ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਗੋਆ ਦੇ ਸਥਾਈ ਕੈਂਪਸ ਦਾ ਉਦਘਾਟਨ ਕੀਤਾ

ਨੈਸ਼ਨਲ ਇੰਸਟੀਟਿਊਟ ਆਵ੍ ਵਾਟਰਸਪੋਰਟਸ ਦਾ ਨਵਾਂ ਕੈਂਪਸ ਰਾਸ਼ਟਰ ਨੂੰ ਸਮਰਪਿਤ ਕੀਤਾ

ਟੂਰਿਜ਼ਮ ਗਤੀਵਿਧੀਆਂ ਅਤੇ 100 ਐੱਮਐੱਲਡੀ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ-ਨਾਲ ਯਾਤਰੀ ਰੋਪਵੇਅ ਦਾ ਨੀਂਹ ਪੱਥਰ ਰੱਖਿਆ

ਇੱਕ 100 ਟੀਪੀਡੀ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ਸੁਵਿਧਾ ਦਾ ਉਦਘਾਟਨ ਕੀਤਾ

ਰੋਜ਼ਗਾਰ ਮੇਲੇ ਤਹਿਤ ਵੱਖ-ਵੱਖ ਵਿਭਾਗਾਂ ਦੇ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਪ੍ਰਦਾਨ ਕੀਤੇ

ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਸੌਂਪੇ

"ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਅਨੁਭਵ ਗੋਆ ਵਿੱਚ ਕਿਸੇ ਵੀ ਮੌਸਮ ਵਿੱਚ ਕੀਤਾ ਜਾ ਸਕਦਾ ਹੈ"

"ਡਬਲ-ਇੰਜਣ ਸਰਕਾਰ ਕਾਰਨ ਗੋਆ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ"

"ਸੰਤ੍ਰਿਪਤਾ ਸੱਚੀ ਧਰਮ ਨਿਰਪੱਖਤਾ ਹੈ, ਸੰਤ੍ਰਿਪਤਾ ਵਾਸਤਵਿਕ ਸਮਾਜਿਕ ਨਿਆਂ ਹੈ ਅਤੇ ਸੰਤ੍ਰਿਪਤਾ ਗੋਆ ਅਤੇ ਦੇਸ਼ ਲਈ ਮੋਦੀ ਦੀ ਗਾਰੰਟੀ ਹੈ"

"ਡਬਲ ਇੰਜਣ ਵਾਲੀ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਵੱਡੀਆਂ ਯੋਜਨਾਵਾਂ ਚਲਾਉਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਕਰ ਰਹੀ ਹੈ"

"ਸਾਡੀ ਸਰਕਾਰ ਗੋਆ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਇੱਕ ਲੌਜਿਸਟਿਕ ਹੱਬ ਬਣਾਉਣ ਲਈ ਕੰਮ ਕਰ ਰਹੀ ਹੈ"

Posted On: 06 FEB 2024 4:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸਿੱਖਿਆ, ਖੇਡਾਂ, ਵਾਟਰ ਟ੍ਰੀਟਮੈਂਟ, ਵੇਸਟ ਮੈਨੇਜਮੈਂਟ ਅਤੇ ਟੂਰਿਜ਼ਮ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਵੀ ਪ੍ਰਦਾਨ ਕੀਤੇ ਅਤੇ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਵੀ ਸੌਂਪੇ।

ਪ੍ਰਧਾਨ ਮੰਤਰੀ ਨੇ ਗੋਆ ਦੇ ਕੁਦਰਤੀ ਸੁੰਦਰਤਾ ਅਤੇ ਪੁਰਾਣੇ ਸਮੁੰਦਰੀ ਤਟਾਂ 'ਤੇ ਚਾਨਣਾ ਪਾਉਂਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਸੈਲਾਨੀਆਂ ਦਾ ਮਨਪਸੰਦ ਛੁੱਟੀਆਂ ਦਾ ਸਥਾਨ ਹੈ। ਉਨ੍ਹਾਂ ਟਿੱਪਣੀ ਕੀਤੀ, "ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਅਨੁਭਵ ਗੋਆ ਵਿੱਚ ਕਿਸੇ ਵੀ ਮੌਸਮ ਵਿੱਚ ਕੀਤਾ ਜਾ ਸਕਦਾ ਹੈ।" ਉਨ੍ਹਾਂ ਨੇ ਗੋਆ ਵਿੱਚ ਪੈਦਾ ਹੋਏ ਮਹਾਨ ਸੰਤਾਂ, ਪ੍ਰਸਿੱਧ ਕਲਾਕਾਰਾਂ ਅਤੇ ਵਿਦਵਾਨਾਂ ਵੱਲ ਵੀ ਧਿਆਨ ਖਿੱਚਿਆ ਅਤੇ ਸੰਤ ਸੋਹੀਰੋਬਨਾਥ ਅੰਬੀਏ, ਨਾਟਕਕਾਰ ਕ੍ਰਿਸ਼ਨਾ ਭੱਟ ਬੰਦਕਰ, ਗਾਇਕ ਕੇਸਰਬਾਈ ਕੇਰਕਰ, ਆਚਾਰਿਆ ਧਰਮਾਨੰਦ ਕੋਸਾਂਬੀ ਅਤੇ ਰਘੂਨਾਥ ਅਨੰਤ ਮਾਸ਼ੇਲਕਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਰਤਨ ਲਤਾ ਮੰਗੇਸ਼ਕਰ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਨੇੜੇ ਸਥਿਤ ਮੰਗੂਸ਼ੀ ਮੰਦਿਰ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਅੱਗੇ ਕਿਹਾ, "ਸਵਾਮੀ ਵਿਵੇਕਾਨੰਦ ਨੇ ਮਾਰਗਾਓ ਵਿੱਚ ਦਾਮੋਦਰ ਸਾਲ ਤੋਂ ਨਵੀਂ ਪ੍ਰੇਰਨਾ ਪ੍ਰਾਪਤ ਕੀਤੀ।" ਪੀਐੱਮ ਮੋਦੀ ਨੇ ਲੋਹੀਆ ਮੈਦਾਨ ਅਤੇ ਕੁਨਕੋਲਿਮ ਵਿੱਚ ਚੀਫਟੇਨ ਮੈਮੋਰੀਅਲ ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਸੇਂਟ ਫ੍ਰਾਂਸਿਸ ਜ਼ੇਵੀਅਰ ਦੇ ਪਵਿੱਤਰ ਅਵਸ਼ੇਸ਼ਾਂ ਦੇ ਪ੍ਰਦਰਸ਼ਨ ਬਾਰੇ ਗੱਲ ਕੀਤੀ, ਜੋ ਇਸ ਸਾਲ ਹੋਣ ਵਾਲੇ "ਗਾਇਚੋ ਸਾਈਬ" (Gõycho Saib) ਵਜੋਂ ਮਸ਼ਹੂਰ ਹੈ। ਸ਼ਾਂਤੀ ਅਤੇ ਏਕਤਾ ਦੇ ਪ੍ਰਤੀਕ ਵਜੋਂ ਪ੍ਰਦਰਸ਼ਨੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਾਰਜੀਆ ਦੀ ਸੰਤ ਮਹਾਰਾਣੀ ਕੇਤੇਵਨ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੇ ਪਵਿੱਤਰ ਅਵਸ਼ੇਸ਼ ਵਿਦੇਸ਼ ਮੰਤਰੀ ਦੁਆਰਾ ਜਾਰਜੀਆ ਲਿਜਾਏ ਗਏ ਸਨ। ਉਨ੍ਹਾਂ ਕਿਹਾ, “ਇਸਾਈ ਅਤੇ ਹੋਰ ਭਾਈਚਾਰਿਆਂ ਦੀ ਸ਼ਾਂਤੀਪੂਰਨ ਸਹਿ-ਹੋਂਦ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਇੱਕ ਉਦਾਹਰਣ ਹੈ।”

ਪ੍ਰਧਾਨ ਮੰਤਰੀ ਮੋਦੀ ਨੇ 1300 ਕਰੋੜ ਰੁਪਏ ਦੇ ਉਨ੍ਹਾਂ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦੱਸਿਆ, ਜਿਨ੍ਹਾਂ ਦਾ ਉਦਘਾਟਨ ਕੀਤਾ ਗਿਆ ਸੀ ਜਾਂ ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਸੀ, ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਅਤੇ ਟੂਰਿਜ਼ਮ ਨਾਲ ਜੁੜੇ ਪ੍ਰੋਜੈਕਟ ਗੋਆ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਣਗੇ। ਉਨ੍ਹਾਂ ਕਿਹਾ, “ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ ਦਾ ਸਥਾਈ ਕੈਂਪਸ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਵਾਟਰਸਪੋਰਟਸ ਦਾ ਕੈਂਪਸ ਅਤੇ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ਸੁਵਿਧਾ, ਪ੍ਰਦਾਨ ਕੀਤੇ 1930 ਨਿਯੁਕਤੀ ਪੱਤਰ ਸੂਬੇ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ।"

ਪ੍ਰਧਾਨ ਮੰਤਰੀ ਨੇ ਕਿਹਾ, “ਭਾਵੇਂ ਗੋਆ ਖੇਤਰ ਅਤੇ ਆਬਾਦੀ ਪੱਖੋਂ ਛੋਟਾ ਹੈ, ਇਹ ਸਮਾਜਿਕ ਤੌਰ ‘ਤੇ ਵਿਭਿੰਨਤਾ ਭਰਪੂਰ ਹੈ ਅਤੇ ਵੱਖ-ਵੱਖ ਸਮਾਜਾਂ ਅਤੇ ਧਰਮਾਂ ਦੇ ਲੋਕ ਕਈ ਪੀੜ੍ਹੀਆਂ ਤੋਂ ਸ਼ਾਂਤੀ ਨਾਲ ਰਹਿ ਰਹੇ ਹਨ।” ਉਨ੍ਹਾਂ 'ਸਬਕਾ ਸਾਥ ਸਬਕਾ ਵਿਕਾਸ' ਦੇ ਮੰਤਰ 'ਤੇ ਚਾਨਣਾ ਪਾਇਆ ਅਤੇ ਗੋਆ ਦੇ ਲੋਕਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹਮੇਸ਼ਾ ਸੂਬੇ ਦੀ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।"

ਸਵੈਯਮਪੂਰਨ ਗੋਆ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਗੋਆ ਸਰਕਾਰ ਦੇ ਸੁਸ਼ਾਸਨ ਮਾਡਲ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਗੋਆ ਦੇ ਲੋਕਾਂ ਦੀ ਭਲਾਈ ਦੇ ਮਾਪਦੰਡ 'ਤੇ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ, “ਗੋਆ ਦਾ ਵਿਕਾਸ ਡਬਲ-ਇੰਜਣ ਸਰਕਾਰ ਕਾਰਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਵਿੱਚ ਹਰ ਘਰ ਨਲ ਸੇ ਜਲ, ਬਿਜਲੀ ਕੁਨੈਕਸ਼ਨ, ਐੱਲਪੀਜੀ ਕਵਰੇਜ, ਕੇਰੋਸਿਨ ਮੁਕਤ ਹੋਣ, ਖੁੱਲ੍ਹੇ ਵਿੱਚ ਸ਼ੌਚ ਮੁਕਤ ਅਤੇ ਸੰਤ੍ਰਿਪਤ ਕਵਰੇਜ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸੰਤ੍ਰਿਪਤਤਾ ਭੇਦਭਾਵ ਨੂੰ ਖਤਮ ਕਰਨ ਅਤੇ ਸਾਰੇ ਲਾਭਾਰਥੀਆਂ ਨੂੰ ਲਾਭਾਂ ਦੇ ਪੂਰੇ ਤਬਾਦਲੇ ਵੱਲ ਲੈ ਜਾਂਦੀ ਹੈ। ਇਸ ਲਈ ਮੈਂ ਕਹਿੰਦਾ ਹਾਂ, “ਸੰਤ੍ਰਿਪਤਾ ਸੱਚੀ ਧਰਮ ਨਿਰਪੱਖਤਾ ਹੈ, ਸੰਤ੍ਰਿਪਤਾ ਅਸਲ ਸਮਾਜਿਕ ਨਿਆਂ ਹੈ ਅਤੇ ਸੰਤ੍ਰਿਪਤਤਾ ਹੀ ਗੋਆ ਅਤੇ ਦੇਸ਼ ਲਈ ਮੋਦੀ ਦੀ ਗਾਰੰਟੀ ਹੈ।” ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਜ਼ਿਕਰ ਕੀਤਾ, ਜਿੱਥੇ ਗੋਆ ਦੇ 30 ਹਜ਼ਾਰ ਤੋਂ ਵੱਧ ਲੋਕਾਂ ਨੇ ਕਈ ਤਰ੍ਹਾਂ ਦੇ ਲਾਭ ਲਏ।

ਇਸ ਸਾਲ ਦੇ ਬਜਟ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਯੋਜਨਾਵਾਂ ਦੀ ਸੰਤ੍ਰਿਪਤਾ ਦੇ ਸਰਕਾਰ ਦੇ ਸੰਕਲਪ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ 4 ਕਰੋੜ ਪੱਕੇ ਮਕਾਨਾਂ ਦਾ ਟੀਚਾ ਹਾਸਲ ਕਰਨ ਤੋਂ ਬਾਅਦ ਹੁਣ ਗ਼ਰੀਬਾਂ ਨੂੰ ਦੋ ਕਰੋੜ ਘਰਾਂ ਦੀ ਗਾਰੰਟੀ ਦੇ ਰਹੀ ਹੈ। ਉਨ੍ਹਾਂ ਨੇ ਗੋਆ ਦੇ ਲੋਕਾਂ ਨੂੰ ਪੱਕੇ ਘਰਾਂ ਦਾ ਲਾਭ ਲੈਣ ਵਿੱਚ ਪਿੱਛੇ ਰਹਿ ਗਏ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਆਯੁਸ਼ਮਾਨ ਯੋਜਨਾ ਦਾ ਹੋਰ ਵਿਸਤਾਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਬਜਟ ਵਿੱਚ ਮਤਸਯਾ ਸੰਪਦਾ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਮਛੇਰਾ ਭਾਈਚਾਰੇ ਨੂੰ ਸਹਾਇਤਾ ਅਤੇ ਸਰੋਤਾਂ ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਨਾਲ ਸਮੁੰਦਰੀ ਭੋਜਨ ਦੀ ਬਰਾਮਦ ਅਤੇ ਮਛੇਰਿਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਯਤਨ ਮੱਛੀ ਪਾਲਣ ਦੇ ਖੇਤਰ ਵਿੱਚ ਰੋਜ਼ਗਾਰ ਦੇ ਲੱਖਾਂ ਮੌਕੇ ਪੈਦਾ ਕਰਦੇ ਹਨ।

ਮੱਛੀ ਪਾਲਕਾਂ ਦੀ ਭਲਾਈ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਮਰਪਿਤ ਮੰਤਰਾਲੇ ਦੇ ਗਠਨ, ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ, ਬੀਮੇ ਦੀ ਰਕਮ ਨੂੰ 5 ਲੱਖ ਰੁਪਏ ਤੱਕ ਵਧਾਉਣ ਅਤੇ ਕਿਸ਼ਤੀਆਂ ਦੇ ਆਧੁਨਿਕੀਕਰਨ ਲਈ ਸਬਸਿਡੀ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸੜਕਾਂ, ਰੇਲਵੇ ਅਤੇ ਹਵਾਈ ਅੱਡਿਆਂ ਦੇ ਤੇਜ਼ ਰਫ਼ਤਾਰ ਵਿਕਾਸ ਨੂੰ ਉਜਾਗਰ ਕਰਦੇ ਹੋਏ ਕਿਹਾ, "ਡਬਲ ਇੰਜਣ ਵਾਲੀ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਵੱਡੀਆਂ ਯੋਜਨਾਵਾਂ ਚਲਾਉਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਕਰ ਰਹੀ ਹੈ।" ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ 10 ਸਾਲ ਪਹਿਲਾਂ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸਨ। ਉਨ੍ਹਾਂ ਕਿਹਾ ਕਿ ਜਿੱਥੇ ਵਿਕਾਸ ਪ੍ਰੋਜੈਕਟ ਲੱਗਦੇ ਹਨ, ਉੱਥੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ ਅਤੇ ਹਰ ਵਿਅਕਤੀ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ।

ਕਨੈਕਟੀਵਿਟੀ ਨੂੰ ਵਧਾਉਣ ਅਤੇ ਗੋਆ ਨੂੰ ਇੱਕ ਲੌਜਿਸਟਿਕ ਹੱਬ ਵਜੋਂ ਸਥਾਪਤ ਕਰਨ ਵਿੱਚ ਸਰਕਾਰ ਦੇ ਯਤਨਾਂ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਗੋਆ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਇੱਕ ਲੌਜਿਸਟਿਕ ਹੱਬ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਗੋਆ ਵਿੱਚ ਮਨੋਹਰ ਪਾਰੀਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਾਤਾਰ ਸੁਵਿਧਾ ਪ੍ਰਦਾਨ ਕੀਤੀ ਹੈ।" ਉਨ੍ਹਾਂ ਨੇ ਦੇਸ਼ ਦੇ ਦੂਜੇ ਸਭ ਤੋਂ ਲੰਬੇ ਕੇਬਲ ਬ੍ਰਿਜ, ਨਿਊ ਜ਼ੁਆਰੀ ਬ੍ਰਿਜ ਦਾ ਵੀ ਜ਼ਿਕਰ ਕੀਤਾ, ਜੋ ਪਿਛਲੇ ਸਾਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਨਵੀਂਆਂ ਸੜਕਾਂ, ਪੁਲਾਂ, ਰੇਲਵੇ ਰੂਟਾਂ ਅਤੇ ਵਿੱਦਿਅਕ ਸੰਸਥਾਵਾਂ ਸਮੇਤ ਗੋਆ ਵਿੱਚ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇਹ ਵਿਕਾਸ ਗੋਆ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਵੱਲ ਲੈ ਜਾ ਰਹੇ ਹਨ।"

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਅਮੀਰ ਸੰਸਕ੍ਰਿਤੀ ਅਤੇ ਕੁਦਰਤੀ ਵਿਰਾਸਤ ਨੂੰ ਉਜਾਗਰ ਕਰਦਿਆਂ ਭਾਰਤ ਨੂੰ ਇੱਕ ਸੰਪੂਰਨ ਟੂਰਿਜ਼ਮ ਸਥਾਨ ਵਜੋਂ ਸਥਾਪਤ ਕਰਨ ਲਈ ਸਰਕਾਰ ਦੇ ਯਤਨਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਸਾਡੇ ਦੇਸ਼ ਵਿੱਚ ਟੂਰਿਜ਼ਮ ਦਾ ਹਰ ਰੂਪ, ਇੱਕ ਵੀਜ਼ੇ 'ਤੇ ਉਪਲਬਧ ਹੈ। ਪਿਛਲੀਆਂ ਸਰਕਾਰਾਂ ਕੋਲ ਟੂਰਿਜ਼ਮ ਸਥਾਨਾਂ, ਤੱਟਵਰਤੀ ਖੇਤਰਾਂ ਅਤੇ ਟਾਪੂਆਂ ਦੇ ਵਿਕਾਸ ਲਈ ਦ੍ਰਿਸ਼ਟੀਕੋਣ ਦੀ ਘਾਟ ਸੀ।"ਗੋਆ ਦੇ ਗ੍ਰਾਮੀਣ ਖੇਤਰਾਂ ਵਿੱਚ ਈਕੋ-ਟੂਰਿਜ਼ਮ ਦੀ ਸੰਭਾਵਨਾ ਨੂੰ ਚਿੰਨ੍ਹਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨਕ ਨਿਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਗੋਆ ਦੇ ਅੰਦਰੂਨੀ ਖੇਤਰਾਂ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ 'ਤੇ ਸਰਕਾਰ ਦੇ ਫੋਕਸ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਗੋਆ ਨੂੰ ਹੋਰ ਵੀ ਆਕਰਸ਼ਕ ਸਥਾਨ ਬਣਾਉਣ ਲਈ ਫੂਡ ਕੋਰਟ, ਰੈਸਟੋਰੈਂਟ ਅਤੇ ਵੇਟਿੰਗ ਰੂਮ ਵਰਗੀਆਂ ਆਧੁਨਿਕ ਸੁਵਿਧਾਵਾਂ ਦੇ ਵਿਕਾਸ ਦੇ ਨਾਲ ਗੋਆ ਵਿੱਚ ਟੂਰਿਜ਼ਮ ਬੁਨਿਆਦੀ ਢਾਂਚੇ ਨੂੰ ਵਧਾਉਣ ਦੀਆਂ ਪਹਿਲਕਦਮੀਆਂ ਨੂੰ ਵੀ ਸੂਚੀਬੱਧ ਕੀਤਾ।

ਪ੍ਰਧਾਨ ਮੰਤਰੀ ਨੇ ਦਿਨ ਦੇ ਸ਼ੁਰੂ ਵਿੱਚ ਇੰਡੀਆ ਐਨਰਜੀ ਵੀਕ 2024 ਦੀ ਆਪਣੀ ਫੇਰੀ ਨੂੰ ਯਾਦ ਕਰਦਿਆਂ ਟਿੱਪਣੀ ਕੀਤੀ, “ਸਰਕਾਰ ਗੋਆ ਨੂੰ ਕਾਨਫਰੰਸ ਟੂਰਿਜ਼ਮ ਲਈ ਟੂਰਿਜ਼ਮ ਸਥਾਨ ਵਜੋਂ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ।" ਉਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਗੋਆ ਵਿੱਚ ਹੋਈਆਂ ਕਈ ਮਹੱਤਵਪੂਰਨ ਜੀ-20 ਮੀਟਿੰਗਾਂ ਅਤੇ ਵੱਡੀਆਂ ਕੂਟਨੀਤਕ ਮੀਟਿੰਗਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ, ਵਿਸ਼ਵ ਬੀਚ ਵਾਲੀਬਾਲ ਟੂਰ, ਫੀਫਾ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਅਤੇ 37ਵੀਆਂ ਰਾਸ਼ਟਰੀ ਖੇਡਾਂ ਵਰਗੇ ਟੂਰਨਾਮੈਂਟਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ, ਜੋ ਸਮੁੱਚੀ ਦੁਨੀਆ ਵਿੱਚ ਆਪਣੀ ਪਛਾਣ ਲੈ ਕੇ ਗੋਆ ਵਿੱਚ ਕਰਵਾਈਆਂ ਗਈਆਂ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਾਲਾਂ ਵਿੱਚ ਗੋਆ ਅਜਿਹੇ ਸਮਾਗਮਾਂ ਦਾ ਇੱਕ ਵੱਡਾ ਕੇਂਦਰ ਬਣ ਜਾਵੇਗਾ।"

ਉਨ੍ਹਾਂ ਨੇ ਗੋਆ ਵਿੱਚ ਫੁੱਟਬਾਲ ਦੇ ਯੋਗਦਾਨ ਅਤੇ ਬ੍ਰਹਮਾਨੰਦ ਸ਼ੰਖਵਾਲਕਰ ਨੂੰ ਖੇਡ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਰਾਸ਼ਟਰੀ ਖੇਡਾਂ ਲਈ ਵਿਕਸਿਤ ਬੁਨਿਆਦੀ ਢਾਂਚਾ ਐਥਲੀਟਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ।

ਸਿੱਖਿਆ 'ਤੇ ਸਰਕਾਰ ਦੇ ਫੋਕਸ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੋਆ ਵਿੱਚ ਕਈ ਸੰਸਥਾਵਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਇਸ ਨੂੰ ਇੱਕ ਪ੍ਰਮੁੱਖ ਵਿੱਦਿਅਕ ਹੱਬ ਵਿੱਚ ਤਬਦੀਲ ਕੀਤਾ। ਉਨ੍ਹਾਂ ਨੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਅਤੇ ਉਦਯੋਗਾਂ ਨੂੰ ਲਾਭ ਪਹੁੰਚਾਉਣ ਲਈ ਖੋਜ ਅਤੇ ਨਵੀਨਤਾ ਲਈ 1 ਲੱਖ ਕਰੋੜ ਰੁਪਏ ਦੇ ਫੰਡ ਦੀ ਘੋਸ਼ਣਾ ਬਾਰੇ ਵੀ ਦੱਸਿਆ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਗੋਆ ਦੇ ਤੇਜ਼ੀ ਨਾਲ ਵਿਕਾਸ ਲਈ ਲੋੜੀਂਦੇ ਸਮੂਹਿਕ ਯਤਨਾਂ 'ਤੇ ਜ਼ੋਰ ਦਿੱਤਾ, ਹਰ ਕਿਸੇ ਨੂੰ ਰਾਜ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ 'ਤੇ ਗੋਆ ਦੇ ਰਾਜਪਾਲ ਸ਼੍ਰੀ ਪੀਐੱਸ ਸ਼੍ਰੀਧਰਨ ਪਿੱਲਈ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਅਤੇ ਕੇਂਦਰੀ ਟੂਰਿਜ਼ਮ ਅਤੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਇਕ ਆਦਿ ਹਾਜ਼ਰ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਗੋਆ ਦੇ ਸਥਾਈ ਕੈਂਪਸ ਦਾ ਉਦਘਾਟਨ ਕੀਤਾ। ਨਵੇਂ ਬਣੇ ਕੈਂਪਸ ਵਿੱਚ ਇੰਸਟੀਟਿਊਟ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਸੁਵਿਧਾਵਾਂ ਜਿਵੇਂ ਕਿ ਟਿਊਟੋਰੀਅਲ ਕੰਪਲੈਕਸ, ਵਿਭਾਗੀ ਕੰਪਲੈਕਸ, ਸੈਮੀਨਾਰ ਕੰਪਲੈਕਸ, ਪ੍ਰਬੰਧਕੀ ਕੰਪਲੈਕਸ, ਹੋਸਟਲ, ਸਿਹਤ ਕੇਂਦਰ, ਸਟਾਫ਼ ਕੁਆਰਟਰ, ਸੁਵਿਧਾ ਕੇਂਦਰ, ਖੇਡ ਮੈਦਾਨ ਅਤੇ ਹੋਰ ਸਹੂਲਤਾਂ ਹਨ। 

ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਵ੍ ਵਾਟਰਸਪੋਰਟਸ ਦੇ ਨਵੇਂ ਕੈਂਪਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇੰਸਟੀਟਿਊਟ 28 ਟੇਲਰ-ਮੇਡ ਕੋਰਸ ਸ਼ੁਰੂ ਕਰੇਗਾ, ਜਿਸ ਦਾ ਉਦੇਸ਼ ਵਾਟਰਸਪੋਰਟਸ ਦੇ ਵਿਕਾਸ ਅਤੇ ਜਲ ਬਚਾਓ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਜਨਤਾ ਅਤੇ ਹਥਿਆਰਬੰਦ ਬਲਾਂ ਦੋਵਾਂ ਦੀ ਪੂਰਤੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਦੱਖਣੀ ਗੋਆ ਵਿੱਚ 100 ਟੀਪੀਡੀ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ਸੁਵਿਧਾ ਦਾ ਵੀ ਉਦਘਾਟਨ ਕੀਤਾ। ਇਸ ਨੂੰ 60 ਟੀਪੀਡੀ ਗਿੱਲੇ ਕੂੜੇ ਅਤੇ 40 ਟੀਪੀਡੀ ਸੁੱਕੇ ਕੂੜੇ ਦੇ ਵਿਗਿਆਨਕ ਇਲਾਜ ਲਈ ਤਿਆਰ ਕੀਤਾ ਗਿਆ ਹੈ, ਜਦਕਿ 500 ਕਿਲੋਵਾਟ ਦਾ ਸੌਰ ਊਰਜਾ ਪਲਾਂਟ ਵੀ ਹੈ, ਜੋ ਵਾਧੂ ਬਿਜਲੀ ਪੈਦਾ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਟੂਰਿਜ਼ਮ ਗਤੀਵਿਧੀਆਂ ਦੇ ਨਾਲ-ਨਾਲ ਪਣਜੀ ਅਤੇ ਰੀਸ ਮਾਗੋਸ ਨੂੰ ਜੋੜਨ ਵਾਲੇ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵੱਲੋਂ ਦੱਖਣੀ ਗੋਆ ਵਿੱਚ 100 ਐੱਮਐੱਲਡੀ ਵਾਟਰ ਟਰੀਟਮੈਂਟ ਪਲਾਂਟ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਇਸ ਤੋਂ ਇਲਾਵਾ, ਉਨ੍ਹਾਂ ਨੇ ਰੋਜ਼ਗਾਰ ਮੇਲੇ ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਪ੍ਰਦਾਨ ਕੀਤੇ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਵੀ ਸੌਂਪੇ।

 

****


ਡੀਐੱਸ/ਟੀਐੱਸ



(Release ID: 2003350) Visitor Counter : 47