ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੈਂਟਰਲ ਯੂਨੀਵਰਸਿਟੀ ਆਵ੍ ਹਿਮਾਚਲ ਪ੍ਰਦੇਸ਼ ਦੀ 7ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
06 MAY 2024 4:38PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (6 ਮਈ, 2024) ਧਰਮਸ਼ਾਲਾ ਵਿਖੇ ਸੈਂਟਰਲ ਯੂਨੀਵਰਸਿਟੀ ਆਵ੍ ਹਿਮਾਚਲ ਪ੍ਰਦੇਸ਼ ਦੀ 7ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਬਦਲਾਅ ਕੁਦਰਤ ਦਾ ਨਿਯਮ ਹੈ। ਪਰ, ਤਬਦੀਲੀ ਦੀ ਗਤੀ ਅਤੀਤ ਵਿੱਚ ਇੰਨੀ ਤੇਜ਼ ਨਹੀਂ ਸੀ। ਅੱਜ ਅਸੀਂ ਚੌਥੀ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਹਾਂ। ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਜਿਹੇ ਨਵੇਂ ਖੇਤਰ ਤੇਜ਼ੀ ਨਾਲ ਉੱਭਰ ਰਹੇ ਹਨ। ਤਬਦੀਲੀ ਦੀ ਗਤੀ ਅਤੇ ਤੀਬਰਤਾ ਦੋਵੇਂ ਬਹੁਤ ਜ਼ਿਆਦਾ ਹਨ, ਜਿਸ ਕਾਰਨ ਟੈਕਨੋਲੋਜੀ ਅਤੇ ਲੋੜੀਂਦੇ ਸਕਿੱਲ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। 21ਵੀਂ ਸਦੀ ਦੀ ਸ਼ੁਰੂਆਤ ਵਿੱਚ ਕੋਈ ਨਹੀਂ ਜਾਣਦਾ ਸੀ ਕਿ ਅਗਲੇ 20 ਜਾਂ 25 ਵਰ੍ਹਿਆਂ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਸਕਿਲਸ ਦੀ ਜ਼ਰੂਰਕ ਹੋਵੇਗੀ। ਇਸੇ ਤਰ੍ਹਾਂ, ਬਹੁਤ ਸਾਰੇ ਮੌਜੂਦਾ ਸਕਿੱਲ ਭਵਿੱਖ ਵਿੱਚ ਉਪਯੋਗੀ ਨਹੀਂ ਹੋਣਗੇ। ਇਸ ਲਈ ਸਾਨੂੰ ਲਗਾਤਾਰ ਨਵੇਂ ਸਕਿਲਸ ਅਪਣਾਉਣੇ ਪੈਣਗੇ। ਸਾਡਾ ਧਿਆਨ ਲਚੀਲਾ ਦਿਮਾਗ਼ ਵਿਕਸਿਤ ਕਰਨ 'ਤੇ ਹੋਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਤਾਲਮੇਲ ਰੱਖ ਸਕੇ। ਸਾਨੂੰ ਵਿਦਿਆਰਥੀਆਂ ਵਿੱਚ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਲਈ ਉਨ੍ਹਾਂ ਵਿੱਚ ਉਤਸੁਕਤਾ ਅਤੇ ਸਿੱਖਣ ਦੀ ਇੱਛਾ ਨੂੰ ਮਜ਼ਬੂਤ ਕਰਨਾ ਹੋਵੇਗਾ।
ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਣਾਵੇ ਅਤੇ ਉਨ੍ਹਾਂ ਦੇ ਚਰਿੱਤਰ ਅਤੇ ਸ਼ਖ਼ਸੀਅਤ ਦਾ ਨਿਰਮਾਣ ਕਰੇ। ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਪਣੇ ਸੱਭਿਆਚਾਰ, ਪਰੰਪਰਾ ਅਤੇ ਸੱਭਿਅਤਾ ਬਾਰੇ ਜਾਗਰੂਕਤਾ ਲਿਆਉਣਾ ਵੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਬੰਧ ਵਿੱਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੇ ਕੰਮ ਦਾ ਦਾਇਰਾ ਸਿਰਫ਼ ਪੜ੍ਹਾਉਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਨ੍ਹਾਂ 'ਤੇ ਦੇਸ਼ ਦਾ ਭਵਿੱਖ ਬਣਾਉਣ ਦੀ ਬੜੀ ਜ਼ਿੰਮੇਵਾਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਧਿਆਨ 'ਕੀ ਸਿੱਖਣਾ ਹੈ' ਅਤੇ 'ਕਿਵੇਂ ਸਿੱਖਣਾ ਹੈ' 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਜਦੋਂ ਵਿਦਿਆਰਥੀ ਬਿਨਾ ਕਿਸੇ ਤਣਾਅ ਦੇ ਸੁਤੰਤਰ ਤੌਰ 'ਤੇ ਸਿੱਖਦੇ ਹਨ, ਤਾਂ ਉਨ੍ਹਾਂ ਦੀ ਰਚਨਾਤਮਕਤਾ ਅਤੇ ਕਲਪਨਾ ਉਡਾਰੀਆਂ ਮਾਰਦੀ ਹੈ। ਅਜਿਹੇ ਵਿੱਚ ਉਹ ਸਿੱਖਿਆ ਨੂੰ ਸਿਰਫ਼ ਆਜੀਵਿਕਾ ਦਾ ਸਮਾਨਾਰਥੀ ਨਹੀਂ ਸਮਝਦੇ। ਇਸ ਦੀ ਬਜਾਏ, ਉਹ ਇਨੋਵੇਟ ਕਰਦੇ ਹਨ, ਸਮੱਸਿਆਵਾਂ ਦੇ ਸਮਾਧਾਨ ਲੱਭਦੇ ਹਨ, ਅਤੇ ਉਤਸੁਕਤਾ ਨਾਲ ਸਿੱਖਦੇ ਹਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਵਿਅਕਤੀ ਵਿੱਚ ਚੰਗਿਆਈ ਅਤੇ ਬੁਰਾਈ ਦੋਵਾਂ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ ਕਿ ਉਹ ਕਿੰਨੇ ਵੀ ਕਠਿਨ ਹਾਲਾਤਾਂ ਵਿੱਚ ਕਿਉਂ ਨਾ ਹੋਣ, ਉਨ੍ਹਾਂ ਨੂੰ ਕਦੇ ਵੀ ਬੁਰਾਈ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੂੰ ਹਮੇਸ਼ਾ ਚੰਗਿਆਈ ਦਾ ਪੱਖ ਲੈਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਮਾਨਵੀ ਕਦਰਾਂ-ਕੀਮਤਾਂ ਜਿਵੇਂ ਦਇਆ, ਕਰਤੱਵ ਅਤੇ ਸੰਵੇਦਨਸ਼ੀਲਤਾ ਨੂੰ ਆਪਣਾ ਆਦਰਸ਼ ਬਣਾਉਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ 'ਤੇ ਉਹ ਸਫ਼ਲ ਅਤੇ ਸਾਰਥਕ ਜੀਵਨ ਬਤੀਤ ਕਰ ਸਕਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਉਹ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਭ ਤੋਂ ਮਹੱਤਵਪੂਰਨ ਕੜੀ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਇਹ ਨਾ ਸਿਰਫ਼ ਉਨ੍ਹਾਂ ਦਾ ਮਾਨਵੀ, ਸਮਾਜਿਕ ਅਤੇ ਨੈਤਿਕ ਕਰਤੱਵ ਹੈ, ਬਲਕਿ ਨਾਗਰਿਕ ਵਜੋਂ ਉਨ੍ਹਾਂ ਦਾ ਕਰਤੱਵ ਵੀ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
************
ਡੀਐੱਸ/ਏਕੇ
(Release ID: 2019781)