ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਟਿਡ (ਐੱਚਯੂਆਰਐੱਲ) ਸਿੰਦਰੀ ਫ਼ਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ


ਪੰਜ ਪਲਾਂਟ ਮੁੜ-ਸੁਰਜੀਤ ਕੀਤੇ ਗਏ – ਇਸ ਨਾਲ 60 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਤੇਜ਼ ਰਫ਼ਤਾਰ ਨਾਲ ਹੋਵੇਗਾ, ਜੋ ਭਾਰਤ ਨੂੰ ਉਰਵਰਕ ਖੇਤਰ ਵਿੱਚ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਲਿਜਾਵੇਗਾ: ਸ਼੍ਰੀ ਨਰੇਂਦਰ ਮੋਦੀ

ਪਿਛਲੇ 10 ਸਾਲਾਂ ਵਿੱਚ ਯੂਰੀਆ ਦਾ ਉਤਪਾਦਨ 310 ਲੱਖ ਮੀਟ੍ਰਿਕ ਟਨ ਤੱਕ ਵਧਿਆ: ਪ੍ਰਧਾਨ ਮੰਤਰੀ

ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਟਿਡ (ਐੱਚਯੂਆਰਐੱਲ) ਸਿੰਦਰੀ ਫ਼ਰਟੀਲਾਈਜ਼ਰ ਪਲਾਂਟ 8900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ

Posted On: 01 MAR 2024 3:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਦਰੀ, ਧਨਬਾਦ, ਝਾਰਖੰਡ ਵਿਖੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਟਿਡ (ਐੱਚਯੂਆਰਐੱਲ) ਸਿੰਦਰੀ ਫਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ 2018 ਵਿੱਚ ਫਰਟੀਲਾਈਜ਼ਰ ਪਲਾਂਟ ਦੀ ਨੀਂਹ ਰੱਖੀ ਸੀ।

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦੀ ਯਾਤਰਾ ਵਿੱਚ ਅੱਜ ਦੀ ਪਹਿਲਕਦਮੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹਰ ਸਾਲ 360 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੁੰਦੀ ਹੈ ਅਤੇ 2014 ਵਿੱਚ ਭਾਰਤ ਸਿਰਫ਼ 225 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਕਰ ਰਿਹਾ ਸੀ। ਇਸ ਵੱਡੇ ਪਾੜੇ ਕਾਰਨ ਭਾਰੀ ਦਰਾਮਦ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਯਤਨਾਂ ਸਦਕਾ ਪਿਛਲੇ 10 ਸਾਲਾਂ ਵਿੱਚ ਯੂਰੀਆ ਦਾ ਉਤਪਾਦਨ 310 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹੇ ਹਨ। ਪ੍ਰਧਾਨ ਮੰਤਰੀ ਨੇ ਰਾਮਗੁੰਡਮ, ਗੋਰਖਪੁਰ ਅਤੇ ਬਰੌਨੀ ਖਾਦ ਪਲਾਂਟਾਂ ਨੂੰ ਮੁੜ ਸੁਰਜੀਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੰਦਰੀ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਾਲਚਰ ਫਰਟੀਲਾਈਜ਼ਰ ਪਲਾਂਟ ਵੀ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜ ਪਲਾਂਟ 60 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਕਰਨਗੇ, ਜੋ ਭਾਰਤ ਨੂੰ ਇਸ ਅਹਿਮ ਖੇਤਰ ਵਿੱਚ ਤੇਜ਼ੀ ਨਾਲ ਆਤਮਨਿਰਭਰਤਾ ਵੱਲ ਲੈ ਜਾਣਗੇ।

ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਟਿਡ (ਐੱਚਯੂਆਰਐੱਲ) ਜਨਤਕ ਸੈਕਟਰ ਇਕਾਈਆਂ (ਪੀਐੱਸਯੂ) ਭਾਵ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨਟੀਪੀਸੀ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ), ਕੋਲ ਇੰਡੀਆ ਲਿਮਟਿਡ (ਸੀਆਈਐੱਲ) ਅਤੇ ਐੱਫਸੀਆਈਐੱਲ/ਐੱਚਐੱਫਸੀਐੱਲ ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ, ਜਿਸ ਨੂੰ 15 ਜੂਨ, 2016 ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰਤੀ ਸਾਲ 12.7 ਐੱਲਐੱਮਟੀ ਦੀ ਸਥਾਪਿਤ ਸਮਰੱਥਾ ਵਾਲਾ ਨਵਾਂ ਅਮੋਨੀਆ-ਯੂਰੀਆ ਪਲਾਂਟ ਸਥਾਪਿਤ ਕਰਕੇ ਸਿੰਦਰੀ ਖਾਦ ਯੂਨਿਟ ਨੂੰ ਮੁੜ ਸੁਰਜੀਤ ਕੀਤਾ। ਸਿੰਦਰੀ ਪਲਾਂਟ ਨੇ 05 ਨਵੰਬਰ, 2022 ਨੂੰ ਯੂਰੀਆ ਉਤਪਾਦਨ ਸ਼ੁਰੂ ਕੀਤਾ ਸੀ।

ਐੱਚਯੂਆਰਐੱਲ ਨੂੰ ਸਿੰਦਰੀ ਵਿਖੇ 2200 ਟੀਪੀਡੀ ਅਮੋਨੀਆ ਅਤੇ 3850 ਟੀਪੀਡੀ ਨੀਮ ਕੋਟੇਡ ਯੂਰੀਆ ਦੀ ਸਮਰੱਥਾ ਵਾਲੇ ਨਵੇਂ ਅਮੋਨੀਆ-ਯੂਰੀਆ ਪਲਾਂਟ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਦੇ ਲਈ 8939.25 ਕਰੋੜ ਰੁਪਏ ਦੇ ਨਿਵੇਸ਼ ਕੀਤਾ ਗਿਆ। ਇਸ ਵਿੱਚ ਐੱਨਟੀਪੀਸੀ, ਆਈਓਸੀਐੱਲ ਅਤੇ ਸੀਆਈਐੱਲ ਹਰੇਕ ਦੀ ਇਕੁਇਟੀ 29.67% ਅਤੇ ਐੱਫਸੀਆਈਐੱਲ ਦੀ ਇਕੁਇਟੀ 11% ਹੈ।

ਅਤਿ ਆਧੁਨਿਕ ਗੈਸ ਅਧਾਰਤ ਸਿੰਦਰੀ ਪਲਾਂਟ ਸਥਾਪਤ ਕਰਨਾ ਸਰਕਾਰ ਵੱਲੋਂ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਫਰਟੀਲਾਈਜ਼ਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਫਸੀਆਈਐੱਲ) ਅਤੇ ਹਿੰਦੁਸਤਾਨ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਐੱਚਐੱਫਸੀਐੱਲ) ਦੀਆਂ ਬੰਦ ਯੂਰੀਆ ਯੂਨਿਟਾਂ ਨੂੰ ਮੁੜ ਸੁਰਜੀਤ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਇੱਕ ਹਿੱਸਾ ਹੈ। ਯੂਰੀਆ ਸੈਕਟਰ ਵਿੱਚ ਐੱਫਸੀਆਈਐੱਲ ਅਤੇ ਐੱਚਐੱਫਸੀਐੱਲ ਦੀਆਂ ਬੰਦ ਪਈਆਂ ਇਕਾਈਆਂ ਨੂੰ ਮੁੜ ਸੁਰਜੀਤ ਕਰਨਾ ਘਰੇਲੂ ਤੌਰ 'ਤੇ ਪੈਦਾ ਕੀਤੇ ਯੂਰੀਆ ਦੀ ਉਪਲਬਧਤਾ ਨੂੰ ਵਧਾਉਣ ਲਈ ਸਰਕਾਰ ਦਾ ਪ੍ਰਮੁੱਖ ਤਰਜੀਹੀ ਏਜੰਡਾ ਰਿਹਾ ਹੈ। ਸਿੰਦਰੀ ਪਲਾਂਟ ਦੇਸ਼ ਵਿੱਚ 12.7 ਲੱਖ ਮੀਟ੍ਰਿਕ ਟਨ ਸਲਾਨਾ ਸਵਦੇਸ਼ੀ ਯੂਰੀਆ ਉਤਪਾਦਨ ਵਿੱਚ ਵਾਧਾ ਕਰੇਗਾ ਅਤੇ ਯੂਰੀਆ ਖੇਤਰ ਵਿੱਚ ਭਾਰਤ ਨੂੰ "ਆਤਮਨਿਰਭਰ" ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ।

ਪਲਾਂਟ ਦਾ ਉਦੇਸ਼ ਝਾਰਖੰਡ ਰਾਜ ਦੇ ਨਾਲ-ਨਾਲ ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਕਿਸਾਨਾਂ ਨੂੰ ਯੂਰੀਆ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣਾ ਹੈ। ਇਹ ਪਲਾਂਟ ਨਾ ਸਿਰਫ਼ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਕਰੇਗਾ ਸਗੋਂ ਇਸ ਖੇਤਰ ਵਿੱਚ ਸਮੁੱਚੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ, ਜਿਸ ਵਿੱਚ ਸੜਕਾਂ, ਰੇਲਵੇ, ਸਹਾਇਕ ਉਦਯੋਗ ਆਦਿ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਸ਼ਾਮਲ ਹਨ। ਇਹ ਪਲਾਂਟ ਖੇਤਰ ਵਿੱਚ 450 ਪ੍ਰਤੱਖ ਅਤੇ 1000 ਅਪ੍ਰਤੱਖ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਫੈਕਟਰੀ ਲਈ ਵੱਖ-ਵੱਖ ਸਮਾਨ ਦੀ ਸਪਲਾਈ ਲਈ ਐੱਮਐੱਸਐੱਮਈ ਵਿਕਰੇਤਾਵਾਂ ਦੇ ਵਿਕਾਸ ਤੋਂ ਖੇਤਰ ਨੂੰ ਲਾਭ ਹੋਵੇਗਾ।

ਅੱਜ ਜਦੋਂ ਭਾਰਤ ‘ਆਤਮਨਿਰਭਰ ਭਾਰਤ’ ਦੀਆਂ ਪਹਿਲਕਦਮੀਆਂ ਨੂੰ ਅੱਗੇ ਲਿਜਾਣ ਲਈ ਤਿਆਰ ਬਰ ਤਿਆਰ ਹੈ, ਅਜਿਹੇ ਵਿੱਚ ਐੱਚਯੂਆਰਐੱਲ ਦਾ 'ਭਾਰਤ ਯੂਰੀਆ' ਨਾ ਸਿਰਫ਼ ਆਯਾਤ ਨੂੰ ਘਟਾਉਣ, ਸਗੋਂ ਸਥਾਨਕ ਕਿਸਾਨਾਂ ਨੂੰ ਖਾਦਾਂ ਦੀ ਸਮੇਂ ਸਿਰ ਸਪਲਾਈ ਅਤੇ ਵਿਸਥਾਰ ਸੇਵਾਵਾਂ ਨੂੰ ਵੀ ਹੁਲਾਰਾ ਦੇ ਕੇ ਆਰਥਿਕਤਾ ਨੂੰ ਬਹੁਤ ਹੱਲ੍ਹਾਸ਼ੇਰੀ ਦੇਵੇਗਾ। 

***************

ਐੱਮਵੀ/ਐੱਸਕੇ



(Release ID: 2011920) Visitor Counter : 61


Read this release in: English , Urdu , Hindi , Tamil , Telugu