ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਿਊਜ਼ 9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ


"ਜੇ ਅੱਜ ਦੁਨੀਆ ਸੋਚਦੀ ਹੈ ਕਿ ਭਾਰਤ ਇੱਕ ਵੱਡੀ ਪੁਲਾਂਘ ਪੁੱਟਣ ਲਈ ਤਿਆਰ ਹੈ, ਤਾਂ ਇਸ ਪਿੱਛੇ 10 ਸਾਲ ਦਾ ਇੱਕ ਸ਼ਕਤੀਸ਼ਾਲੀ ਲਾਂਚਪੈਡ ਹੈ"

“ਅੱਜ 21ਵੀਂ ਸਦੀ ਦੇ ਭਾਰਤ ਨੇ ਛੋਟਾ ਸੋਚਣਾ ਛੱਡ ਦਿੱਤਾ ਹੈ। ਅੱਜ ਅਸੀਂ ਜੋ ਕਰਦੇ ਹਾਂ ਉਹ ਬਿਹਤਰੀਨ ਅਤੇ ਸਭ ਤੋਂ ਵੱਡਾ ਹੈ"

"ਭਾਰਤ 'ਚ ਸਰਕਾਰ ਅਤੇ ਪ੍ਰਣਾਲੀ ਵਿੱਚ ਵਿਸ਼ਵਾਸ ਵਧ ਰਿਹਾ ਹੈ"

'ਸਰਕਾਰੀ ਦਫ਼ਤਰ ਹੁਣ ਕੋਈ ਸਮੱਸਿਆ ਨਾ ਰਹੇ, ਸਗੋਂ ਦੇਸ਼ ਵਾਸੀਆਂ ਦੇ ਸਹਿਯੋਗੀ ਬਣ ਰਹੇ ਹਨ'

"ਸਾਡੀ ਸਰਕਾਰ ਨੇ ਪਿੰਡਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਬੁਨਿਆਦੀ ਢਾਂਚਾ"

"ਭ੍ਰਿਸ਼ਟਾਚਾਰ 'ਤੇ ਰੋਕ ਲਾ ਕੇ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਵਿਕਾਸ ਦੇ ਲਾਭ ਭਾਰਤ ਦੇ ਹਰ ਖੇਤਰ ਨੂੰ ਬਰਾਬਰ ਵੰਡੇ ਜਾਣ"

"ਅਸੀਂ ਸੰਪੂਰਨਤਾ ਦੇ ਸ਼ਾਸਨ 'ਚ ਵਿਸ਼ਵਾਸ ਕਰਦੇ ਹਾਂ, ਨਾ ਕਿ ਘਾਟ ਦੀ ਰਾਜਨੀਤੀ ਵਿੱਚ"

"ਸਾਡੀ ਸਰਕਾਰ 'ਰਾਸ਼ਟਰ ਪਹਿਲਾਂ' ਦੇ ਸਿਧਾਂਤ ਨੂੰ ਸਰਬਉੱਚ ਰੱਖ ਕੇ ਅੱਗੇ ਵਧ ਰਹੀ ਹੈ"

"ਸਾਨੂੰ 21ਵੀਂ ਸਦੀ ਦੇ ਭਾਰਤ ਨੂੰ ਆਉਣ ਵਾਲੇ ਦਹਾਕਿਆਂ ਲਈ ਅੱਜ ਹੀ ਤਿਆਰ ਕਰਨਾ ਪਵੇਗਾ"
"ਭਾਰਤ ਭਵਿੱਖ ਹੈ"

Posted On: 26 FEB 2024 9:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਨਿਊਜ਼ 9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ। ਸੰਮੇਲਨ ਦਾ ਵਿਸ਼ਾ ਹੈ ‘ਭਾਰਤ: ਵੱਡੀ ਪੁਲਾਂਘ ਪੁੱਟਣ ਲਈ ਤਿਆਰ’।

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਵੀ9 ਦੀ ਰਿਪੋਰਟਿੰਗ ਟੀਮ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਹੁ-ਭਾਸ਼ੀ ਨਿਊਜ਼ ਪਲੈਟਫਾਰਮਾਂ ਨੇ ਟੀਵੀ9 ਨੂੰ ਭਾਰਤ ਦੇ ਗੁੰਜਾਇਮਾਨ ਲੋਕਤੰਤਰ ਦਾ ਪ੍ਰਤੀਨਿਧ ਬਣਾਇਆ ਹੈ।


ਪ੍ਰਧਾਨ ਮੰਤਰੀ ਨੇ ਸਮਿਟ ਦੇ ਵਿਸ਼ੇ - 'ਭਾਰਤ: ਵੱਡੀ ਪੁਲਾਂਘ ਪੁੱਟਣ ਲਈ ਤਿਆਰ', 'ਤੇ ਰੌਸ਼ਨੀ ਪਾਈ ਅਤੇ ਉਜਾਗਰ ਕੀਤਾ ਕਿ ਇੱਕ ਵੱਡੀ ਪੁਲਾਂਘ ਉਦੋਂ ਹੀ ਪੁੱਟੀ ਜਾ ਸਕਦੀ ਹੈ ਜਦੋਂ ਕੋਈ ਜਨੂੰਨ ਅਤੇ ਉਤਸ਼ਾਹ ਨਾਲ ਭਰਪੂਰ ਹੋਵੇ। ਉਨ੍ਹਾਂ ਕਿਹਾ ਕਿ ਇਹ ਥੀਮ 10 ਸਾਲਾਂ ਦੇ ਲਾਂਚਪੈਡ ਦੇ ਨਿਰਮਾਣ ਕਾਰਨ ਭਾਰਤ ਦੇ ਆਤਮ-ਵਿਸ਼ਵਾਸ ਅਤੇ ਇੱਛਾਵਾਂ ਨੂੰ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 10 ਸਾਲਾਂ ਵਿੱਚ ਮਾਨਸਿਕਤਾ, ਆਤਮ-ਵਿਸ਼ਵਾਸ ਅਤੇ ਵਧੀਆ ਪ੍ਰਸ਼ਾਸਨ ਤਬਦੀਲੀ ਦੇ ਵੱਡੇ ਕਾਰਣ ਰਹੇ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਕਿਸਮਤ ਵਿੱਚ ਕਮਿਸ਼ਨ ਨਾਗਰਿਕ ਦੀ ਕੇਂਦਰਮੁਖਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਾਰ ਦੀ ਮਾਨਸਿਕਤਾ ਜਿੱਤ ਵੱਲ ਨਹੀਂ ਲਿਜਾ ਸਕਦੀ, ਇਸੇ ਰੌਸ਼ਨੀ ਵਿੱਚ, ਉਨ੍ਹਾਂ ਕਿਹਾ ਕਿ ਭਾਰਤ ਦੀ ਮਾਨਸਿਕਤਾ ਅਤੇ ਪੁਲਾਂਘ ਵਿੱਚ ਜੋ ਤਬਦੀਲੀ ਆਈ ਹੈ, ਉਹ ਸ਼ਾਨਦਾਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਦੀ ਲੀਡਰਸ਼ਿਪ ਵੱਲੋਂ ਉਜਾਗਰ ਕੀਤੇ ਗਏ ਨਾਂਹ–ਪੱਖੀ ਨਜ਼ਰੀਏ ਨੂੰ ਯਾਦ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ, ਘੁਟਾਲਿਆਂ, ਨੀਤੀਗਤ ਅਧਰੰਗ ਅਤੇ ਵੰਸ਼ਵਾਦ ਦੀ ਰਾਜਨੀਤੀ ਨੇ ਦੇਸ਼ ਦੀ ਨੀਂਹ ਹਿਲਾ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਬਦਲਾਅ ਅਤੇ ਭਾਰਤ ਦੇ ਵਿਸ਼ਵ ਦੀਆਂ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,“21ਵੀਂ ਸਦੀ ਦਾ ਭਾਰਤ ਛੋਟਾ ਨਹੀਂ ਸੋਚਦਾ। ਅਸੀਂ ਜੋ ਵੀ ਕਰਦੇ ਹਾਂ, ਅਸੀਂ ਸਰਬਸ੍ਰੇਸ਼ਠ ਅਤੇ ਸਭ ਤੋਂ ਵੱਡਾ ਕਰਦੇ ਹਾਂ। ਦੁਨੀਆ ਹੈਰਾਨ ਹੈ ਅਤੇ ਭਾਰਤ ਦੇ ਨਾਲ ਚੱਲ ਕੇ ਲਾਹਾ ਲੈਣ ਬਾਰੇ ਸੋਚ ਰਹੀ ਹੈ।


2014 ਤੋਂ ਪਹਿਲਾਂ ਦੇ 10 ਸਾਲਾਂ ਦੇ ਮੁਕਾਬਲੇ ਪਿਛਲੇ 10 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ 300 ਅਰਬ ਅਮਰੀਕੀ ਡਾਲਰ ਤੋਂ 640 ਅਰਬ ਅਮਰੀਕੀ ਡਾਲਰ ਤੱਕ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਰਿਕਾਰਡ ਵਾਧੇ, ਭਾਰਤ ਦੀ ਡਿਜੀਟਲ ਕ੍ਰਾਂਤੀ, ਭਾਰਤ ਦੇ ਕੋਵਿਡ ਵੈਕਸੀਨ ਵਿੱਚ ਵਿਸ਼ਵਾਸ ਅਤੇ ਵਧਦੀ ਗਿਣਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟੈਕਸਦਾਤਾ; ਸਰਕਾਰ ਵਿੱਚ ਲੋਕਾਂ ਦੇ ਵਧਦੇ ਭਰੋਸੇ ਦਾ ਪ੍ਰਤੀਕ ਹਨ। ਦੇਸ਼ ਵਿੱਚ ਮਿਉਚੂਅਲ ਫੰਡ ਨਿਵੇਸ਼ਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੋਕਾਂ ਨੇ 2014 ਵਿੱਚ 9 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ 2024 ਵਿੱਚ ਇਹ ਵਧ ਕੇ 52 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਹੈ। "ਇਹ ਨਾਗਰਿਕਾਂ ਨੂੰ ਸਾਬਤ ਕਰਦਾ ਹੈ ਕਿ ਦੇਸ਼ ਤਾਕਤ ਨਾਲ ਅੱਗੇ ਵਧ ਰਿਹਾ ਹੈ", ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "ਸਵੈ ਅਤੇ ਸਰਕਾਰ ਪ੍ਰਤੀ ਭਰੋਸੇ ਦਾ ਪੱਧਰ ਇੱਕਸਮਾਨ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੱਡੀ ਤਬਦੀਲੀ ਦਾ ਕਾਰਣ ਸਰਕਾਰ ਦਾ ਕੰਮ ਸਭਿਆਚਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਹੁਣ ਕੋਈ ਸਮੱਸਿਆ ਨਹੀਂ ਰਹੇ ਸਗੋਂ ਦੇਸ਼ ਵਾਸੀਆਂ ਦੇ ਸਹਿਯੋਗੀ ਬਣ ਰਹੇ ਹਨ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪੁਲਾਂਘ ਲਈ ਗੇਅਰ ਬਦਲਣ ਦੀ ਜ਼ਰੂਰਤ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਸਰਯੂ ਨਹਿਰ ਪ੍ਰੋਜੈਕਟ, ਸਰਦਾਰ ਸਰੋਵਰ ਯੋਜਨਾ ਅਤੇ ਮਹਾਰਾਸ਼ਟਰ ਦੀ ਕ੍ਰਿਸ਼ਨਾ ਕੋਇਨਾ ਪਰਿਯੋਜਨਾ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਕਿ ਦਹਾਕਿਆਂ ਤੋਂ ਮੁਲਤਵੀ ਪਏ ਸਨ ਅਤੇ ਸਰਕਾਰ ਵੱਲੋਂ ਪੂਰੇ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਅਟਲ ਸੁਰੰਗ ਵੱਲ ਧਿਆਨ ਦਿਵਾਇਆ, ਜਿਸ ਦਾ ਨੀਂਹ ਪੱਥਰ 2002 ਵਿੱਚ ਰੱਖਿਆ ਗਿਆ ਸੀ ਪਰ 2014 ਤੱਕ ਅਧੂਰਾ ਰਿਹਾ ਅਤੇ ਇਹ ਮੌਜੂਦਾ ਸਰਕਾਰ ਹੀ ਸੀ, ਜਿਸ ਨੇ 2020 ਵਿੱਚ ਇਸ ਦੇ ਉਦਘਾਟਨ ਦੇ ਨਾਲ ਹੀ ਕੰਮ ਨੂੰ ਪੂਰਾ ਕੀਤਾ। ਉਨ੍ਹਾਂ ਨੇ ਅਸਾਮ ਵਿੱਚ ਬੋਗੀਬੀਲ ਪੁਲ਼ ਦੀ ਮਿਸਾਲ ਵੀ ਦਿੱਤੀ, ਜਿਸ ਨੂੰ ਚਾਲੂ ਕੀਤਾ ਗਿਆ ਸੀ। 1998 ਵਿੱਚ ਪਰ ਇਹ 20 ਸਾਲਾਂ ਬਾਅਦ 2018 'ਚ ਮੁਕੰਮਲ ਹੋਇਆ ਅਤੇ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ 2008 ਵਿੱਚ ਚਾਲੂ ਹੋਇਆ ਸੀ ਪਰ 15 ਸਾਲਾਂ ਬਾਅਦ 2023 ਵਿੱਚ ਮੁਕੰਮਲ ਹੋਇਆ। ਉਨ੍ਹਾਂ ਅੱਗੇ ਕਿਹਾ,“ਮੌਜੂਦਾ ਸਰਕਾਰ ਦੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹੇ ਸੈਂਕੜੇ ਬਕਾਇਆ ਪ੍ਰੋਜੈਕਟ ਪੂਰੇ ਕੀਤੇ ਗਏ ਸਨ।” ਪ੍ਰਧਾਨ ਮੰਤਰੀ ਨੇ 'ਪ੍ਰਗਤੀ' ਤਹਿਤ ਵੱਡੇ ਪ੍ਰੋਜੈਕਟਾਂ ਦੀ ਨਿਯਮਤ ਨਿਗਰਾਨੀ ਦੇ ਪ੍ਰਭਾਵਾਂ ਦੀ ਵੀ ਵਿਆਖਿਆ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਵਿਧੀ ਤਹਿਤ 17 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਅਜਿਹੇ ਕੁਝ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਬਹੁਤ ਤੇਜ਼ੀ ਨਾਲ ਮੁਕੰਮਲ ਹੋ ਗਏ ਸਨ ਜਿਵੇਂ ਕਿ ਅਟਲ ਸੇਤੂ, ਸੰਸਦ ਭਵਨ, ਜੰਮੂ ਏਮਜ਼, ਰਾਜਕੋਟ ਏਮਸ, ਆਈਆਈਐਮ ਸੰਬਲਪੁਰ, ਤ੍ਰਿਚੀ ਹਵਾਈ ਅੱਡੇ ਦਾ ਨਵਾਂ ਟਰਮੀਨਲ, ਆਈਆਈਟੀ ਭਿਲਾਈ, ਗੋਆ ਹਵਾਈ ਅੱਡਾ, ਲਕਸ਼ਦ੍ਵੀਪ, ਬਨਾਸ ਤੱਕ ਸਮੁੰਦਰੀ ਕੇਬਲ, ਵਾਰਾਣਸੀ ਵਿਖੇ ਡੇਅਰੀ, ਦਵਾਰਕਾ ਸੁਦਰਸ਼ਨ ਸੇਤੂ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ,"ਜਦੋਂ ਟੈਕਸਦਾਤਿਆਂ ਦੇ ਪੈਸੇ ਲਈ ਇੱਛਾ ਸ਼ਕਤੀ ਅਤੇ ਸਤਿਕਾਰ ਹੁੰਦਾ ਹੈ, ਤਦ ਹੀ ਰਾਸ਼ਟਰ ਅੱਗੇ ਵਧਦਾ ਹੈ ਅਤੇ ਇੱਕ ਵੱਡੀ ਪੁਲਾਂਘ ਪੁੱਟਣ ਲਈ ਤਿਆਰ ਹੁੰਦਾ ਹੈ।"

ਪ੍ਰਧਾਨ ਮੰਤਰੀ ਨੇ ਸਿਰਫ਼ ਇੱਕ ਹਫ਼ਤੇ ਦੀਆਂ ਗਤੀਵਿਧੀਆਂ ਨੂੰ ਸੂਚੀਬੱਧ ਕਰਕੇ ਕੀਤੇ ਜਾ ਰਹੇ ਕੰਮਾਂ ਦੇ ਪੈਮਾਨੇ ਨੂੰ ਦਰਸਾਇਆ। ਉਨ੍ਹਾਂ ਨੇ 20 ਫਰਵਰੀ ਨੂੰ ਆਈਆਈਟੀ, ਆਈਆਈਐਮ ਅਤੇ ਆਈਆਈਆਈਟੀ ਵਰਗੀਆਂ ਦਰਜਨਾਂ ਉੱਚ ਸਿੱਖਿਆ ਸੰਸਥਾਵਾਂ ਨਾਲ ਜੰਮੂ ਤੋਂ ਵੱਡੇ ਵਿਦਿਅਕ ਹੁਲਾਰੇ ਦਾ ਜ਼ਿਕਰ ਕੀਤਾ, 24 ਫਰਵਰੀ ਨੂੰ ਉਨ੍ਹਾਂ ਨੇ ਰਾਜਕੋਟ ਤੋਂ 5 ਏਮਸ ਨੂੰ ਸਮਰਪਿਤ ਕੀਤਾ ਅਤੇ ਅੱਜ ਸਵੇਰੇ 500 ਤੋਂ ਵੱਧ ਅੰਮ੍ਰਿਤ ਸਟੇਸ਼ਨਾਂ ਦੇ ਨਵੀਨੀਕਰਨ ਸਮੇਤ 2000 ਤੋਂ ਵੱਧ ਪ੍ਰੋਜੈਕਟ ਲਾਂਚ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸਿਲਸਿਲਾ ਆਉਣ ਵਾਲੇ ਦੋ ਦਿਨਾਂ ਵਿੱਚ ਤਿੰਨ ਰਾਜਾਂ ਦੇ ਦੌਰੇ ਦੌਰਾਨ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਪਹਿਲੀ, ਦੂਜੀ ਅਤੇ ਤੀਜੀ ਕ੍ਰਾਂਤੀ ਵਿੱਚ ਪਛੜ ਗਏ ਸਾਂ, ਹੁਣ ਸਾਨੂੰ ਚੌਥੀ ਕ੍ਰਾਂਤੀ ਵਿੱਚ ਦੁਨੀਆ ਦੀ ਅਗਵਾਈ ਕਰਨੀ ਹੈ।”
ਦੇਸ਼ ਦੀ ਤਰੱਕੀ ਦੇ ਵੇਰਵੇ ਪੇਸ਼ ਕਰਨਾ ਜਾਰੀ ਰੱਖਦਿਆਂ ਉਨ੍ਹਾਂ ਨੇ ਰੋਜ਼ਾਨਾ 2 ਨਵੇਂ ਕਾਲਜ, ਹਰ ਹਫ਼ਤੇ ਇਕ ਨਵੀਂ ਯੂਨੀਵਰਸਿਟੀ ਖੋਲ੍ਹਣ, ਹਰ ਰੋਜ਼ 55 ਪੇਟੈਂਟ ਅਤੇ 600 ਟ੍ਰੇਡਮਾਰਕ ਕਰਨ, ਰੋਜ਼ਾਨਾ 1.5 ਲੱਖ ਮੁਦਰਾ ਲੋਨ, ਰੋਜ਼ਾਨਾ 37 ਸਟਾਰਟਅੱਪ ਨੂੰ ਪ੍ਰਵਾਨਗੀ ਦੇਣ, ਰੋਜ਼ਾਨਾ 16 ਹਜ਼ਾਰ ਕਰੋੜ ਰੁਪਏ ਦਾ ਯੂਪੀਆਈ ਲੈਣ-ਦੇਣ ਕਰਨ, 3 ਨਵੇਂ ਜਨ ਔਸ਼ਧੀ ਕੇਂਦਰ ਪ੍ਰਤੀ ਦਿਨ ਖੋਲ੍ਹੇ ਜਾਣ, ਰੋਜ਼ਾਨਾ 14 ਕਿਲੋਮੀਟਰ ਸੜਕ ਦਾ ਨਿਰਮਾਣ ਕਰਨ, ਰੋਜ਼ਾਨਾ 50 ਹਜ਼ਾਰ ਐਲਪੀਜੀ ਕਨੈਕਸ਼ਨ ਦੇਣ, ਹਰ ਸਕਿੰਟ ਇੱਕ ਟੂਟੀ ਕਨੈਕਸ਼ਨ ਦੇਣ ਅਤੇ ਰੋਜ਼ਾਨਾ 75 ਹਜ਼ਾਰ ਲੋਕਾਂ ਦੇ ਗਰੀਬੀ ਤੋਂ ਬਾਹਰ ਆਉਣ ਦੇ ਅੰਕੜੇ ਦਿੱਤੇ।

ਦੇਸ਼ ਦੇ ਖਪਤ ਪੈਟਰਨ 'ਤੇ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਗ਼ਰੀਬੀ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਸਿੰਗਲ ਡਿਜਿਟ 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਅਨੁਸਾਰ ਇੱਕ ਦਹਾਕੇ ਪਹਿਲਾਂ ਦੇ ਮੁਕਾਬਲੇ ਖਪਤ ਵਿੱਚ 2.5 ਗੁਣਾ ਵਾਧਾ ਹੋਇਆ ਹੈ ਕਿਉਂਕਿ ਲੋਕਾਂ ਦੀ ਵੱਖ-ਵੱਖ ਵਸਤਾਂ ਅਤੇ ਸੇਵਾਵਾਂ 'ਤੇ ਖਰਚ ਕਰਨ ਦੀ ਸਮਰੱਥਾ ਵਧੀ ਹੈ। ਉਨ੍ਹਾਂ ਕਿਹਾ,“ਪਿਛਲੇ 10 ਸਾਲਾਂ ਵਿੱਚ, ਪਿੰਡਾਂ ਵਿੱਚ ਖਪਤ ਸ਼ਹਿਰਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਦਾ ਮਤਲਬ ਹੈ ਕਿ ਪਿੰਡ ਦੇ ਲੋਕਾਂ ਦੀ ਆਰਥਿਕ ਸ਼ਕਤੀ ਵਧ ਰਹੀ ਹੈ, ਉਨ੍ਹਾਂ ਕੋਲ ਖਰਚ ਕਰਨ ਲਈ ਜ਼ਿਆਦਾ ਪੈਸਾ ਹੈ''।


ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗ੍ਰਾਮੀਣਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਬਿਹਤਰ ਸੰਪਰਕ, ਰੁਜ਼ਗਾਰ ਦੇ ਨਵੇਂ ਮੌਕੇ ਅਤੇ ਮਹਿਲਾਵਾਂ ਲਈ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੇਂਡੂ ਭਾਰਤ ਮਜ਼ਬੂਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,“ਭਾਰਤ ਵਿੱਚ ਪਹਿਲੀ ਵਾਰ, ਭੋਜਨ ਖਰਚੇ ਕੁੱਲ ਖਰਚੇ ਦੇ 50 ਪ੍ਰਤੀਸ਼ਤ ਤੋਂ ਘੱਟ ਹੋ ਗਏ ਹਨ। ਭਾਵ ਉਹ ਪਰਿਵਾਰ ਜੋ ਪਹਿਲਾਂ ਆਪਣੀ ਸਾਰੀ ਊਰਜਾ ਭੋਜਨ ਦੀ ਖ਼ਰੀਦ 'ਤੇ ਖ਼ਰਚ ਕਰਦਾ ਸੀ, ਅੱਜ ਉਸ ਦੇ ਮੈਂਬਰ ਹੋਰ ਚੀਜ਼ਾਂ 'ਤੇ ਪੈਸਾ ਖ਼ਰਚ ਕਰਨ ਦੇ ਯੋਗ ਹਨ।

ਪਿਛਲੀ ਸਰਕਾਰ ਵੱਲੋਂ ਅਪਣਾਏ ਗਏ ਵੋਟ ਬੈਂਕ ਦੀ ਸਿਆਸਤ ਦੇ ਰੁਝਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਪਿਛਲੇ 10 ਸਾਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਅਤੇ ਵਿਕਾਸ ਦੇ ਫ਼ਾਇਦਿਆਂ ਨੂੰ ਬਰਾਬਰ ਵੰਡਣ ਨੂੰ ਯਕੀਨੀ ਬਣਾ ਕੇ ਕਮੀ ਦੀ ਮਾਨਸਿਕਤਾ ਤੋਂ ਬਾਹਰ ਨਿੱਕਲਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,“ਅਸੀਂ ਘਾਟ ਦੀ ਰਾਜਨੀਤੀ ਦੀ ਬਜਾਏ ਸੰਤੁਸ਼ਟੀ ਦੇ ਸ਼ਾਸਨ ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਤੁਸ਼ਟੀਕਰਨ ਦੀ ਬਜਾਏ ਲੋਕਾਂ ਦੀ ਸੰਤੁਸ਼ਟੀ (ਸੰਤੋਸ਼) ਦਾ ਰਸਤਾ ਚੁਣਿਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ, ਇਹ ਪਿਛਲੇ ਦਹਾਕੇ ਤੋਂ ਸਰਕਾਰ ਦਾ ਮੰਤਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਹੈ ਸਬਕਾ ਸਾਥ ਸਬਕਾ ਵਿਕਾਸ”, ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਨੂੰ ਪ੍ਰਦਰਸ਼ਨ ਦੀ ਰਾਜਨੀਤੀ ਵਿੱਚ ਬਦਲ ਦਿੱਤਾ ਹੈ। ਮੋਦੀ ਕੀ ਗਾਰੰਟੀ ਵਹੀਕਲ ਬਾਰੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸਰਕਾਰ ਘਰ-ਘਰ ਜਾ ਕੇ ਲਾਭਪਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਜਦੋਂ ਸੰਪੂਰਨਤਾ ਇੱਕ ਮਿਸ਼ਨ ਬਣ ਜਾਂਦੀ ਹੈ, ਤਾਂ ਕਿਸੇ ਕਿਸਮ ਦੇ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ"।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ,“ਸਾਡੀ ਸਰਕਾਰ 'ਰਾਸ਼ਟਰ ਪ੍ਰਥਮ' ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਨੇ ਪੁਰਾਣੀਆਂ ਚੁਣੌਤੀਆਂ ਦੇ ਹੱਲ ਲਈ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਧਾਰਾ 370 ਨੂੰ ਖਤਮ ਕਰਨ, ਰਾਮ ਮੰਦਰ ਦੀ ਉਸਾਰੀ, ਤਿੰਨ ਤਲਾਕ ਨੂੰ ਖਤਮ ਕਰਨ, ਨਾਰੀ ਸ਼ਕਤੀ ਵੰਦਨ ਅਧਿਨਿਯਮ, ਇਕ ਰੈਂਕ ਇਕ ਪੈਨਸ਼ਨ ਅਤੇ ਚੀਫ ਆਫ ਡਿਫੈਂਸ ਸਟਾਫ਼ ਦੇ ਅਹੁਦੇ ਦੀ ਸਿਰਜਣਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਸਾਰੇ ਅਧੂਰੇ ਕੰਮਾਂ ਨੂੰ 'ਰਾਸ਼ਟਰ ਪ੍ਰਥਮ' ਦੀ ਸੋਚ ਨਾਲ ਪੂਰਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਭਾਰਤ ਨੂੰ ਤਿਆਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਤੇਜ਼ੀ ਨਾਲ ਅੱਗੇ ਵਧ ਰਹੀਆਂ ਯੋਜਨਾਵਾਂ 'ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ,"ਸਪੇਸ ਤੋਂ ਸੈਮੀਕੰਡਕਟਰ ਤੱਕ, ਡਿਜੀਟਲ ਤੋਂ ਡਰੋਨ ਤੱਕ, ਏਆਈ ਤੋਂ ਕਲੀਨ ਐਨਰਜੀ, 5ਜੀ ਤੋਂ ਫਿਨਟੈੱਕ ਤੱਕ, ਭਾਰਤ ਅੱਜ ਦੁਨੀਆ ਵਿੱਚ ਸਭ ਤੋਂ ਅੱਗੇ ਪਹੁੰਚ ਗਿਆ ਹੈ।" ਉਨ੍ਹਾਂ ਨੇ ਵਿਸ਼ਵਵਿਆਪੀ ਸੰਸਾਰ ਵਿੱਚ ਡਿਜੀਟਲ ਭੁਗਤਾਨ ਵਿੱਚ ਸਭ ਤੋਂ ਵੱਡੀ ਸ਼ਕਤੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਦੀ ਵਧ ਰਹੀ ਸਮਰੱਥਾ ਨੂੰ ਉਜਾਗਰ ਕੀਤਾ, ਫਿਨਟੈੱਕ ਅਡਾਪਸ਼ਨ ਰੇਟ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼, ਚੰਦਰਮਾ ਦੇ ਦੱਖਣੀ ਧਰੁਵ ਉੱਤੇ ਰੋਵਰ ਉਤਾਰਨ ਵਾਲਾ ਪਹਿਲਾ ਦੇਸ਼, ਸੋਲਰ ਇੰਸਟੌਲਡ ਸਮਰੱਥਾ ਵਿੱਚ, 5G ਨੈੱਟਵਰਕ ਦੇ ਵਿਸਤਾਰ ਵਿੱਚ ਯੂਰਪ ਨੂੰ ਪਿੱਛੇ ਛੱਡ ਕੇ, ਸੈਮੀ–ਕੰਡਕਟਰ ਸੈਕਟਰ ਵਿੱਚ ਤੇਜ਼ੀ ਨਾਲ ਤਰੱਕੀ ਅਤੇ ਹਰੇ ਹਾਈਡ੍ਰੋਜਨ ਵਰਗੇ ਭਵਿੱਖ ਦੇ ਈਂਧਨ 'ਤੇ ਤੇਜ਼ੀ ਨਾਲ ਵਿਕਾਸ ਜਿਹੇ ਮਾਮਲਿਆਂ ਵਿੱਚ  ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ।


ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,“ਅੱਜ ਭਾਰਤ ਆਪਣੇ ਉੱਜਲ ਭਵਿੱਖ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਭਾਰਤ ਭਵਿੱਖਵਾਦੀ ਹੈ। ਅੱਜ ਹਰ ਕੋਈ ਕਹਿੰਦਾ ਹੈ - ਭਾਰਤ ਭਵਿੱਖ ਹੈ। ਉਨ੍ਹਾਂ ਨੇ ਅਗਲੇ 5 ਸਾਲਾਂ ਦੀ ਮਹੱਤਤਾ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਨੇ ਤੀਜੇ ਕਾਰਜਕਾਲ ਵਿੱਚ ਭਾਰਤ ਦੀ ਸਮਰੱਥਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਵਿਸ਼ਵਾਸ ਦੀ ਪੁਸ਼ਟੀ ਕੀਤੀ ਅਤੇ ਕਾਮਨਾ ਕੀਤੀ ਕਿ ਆਉਣ ਵਾਲੇ 5 ਸਾਲ ਤਰੱਕੀ ਦੇ ਸਾਲ ਹੋਣ ਅਤੇ ਭਾਰਤ ਦੀ ਵਿਕਸਿਤ ਭਾਰਤ ਲਈ ਯਾਤਰਾ ਦੀ ਸ਼ਲਾਘਾ ਕੀਤੀ ਜਾਵੇ।

**************

 

ਡੀਐੱਸ/ਟੀਐੱਸ



(Release ID: 2009846) Visitor Counter : 32