ਭਾਰਤ ਚੋਣ ਕਮਿਸ਼ਨ
ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਵਿੱਚ ਗਰਮੀ ਦੇ ਬਾਵਜੂਦ ਭਾਰੀ ਮਤਦਾਨ
21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੋਲਿੰਗ ਕਾਫ਼ੀ ਹੱਦ ਤੱਕ ਸ਼ਾਂਤੀਪੂਰਨ ਰਹੀ
ਉੱਤਰ ਪੂਰਬ ਸਮੇਤ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪੋਲਿੰਗ ਮੁਕੰਮਲ ਹੋਈ
ਬਸਤਰ ਦੇ 56 ਪਿੰਡਾਂ, ਗ੍ਰੇਟ ਨਿਕੋਬਾਰ ਦੇ ਸ਼ੋਂਪੇਨ ਕਬੀਲੇ ਨੇ ਪਹਿਲੀ ਵਾਰ ਵੋਟ ਪਾਈ
ਵੱਡੀ ਗਿਣਤੀ ਵਿੱਚ ਪਹਿਲੀ ਵਾਰ ਦੇ ਵੋਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ
Posted On:
19 APR 2024 8:28PM by PIB Chandigarh
ਆਮ ਚੋਣਾਂ 2024 ਦੇ ਪਹਿਲੇ ਪੜਾਅ ਲਈ ਪੋਲਿੰਗ ਵਿੱਚ ਗਰਮੀ ਦੇ ਬਾਵਜੂਦ ਉੱਚ ਵੋਟਿੰਗ ਦਰਜ ਕੀਤੀ ਗਈ। ਵੱਖ-ਵੱਖ ਖੇਤਰਾਂ ਦੇ ਵੋਟਰਾਂ ਨੇ ਨਾਗਰਿਕ ਜ਼ਿੰਮੇਵਾਰੀ ਅਤੇ ਮਾਣ ਦੀ ਭਾਵਨਾ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੇ ਨਾਲ ਪੋਲਿੰਗ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਆਮ ਚੋਣਾਂ 2024 ਦੇ ਪਹਿਲੇ ਪੜਾਅ ਵਿੱਚ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਰਾਜ ਵਿਧਾਨ ਸਭਾਵਾਂ ਲਈ ਪੋਲਿੰਗ ਦੇ ਨਾਲ-ਨਾਲ 18ਵੀਂ ਲੋਕ ਸਭਾ ਦੀ ਚੋਣ ਲਈ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪੋਲਿੰਗ ਮੁਕੰਮਲ ਹੋ ਗਈ ਹੈ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੇ ਵੋਟਰਾਂ ਅਤੇ ਸਮੁੱਚੀ ਚੋਣ ਮਸ਼ੀਨਰੀ ਦਾ ਧੰਨਵਾਦ ਕੀਤਾ।
ਸ਼ਾਮ 7 ਵਜੇ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਿੰਗ 60% ਤੋਂ ਵੱਧ ਦੱਸੀ ਗਈ ਹੈ। ਰਾਜ ਅਨੁਸਾਰ ਅੰਕੜੇ ਅਨੁਸੂਚੀ ਏ ਵਿੱਚ ਦਿੱਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਵੋਟ ਪ੍ਰਤੀਸ਼ਤਤਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ ਪੋਲਿੰਗ ਹੋਣੀ ਤੈਅ ਹੈ। ਇਸ ਨਾਲ ਹੀ, ਪੋਲਿੰਗ ਸਮੇਂ ਦੇ ਅੰਤ ਤੱਕ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ ਵਾਲੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਅੰਤਿਮ ਅੰਕੜੇ ਭਲਕੇ ਫ਼ਾਰਮ 17ਏ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਉਣਗੇ।
ਸੀਈਸੀ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਕਮਿਸ਼ਨ ਨੇ ਨਿਰਵਾਚਨ ਸਦਨ ਵਿੱਚ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਤੋਂ ਚੋਣ ਹਲਕਿਆਂ ਵਿੱਚ ਪਹਿਲੇ ਪੜਾਅ ਦੀ ਪੋਲਿੰਗ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕੀਤੀ। ਇਸ ਮੰਤਵ ਲਈ ਮੁੱਖ ਦਫ਼ਤਰ ਵਿਖੇ ਇੱਕ ਅਤਿ ਆਧੁਨਿਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇ ਕੰਟਰੋਲ ਰੂਮ ਰਾਜ/ਜ਼ਿਲ੍ਹਾ ਪੱਧਰ 'ਤੇ ਵੀ ਬਣਾਏ ਗਏ ਹਨ।
ਚੋਣ ਕਮਿਸ਼ਨ ਹੈੱਡਕੁਆਰਟਰ ਵਿਖੇ ਕੰਟਰੋਲ ਰੂਮ
ਕੰਟਰੋਲ ਰੂਮ, ਪੱਛਮੀ ਬੰਗਾਲ
ਵੱਡੇ ਪੱਧਰ 'ਤੇ ਸ਼ਾਂਤੀਪੂਰਨ ਅਤੇ ਅਨੁਕੂਲ ਮਾਹੌਲ ਦੀ ਪਿੱਠ-ਭੂਮੀ ਵਿੱਚ ਦੇਸ਼ ਦੇ ਵਿਭਿੰਨ ਵੋਟਰਾਂ ਨੇ ਲੋਕਤੰਤਰ ਦੀ ਇੱਕ ਜੀਵੰਤ ਤਸਵੀਰ ਪੇਸ਼ ਕੀਤੀ। ਭੀੜ-ਭੜੱਕੇ ਵਾਲੇ ਸ਼ਹਿਰਾਂ ਦੇ ਕੇਂਦਰਾਂ ਤੋਂ ਲੈ ਕੇ ਦੂਰ-ਦੁਰਾਡੇ ਦੇ ਪਿੰਡਾਂ ਤੱਕ ਪੋਲਿੰਗ ਸਟੇਸ਼ਨਾਂ 'ਤੇ ਕਈ ਪੀੜ੍ਹੀਆਂ ਅਤੇ ਪਿਛੋਕੜ ਵਾਲੇ ਵੋਟਰਾਂ ਦਾ ਭਿੰਨਤਾ ਭਰਪੂਰ ਇਕੱਠ ਦੇਖਿਆ ਗਿਆ। ਜ਼ਮੀਨੀ ਪੱਧਰ 'ਤੇ ਕਮਿਸ਼ਨ ਅਤੇ ਇਸਦੇ ਅਧਿਕਾਰੀਆਂ ਵੱਲੋਂ ਸੁਚੱਜੀ ਵਿਉਂਤਬੰਦੀ ਅਤੇ ਅਮਲ ਦੇ ਅਧਾਰ 'ਤੇ ਪੋਲਿੰਗ ਨਿਰਵਿਘਨ ਹੋਈ।
ਦੂਰ-ਦੁਰਾਡੇ ਦੇ ਕਬਾਇਲੀ ਇਲਾਕਿਆਂ ਵਿੱਚ ਵੋਟਿੰਗ ਦੀ ਸਹੂਲਤ ਲਈ ਕਮਿਸ਼ਨ ਦੇ ਫੋਕਸ ਦੇ ਨਾਲ ਛੱਤੀਸਗੜ੍ਹ ਵਿੱਚ ਖੱਬੇ ਪੱਖੀ ਕੱਟੜਪੰਥ (ਐੱਲਡਬਲਿਊਈ) ਪ੍ਰਭਾਵਿਤ ਖੇਤਰਾਂ ਵਿੱਚ ਭਾਈਚਾਰਿਆਂ ਨੇ ਸ਼ਾਂਤੀ ਅਤੇ ਜਮਹੂਰੀਅਤ ਦਾ ਰਸਤਾ ਚੁਣਦੇ ਹੋਏ ਗੋਲੀ ਦੀ ਬਜਾਏ ਬੈਲਟ ਦੀ ਤਾਕਤ ਨੂੰ ਅਪਣਾਇਆ। ਬਸਤਰ ਦੇ 56 ਪਿੰਡਾਂ ਨੇ ਪਹਿਲੀ ਵਾਰ ਲੋਕ ਸਭਾ ਚੋਣ ਵਿੱਚ ਆਪਣੇ ਹੀ ਪਿੰਡ ਵਿੱਚ ਬਣਾਏ ਗਏ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਈ। ਬੀਜਾਪੁਰ ਦੇ ਪੀਸੀ-163 ਦੇ ਮਾਡਲ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਨੂੰ ਡਾਕਟਰੀ ਸਹੂਲਤਾਂ ਦਾ ਲਾਭ ਲੈਂਦੇ ਦੇਖਿਆ ਗਿਆ। ਗੜ੍ਹਚਿਰੌਲੀ-ਚੀਮੂਰ, ਮਹਾਰਾਸ਼ਟਰ ਤੋਂ ਇੱਕ ਹੋਰ ਘਟਨਾ ਵਿੱਚ ਹੇਮਲਕਾਸਾ ਬੂਥ 'ਤੇ ਸਥਾਨਕ ਕਬਾਇਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਸਾਰੀ ਸਬੰਧਿਤ ਜਾਣਕਾਰੀ ਸ਼ਾਮਲ ਸੀ। ਬਿਹਾਰ ਦੇ ਬੋਧ ਗਯਾ ਵਿੱਚ ਬੋਧੀ ਭਿਕਸ਼ੂ ਮੁਸਕਰਾਹਟ ਦੇ ਨਾਲ ਪੋਜ਼ ਦਿੰਦੇ ਦੇਖੇ ਗਏ ਅਤੇ ਆਪਣੀਆਂ ਉਂਗਲਾਂ 'ਤੇ ਲੱਗੀ ਸਿਆਹੀ ਨੂੰ ਮਾਣ ਨਾਲ ਦਿਖਾਇਆ।
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਆਦਿਵਾਸੀ ਭਾਈਚਾਰਿਆਂ ਨਾਲ ਸਬੰਧਤ ਵੋਟਰ ਵੱਡੀ ਗਿਣਤੀ ਵਿੱਚ ਸਾਹਮਣੇ ਆਏ। ਗ੍ਰੇਟ ਨਿਕੋਬਾਰ ਦੇ ਸ਼ੋਂਪੇਨ ਕਬੀਲੇ ਨੇ ਆਮ ਚੋਣਾਂ 2024 ਵਿੱਚ ਪਹਿਲੀ ਵਾਰ ਆਪਣੀ ਵੋਟ ਪਾ ਕੇ ਇਤਿਹਾਸ ਰਚਿਆ। ਮਿਜ਼ੋਰਮ ਵਿੱਚ ਇੱਕ ਬਜ਼ੁਰਗ ਜੋੜੇ ਨੇ ਇਕੱਠੇ ਵੋਟ ਪਾਉਣ ਦੀ ਆਪਣੀ ਸਹੁੰ ਦੀ ਪੁਸ਼ਟੀ ਕੀਤੀ। ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਬਜ਼ੁਰਗ ਔਰਤ ਘਰੋਂ ਵੋਟਿੰਗ ਦੀ ਸਹੂਲਤ ਹੋਣ ਦੇ ਬਾਵਜੂਦ ਆਪਣੀ ਮਰਜ਼ੀ ਨਾਲ ਪੈਦਲ ਪੋਲਿੰਗ ਸਟੇਸ਼ਨ ਤੱਕ ਪਹੁੰਚੀ।
ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਵੋਟਰਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਜਦਕਿ ਕਈਆਂ 'ਚ ਵੋਟਰਾਂ ਨੇ ਮੀਂਹ ਵਿੱਚ ਸਬਰ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ। ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਮਦਦ ਲਈ ਚੋਣ ਕਮਿਸ਼ਨ ਵੱਲੋਂ ਗਾਰੰਟੀਸ਼ੁਦਾ ਘੱਟੋ-ਘੱਟ ਸਹੂਲਤਾਂ ਦਿੱਤੀਆਂ ਗਈਆਂ ਸਨ।
ਨਾਗਾਲੈਂਡ ਵਿੱਚ ਮਾਡਲ ਪੋਲਿੰਗ ਸਟੇਸ਼ਨ
ਵੋਟਰ ਰੰਗ-ਬਿਰੰਗੇ ਪਹਿਰਾਵੇ ਵਿੱਚ ਆਏ ਜੋ ਭਾਰਤੀ ਸਭਿਆਚਾਰ ਦੀ ਅਮੀਰ ਭਿੰਨਤਾ ਨੂੰ ਦਰਸਾਉਂਦੇ ਸਨ ਅਤੇ ਉਨ੍ਹਾਂ ਮਾਣ ਨਾਲ ਸਿਆਹੀ ਵਾਲੀਆਂ ਉਂਗਲਾਂ ਨਾਲ ਆਪਣੀਆਂ ਸੈਲਫੀਆਂ ਲਈਆਂ, ਜੋ ਉਨ੍ਹਾਂ ਦੇ ਨਾਗਰਿਕ ਫ਼ਰਜ਼ ਦੀ ਪ੍ਰਾਪਤੀ ਦਾ ਪ੍ਰਤੀਕ ਸੀ।
ਸੱਤ ਪੜਾਵਾਂ ਵਾਲੀਆਂ ਆਮ ਚੋਣਾਂ 2024 ਵਿੱਚ ਅੱਜ ਪਹਿਲੇ ਪੜਾਅ ਤਹਿਤ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 102 ਸੰਸਦੀ ਹਲਕਿਆਂ ਲਈ ਵੋਟਾਂ ਪਈਆਂ। ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਤਾਮਿਲਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਸਮੇਤ ਰਾਜਾਂ ਨੇ ਆਪਣੀ ਵੋਟਿੰਗ ਪ੍ਰਕਿਰਿਆ ਪੂਰੀ ਕੀਤੀ। ਚੋਣ ਕਮਿਸ਼ਨ ਆਮ ਚੋਣਾਂ 2024 ਦੇ ਅਗਲੇ ਪੜਾਵਾਂ ਵਿੱਚ ਇੱਕ ਨਿਰਵਿਘਨ, ਪਾਰਦਰਸ਼ੀ ਅਤੇ ਸੰਮਲਿਤ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।
ਅਨੁਲੱਗ ਏ (ਸਿਰਫ਼ ਅਸਥਾਈ ਅੰਕੜੇ)
*****
ਡੀਕੇ/ਡੀਕੇ
(Release ID: 2018418)
Visitor Counter : 117