ਰੱਖਿਆ ਮੰਤਰਾਲਾ
ਸੈਨਾ ਮੁਖੀ ਜਨਰਲ ਮਨੋਜ ਪਾਂਡੇ ਉਜ਼ਬੇਕਿਸਤਾਨ ਦੇ ਦੌਰੇ ’ਤੇ ਰਵਾਨਾ ਹੋਏ
Posted On:
15 APR 2024 11:20AM by PIB Chandigarh
ਥਲ ਸੈਨਾ ਮੁਖੀ (ਸੀਓਏਐੱਸ) ਜਨਰਲ ਮਨੋਜ ਪਾਂਡੇ ਉਜ਼ਬੇਕਿਸਤਾਨ ਦੇ ਚਾਰ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਇਹ ਦੌਰਾ 15 ਤੋਂ 18 ਅਪ੍ਰੈਲ, 2024 ਤੱਕ ਹੋਵੇਗਾ। ਇਹ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
15 ਅਪ੍ਰੈਲ, 2024 ਨੂੰ ਜਨਰਲ ਮਨੋਜ ਪਾਂਡੇ ਉਜ਼ਬੇਕਿਸਤਾਨ ਦੀ ਚੋਟੀ ਦੀ ਰੱਖਿਆ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਮੀਟਿੰਗ ਵਿੱਚ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਬਖੋਦਿਰ ਕੁਰਬਾਨੋਵ, ਪਹਿਲੇ ਉਪ ਰੱਖਿਆ ਮੰਤਰੀ ਅਤੇ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਜਨਰਲ ਸਟਾਫ਼ ਮੇਜਰ ਜਨਰਲ ਖਲਮੁਖਾਮੇਦੋਵ ਸ਼ੁਖਰਾਤ ਗੇਰੇਤਜਾਨੋਵਿਚ ਅਤੇ ਉਪ ਮੰਤਰੀ ਅਤੇ ਹਵਾਈ ਰੱਖਿਆ ਅਤੇ ਹਵਾਈ ਰੱਖਿਆ ਬਲਾਂ ਦੇ ਮੁਖੀ ਮੇਜਰ ਜਨਰਲ ਬੁਰਖਾਨੋਵ ਅਹਿਮਦ ਜਮਾਲੋਵਿਚ ਸ਼ਾਮਲ ਹੋਣਗੇ। ਮਜ਼ਬੂਤ ਫ਼ੌਜੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਇਨ੍ਹਾਂ ਵਾਰਤਾਵਾਂ ਦੀ ਅਹਿਮ ਭੂਮਿਕਾ ਹੈ। ਇਸ ਤੋਂ ਇਲਾਵਾ ਯਾਤਰਾ ਦੇ ਪ੍ਰੋਗਰਾਮ ਵਿੱਚ ਆਰਮਡ ਫੋਰਸਿਜ਼ ਮਿਊਜ਼ੀਅਮ ਦਾ ਦੌਰਾ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਹਾਸਟ ਇਮਾਮ ਐਨਸੈਂਬਲ ਦਾ ਦੌਰਾ ਕਰਨਗੇ, ਜੋ ਉਜ਼ਬੇਕਿਸਤਾਨ ਦੇ ਅਮੀਰ ਫ਼ੌਜੀ ਇਤਿਹਾਸ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।
16 ਅਪ੍ਰੈਲ, 2024 ਨੂੰ ਥਲ ਸੈਨਾ ਮੁਖੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਦੂਜੇ ਵਿਸ਼ਵ ਯੁੱਧ ਵਿੱਚ ਉਜ਼ਬੇਕਿਸਤਾਨ ਦੇ ਯੋਗਦਾਨ ਅਤੇ ਬਲੀਦਾਨ ਨੂੰ ਯਾਦ ਕਰਦਿਆਂ ਵਿਕਟਰੀ ਪਾਰਕ ਦਾ ਦੌਰਾ ਕਰਨਗੇ। 16 ਅਪ੍ਰੈਲ ਨੂੰ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਸੈਂਟਰ ਫਾਰ ਇਨੋਵੇਟਿਵ ਟੈਕਨਾਲੋਜੀ ਐੱਲਐੱਲਸੀ ਦਾ ਦੌਰਾ ਸ਼ਾਮਲ ਹੈ, ਜਿੱਥੇ ਸੈਨਾ ਮੁਖੀ ਨੂੰ ਰੱਖਿਆ ਤਕਨਾਲੋਜੀ ਅਤੇ ਨਵੀਨਤਾਵਾਂ ਦੇ ਖੇਤਰ ਵਿੱਚ ਉਜ਼ਬੇਕਿਸਤਾਨ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਬਾਅਦ ਜਨਰਲ ਮਨੋਜ ਪਾਂਡੇ ਉਜ਼ਬੇਕਿਸਤਾਨ ਆਰਮਡ ਫੋਰਸਿਜ਼ ਅਕੈਡਮੀ ਦਾ ਦੌਰਾ ਕਰਨਗੇ ਅਤੇ ਭਾਰਤ ਦੇ ਸਹਿਯੋਗ ਨਾਲ ਇਸ ਅਕੈਡਮੀ ਵਿੱਚ ਆਈਟੀ ਲੈਬਾਰਟਰੀ ਦਾ ਉਦਘਾਟਨ ਕਰਨਗੇ
17 ਅਪ੍ਰੈਲ, 2024 ਨੂੰ ਸਮਰਕੰਦ ਦੇ ਦੌਰੇ ਦੌਰਾਨ ਜਨਰਲ ਪਾਂਡੇ ਕੇਂਦਰੀ ਮਿਲਟਰੀ ਜ਼ਿਲ੍ਹੇ ਦੇ ਕਮਾਂਡਰ ਨਾਲ ਮੁਲਾਕਾਤ ਕਰਨਗੇ। ਇਹ ਦੌਰਾ 18 ਅਪ੍ਰੈਲ, 2024 ਨੂੰ ਟਰਮੇਜ਼ ਵਿਖੇ ਸਮਾਪਤ ਹੋਵੇਗਾ, ਜਿੱਥੇ ਥਲ ਸੈਨਾ ਮੁਖੀ ਦਾ ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਹਥਿਆਰਬੰਦ ਸੈਨਾਵਾਂ ਦਰਮਿਆਨ ਸਾਂਝੇ ਅਭਿਆਸ-ਡਸਟਲਿਕ ਨੂੰ ਦੇਖਣ ਦਾ ਪ੍ਰੋਗਰਾਮ ਹੈ। ਇਸ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਿਕਸਤ ਅੰਤਰ-ਕਾਰਜਸ਼ੀਲਤਾ ਅਤੇ ਸਦਭਾਵਨਾ ਨੂੰ ਉਜਾਗਰ ਕੀਤਾ ਕਰੇਗਾ।
ਸੈਨਾ ਮੁਖੀ ਉਜ਼ਬੇਕਿਸਤਾਨ ਦੇ ਸ਼ਾਨਦਾਰ ਅਤੀਤ ਅਤੇ ਸਭਿਆਚਾਰਕ ਦ੍ਰਿਸ਼ ਨੂੰ ਪਹਿਲੀ ਵਾਰ ਪ੍ਰਤੱਖ ਰੂਪ ਵਿੱਚ ਦੇਖਣਗੇ। ਇਸ ਦੇ ਤਹਿਤ ਉਹ ਟਰਮੇਜ਼ ਮਿਊਜ਼ੀਅਮ ਅਤੇ ਸੁਰਖਾਂਡਰੀਆਂ ਖੇਤਰ ਦੇ ਇਤਿਹਾਸਕ ਸਮਾਰਕਾਂ ਦਾ ਵੀ ਦੌਰਾ ਕਰਨਗੇ।
ਜਨਰਲ ਮਨੋਜ ਪਾਂਡੇ ਦੀ ਇਸ ਯਾਤਰਾ ਦਾ ਉਦੇਸ਼ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਫ਼ੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਵੇਂ ਰਾਹ ਲੱਭਣਾ ਹੈ।
***********
ਐੱਸਸੀ
(Release ID: 2018049)
Visitor Counter : 43