ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੰਮੂ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 20 FEB 2024 3:53PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨ੍ਹਾ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਿਤੇਂਦਰ ਸਿੰਘ ਜੀ, ਸੰਸਦ ਵਿੱਚ ਮੇਰੇ ਸਾਥੀ ਜੁਗਲ ਕਿਸ਼ੋਰ ਜੀ, ਗੁਲਾਮ ਅਲੀ ਜੀ ਅਤੇ ਜੰਮੂ-ਕਸ਼ਮੀਰ ਦੇ ਮੇਰੇ ਪ੍ਰਿਯ ਭੈਣੋਂ ਤੇ ਭਰਾਓ, ਜੈ ਹਿੰਦ, ਇਕ ਬਾਰੀ ਪਰਿਤਯੈ ਇਸ ਡੁੱਗਰ ਭੂਮੀ ਪਰ ਆਈਐ ਮਿਗੀ ਬੜਾ ਸ਼ੈਲ ਲੱਗਾ ਕਰਦਾ ਏ। ਡੋਗਰੇ ਬੜੇ ਮਿਲਨ ਸਾਰ ਨੇ, ਏ ਜਿੰਨੇ ਮਿਲਨਸਾਰ ਨੇ ਓਨੀ ਗੈ ਮਿੱਠੀ...ਇੰਦੀ ਭਾਸ਼ਾ ਏ। ਤਾਂ ਗੈ ਤੇ...ਡੁੱਗਰ ਦੀ ਕਵਿਤ੍ਰੀ, ਪਦਮਾ ਸਚਦੇਵ ਨੇ ਆਕਖੇ ਦਾ ਏ- ਮਿਠੜੀ ਏ ਡੋਗਰੇਯਾਂ ਦੀ ਬੋਲੀ ਤੇ ਖੰਡ ਮਿਠੇ ਲੋਗ ਡੋਗਰੇ। (मेरे प्रिय भैनों ते भ्राओ, जै हिंद, इक बारी परतियै इस डुग्गर भूमि पर आइयै मिगी बड़ा शैल लग्गा करदा ऐ। डोगरे बड़े मिलन सार ने, ए जिन्ने मिलनसार ने उन्नी गै मिट्ठी…इंदी भाशा ऐ। तां गै ते…डुग्गर दी कवित्री, पद्मा सचदेव ने आक्खे दा ऐ- मिठड़ी ऐ डोगरेयां दी बोली ते खंड मिठे लोग डोगरे।)

ਸਾਥੀਓ,

ਮੈਂ ਜਿਵੇਂ ਕਿਹਾ ਮੇਰਾ ਨਾਤਾ ਕਰੀਬ 40 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਤੁਸੀਂ ਲੋਕਾਂ ਨਾਲ ਲਗਾਤਾਰ ਰਿਹਾ ਹੈ। ਬਹੁਤ ਪ੍ਰੋਗਰਾਮ ਮੈਂ ਕੀਤੇ ਹਨ, ਬਹੁਤ ਵਾਰ ਆਇਆ ਹਾਂ ਅਤੇ ਹੁਣ ਜਿਤੇਂਦਰ ਸਿੰਘ ਨੇ ਦੱਸਿਆ ਇਸ ਮੈਦਾਨ ਵਿੱਚ ਵੀ ਕੀਤਾ ਹੈ। ਲੇਕਿਨ ਅੱਜ ਦਾ ਇਹ ਜਨ ਸੈਲਾਬ, ਅੱਜ ਦਾ ਤੁਹਾਡਾ ਜਨੂੰਨ, ਤੁਹਾਡਾ ਇਹ ਉਤਸ਼ਾਹ ਅਤੇ ਮੌਸਮ ਵੀ ਵਿਪਰੀਤ, ਠੰਡ ਵੀ ਹੈ, ਮੀਂਹ ਵੀ ਪੈ ਰਿਹਾ ਹੈ ਅਤੇ ਤੁਹਾਡੇ ਵਿੱਚੋਂ ਇੱਕ ਹਿਲਦਾ ਵੀ ਨਹੀਂ ਹੈ। ਅਤੇ ਮੈਨੂੰ ਤਾਂ ਦੱਸਿਆ ਗਿਆ ਕਿ ਅਜਿਹੇ ਤਿੰਨ ਸਥਾਨ ਇੱਥੇ ਹਨ, ਜਿੱਥੇ ਬਹੁਤ ਵੱਡੀ ਮਾਤਰਾ ਵਿੱਚ ਸਕ੍ਰੀਨ ਲਗਾ ਕੇ ਲੈਕ ਬੈਠੇ ਹੋਏ ਹਨ। ਜੰਮੂ-ਕਸ਼ਮੀਰ ਦੇ ਲੋਕਾਂ ਦਾ ਇਹ ਪਿਆਰ, ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਦੂਰ-ਦੂਰ ਤੋਂ ਆਏ ਹੋ, ਇਹ ਸਾਡੇ ਸਭ ਦੇ ਲਈ ਬਹੁਤ ਵੱਡਾ ਅਸ਼ੀਰਵਾਦ ਹੈ।

ਵਿਕਸਿਤ ਭਾਰਤ ਨੂੰ ਸਮਰਪਿਤ ਇਹ ਪ੍ਰੋਗਰਾਮ ਸਿਰਫ਼ ਇੱਥੇ ਤੱਕ ਸੀਮਿਤ ਨਹੀਂ ਹੈ। ਅੱਜ ਦੇਸ਼ ਦੇ ਕੋਨੇ-ਕੋਨੇ ਤੋਂ, ਅਨੇਕ ਸਿੱਖਿਆ ਸੰਸਥਾਵਾਂ ਤੋਂ ਸਾਡੇ ਨਾਲ ਲੱਖਾਂ ਲੋਕ ਜੁੜੇ ਹਨ। ਇੰਨਾ ਹੀ ਨਹੀਂ, ਇਸ ਪ੍ਰੋਗਰਾਮ ਵਿੱਚ ਹੁਣ ਮੈਨੂੰ ਮਨੋਜ ਜੀ ਦੱਸ ਰਹੇ ਸਨ ਕਿ 285 ਬਲੌਕਸ ਵਿੱਚ ਇਵੇਂ ਹੀ ਸਕ੍ਰੀਨ ਲਗਾ ਕੇ ਵੀਡੀਓ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਰਿਹਾ ਹੈ, ਦੇਖਿਆ ਜਾ ਰਿਹਾ ਹੈ। ਸ਼ਾਇਦ ਇਕੱਠੇ ਇੰਨੇ ਸਥਾਨ ‘ਤੇ ਬਹੁਤ ਹੀ well organized ਇੰਨਾ ਵੱਡਾ ਪ੍ਰੋਗਰਾਮ ਅਤੇ ਉਹ ਵੀ ਜੰਮੂ-ਕਸ਼ਮੀਰ ਦੀ ਧਰਤੀ ‘ਤੇ, ਕੁਦਰਤ ਹਰ ਪਲ ਇੱਥੇ ਚੁਣੌਤੀ ਦਿੰਦੀ ਹੈ, ਕੁਦਰਤ ਹਰ ਵਾਰ ਸਾਡੀ ਕਸੌਟੀ ਕਰਦੀ ਹੈ। ਉੱਥੇ ਵੀ ਇੰਨਾ ਆਨ-ਬਾਨ-ਸ਼ਾਨ ਦੇ ਨਾਲ ਪ੍ਰੋਗਰਾਮ ਹੋਣਾ ਵਾਕਈ ਜੰਮੂ-ਕਸ਼ਮੀਰ ਦੇ ਲੋਕ ਅਭਿਨੰਦਨ ਦੇ ਅਧਿਕਾਰੀ ਹਨ।

ਸਾਥੀਓ,

ਮੈਂ ਸੋਚ ਰਿਹਾ ਸੀ ਕਿ ਮੈਨੂੰ ਅੱਜ ਇੱਥੇ ਭਾਸ਼ਣ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਜੰਮੂ-ਕਸ਼ਮੀਰ ਦੇ ਕੁਝ ਲੋਕਾਂ ਨਾਲ ਮੈਨੂੰ ਜੋ ਗੱਲ ਕਰਨ ਦਾ ਮੌਕਾ ਮਿਲਿਆ, ਜਿਸ ਉਮੰਗ ਨਾਲ, ਜਿਸ ਉਤਸ਼ਾਹ ਨਾਲ, ਜਿਸ clarity ਦੇ ਨਾਲ ਉਹ ਸਾਰੇ ਆਪਣੀਆਂ ਗੱਲਾਂ ਦੱਸ ਰਹੇ ਸਨ, ਦੇਸ਼ ਵਿੱਚ ਜੋ ਵੀ ਵਿਅਕਤੀ ਉਨ੍ਹਾਂ ਦੀਆਂ ਗੱਲਾਂ ਸੁਣਦਾ ਹੋਵੇਗਾ ਨਾ ਉਸ ਦਾ ਹੌਸਲਾ ਬੁਲੰਦ ਹੋ ਜਾਂਦਾ ਹੋਵੇਗਾ, ਉਸ ਦਾ ਵਿਸ਼ਵਾਸ ਅਮਰ ਹੋ ਜਾਂਦਾ ਹੋਵੇਗਾ ਅਤੇ ਉਸ ਨੂੰ ਲਗਦਾ ਹੋਵੇਗਾ ਕਿ ਗਾਰੰਟੀ ਦਾ ਮਤਲਬ ਕੀ ਹੁੰਦਾ ਹੈ, ਇਨ੍ਹਾਂ 5 ਲੋਕਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਸਿੱਧ ਕਰ ਦਿੱਤਾ ਹੈ। ਮੈਂ ਉਨ੍ਹਾਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਵਿਕਸਿਤ ਭਾਰਤ, ਵਿਕਸਿਤ ਜੰਮੂ-ਕਸ਼ਮੀਰ ਨੂੰ, ਇਸ ਮਕਸਦ ਨੂੰ ਲੈ ਕੇ ਜੋ ਉਤਸ਼ਾਹ ਹੈ, ਵਾਕਈ ਅਭੂਤਪੂਰਵ ਹੈ। ਇਹ ਉਤਸ਼ਾਹ ਅਸੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਵੀ ਦੇਖਿਆ ਹੈ। ਜਦੋਂ ਮੋਦੀ ਕੀ ਗਾਰੰਟੀ ਵਾਲੀ ਗੱਡੀ ਪਿੰਡ-ਪਿੰਡ ਤੱਕ ਪਹੁੰਚ ਰਹੀ ਸੀ, ਤਾਂ ਤੁਸੀਂ ਲੋਕਾਂ ਨੇ ਉਸ ਦਾ ਸ਼ਾਨਦਾਰ ਸੁਆਗਤ ਕੀਤਾ। ਜੰਮੂ-ਕਸ਼ਮੀਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ, ਜਦੋਂ ਕੋਈ ਸਰਕਾਰ ਉਨ੍ਹਾਂ ਦੇ ਦਰਵਾਜ਼ੇ ‘ਤੇ ਆਈ ਹੈ। ਕੋਈ ਵੀ ਸਰਕਾਰ ਦੀ ਯੋਜਨਾ ਦੇ ਲਾਭ, ਕੋਈ ਵੀ ਜੋ ਉਸ ਦਾ ਹੱਕਦਾਰ ਹੈ ਉਹ ਛੁਟੇਗਾ ਨਹੀਂ...ਅਤੇ ਇਹੀ ਤਾਂ ਮੋਦੀ ਕੀ ਗਾਰੰਟੀ ਹੈ, ਇਹੀ ਤਾਂ ਕਮਲ ਦਾ ਕਮਾਲ ਹੈ! ਅਤੇ ਹੁਣ ਅਸੀਂ ਸੰਕਲਪ ਲਿਆ ਹੈ, ਵਿਕਸਿਤ ਜੰਮੂ-ਕਸ਼ਮੀਰ ਦਾ। ਮੈਨੂੰ ਤੁਹਾਡੇ ‘ਤੇ ਵਿਸ਼ਵਾਸ ਹੈ। ਅਸੀਂ ਵਿਕਸਿਤ ਜੰਮੂ-ਕਸ਼ਮੀਰ ਬਣਾ ਕੇ ਹੀ ਰਹਾਂਗੇ। 70-70 ਸਾਲ ਤੋਂ ਅਧੂਰੇ ਤੁਹਾਡੇ ਸੁਪਨੇ, ਆਉਣ ਵਾਲੇ ਕੁਝ ਹੀ ਵਰ੍ਹਿਆਂ ਵਿੱਚ ਮੋਦੀ ਪੂਰਾ ਕਰਕੇ ਦੇਵੇਗਾ।

ਭਾਈਓ ਅਤੇ ਭੈਣੋਂ,

ਇੱਕ ਉਹ ਦਿਨ ਵੀ ਸਨ, ਜਦੋਂ ਜੰਮੂ-ਕਸ਼ਮੀਰ ਵਿੱਚੋਂ ਸਿਰਫ਼ ਨਿਰਾਸ਼ਾ ਦੀਆਂ ਖਬਰਾਂ ਆਉਂਦੀਆਂ ਸਨ। ਬੰਬ-ਬੰਦੂਕ, ਅਪਹਰਣ, ਅਲਗਾਵ, ਅਜਿਹੀਆਂ ਹੀ ਗੱਲਾਂ ਜੰਮੂ-ਕਸ਼ਮੀਰ ਦੀ ਬਦਕਿਸਮਤੀ ਬਣਾ ਦਿੱਤੀ ਗਈ ਸੀ। ਲੇਕਿਨ ਹੁਣ ਅੱਜ ਜੰਮੂ-ਕਸ਼ਮੀਰ, ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਹੀ ਇੱਥੇ 32 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਉਸ ਦਾ ਨੀਂਹ ਪੱਥਰ ਅਤੇ ਕੁਝ ਦਾ ਲੋਕਅਰਪਣ ਕੀਤਾ ਗਿਆ ਹੈ। ਇਹ ਸਿੱਖਿਆ-ਕੌਸ਼ਲ, ਰੋਜ਼ਗਾਰ, ਸਿਹਤ, ਉਦਯੋਗ ਅਤੇ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟਸ ਹਨ। ਅੱਜ ਇੱਥੋਂ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਦੇ ਲਈ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ। ਅਲੱਗ-ਅਲੱਗ ਰਾਜਾਂ ਵਿੱਚ IIT ਅਤੇ IIM ਜਿਹੀਆਂ ਸੰਸਥਾਵਾਂ ਦਾ ਵਿਸਤਾਰ ਹੋ ਰਿਹਾ ਹੈ। ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਦੇ ਲਈ ਜੰਮੂ-ਕਸ਼ਮੀਰ ਨੂੰ, ਪੂਰੇ ਦੇਸ਼ ਨੂੰ, ਦੇਸ਼ ਦੀ ਯੁਵਾ ਪੀੜ੍ਹੀ ਨੂੰ ਬਹੁਤ-ਬਹੁਤ ਵਧਾਈ। ਅੱਜ ਇੱਥੇ ਸੈਂਕੜੇ ਨੌਜਵਾਨਾਂ ਨੂੰ ਸਰਕਾਰੀ ਨਿਯੁਕਤੀ ਪੱਤਰ ਵੀ ਸੌਂਪੇ ਗਏ ਹਨ। ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜੰਮੂ-ਕਸ਼ਮੀਰ ਬਹੁਤ ਦਹਾਕਿਆਂ ਤੱਕ ਪਰਿਵਾਰਵਾਦ ਦੀ ਰਾਜਨੀਤੀ ਦਾ ਸ਼ਿਕਾਰ ਰਿਹਾ ਹੈ। ਪਰਿਵਾਰਵਾਦ ਦੀ ਰਾਜਨੀਤੀ ਕਰਨ ਵਾਲਿਆਂ ਨੇ ਹਮੇਸ਼ਾ ਸਿਰਫ਼ ਆਪਣਾ ਸੁਆਰਥ ਦੇਖਿਆ ਹੈ, ਤੁਹਾਡੇ ਹਿੱਤਾਂ ਦੀ ਚਿੰਤਾ ਨਹੀਂ ਕੀਤੀ ਹੈ। ਅਤੇ ਪਰਿਵਾਰਵਾਦ ਦੀ ਰਾਜਨੀਤੀ ਦਾ ਸਭ ਤੋਂ ਜ਼ਿਆਦਾ ਅਗਰ ਕੋਈ ਨੁਕਸਾਨ ਉਠਾਉਂਦਾ ਹੈ, ਤਾਂ ਸਾਡੇ ਯੁਵਾ ਉਠਾਉਂਦੇ ਹਨ, ਸਾਡੇ ਨੌਜਵਾਨ ਬੇਟੇ-ਬੇਟੀਆਂ ਉਠਾਉਂਦੇ ਹਨ। ਜੋ ਸਰਕਾਰਾਂ ਸਿਰਫ਼ ਇੱਕ ਪਰਿਵਾਰ ਨੂੰ ਅੱਗੇ ਵਧਾਉਣ ਵਿੱਚ ਜੁਟੀਆਂ ਰਹਿੰਦੀਆਂ ਹਨ, ਉਹ ਸਰਕਾਰਾਂ ਆਪਣੇ ਰਾਜ ਦੇ ਦੂਸਰੇ ਨੌਜਵਾਨਾਂ ਦਾ ਭਵਿੱਖ ਤਾਕ ‘ਤੇ ਰੱਖ ਦਿੰਦੀਆਂ ਹਨ। ਅਜਿਹੀਆਂ ਪਰਿਵਾਰਵਾਦੀ ਸਰਕਾਰਾਂ ਨੌਜਵਾਨਾਂ ਦੇ ਲਈ ਯੋਜਨਾਵਾਂ ਬਣਾਉਣ ਨੂੰ ਵੀ ਪ੍ਰਾਥਮਿਕਤਾ ਨਹੀਂ ਦਿੰਦੀਆਂ। ਸਿਰਫ਼ ਆਪਣੇ ਪਰਿਵਾਰ ਦੀ ਸੋਚਣ ਵਾਲੇ ਲੋਕ, ਕਦੇ ਤੁਹਾਡੇ ਪਰਿਵਾਰ ਦੀ ਚਿੰਤਾ ਨਹੀਂ ਕਰਨਗੇ। ਮੈਨੂੰ ਸੰਤੋਸ਼ ਹੈ ਕਿ ਜੰਮੂ-ਕਸ਼ਮੀਰ ਨੂੰ ਇਸ ਪਰਿਵਾਰਵਾਦੀ ਰਾਜਨੀਤੀ ਤੋਂ ਮੁਕਤੀ ਮਿਲ ਰਹੀ ਹੈ। 

ਭਾਈਓ ਅਤੇ ਭੈਣੋਂ,

ਜੰਮੂ-ਕਸ਼ਮੀਰ ਨੂੰ ਵਿਕਸਿਤ ਬਣਾਉਣ ਦੇ ਲਈ ਸਾਡੀ ਸਰਕਾਰ ਗ਼ਰੀਬ, ਕਿਸਾਨ, ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ‘ਤੇ ਸਭ ਤੋਂ ਜ਼ਿਆਦਾ ਫੋਕਸ ਕਰ ਰਹੀ ਹੈ। ਉਸ ਬੱਚੀ ਨੂੰ ਪਰੇਸ਼ਾਨ ਮਤ ਕਰੋ ਭਈ, ਬਹੁਤ ਛੋਟੀ ਗੁੜੀਆ ਹੈ, ਅਗਰ ਇੱਥੇ ਹੁੰਦੀ ਮੈਂ ਉਸ ਨੂੰ ਬਹੁਤ ਅਸ਼ੀਰਵਾਦ ਦਿੰਦਾ, ਲੇਕਿਨ ਇਸ ਠੰਡ ਵਿੱਚ ਉਸ ਬੱਚੀ ਨੂੰ ਪੇਰਾਸ਼ਨ ਨਾ ਕਰੋ ਜੀ। ਕੁਝ ਸਮਾਂ ਪਹਿਲਾਂ ਤੱਕ ਇੱਥੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਲਈ, ਪ੍ਰੋਫੈਸ਼ਨਲ ਐਜੁਕੇਸ਼ਨ ਦੇ ਲਈ ਦੂਸਰੇ ਰਾਜਾਂ ਵਿੱਚ ਜਾਣਾ ਪੈਂਦਾ ਸੀ। ਅੱਜ ਦੇਖੋ, ਜੰਮੂ-ਕਸ਼ਮੀਰ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਬਹੁਤ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਸਿੱਖਿਆ ਨੂੰ ਆਧੁਨਿਕ ਬਣਾਉਣ ਦਾ ਜੋ ਮਿਸ਼ਨ ਸਾਡੀ ਸਰਕਾਰ ਨੇ ਚਲਾਇਆ ਹੈ, ਉਸ ਦਾ ਅੱਜ ਇੱਥੇ ਹੋਰ ਵਿਸਤਾਰ ਹੋ ਰਿਹਾ ਹੈ।

ਮੈਨੂੰ ਯਾਦ ਹੈ, ਸਾਲ 2013 ਦੇ ਦਸੰਬਰ ਵਿੱਚ, ਜਿਸ ਦਾ ਜਿਤੇਂਦਰ ਜੀ ਹਾਲੇ ਜ਼ਿਕਰ ਕਰ ਰਹੇ ਸਨ, ਜਦੋਂ ਮੈਂ ਬੀਜੇਪੀ ਦੀ ਲਲਕਾਰ ਰੈਲੀ ਵਿੱਚ ਆਇਆ ਸੀ, ਤਾਂ ਇਸੇ ਮੈਦਾਨ ਵਿੱਚ ਤੁਹਾਡੇ ਤੋਂ ਕੁਝ ਗਾਰੰਟੀ ਦੇ ਕੇ ਗਿਆ ਸੀ। ਮੈਂ ਸਵਾਲ ਉਠਾਇਆ ਸੀ ਕਿ ਇੱਥੇ ਜੰਮੂ ਵਿੱਚ ਵੀ IIT ਅਤੇ IIM ਜਿਹੇ ਆਧੁਨਿਕ ਸਿੱਖਿਆ ਸੰਸਥਾਨ ਕਿਉਂ ਨਹੀਂ ਬਣ ਸਕਦੇ? ਉਹ ਵਾਅਦੇ ਅਸੀਂ ਪੂਰੇ ਕਰਕੇ ਦਿਖਾਏ। ਹੁਣ ਜੰਮੂ ਵਿੱਚ IIT ਵੀ ਹੈ ਅਤੇ IIM ਵੀ ਹੈ। ਅਤੇ ਇਸ ਲਈ ਲੋਕ ਕਹਿੰਦੇ ਹਨ- ਮੋਦੀ ਦੀ ਗਾਰੰਟੀ ਯਾਨੀ, ਗਾਰੰਟੀ ਪੂਰਾ ਹੋਣ ਦੀ ਗਾਰੰਟੀ! ਅੱਜ ਇੱਥੇ IIT ਜੰਮੂ ਦੇ ਅਕੈਡਮਿਕ ਕੰਪਲੈਕਸ ਅਤੇ ਹੋਸਟਲ ਦਾ ਲੋਕਅਰਪਣ ਹੋਇਆ ਹੈ। ਮੈਂ ਦੇਖ ਰਿਹਾ ਹਾਂ ਨੌਜਵਾਨਾਂ ਦਾ ਉਤਸ਼ਾਹ, ਅਦਭੁਤ ਦਿਖਦਾ ਹੈ।

 

ਇਸ ਦੇ ਨਾਲ-ਨਾਲ IIT ਭਿਲਾਈ, IIT ਤਿਰੂਪਤੀ, IIIT-DM ਕੁਰਨੂਲ Indian Institute of Skills ਕਾਨਪੁਰ, ਉੱਤਰਾਖੰਡ ਅਤੇ ਤ੍ਰਿਪੁਰਾ ਵਿੱਚ ਸੈਂਟ੍ਰਲ ਸੰਸਕ੍ਰਿਤ ਯੂਨੀਵਰਸਿਟੀਜ਼ ਦੇ ਪਰਮਾਨੈਂਟ ਕੈਂਪਸ ਦਾ ਵੀ ਲੋਕਅਰਪਣ ਕੀਤਾ ਗਿਆ ਹੈ। ਅੱਜ IIM ਜੰਮੂ ਦੇ ਨਾਲ-ਨਾਲ IIM ਬੋਧਗਯਾ ਬਿਹਾਰ ਵਿੱਚ ਅਤੇ IIM ਵਿਸ਼ਾਖਾਪੱਟਨਮ ਕੈਂਪਸ ਆਂਧਰ ਵਿੱਚ, ਉਸ ਦੀ ਵੀ ਉਦਘਾਟਨ ਇੱਥੋਂ ਹੋਇਆ ਹੈ। ਇਸ ਦੇ ਇਲਾਵਾ ਅੱਜ NIT ਦਿੱਲੀ, NIT ਅਰੁਣਚਾਲ ਪ੍ਰਦੇਸ਼, IIT ਦੁਰਗਾਪੁਰ, IIT ਖੜਕਪੁਰ, IIT ਬੌਂਬੇ, IIT ਦਿੱਲੀ I.I.S.E.T ਬੇਹਰਾਮਪੁਰ, ਟ੍ਰਿਪਲ ਆਈਟੀ ਲਖਨਊ, ਜਿਹੇ ਉੱਚ ਸਿੱਖਿਆ ਦੇ ਆਧੁਨਿਕ ਸੰਸਥਾਵਾਂ ਵਿੱਚ ਅਕੈਡਮਿਕ ਬਲੌਕਸ, ਹੌਸਟਲ, ਲਾਇਬ੍ਰੇਰੀ, ਔਡੀਟੋਰੀਅਮ ਅਜਿਹੀਆਂ ਕਈ ਸੁਵਿਧਾਵਾਂ ਦਾ ਵੀ ਲੋਕਅਰਪਣ ਹੋਇਆ ਹੈ।

ਸਾਥੀਓ,

10 ਸਾਲ ਪਹਿਲਾਂ ਤੱਕ ਸਿੱਖਿਆ ਅਤੇ ਕੌਸ਼ਲ ਦੇ ਖੇਤਰ ਵਿੱਚ ਇਸ ਸਕੇਲ ‘ਤੇ ਸੋਚਣਾ ਵੀ ਮੁਸ਼ਕਿਲ ਸੀ। ਲੇਕਿਨ ਇਹ ਨਵਾਂ ਭਾਰਤ ਹੈ। ਨਵਾਂ ਭਾਰਤ ਆਪਣੀ ਵਰਤਮਾਨ ਪੀੜ੍ਹੀ ਨੂੰ ਆਧੁਨਿਕ ਸਿੱਖਿਆ ਦੇਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਖਰਚ ਕਰਦਾ ਹੈ। ਬੀਤੇ 10 ਸਾਲ ਵਿੱਚ ਦੇਸ਼ ਵਿੱਚ ਰਿਕਾਰਡ ਸੰਖਿਆ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਜ਼ ਦਾ ਨਿਰਮਾਣ ਹੋਇਆ ਹੈ। ਇੱਥੇ ਜੰਮੂ-ਕਸ਼ਮੀਰ ਵਿੱਚ ਹੀ ਕਰੀਬ 50 ਨਵੇਂ ਡਿਗ੍ਰੀ ਕਾਲਜ ਸਥਾਪਿਤ ਕੀਤੇ ਜਾ ਚੁੱਕੇ ਹਨ, 50। ਇਵੇਂ 45 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ ਹੈ, ਅਤੇ ਇਹ ਉਹ ਬੱਚੇ ਜੋ ਪਹਿਲਾਂ ਸਕੂਲ ਨਹੀਂ ਜਾਂਦੇ ਸਨ। ਅਤੇ ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸਕੂਲਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਸਾਡੀਆਂ ਬੇਟੀਆਂ ਨੂੰ ਹੋਇਆ ਹੈ। ਅੱਜ ਉਹ ਘਰ ਦੇ ਕੋਲ ਹੀ ਬਿਹਤਰ ਸਿੱਖਿਆ ਹਾਸਲ ਕਰ ਪਾ ਰਹੀਆਂ ਹਨ। ਇੱਕ ਉਹ ਦਿਨ ਸੀ, ਜਦੋਂ ਸਕੂਲ ਜਲਾਏ ਜਾਂਦੇ ਸਨ, ਇੱਕ ਅੱਜ ਦਾ ਦਿਨ ਹੈ, ਜਦੋਂ ਸਕੂਲ ਸਜਾਏ ਜਾ ਰਹੇ ਹਨ।

ਅਤੇ ਭਾਈਓ ਅਤੇ ਭੈਣੋਂ,

ਅੱਜ ਜੰਮੂ ਕਸ਼ਮੀਰ ਵਿੱਚ ਸਿਹਤ ਸੇਵਾਵਾਂ ਵਿੱਚ ਵੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। 2014 ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਮੈਡੀਕਲ ਕਾਲਜ ਦੀ ਸੰਖਿਆ ਸਿਰਫ਼ 4 ਸੀ। ਇਹੀ, ਉਹੀ ਅੱਜ ਮੈਡੀਕਲ ਕਾਲਜ ਦੀ ਸੰਖਿਆ ਵਧ ਕੇ 4 ਤੋਂ ਵਧ ਕੇ 12 ਹੋ ਗਈ ਹੈ। 2014 ਵਿੱਚ MBBS ਦੀਆਂ 500 ਸੀਟਾਂ ਦੇ ਮੁਕਬਾਲੇ ਅੱਜ 1300 ਤੋਂ ਅਧਿਕ MBBS ਦੀ ਸੀਟ ਇੱਥੇ ਹਨ। 2014 ਤੋਂ ਪਹਿਲਾਂ ਇੱਥੇ ਇੱਕ ਵੀ ਮੈਡੀਕਲ ਪੀਜੀ ਦੀ ਸੀਟ ਨਹੀਂ ਸੀ, ਉੱਥੇ ਹੀ ਅੱਜ ਉਨ੍ਹਾਂ ਦੀ ਸੰਖਿਆ ਵਧ ਕੇ ਸਾਢੇ 6 ਸੌ ਤੋਂ ਅਧਿਕ ਹੋ ਗਈ ਹੈ। 4 ਸਾਲਾਂ ਵਿੱਚ ਇੱਥੇ ਕਰੀਬ 45 ਨਵੇਂ ਨਰਸਿੰਗ ਅਤੇ ਪੈਰਾਮੈਡਿਕ ਕਾਲਜ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸੈਂਕੜੋਂ ਨਵੀਆਂ ਸੀਟਾਂ ਜੋੜੀਆਂ ਗਈਆਂ ਹਨ। 

ਜੰਮੂ-ਕਸ਼ਮੀਰ ਦੇਸ਼ ਦਾ ਅਜਿਹਾ ਰਾਜ ਹੈ ਜਿੱਥੇ 2 ਏਮਸ ਬਣ ਰਹੇ ਹਨ। ਇਨ੍ਹਾਂ ਵਿੱਚੋਂ ਇੱਕ, ਏਮਸ ਜੰਮੂ ਦਾ ਉਦਘਾਟਨ ਅੱਜ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਜੋ ਵੱਡੀ ਉਮਰ ਦੇ ਸਾਥੀ ਇੱਥੇ ਆਏ ਹਨ, ਜੋ ਮੈਨੂੰ ਸੁਣ ਰਹੇ ਹਨ, ਉਨ੍ਹਾਂ ਦੇ ਲਈ ਤਾਂ ਇਹ ਕਲਪਨਾ ਤੋਂ ਵੀ ਪਰੇ ਸੀ। ਆਜ਼ਾਦੀ ਦੇ ਬਾਅਦ ਦੇ ਅਨੇਕ ਦਹਾਕਿਆਂ ਤੱਕ ਦਿੱਲੀ ਵਿੱਚ ਹੀ ਇੱਕ ਏਮਸ ਹੋਇਆ ਕਰਦਾ ਸੀ। ਗੰਭੀਰ ਬਿਮਾਰੀ ਦੇ ਇਲਾਜ ਦੀ ਲਈ ਤੁਹਾਨੂੰ ਦਿੱਲੀ ਜਾਣਾ ਪੈਂਦਾ ਸੀ। ਲੇਕਿਨ ਮੈਂ ਤੁਹਾਨੂੰ ਇੱਥੇ ਜੰਮੂ ਵਿੱਚ ਹੀ ਏਮਸ ਦੀ ਗਾਰੰਟੀ ਦਿੱਤੀ ਸੀ। ਅਤੇ ਇਹ ਗਾਰੰਟੀ ਮੈਂ ਪੂਰੀ ਕਰਕੇ ਦਿਖਾਈ ਹੈ। ਬੀਤੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ 15 ਨਵੇਂ ਏਮਸ ਸਵੀਕ੍ਰਿਤ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਜੰਮੂ ਵਿੱਚ ਅੱਜ ਤੁਹਾਡੀ ਸੇਵਾ ਦੇ ਲਈ ਤਿਆਰ ਹੈ। ਅਤੇ AIIMS ਕਸ਼ਮੀਰ ‘ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ,

ਅੱਜ ਅਸੀਂ ਇੱਕ ਨਵਾਂ ਜੰਮੂ ਅਤੇ ਕਸ਼ਮੀਰ ਬਣਦੇ ਹੋਏ ਦੇਖ ਰਹੇ ਹਾਂ। ਪ੍ਰਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਦੀਵਾਰ ਆਰਟੀਕਲ -370 ਕੀਤੀ ਸੀ, ਆਰਟੀਕਲ-370 ਕੀਤੀ ਸੀ। ਇਸ ਦੀਵਾਰ ਨੂੰ ਭਾਜਪਾ ਦੀ ਸਰਕਾਰ ਨੇ ਹਟਾ ਦਿੱਤਾ ਹੈ। ਹੁਣ ਜੰਮੂ ਅਤੇ ਕਸ਼ਮੀਰ, ਇੱਕ ਸੰਤੁਲਿਤ ਵਿਕਾਸ ਦੀ ਤਰਫ ਵਧ ਰਿਹਾ ਹੈ। ਅਤੇ ਮੈਂ ਸੁਣਿਆ ਹੈ ਸ਼ਾਇਦ ਇਸੇ ਹਫ਼ਤੇ ਇਹ 370 ਨੂੰ ਲੈ ਕੇ ਕੋਈ ਫਿਲਮ ਆਉਣ ਵਾਲੀ ਹੈ। ਮੈਨੂੰ ਲਗਦਾ ਹੈ ਤੁਹਾਡਾ ਜੈ-ਜੈ ਕਾਰ ਹੋਣ ਵਾਲਾ ਹੈ ਪੂਰੇ ਦੇਸ਼ ਵਿੱਚ। ਪੂਰੇ ਦੇਸ਼ ਵਿੱਚ। ਮੈਨੂੰ ਪਤਾ ਨਹੀਂ ਹੈ ਫਿਲਮ ਕਿਹੋ ਜਿਹੀ ਹੈ, ਮੈਂ ਕੱਲ੍ਹ ਹੀ ਕਿਤੇ, ਕਿਸੇ ਟੀਵੀ ‘ਤੇ ਸੁਣਿਆ ਕਿ ਅਜਿਹੀ ਕੋਈ 370 ‘ਤੇ ਫਿਲਮ ਆ ਰਹੀ ਹੈ। ਚੰਗਾ ਹੈ, ਲੋਕਾਂ ਨੂੰ ਸਹੀ ਜਾਣਕਾਰੀ ਮਿਲਣ ਵਿੱਚ ਕੰਮ ਆਏਗੀ। 

ਸਾਥੀਓ,

ਇਹ 370 ਦੀ ਤਾਕਤ ਦੇਖੋ, 370 ਜਾਣ ਦੇ ਕਾਰਨ ਅੱਜ ਮੈਂ ਹਿੰਮਤ ਦੇ ਨਾਲ ਦੇਸ਼ਵਾਸੀਆਂ ਨੂੰ ਕਿਹਾ ਹੈ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ 370 ਦੇਵੋ ਅਤੇ NDA ਨੂੰ 400 ਪਾਰ ਕਰ ਦੇਵੋ। ਹੁਣ ਪ੍ਰਦੇਸ਼ ਦਾ ਕੋਈ ਵੀ ਇਲਾਕਾ ਪਿੱਛੇ ਨਹੀਂ ਰਹੇਗਾ, ਸਭ ਮਿਲ ਕੇ ਅੱਗੇ ਵਧਣਗੇ। ਇੱਥੇ ਜੋ ਲੋਕ ਦਹਾਕਿਆਂ ਤੱਕ ਕਮੀ ਵਿੱਚ ਜੀਅ ਰਹੇ ਸਨ, ਉਨ੍ਹਾਂ ਨੂੰ ਵੀ ਅੱਜ ਸਰਕਾਰ ਦੇ ਹੋਣ ਦਾ ਅਹਿਸਾਸ ਹੋਇਆ ਹੈ। ਅੱਜ ਤੁਸੀਂ ਦੇਖੋ, ਪਿੰਡ-ਪਿੰਡ ਇੱਕ ਨਵੀਂ ਰਾਜਨੀਤੀ ਦੀ ਲਹਿਰ ਚੱਲ ਪਈ ਹੈ। ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਣ ਦੇ ਵਿਰੁੱਧ ਇੱਥੋਂ ਦੇ ਨੌਜਵਾਨਾਂ ਨੇ ਬਿਗੁਲ ਵਜਾ ਦਿੱਤਾ ਹੈ। ਅੱਜ ਜੰਮੂ ਅਤੇ ਕਸ਼ਮੀਰ ਦਾ ਹਰ ਨੌਜਵਾਨ ਆਪਣਾ ਭਵਿੱਖ ਖੁਦ ਲਿਖਣ ਦੇ ਲਈ ਅੱਗੇ ਨਿਕਲ ਰਿਹਾ ਹੈ। ਜਿੱਥੇ ਕਦੇ ਬੰਦ ਅਤੇ ਹੜਤਾਲ ਦਾ ਸੰਨਾਟਾ ਰਹਿੰਦਾ ਸੀ, ਉੱਥੇ ਹੁਣ ਜ਼ਿੰਦਗੀ ਦੀ ਚਹਿਲ-ਪਹਿਲ ਦਿਖਾਈ ਦਿੰਦੀ ਹੈ।

ਸਾਥੀਓ,

ਜਿਨ੍ਹਾਂ ਲੋਕਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਦਹਾਕਿਆਂ ਤੱਕ ਸਰਕਾਰ ਚਲਾਈ, ਉਨ੍ਹਾਂ ਨੇ ਕਦੇ ਤੁਹਾਡੀਆਂ ਆਸ਼ਾਵਾਂ-ਉਮੀਦਾਂ ਦੀ ਪਰਵਾਹ ਨਹੀਂ ਕੀਤੀ। ਪਹਿਲੇ ਦੀਆਂ ਸਰਕਾਰਾਂ ਨੇ ਤਾਂ ਇੱਥੇ ਰਹਿਣ ਵਾਲੇ ਸਾਡੇ ਫੌਜੀ ਭਰਾਵਾਂ ਤੱਕ ਦਾ ਸਨਮਾਨ ਨਹੀਂ ਕੀਤਾ। ਕਾਂਗਰਸ ਸਰਕਾਰ 40 ਵਰ੍ਹੇ ਤੱਕ ਫੌਜੀਆਂ ਨੂੰ ਝੂਠ ਬੋਲਦੀ ਰਹੀ ਕਿ ਵੰਨ ਰੈਂਕ ਵੰਨ ਪੈਨਸ਼ਨ ਲਿਆਏਗੀ। ਲੇਕਿਨ ਵੰਨ ਰੈਂਕ ਵੰਨ ਪੈਨਸ਼ਨ ਦਾ ਵਾਅਦਾ ਭਾਜਪਾ ਸਰਕਾਰ ਨੇ ਪੂਰਾ ਕੀਤਾ। OROP ਦੀ ਵਜ੍ਹਾ ਨਾਲ ਇੱਥੇ ਜੰਮੂ ਦੇ ਹੀ ਸਾਬਕਾ ਸੈਨਿਕਾਂ ਨੂੰ, ਫੌਜੀਆਂ ਨੂੰ 1600 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਹਨ। ਜਦੋਂ ਸੰਵੇਦਨਸ਼ੀਲ ਸਰਕਾਰ ਹੋਵੇ, ਜਦੋਂ ਤੁਹਾਡੀਆਂ ਭਾਵਨਾਵਾਂ ਸਮਝਣ ਵਾਲੀ ਸਰਕਾਰ ਹੋਵੇ, ਤਾਂ ਇੰਝ ਹੀ ਤੇਜ਼ ਗਤੀ ਨਾਲ ਕੰਮ ਕਰਦੀ ਹੈ। 

ਸਾਥੀਓ,

ਭਾਰਤ ਦੇ ਸੰਵਿਧਾਨ ਵਿੱਚ ਜਿਸ ਸਮਾਜਿਕ ਨਿਆਂ ਦਾ ਭਰੋਸਾ ਦਿੱਤਾ ਗਿਆ ਹੈ, ਉਹ ਭਰੋਸਾ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਆਮ ਲੋਕਾਂ ਨੂੰ ਵੀ ਮਿਲਿਆ ਹੈ। ਸਾਡੇ ਸ਼ਰਨਾਰਥੀ ਪਰਿਵਾਰ ਹੋਣ, ਵਾਲਮਿਕੀ ਸਮੁਦਾਇ ਹੋਣ, ਸਫਾਈ ਕਰਮਚਾਰੀ ਹੋਣ, ਉਨ੍ਹਾਂ ਨੂੰ ਲੋਕਤੰਤਰੀ ਹੱਕ ਮਿਲਿਆ ਹੈ। ਵਾਲਮੀਕਿ ਸਮੁਦਾਇ ਨੂੰ  SC ਕੈਟੇਗਰੀ ਦਾ ਲਾਭ ਮਿਲਣ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋ ਗਈ ਹੈ। 'ਪੱਧਾਰੀ ਜਨਜਾਤੀ', 'ਪਹਾੜੀ ਜਾਤੀ ਸਮੂਹ', 'ਗੱਡਾ ਬ੍ਰਾਹਮਣ' ਅਤੇ 'ਕੋਲੀ' ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਅਨੁਸੂਚਿਤ ਜਨਜਾਤੀਆਂ ਲਈ ਵਿਧਾਨ ਸਭਾ ਵਿੱਚ  ਸੀਟਾਂ ਰਾਖਵੀਆਂ ਹੋਈਆਂ ਹਨ। ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ ਵਿੱਚ ਓਬੀਸੀ ਨੂੰ ਰਾਖਵਾਂਕਰਨ ਦਿੱਤਾ ਗਿਆ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਇਹੀ ਮੰਤਰ ਵਿਕਸਿਤ ਜੰਮੂ-ਕਸ਼ਮੀਰ ਦੀ ਬੁਨਿਆਦ ਹੈ।

ਸਾਥੀਓ,

ਜੰਮੂ-ਕਸ਼ਮੀਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਦਾ ਬਹੁਤ ਵੱਡਾ ਲਾਭ ਸਾਡੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਹੋਇਆ ਹੈ। ਸਾਡੀ ਸਰਕਾਰ ਜੋ ਪੱਕੇ ਮਕਾਨ ਬਣਵਾ ਰਹੀ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ 'ਤੇ ਹਨ...ਹਰ ਘਰ ਜਲ ਯੋਜਨਾ ਨੇ...ਹਜ਼ਾਰਾਂ ਦੀ ਸੰਖਿਆ ਵਿੱਚ ਪਖਾਨਿਆਂ ਦੇ ਨਿਰਮਾਣ ਨੇ...ਆਯੁਸ਼ਮਾਨ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਨੇ ... ਇੱਥੋਂ ਦੀ ਭੈਣਾਂ-ਬੇਟੀਆਂ ਦਾ ਜੀਵਨ ਬਹੁਤ ਅਸਾਨ ਬਣਾਇਆ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਸਾਡੀਆਂ ਭੈਣਾਂ ਨੂੰ ਉਹ ਹੱਕ ਵੀ ਮਿਲੇ ਹਨ, ਜਿਨ੍ਹਾਂ ਨੂੰ ਪਹਿਲੇ ਉਨ੍ਹਾਂ ਤੋਂ ਵੰਚਿਤ ਰੱਖਿਆ ਗਿਆ ਸੀ।

ਸਾਥੀਓ,

ਤੁਸੀਂ ਨਮੋ ਡ੍ਰੋਨ ਦੀਦੀ ਸਕੀਮ ਬਾਰੇ ਵੀ ਸੁਣਿਆ ਹੋਵੇਗਾ। ਮੋਦੀ ਦੀ ਗਾਰੰਟੀ ਹੈ ਕਿ ਸਾਡੀਆਂ ਭੈਣਾਂ ਨੂੰ ਡ੍ਰੋਨ ਪਾਇਲਟ ਬਣਾਇਆ ਜਾਵੇਗਾ। ਮੈਂ ਕੱਲ੍ਹ ਇੱਕ ਭੈਣ ਦਾ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿ ਰਹੀ ਸੀ ਕਿ ਮੈਨੂੰ ਤਾਂ ਸਾਈਕਲ ਚਲਾਉਣਾ ਵੀ ਨਹੀਂ ਆਉਂਦਾ ਸੀ ਅਤੇ ਅੱਜ ਮੈਂ ਟ੍ਰੇਨਿੰਗ ਤੋਂ ਬਾਅਦ ਡ੍ਰੋਨ ਪਾਇਲਟ ਬਣ ਕੇ ਘਰ ਜਾ ਰਹੀ ਹਾਂ। ਦੇਸ਼ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਭੈਣਾਂ ਦੀ ਟ੍ਰੇਨਿੰਗ ਸ਼ੁਰੂ ਵੀ ਹੋ ਚੁੱਕੀ ਹੈ। ਇਸ ਦੇ ਲਈ ਅਸੀਂ ਹਜ਼ਾਰਾਂ ਸਵੈ-ਸਹਾਇਤਾ ਸਮੂਹਾਂ ਨੂੰ ਡ੍ਰੋਨ ਦੇਣ ਦਾ ਫ਼ੈਸਲਾ ਕੀਤਾ ਹੈ। ਲੱਖਾਂ ਰੁਪਏ ਦੇ ਇਨ੍ਹਾਂ ਡ੍ਰੋਨਸ ਤੋਂ ਖੇਤੀ ਅਤੇ ਬਾਗਬਾਨੀ ਵਿੱਚ ਮਦਦ ਮਿਲੇਗੀ। ਖਾਦ ਹੋਵੇ,  ਕੀਟਨਾਸ਼ਕ ਹੋਵੇ, ਇਨ੍ਹਾਂ ਦੇ ਛਿੜਕਾਅ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ। ਅਤੇ ਭੈਣਾਂ ਇਸ ਤੋਂ ਵਾਧੂ ਕਮਾਈ ਹੋਵੇਗੀ।

ਭਾਈਓ ਅਤੇ ਭੈਣੋਂ,

ਪਹਿਲਾ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਇੱਕ ਕੰਮ ਹੁੰਦਾ ਸੀ ਅਤੇ ਜੰਮੂ-ਕਸ਼ਮੀਰ ਵਿੱਚ ਉਸ ਦਾ ਲਾਭ ਜਾਂ ਤਾਂ ਮਿਲਦਾ ਹੀ ਨਹੀਂ ਸੀ ਜਾਂ ਫਿਰ ਬਹੁਤ ਦੇਰ ਨਾਲ ਮਿਲਦਾ ਸੀ। ਅੱਜ ਵਿਕਾਸ ਦੇ ਸਾਰੇ ਕੰਮ ਪੂਰੇ ਦੇਸ਼ ਵਿੱਚ ਇੱਕੋ ਸਮੇਂ ਹੋ ਰਹੇ ਹਨ। ਅੱਜ ਦੇਸ਼ ਭਰ ਵਿੱਚ ਨਵੇਂ ਏਅਰਪੋਰਟ ਬਣ ਰਹੇ ਹਨ, ਤਾਂ ਜੰਮੂ-ਕਸ਼ਮੀਰ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਅੱਜ ਜੰਮੂ ਏਅਰਪੋਰਟ ਦੇ ਵਿਸਥਾਰ ਦਾ ਕੰਮ ਵੀ ਸ਼ੁਰੂ ਹੋ ਹੋਇਆ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਨੂੰ ਰੇਲ ਰਾਹੀਂ ਜੋੜਨ ਦਾ ਸੁਪਨਾ ਵੀ ਅੱਜ ਅੱਗੇ ਵਧਿਆ ਹੈ। ਥੋੜ੍ਹੀ ਦੇਰ ਪਹਿਲੇ ਹੀ  ਸ੍ਰੀਨਗਰ ਤੋਂ ਸੰਗਲਦਾਨ ਅਤੇ ਸੰਗਲਦਾਨ ਤੋਂ ਬਾਰਾਮੂਲਾ ਲਈ ਟ੍ਰੇਨਾਂ ਚੱਲੀਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਤੋਂ ਟ੍ਰੇਨ ਵਿੱਚ ਬੈਠ ਕੇ ਲੋਕ ਪੂਰੇ ਦੇਸ਼ ਦੇ ਸਫਰ ‘ਤੇ ਨਿਕਲ ਪਾਉਣਗੇ। ਅੱਜ ਜੋ ਪੂਰੇ ਦੇਸ਼ ਵਿੱਚ ਰੇਲਵੇ ਦੇ ਬਿਜਲੀਕਰਣ ਦਾ ਇੰਨਾ ਵੱਡਾ ਅਭਿਯਾਨ ਚੱਲ ਰਿਹਾ ਹੈ, ਉਸ ਦਾ ਵੱਡਾ ਲਾਭ  ਇਸ ਖੇਤਰ ਨੂੰ ਵੀ ਮਿਲਿਆ ਹੈ। ਅੱਜ ਜੰਮੂ-ਕਸ਼ਮੀਰ ਨੂੰ ਆਪਣੀ ਪਹਿਲੀ ਇਲੈਕਟ੍ਰਿਕ ਟ੍ਰੇਨ ਮਿਲੀ ਹੈ। ਇਸ ਨਾਲ ਪ੍ਰਦੂਸ਼ਣ ਨੂੰ ਘੱਟ ਰੱਖਣ ਵਿੱਚ ਬਹੁਤ ਮਦਦ ਮਿਲਣ ਵਾਲੀ ਹੈ।

ਸਾਥੀਓ ਤੁਸੀਂ ਦੇਖੋ,

ਜਦੋਂ ਦੇਸ਼ ਵਿੱਚ ਵੰਦੇ ਭਾਰਤ ਦੇ ਰੂਪ ਵਿੱਚ ਆਧੁਨਿਕ ਟ੍ਰੇਨ ਸ਼ੁਰੂ ਹੋਈ, ਤਾਂ ਅਸੀਂ ਇਸਦੇ ਸ਼ੁਰੂਆਤੀ ਰੂਟਾਂ ਵਿੱਚੋਂ ਜੰਮੂ ਅਤੇ ਕਸ਼ਮੀਰ ਨੂੰ ਵੀ ਚੁਣਿਆ। ਅਸੀਂ ਮਾਤਾ ਵੈਸ਼ਣੋ ਦੇਵੀ ਤੱਕ ਪਹੁੰਚਣਾ ਹੋਰ ਆਸਾਨ ਬਣਾਇਆ। ਮੈਨੂੰ ਖੁਸ਼ੀ ਹੈ ਕਿ ਅੱਜ ਜੰਮੂ-ਕਸ਼ਮੀਰ ਵਿੱਚ 2 ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ।

ਸਾਥੀਓ,

ਪਿੰਡਾਂ ਦੀਆਂ ਸੜਕਾਂ ਹੋਣ, ਜੰਮੂ ਸ਼ਹਿਰ ਦੇ ਅੰਦਰ ਦੀਆਂ ਸੜਕਾਂ ਹੋਣ ਜਾਂ ਫਿਰ ਨੈਸ਼ਨਲ ਹਾਈਵੇਅ, ਜੰਮੂ-ਕਸ਼ਮੀਰ ਵਿੱਚ ਹਰ ਪਾਸੇ ਕੰਮ ਚੱਲ ਰਿਹਾ ਹੈ। ਅੱਜ ਕਈ ਸੜਕਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਹਨ। ਇਸ ਵਿੱਚ ਸ੍ਰੀਨਗਰ ਰਿੰਗ ਰੋਡ ਦਾ ਦੂਜਾ ਪੜਾਅ ਵੀ ਸ਼ਾਮਲ ਹੈ। ਇਹ ਜਦੋਂ ਬਣ ਕੇ ਤਿਆਰ ਹੋਵੇਗੀ, ਤਾਂ ਮਾਨਸਬਲ ਝੀਲ ਅਤੇ ਖੀਰਭਵਾਨੀ ਮੰਦਿਰ ਆਉਣਾ, ਉੱਥੇ ਜਾਣਾ ਹੋਰ ਆਸਾਨ ਹੋ ਜਾਵੇਗਾ। ਜਦੋਂ ਸ਼੍ਰੀਨਗਰ-ਬਾਰਾਮੂਲਾ-ਉੜੀ ਇਹ ਹਾਈਵੇਅ ਦਾ ਕੰਮ ਪੂਰਾ ਹੋਵੇਗਾ, ਤਾਂ ਇਸ ਨਾਲ ਕਿਸਾਨਾਂ ਅਤੇ ਟੂਰਿਜ਼ਮ ਸੈਕਟਰ ਨੂੰ ਹੋਰ ਜ਼ਿਆਦਾ ਲਾਭ ਹੋਵੇਗਾ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਇਸ ਦੇ ਵਿਸਤਾਰ ਨਾਲ ਜੰਮੂ ਅਤੇ ਕਟੜਾ ਦੇ ਦਰਮਿਆਨ ਦੀ ਸੁਵਿਧਾ ਹੋਰ ਬਿਹਤਰ ਹੋਵੇਗੀ। ਜਦੋਂ ਇਹ ਐਕਸਪ੍ਰੈੱਸ ਵੇਅ ਬਣ ਕੇ ਤਿਆਰ ਹੋ ਜਾਵੇਗਾ ਤਾਂ ਜੰਮੂ ਅਤੇ ਦਿੱਲੀ ਵਿਚਾਲੇ ਆਉਣਾ-ਜਾਣਾ ਬਹੁਤ ਆਸਾਨ ਹੋ ਜਾਵੇਗਾ।

ਸਾਥੀਓ,

ਵਿਕਸਿਤ ਹੁੰਦੇ ਜੰਮੂ-ਕਸ਼ਮੀਰ ਨੂੰ ਲੈ ਕੇ ਅੱਜ ਪੂਰੀ ਦੁਨੀਆ ਵਿੱਚ ਬਹੁਤ ਉਤਸ਼ਾਹ ਹੈ। ਮੈਂ ਤਾਂ ਹਾਲ ਵਿੱਚ ਹੀ, ਗਲਫ ਦੇਸ਼ਾਂ ਦੇ ਦੌਰੇ ਤੋਂ ਵਾਪਸ ਆਇਆ ਹਾਂ। ਉੱਥੇ ਜੰਮੂ-ਕਸ਼ਮੀਰ ਵਿੱਚ ਨਿਵੇਸ਼ ਨੂੰ ਲੈ ਕੇ ਬਹੁਤ ਪਾਜ਼ੀਟਿਵਿਟੀ ਹੈ। ਅੱਜ ਜਦੋਂ ਦੁਨੀਆ, ਜੰਮੂ-ਕਸ਼ਮੀਰ ਵਿੱਚ G-20 ਦਾ ਆਯੋਜਨ ਹੁੰਦੇ ਦੇਖਦੀ ਹੈ, ਤਂ ਇਸ ਦੀ ਗੂੰਜ ਬਹੁਤ ਦੂਰ ਤੱਕ ਪਹੁੰਚਦੀ ਹੈ। ਪੂਰੀ ਦੁਨੀਆ ਜੰਮੂ-ਕਸ਼ਮੀਰ ਦੀ ਸੁੰਦਰਤਾ, ਇੱਥੇ ਦੀ ਪਰੰਪਰਾ, ਇੱਥੇ ਦੀ ਸੰਸਕ੍ਰਿਤੀ ਅਤੇ ਤੁਹਾਡੇ ਸਾਰਿਆਂ ਦੇ ਸੁਆਗਤ ਤੋਂ ਬਹੁਤ ਪ੍ਰਭਾਵਿਤ ਹੋਈ ਹੈ। ਅੱਜ ਹਰ ਕੋਈ ਜੰਮੂ-ਕਸ਼ਮੀਰ ਆਉਣ ਲਈ ਤਤਪਰ ਹੈ। ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ 2 ਕਰੋੜ ਤੋਂ ਜ਼ਿਆਦਾ ਟੂਰਿਸਟ ਆਏ, ਜੋ ਇੱਕ ਰਿਕਾਰਡ ਹੈ। ਅਮਰਨਾਥ ਜੀ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਸੰਖਿਆ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਹੋ ਗਈ ਹੈ। ਅੱਜ ਜਿਸ ਗਤੀ ਨਾਲ ਇੱਥੇ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਇਹ ਸੰਖਿਆ ਆਉਣ ਵਾਲੇ ਸਮੇਂ ਵਿੱਚ ਕਈ ਗੁਣਾ ਵਧਣ ਵਾਲੀ ਹੈ। ਟੂਰਿਸਟਾਂ ਦੀ ਵਧਦੀ ਹੋਈ ਇਹ ਸੰਖਿਆ, ਇੱਥੇ ਰੋਜ਼ਗਾਰ ਦੇ ਵੀ ਕਈ ਅਵਸਰ ਬਣਾਉਣ ਵਾਲੀ ਹੈ।

ਭਾਈਓ ਅਤੇ ਭੈਣੋ,

ਪਿਛਲੇ 10 ਵਰ੍ਹਿਆਂ ਵਿੱਚ ਭਾਰਤ 11ਵੇਂ ਨੰਬਰ ਤੋਂ 5ਵੇਂ ਨੰਬਰ ਦੀ ਆਰਥਿਕ ਤਾਕਤ ਬਣਿਆ ਹੈ। ਜਦੋਂ ਦੇਸ਼ ਦੀ ਆਰਥਿਕ ਤਾਕਤ ਵਧਦੀ ਹੈ, ਤਾਂ ਕੀ ਹੁੰਦਾ ਹੈ ? ਤਦ ਸਰਕਾਰ ਦੇ ਕੋਲ, ਲੋਕਾਂ ‘ਤੇ ਖਰਚ ਕਰਨ ਲਈ ਜ਼ਿਆਦਾ ਪੈਸਾ ਆਉਂਦਾ ਹੈ। ਅੱਜ ਭਾਰਤ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ, ਮੁਫ਼ਤ ਇਲਾਜ, ਪੱਕੇ ਘਰ, ਗੈਸ, ਟਾਇਲਟ, ਪੀਐੱਮ ਕਿਸਾਨ ਸਨਮਾਨ ਨਿਧੀ ਜਿਹੀਆਂ ਅਨੇਕ ਸੁਵਿਧਾਵਾਂ ਦੇ ਰਿਹਾ ਹੈ। ਇਹ ਇਸ ਲਈ ਕਿਉਂਕਿ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਤਾਕਤ ਬਣਾਉਣਾ ਹੈ। ਇਸ ਨਾਲ ਗ਼ਰੀਬ ਕਲਿਆਣ ਅਤੇ ਇਨਫ੍ਰਾਸਟ੍ਰਕਚਰ ‘ਤੇ ਖਰਚ ਕਰਨ ਦੀ ਦੇਸ਼ ਦੀ ਸਮਰੱਥਾ ਕਈ ਗੁਣਾਂ ਹੋਰ ਵਧ ਜਾਵੇਗੀ। ਇੱਥੇ ਅਜਿਹਾ ਇਨਫ੍ਰਾਸਟ੍ਰਕਚਰ ਬਣੇਗਾ ਕਸ਼ਮੀਰ ਦੀਆਂ ਵਾਦੀਆਂ ਵਿੱਚ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ। ਇਸ ਦਾ ਫਾਇਦਾ ਜੰਮੂ-ਕਸ਼ਮੀਰ ਦੇ ਹਰ ਪਰਿਵਾਰ ਨੂੰ ਹੋਵੇਗਾ, ਤੁਹਾਨੂੰ ਹੋਵੇਗਾ।

ਤੁਸੀਂ ਅਸੀਂ ਸਾਰਿਆਂ ‘ਤੇ ਆਪਣਾ ਅਸ਼ੀਰਵਾਦ ਬਣਾ ਕੇ ਰੱਖੀਏ। ਅਤੇ ਅੱਜ ਜੰਮੂ-ਕਸ਼ਮੀਰ ਦੇ ਇਤਿਹਾਸ ਵਿੱਚ ਇਤਨਾ ਵੱਡਾ ਵਿਕਾਸ ਉਤਸਵ ਹੋਇਆ ਹੈ, ਸਾਡੇ ਪਹਾੜੀ ਭਾਈ-ਭੈਣਾਂ ਦੇ ਲਈ, ਸਾਡੇ ਗੁਜਰ ਭਾਈ-ਭੈਣਾ ਲਈ, ਸਾਡੇ ਪੰਡਿਤਾਂ ਲਈ, ਸਾਡੇ ਵਾਲਮਿਕੀ ਭਾਈਆਂ ਦੇ ਲਈ, ਸਾਡੀਆਂ ਮਾਤਾਵਾਂ-ਭੈਣਾਂ ਲਈ ਇਹ ਜੋ ਵਿਕਾਸ ਉਤਸਵ ਹੋਇਆ ਹੈ, ਮੈਂ ਤੁਹਾਨੂੰ ਇੱਕ ਕੰਮ ਕਹਿੰਦਾ ਹਾਂ ਕਰੋਗੇ? ਕਰੋਗੇ? ਇੱਕ ਕੰਮ ਕਰੋਗੇ? ਆਪਣਾ ਮੋਬਾਈਲ ਫੋਨ ਨਿਕਾਲ ਕੇ ਫਲੈਸ਼ ਲਾਈਟ ਜਗਾ ਕੇ, ਤੁਸੀਂ ਇਸ ਵਿਕਾਸ ਉਤਸਵ ਨੂੰ ਜ਼ਰਾ ਆਨੰਦ ਲੁਟਾਓ। ਸਭ ਆਪਣੇ ਮੋਬਾਈਲ ਦੀ ਫਲੈਸ਼ ਚਾਲੂ ਕਰੋ। ਜੋ, ਜਿੱਥੇ ਖੜ੍ਹਾ ਹੈ ਸਭ ਆਪਣੇ ਮੋਬਾਈਲ ਦੀ ਫਲੈਸ਼ ਚਾਲੂ ਕਰੋ, ਅਤੇ ਵਿਕਾਸ ਉਤਸਵ ਨੂੰ, ਉਸ ਦਾ ਸੁਆਗਤ ਕਰੀਏ ਅਸੀਂ, ਸਭ ਦੇ ਮੋਬਾਈਲ ਫੋਨ ਦੀ ਫਲੈਸ਼ ਚਾਲੂ ਹੋ ਜਾਵੇ। ਸਭ ਦੇ ਮੋਬਾਈਲ ਦੇ, ਇਹ ਵਿਕਾਸ ਉਤਸਵ ਸਾਰਾ ਦੇਸ਼ ਦੇਖ ਰਿਹਾ ਹੈ ਕਿ ਜੰਮੂ ਚਮਕ ਰਿਹਾ ਹੈ, ਜੰਮੂ-ਕਸ਼ਮੀਰ ਦੀ ਰੌਸ਼ਨੀ ਦੇਸ਼ ਵਿੱਚ ਪਹੁੰਚ ਰਹੀ ਹੈ..ਸ਼ਾਬਾਸ਼। ਮੇਰੇ ਨਾਲ ਬੋਲੋ-

 ਭਾਰਤ ਮਾਤਾ ਕੀ ਜੈ।

 ਭਾਰਤ ਮਾਤਾ ਕੀ ਜੈ।

 ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

************

 

ਡੀਐੱਸ/ਵੀਜੇ/ਆਰਕੇ


(Release ID: 2007608) Visitor Counter : 76