੋਣਾਂ ਦਾ ਮਹੱਤਵਪੂਰਨ ਕੇਂਦਰ-ਬਿੰਦੂ ਹਨ।

ਕਮਿਸ਼ਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਦੇ ਯੋਗਦਾਨ ਲਈ ਵੀ ਧੰਨਵਾਦੀ ਹੈ। ਕਮਿਸ਼ਨ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਮੀਡੀਆ ਨੂੰ ਹਮੇਸ਼ਾ ਸਹਿਯੋਗੀ ਮੰਨਿਆ ਹੈ। 

ਬਜ਼ੁਰਗਾਂ, ਖ਼ਾਸ ਤੌਰ ’ਤੇ ਸੌ ਸਾਲ ਤੋਂ ਵੀ ਵੱਧ ਦੀ ਉਮਰ ਦੇ ਬਜ਼ੁਰਗਾਂ, ਦਿਵਿਯਾਂਗਜਨਾਂ ਅਤੇ ਟਰਾਂਸਜੈਂਡਰ ਲੋਕਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਮਹੱਤਤਾ ਬਹੁਤ ਸਾਰੇ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਹੈ, ਜੋ ਲੋਕਤੰਤਰ ਨੂੰ ਹੋਰ ਅੱਗੇ ਲੈ ਕੇ ਜਾਣਗੇ। ਭਾਰਤ ਦੇ ਚੋਣ ਕਮਿਸ਼ਨ ਦੀ ਇੱਛਾ ਹੈ ਕਿ ਭਾਰਤ ਦੇ ਵੋਟਰਾਂ ਦੀ ਅਗਲੀ ਪੀੜ੍ਹੀ ਇਸ ਭਾਗੀਦਾਰੀ ਨੂੰ ਹੋਰ ਉਚਾਈਆਂ 'ਤੇ ਲੈ ਜਾਵੇ।

ਪੋਲਿੰਗ ਦੌਰਾਨ ਵੋਟਰਾਂ, ਸਿਆਸੀ ਪਾਰਟੀਆਂ, ਉਮੀਦਵਾਰਾਂ, ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦੇ ਸਮੂਹਿਕ ਯਤਨਾਂ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ​​ਕੀਤਾ ਹੈ, ਜੋ ਕਿ ਬਹੁਤ ਸਤਿਕਾਰ ਅਤੇ ਪ੍ਰਸ਼ੰਸਾ ਦਾ ਹੱਕਦਾਰ ਹੈ। ਦੇਸ਼ ਦੇ ਲੋਕਾਂ ਨੇ ਸਮੂਹਿਕ ਯਤਨਾਂ ਦੇ ਬਲ 'ਤੇ ਜਮਹੂਰੀਅਤ ਦੇ ਚੱਕਰ ਨੂੰ ਲਗਾਤਾਰ ਸਰਗਰਮ ਰੱਖਿਆ ਹੈ।

 

 *** *** *** ***

 

ਡੀਕੇ/ਆਰਪੀ



(Release ID: 2022611) Visitor Counter : 52