ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕ੍ਰਿਸਮਸ ਦੇ ਅਵਸਰ 'ਤੇ ਈਸਾਈ ਭਾਈਚਾਰੇ ਨਾਲ ਗੱਲਬਾਤ ਕੀਤੀ


ਈਸਾਈ ਭਾਈਚਾਰੇ ਦੇ ਲੀਡਰਜ਼ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਦੇਸ਼ ਲਈ ਉਨ੍ਹਾਂ ਦੇ ਵਿਜ਼ਨ ਦੀ ਸ਼ਲਾਘਾ ਕੀਤੀ

ਦੇਸ਼ ਈਸਾਈ ਭਾਈਚਾਰੇ ਦੇ ਯੋਗਦਾਨ ਨੂੰ ਮਾਣ ਨਾਲ ਸਵੀਕਾਰ ਕਰਦਾ ਹੈ: ਪ੍ਰਧਾਨ ਮੰਤਰੀ

ਗ਼ਰੀਬੀ ਦੇ ਖ਼ਾਤਮੇ 'ਤੇ ਦ ਹੋਲੀ ਪੋਪ ਦਾ ਸੰਦੇਸ਼ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨਾਲ ਮੇਲ ਖਾਂਦਾ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਵਿਕਾਸ ਦੇ ਲਾਭ ਹਰ ਕਿਸੇ ਤੱਕ ਪਹੁੰਚਣ ਅਤੇ ਕੋਈ ਵੀ ਅਛੂਤਾ ਨਾ ਰਹੇ: ਪ੍ਰਧਾਨ ਮੰਤਰੀ

Posted On: 25 DEC 2023 6:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 7, ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿਖੇ ਕ੍ਰਿਸਮਸ ਦੇ ਅਵਸਰ 'ਤੇ ਈਸਾਈ ਭਾਈਚਾਰੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕ੍ਰਿਸਮਸ ਦੇ ਜਸ਼ਨਾਂ ਸਬੰਧੀ ਇੱਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ। ਇਸ ਅਵਸਰ ‘ਤੇ ਸਕੂਲੀ ਬੱਚਿਆਂ ਨੇ ਗੀਤਾਂ ਦੀ ਪੇਸ਼ਕਾਰੀ ਵੀ ਦਿੱਤੀ।

 

ਸਭਨਾਂ ਨੂੰ, ਖਾਸ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਹੁਤ ਹੀ ਖਾਸ ਅਤੇ ਪਵਿੱਤਰ ਅਵਸਰ 'ਤੇ ਉਨ੍ਹਾਂ ਨਾਲ ਸ਼ਾਮਲ ਹੋਣ ਲਈ ਹਾਜ਼ਰ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤੀ ਅਲਪਸੰਖਿਅਕ ਫਾਊਂਡੇਸ਼ਨ  (Indian Minority Foundation’s) ਦੇ ਕ੍ਰਿਸਮਸ ਨੂੰ ਇਕੱਠੇ ਮਨਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ 'ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਪਹਿਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਲੰਬੇ ਸਮੇਂ ਤੋਂ ਈਸਾਈ ਭਾਈਚਾਰੇ ਨਾਲ ਆਪਣੇ ਨਜ਼ਦੀਕੀ ਅਤੇ ਬਹੁਤ ਨਿੱਘੇ ਸਬੰਧਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਨੇਤਾਵਾਂ ਨਾਲ ਲਗਾਤਾਰ ਬੈਠਕਾਂ ਕਰਨ ਨੂੰ ਯਾਦ ਕੀਤਾ। ਕੁਝ ਵਰ੍ਹੇ ਪਹਿਲਾਂ ਪਵਿੱਤਰ ਪੋਪ ਨਾਲ ਆਪਣੀ ਗੱਲਬਾਤ ਨੂੰ ਬਹੁਤ ਯਾਦਗਾਰੀ ਪਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਸਮਾਜਿਕ ਸਦਭਾਵਨਾ, ਆਲਮੀ ਭਾਈਚਾਰਾ, ਜਲਵਾਯੂ ਪਰਿਵਰਤਨ ਅਤੇ ਪ੍ਰਿਥਵੀ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਸਮਾਵੇਸ਼ੀ ਵਿਕਾਸ ਜਿਹੇ ਮੁੱਦਿਆਂ 'ਤੇ ਚਰਚਾ ਨੂੰ ਉਜਾਗਰ ਕੀਤਾ। 

 

ਇਹ ਨੋਟ ਕਰਦੇ ਹੋਏ ਕਿ ਕ੍ਰਿਸਮਸ ਕੇਵਲ ਯਿਸੂ ਮਸੀਹ ਦੇ ਜਨਮ ਦਾ ਜਸ਼ਨ ਮਨਾਉਣ ਦਾ ਦਿਨ ਨਹੀਂ ਹੈ, ਬਲਕਿ ਉਨ੍ਹਾਂ ਦੇ ਜੀਵਨ, ਸੰਦੇਸ਼ ਅਤੇ ਕਦਰਾਂ-ਕੀਮਤਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ, ਪ੍ਰਧਾਨ ਮੰਤਰੀ ਨੇ ਦਇਆ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਰੇਖਾਂਕਿਤ ਕੀਤਾ ਜਿਨ੍ਹਾਂ ਦੁਆਰਾ ਯਿਸੂ ਜੀਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਜੀਸਸ ਨੇ ਇੱਕ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਕੰਮ ਕੀਤਾ ਜਿੱਥੇ ਸਾਰਿਆਂ ਲਈ ਨਿਆਂ ਕਾਇਮ ਹੋਵੇ ਅਤੇ ਇਹੀ ਕਦਰਾਂ ਕੀਮਤਾਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਮਾਰਗ ਦਰਸ਼ਕ ਵਜੋਂ ਚਮਕ ਰਹੀਆਂ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਸਮਾਜਿਕ ਜੀਵਨ ਦੀਆਂ ਅਲੱਗ-ਅਲੱਗ ਧਾਰਾਵਾਂ ਦਰਮਿਆਨ ਕਦਰਾਂ ਕੀਮਤਾਂ ਦੀ ਸਮਾਨਤਾ ਨੂੰ ਉਜਾਗਰ ਕੀਤਾ, ਜੋ ਸਾਨੂੰ ਇਕਜੁੱਟ ਕਰਦੀਆਂ ਹਨ ਅਤੇ ਉਨ੍ਹਾਂ ਨੇ ਪਵਿੱਤਰ ਬਾਈਬਲ ਦੀ ਉਦਾਹਰਣ ਦਿੱਤੀ ਜੋ ਦੂਸਰਿਆਂ ਦੀ ਸੇਵਾ 'ਤੇ ਜ਼ੋਰ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਸੇਵਾ ਹੀ ਪਰਮ ਧਰਮ ਹੈ। ਪਵਿੱਤਰ ਬਾਈਬਲ ਵਿਚ ਸੱਚ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੇਵਲ ਸੱਚ ਹੀ ਸਾਨੂੰ ਮੁਕਤੀ ਦਾ ਰਸਤਾ ਦਿਖਾਏਗਾ।” ਉਨ੍ਹਾਂ ਨੇ ਸਾਰੇ ਪਵਿੱਤਰ ਉਪਨਿਸ਼ਦਾਂ ਦਾ ਵੀ ਜ਼ਿਕਰ ਕੀਤਾ ਜੋ ਆਪਣੇ ਆਪ ਨੂੰ ਮੁਕਤ ਕਰਨ ਲਈ ਅੰਤਿਮ ਸੱਚ ਨੂੰ ਜਾਣਨ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਵਿਰਾਸਤ 'ਤੇ ਧਿਆਨ ਕੇਂਦਰਿਤ ਕਰਕੇ ਅੱਗੇ ਵਧਣ 'ਤੇ ਜ਼ੋਰ ਦਿੱਤਾ ਅਤੇ ਕਿਹਾ “21ਵੀਂ ਸਦੀ ਦੇ ਆਧੁਨਿਕ ਭਾਰਤ ਲਈ, ਇਹ ਸਹਿਯੋਗ, ਸਦਭਾਵਨਾ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ।”

 

ਪ੍ਰਧਾਨ ਮੰਤਰੀ ਨੇ ਦ ਹੋਲੀ ਪੋਪ ਦੇ ਕ੍ਰਿਸਮਸ ਸੰਬੋਧਨਾਂ ਵਿੱਚੋਂ ਇੱਕ ਦਾ ਜ਼ਿਕਰ ਕੀਤਾ ਜਿੱਥੇ ਉਨ੍ਹਾਂ ਨੇ ਗ਼ਰੀਬੀ ਦੇ ਖ਼ਾਤਮੇ ਲਈ ਕੰਮ ਕਰਨ ਵਾਲਿਆਂ ਲਈ ਆਸ਼ੀਰਵਾਦ ਲਈ ਪ੍ਰਾਰਥਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਦ ਹੋਲੀ ਪੋਪ ਇਸ ਧਾਰਨਾ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਗ਼ਰੀਬੀ ਵਿਅਕਤੀਆਂ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਨੇ  ਕਿਹਾ, ਇਹ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨਾਲ ਮੇਲ ਖਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਵਿਕਾਸ ਦੇ ਲਾਭ ਹਰ ਕਿਸੇ ਤੱਕ ਪਹੁੰਚਣ ਅਤੇ ਕੋਈ ਵੀ ਅਛੂਤਾ ਨਾ ਰਹੇ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸਾਈ ਧਰਮ ਦੇ ਬਹੁਤ ਸਾਰੇ ਲੋਕ, ਖਾਸ ਕਰਕੇ ਗ਼ਰੀਬ ਵਰਗ, ਸਰਕਾਰ ਦੀਆਂ ਯੋਜਨਾਵਾਂ ਤੋਂ ਲਾਭ ਲੈ ਰਹੇ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰ ਇਸਾਈ ਭਾਈਚਾਰੇ ਦੇ ਯੋਗਦਾਨ ਨੂੰ ਮਾਣ ਨਾਲ ਸਵੀਕਾਰ ਕਰਦਾ ਹੈ”। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਅੰਦੋਲਨ ਵਿੱਚ ਈਸਾਈ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਭਿੰਨ ਬੁੱਧੀਜੀਵੀ ਚਿੰਤਕਾਂ ਅਤੇ ਲੀਡਰਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਗਾਂਧੀ ਜੀ ਨੇ ਖੁਦ ਕਿਹਾ ਸੀ ਕਿ ਨੌਨ-ਕੌਆਪ੍ਰੇਸ਼ਨ ਅੰਦੋਲਨ (Non-Cooperation Movement) ਦੀ ਕਲਪਨਾ ਸੇਂਟ ਸਟੀਫਨ ਕਾਲਜ ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਰੁਦਰਾ ਦੀ ਸਰਪ੍ਰਸਤੀ ਹੇਠਾਂ ਹੋਈ ਸੀ। ਉਨ੍ਹਾਂ ਨੇ ਸਮਾਜ ਨੂੰ ਦਿਸ਼ਾ ਦੇਣ  ਵਿੱਚ ਈਸਾਈ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਗ਼ਰੀਬਾਂ ਅਤੇ ਵੰਚਿਤ ਲੋਕਾਂ ਦੀ ਸਮਾਜ ਸੇਵਾ ਵਿੱਚ ਸਰਗਰਮ ਸ਼ਮੂਲੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਸੰਭਾਲ਼ ਦੇ ਮਹੱਤਵਪੂਰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਨੋਟ ਕੀਤਾ।

 

2047 ਤੱਕ ਭਾਰਤ ਦੇ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ ਅਤੇ ਇਸ ਯਾਤਰਾ ਵਿੱਚ ਨੌਜਵਾਨਾਂ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਫਿਟਨੈਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮਾਜ ਦੇ ਆਗੂਆਂ ਨੂੰ ਤਾਕੀਦ ਕੀਤੀ ਕਿ ਉਹ ਫਿਟਨੈਸ, ਮਿਲਟਸ, ਪੋਸ਼ਣ ਅਤੇ ਨਸ਼ਿਆਂ ਵਿਰੁੱਧ ਅਭਿਯਾਨ ਨੂੰ ਲੋਕਪ੍ਰਿਯ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ।

ਕ੍ਰਿਸਮਸ 'ਤੇ ਤੋਹਫ਼ੇ ਦੇਣ ਦੀ ਪਰੰਪਰਾ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਿਹਤਰ ਗ੍ਰਹਿ ਦਾ ਤੋਹਫਾ ਦੇਣ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਟਿਕਾਊਤਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇੱਕ ਟਿਕਾਊ ਜੀਵਨ ਸ਼ੈਲੀ ਜੀਣਾ ਮਿਸ਼ਨ ਲਾਈਫ ਦਾ ਕੇਂਦਰੀ ਸੰਦੇਸ਼ ਹੈ, ਜੋ ਕਿ ਭਾਰਤ ਦੀ ਅਗਵਾਈ ਵਿੱਚ ਚੱਲ ਰਹੀ ਇੱਕ ਅੰਤਰਰਾਸ਼ਟਰੀ ਲਹਿਰ ਹੈ। ਉਨ੍ਹਾਂ ਨੇ ਦੁਹਰਾਇਆ ਕਿ ਇਹ ਮੁਹਿੰਮ ਗ੍ਰਹਿ ਪੱਖੀ ਲੋਕਾਂ ਨੂੰ ਗ੍ਰਹਿ ਪੱਖੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਰੀਯੂਜ਼ਿੰਗ ਅਤੇ ਰੀਸਾਈਕਲਿੰਗ, ਬਾਇਓਡੀਗ੍ਰੇਡੇਬਲ ਸਮੱਗਰੀ ਦੀ ਵਰਤੋਂ, ਮਿਲਟਸ ਨੂੰ ਅਪਣਾਉਣ, ਅਤੇ ਘੱਟੋ ਘੱਟ ਕਾਰਬਨ ਫੁਟਪ੍ਰਿੰਟ ਵਾਲੇ ਉਤਪਾਦ ਖਰੀਦਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਮਾਜ ਪ੍ਰਤੀ ਚੇਤੰਨ ਈਸਾਈ ਭਾਈਚਾਰਾ ਇਸ ਮਿਸ਼ਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। 

 

ਪ੍ਰਧਾਨ ਮੰਤਰੀ ਨੇ ਵੋਕਲ ਫਾਰ ਲੋਕਲ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ “ਜਦੋਂ ਅਸੀਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਦੇ ਹਾਂ, ਜਦੋਂ ਅਸੀਂ ਭਾਰਤ ਵਿੱਚ ਬਣੇ ਸਮਾਨ ਦੇ ਰਾਜਦੂਤ ਬਣਦੇ ਹਾਂ, ਇਹ ਦੇਸ਼ ਦੀ ਸੇਵਾ ਦਾ ਇੱਕ ਰੂਪ ਹੈ। ਮੈਂ ਈਸਾਈ ਭਾਈਚਾਰੇ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਸਥਾਨਕ ਲੋਕਾਂ ਲਈ ਵਧੇਰੇ ਆਵਾਜ਼ ਉਠਾਉਣ।”

 

ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਫੈਸਟੀਵਲ ਸੀਜ਼ਨ ਰਾਸ਼ਟਰ ਨੂੰ ਇਕਜੁੱਟ ਕਰੇ ਅਤੇ ਹਰੇਕ ਨਾਗਰਿਕ ਨੂੰ ਇਕੱਠਾ ਕਰੇ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ “ਇਹ ਤਿਉਹਾਰ ਉਸ ਬੰਧਨ ਨੂੰ ਮਜ਼ਬੂਤ ​​ਕਰੇ ਜੋ ਸਾਨੂੰ ਸਾਡੀ ਵਿਵਿਧਤਾ ਵਿੱਚ ਵੀ ਏਕਤਾ ਰੱਖਦਾ ਹੈ। ਕ੍ਰਿਸਮਸ ਦਾ ਇਹ ਅਵਸਰ ਸਾਡੇ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇ। ਆਉਣ ਵਾਲਾ ਸਾਲ ਸਾਡੇ ਸਾਰਿਆਂ ਲਈ ਸਮ੍ਰਿੱਧੀ, ਖੁਸ਼ੀ ਅਤੇ ਸ਼ਾਂਤੀ ਲੈ ਕੇ ਆਵੇ।” 

 

ਸਮਾਗਮ ਵਿੱਚ ਦੇਸ਼ ਭਰ ਤੋਂ ਈਸਾਈ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਭਾਰਤ ਦੇ ਰੋਮਨ ਕੈਥੋਲਿਕ ਚਰਚ ਦੇ ਕਾਰਡੀਨਲ ਅਤੇ ਬੰਬਈ ਦੇ ਆਰਚਬਿਸ਼ਪ ਕਾਰਡੀਨਲ ਓਸਵਾਲਡ ਗ੍ਰੇਸੀਸ, ਜੋ ਪੋਪ ਦੀ ਕਾਰਡੀਨਲ ਸਲਾਹਕਾਰਾਂ ਦੀ ਕੌਂਸਲ ਦੇ ਮੈਂਬਰ ਵਜੋਂ ਵੀ ਸੇਵਾ ਕਰ ਚੁੱਕੇ ਹਨ, ਨੇ ਇਸ ਅਵਸਰ 'ਤੇ ਮੌਜੂਦਗੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਵੀ ਹੈ ਅਤੇ ਉਨ੍ਹਾਂ ਨੇ ਦੂਸਰਿਆਂ ਦੇ ਵਿਕਾਸ ਅਤੇ ਪ੍ਰਗਤੀ ਲਈ ਕੰਮ ਕਰਨ ਬਾਰੇ ਯਿਸੂ ਮਸੀਹ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹੋਏ ਚੰਗੇ ਸ਼ਾਸਨ ਲਈ ਉਨ੍ਹਾਂ ਦੇ ਜਨੂੰਨ ਬਾਰੇ ਗੱਲ ਕੀਤੀ। ਕਾਰਡੀਨਲ ਓਸਵਾਲਡ ਗ੍ਰੇਸ਼ੀਆਸ ਨੇ ਦੇਸ਼, ਈਸਾਈ ਭਾਈਚਾਰੇ ਅਤੇ ਦੁਨੀਆ ਪ੍ਰਤੀ ਉਨ੍ਹਾਂ ਦੇ ਯਤਨਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

 

ਮਕਬੂਲ ਸਪੋਰਟਸ ਆਈਕੋਨ ਅੰਜੂ ਬੌਬੀ ਜੌਰਜ ਨੇ ਆਪਣੇ ਲੰਬੇ ਖੇਡ ਕਰੀਅਰ ਦੌਰਾਨ ਖੇਡਾਂ ਦੇ ਬਦਲਾਅ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਸਮੇਂ ਦੇ ਹੌਲੀ ਹੁੰਗਾਰੇ ਨੂੰ ਯਾਦ ਕੀਤਾ ਅਤੇ ਕਿਵੇਂ ਦੇਸ਼ ਅਤੇ ਲੀਡਰਸ਼ਿਪ ਅੱਜ ਦੇ ਐਥਲੀਟਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਂਦੀ ਹੈ। ਉਨ੍ਹਾਂ ਨੇ ਮੰਨਿਆ ਕਿ ਖੇਲ੍ਹੋ ਇੰਡੀਆ ਅਤੇ ਫਿਟ ਇੰਡੀਆ ਰਾਹੀਂ ਖੇਡਾਂ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਭਾਰਤੀ ਐਥਲੀਟ ਅੰਤਰਰਾਸ਼ਟਰੀ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਤਬਦੀਲੀ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮਹਿਲਾ ਸਸ਼ਕਤੀਕਰਨ ਇੱਕ ਹਕੀਕਤ ਬਣ ਰਿਹਾ ਹੈ। ਟੋਪ ਐਥਲੀਟ ਨੇ ਕਿਹਾ “ਹਰ ਭਾਰਤੀ ਲੜਕੀ ਸੁਪਨੇ ਦੇਖਣ ਲਈ ਤਿਆਰ ਹੈ ਅਤੇ ਉਹ ਜਾਣਦੀ ਹੈ ਕਿ ਉਨ੍ਹਾਂ ਦੇ ਸੁਪਨੇ ਇੱਕ ਦਿਨ ਸਾਕਾਰ ਹੋਣਗੇ”, ਅਤੇ 2036 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੇ ਪ੍ਰਸਤਾਵ ਲਈ ਖੁਸ਼ੀ ਜ਼ਾਹਿਰ ਕੀਤੀ। 

 

ਦਿੱਲੀ ਦੇ ਡਾਇਓਸੀਸ, ਚਰਚ ਆਫ ਨਾਰਥ ਇੰਡੀਆ ਦੇ ਬਿਸ਼ਪ ਰੈਵ ਡਾ. ਪਾਲ ਸਵਰੂਪ ਨੇ ਕ੍ਰਿਸਮਸ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਦੀ ਸ਼ਾਨਦਾਰ ਮੌਜੂਦਗੀ ਲਈ ਧੰਨਵਾਦ ਕੀਤਾ। ਇੰਜੀਲ ਦੀ ਕਹਾਣੀ ਅਤੇ ਯਿਸੂ ਮਸੀਹ ਦੇ ਆਗਮਨ ਨੂੰ ਯਾਦ ਕਰਦੇ ਹੋਏ, ਡਾ. ਸਵਰੂਪ ਨੇ ਲੋਕਾਂ ਲਈ ਯਿਸੂ ਮਸੀਹ ਦੁਆਰਾ ਕੀਤੇ ਬਲਿਦਾਨਾਂ 'ਤੇ ਚਾਨਣਾ ਪਾਇਆ ਅਤੇ ਪ੍ਰਧਾਨ ਮੰਤਰੀ ਦੇ ਸਮਾਜ ਅਤੇ ਲੋਕਾਂ ਪ੍ਰਤੀ ਕੀਤੇ ਗਏ ਯਤਨਾਂ ਦੀ ਤੁਲਨਾ ਕੀਤੀ। ਉਨ੍ਹਾਂ ਨੇ ਕ੍ਰਿਸਮਸ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

 

ਸਿੱਖਿਆ ਭਾਈਚਾਰੇ ਦੇ ਪ੍ਰਤੀਨਿਧੀ ਵਜੋਂ, ਦਿੱਲੀ ਦੇ ਸੇਂਟ ਸਟੀਫਨ ਕਾਲਜ ਦੇ ਪ੍ਰਿੰਸੀਪਲ ਜੌਹਨ ਵਰਗੀਸ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਤੇ ਹੋਰ ਨੀਤੀਆਂ ਵਿੱਚ ਵੀ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ, ਦ੍ਰਿੜ ਇਰਾਦੇ ਅਤੇ ਵੱਡੇ ਦਿਲ ਦੀ ਸ਼ਲਾਘਾ ਕੀਤੀ।

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਵਿਜ਼ਨ ਦੇ ਸਥਾਨਕ ਅਤੇ ਗਲੋਬਲ ਪਹਿਲੂਆਂ ਨੂੰ ਉਜਾਗਰ ਕਰਦੇ ਹੋਏ, ਪ੍ਰਿੰਸੀਪਲ ਨੇ ਸਕੂਲ ਸਿੱਖਿਆ 'ਤੇ ਐੱਨਈਪੀ ਦੇ ਫੋਕਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮਾਤ੍ਰ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਨੂੰ 12ਵੀਂ ਜਮਾਤ ਤੱਕ ਸੀਮਿਤ ਰੱਖਣ ਜਿਹੇ ਉਪਬੰਧਾਂ ਦਾ ਵੀ ਪ੍ਰਗਤੀਸ਼ੀਲ ਕਦਮਾਂ ਵਜੋਂ ਜ਼ਿਕਰ ਕੀਤਾ। ਉੱਚੇਰੀ ਸਿੱਖਿਆ ਦੇ ਸਬੰਧ ਵਿੱਚ, ਉਨ੍ਹਾਂ ਨੇ ਸੰਸਾਧਨਾਂ ਦੀ ਵੰਡ ਅਤੇ ਉੱਚ-ਪ੍ਰਦਰਸ਼ਨ ਕਰਨ ਵਾਲੀਆਂ ਸੰਸਥਾਵਾਂ ਲਈ ਖੁਦਮੁਖਤਿਆਰੀ ਦੇ ਵਾਅਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਇਨੋਵੇਸ਼ਨ, ਸਿਹਤ ਅਤੇ ਖੇਡਾਂ ਲਈ ਦਿੱਤੇ ਗਏ ਜ਼ੋਰ ਦੀ ਸ਼ਲਾਘਾ ਕੀਤੀ। ਸ਼੍ਰੀ ਜੌਹਨ ਵਰਗੀਸ ਨੇ ਸੇਂਟ ਸਟੀਫਨ ਕਾਲਜ ਦੁਆਰਾ ਯੰਗ ਲੀਡਰਜ਼ ਨੇਬਰਹੁੱਡ ਫਸਟ ਫੈਲੋਸ਼ਿਪ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਨੇਬਰਹੁੱਡ ਫਸਟ ਨੀਤੀ ਦੇ ਵਿਜ਼ਨ ਦੇ ਅਨੁਸਾਰ ਹੈ। ਜੀ20 ਸਮਿਟ ਵਿੱਚ ਭਾਰਤ ਦੀ ਸਫ਼ਲ ਅਗਵਾਈ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਵਰਗੀਸ ਨੇ ਗਲੋਬਲ ਸਾਊਥ ਦੀ ਆਵਾਜ਼ ਬਣਨ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ। “ਭਾਰਤ ਇੱਕ ਮਹਾਨ ਸੱਭਿਅਤਾ ਹੈ, ਤੁਹਾਡੇ ਉਪਰਾਲਿਆਂ ਅਤੇ ਨੀਤੀਆਂ ਨੇ ਸ਼ਾਨਦਾਰ ਨਤੀਜੇ ਦਿਖਾਏ ਹਨ। ਇੱਕ ਅਧਿਆਪਕ ਦੇ ਤੌਰ 'ਤੇ, ਮੈਂ ਦੇਖਦਾ ਹਾਂ ਕਿ ਸਾਡੇ ਨੌਜਵਾਨਾਂ ਨੂੰ ਤੁਹਾਡੇ ਦੁਆਰਾ ਸ਼ੁਰੂ ਕੀਤੇ ਗਏ ਕਦਮਾਂ ਜਿਵੇਂ ਕਿ ਡਿਜੀਟਲ ਇੰਡੀਆ, ਨੈਸ਼ਨਲ ਐਜੂਕੇਸ਼ਨ, ਨੇਬਰਹੁੱਡ ਫਸਟ ਪੋਲਿਸੀ ਭਾਰਤ ਨੂੰ ਗਲੋਬਲ ਪੱਧਰ 'ਤੇ ਟੋਪ ਦੇ ਸਥਾਨ 'ਤੇ ਰੱਖਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਚੈਪਲ ਵਿਖੇ ਬੀਤੀ ਰਾਤ ਦੀ ਸਰਵਿਸ ਦੌਰਾਨ ਪ੍ਰਧਾਨ ਮੰਤਰੀ ਲਈ ਦੇਸ਼ ਦੇ ਨੇਤਾ ਵਜੋਂ ਪ੍ਰਾਰਥਨਾ ਕੀਤੀ ਗਈ। ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਲਈ ਪ੍ਰਧਾਨ ਮੰਤਰੀ ਦੇ ਪਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਿੰਸੀਪਲ ਨੇ ਪ੍ਰਧਾਨ ਮੰਤਰੀ ਦੀ ਪੂਰੀ ਖੁਸ਼ੀ ਲਈ ਤਮਿਲ ਨਾਲ ਆਪਣੀ ਟਿੱਪਣੀ ਸਮਾਪਤ ਕੀਤੀ। 

 

ਦਿੱਲੀ ਦੇ ਆਰਚਡੀਓਸੀਜ਼ ਦੇ ਆਰਚਬਿਸ਼ਪ ਅਨਿਲ ਕੂਟੋ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਕ੍ਰਿਸਮਸ ਦਾ ਜਸ਼ਨ ਆਯੋਜਿਤ ਕਰਨ ਲਈ ਧੰਨਵਾਦ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ਼ ਈਸਾਈ ਭਾਈਚਾਰੇ ਦਾ ਫੈਸਟੀਵਲ ਨਹੀਂ ਹੈ, ਬਲਕਿ ਇੱਕ ਰਾਸ਼ਟਰੀ ਤਿਉਹਾਰ ਹੈ। ਉਨ੍ਹਾਂ ਨੇ ਸ਼ਾਂਤੀ, ਪਿਆਰ ਅਤੇ ਏਕਤਾ ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੇ ਸਾਰੇ ਨਾਗਰਿਕਾਂ ਦੀ ਭਲਾਈ ਅਤੇ ਪ੍ਰਧਾਨ ਮੰਤਰੀ ਦੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਸੰਦੇਸ਼ ਦੀ ਪੂਰਤੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਈਸਾਈ ਭਾਈਚਾਰੇ ਨੇ ਹਮੇਸ਼ਾ ਦੇਸ਼ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਵਿਕਾਸ, ਏਕਤਾ ਅਤੇ ਤਰੱਕੀ ਲਈ ਲਗਾਤਾਰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਅਤੇ ਗਲੋਬਲ ਪੱਧਰ 'ਤੇ ਆਪਣੀ ਸ਼ਾਨਦਾਰ ਅਗਵਾਈ ਜਾਰੀ ਰੱਖਣ ਲਈ ਈਸ਼ਵਰ ਦੀ ਬੁੱਧੀਮਤਾ, ਕਿਰਪਾ ਅਤੇ ਸ਼ਕਤੀ ਦਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਅਤੇ ਦੇਸ਼ ਅਤੇ ਇਸਦੇ ਨਾਗਰਿਕਾਂ ਲਈ ਨਿਰੰਤਰ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। 

 

ਸਮਾਗਮ ਦੇ ਅਵਸਰ 'ਤੇ ਬੋਲਦਿਆਂ, ਰੈਵ ਡਾ. ਪਾਲ ਸਵਰੂਪ ਨੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਕ੍ਰਿਸਮਸ ਮਨਾਉਣ ਦੀ ਆਪਣੀ ਖੁਸ਼ੀ ਨੂੰ ਦੁਹਰਾਇਆ। ਬਿਸ਼ਪ ਥੋਮਸ ਮਾਰ ਐਂਟੋਨੀਓਸ ਨੇ ਕ੍ਰਿਸਮਸ ਦੇ ਸ਼ੁਭ ਅਵਸਰ 'ਤੇ ਉਨ੍ਹਾਂ ਨਾਲ ਗੱਲਬਾਤ ਅਤੇ ਚਰਚਾ ਕਰਨ ਦੇ ਅਵਸਰ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। 

 

ਕਾਰਡੀਨਲ ਓਸਵਾਲਡ ਗ੍ਰੇਸ਼ੀਆਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਚਾਰ ਹਰ ਭਾਰਤੀ ਤੱਕ ਪਹੁੰਚ ਰਹੇ ਹਨ ਅਤੇ ਸਾਡਾ ਦੇਸ਼ ਦੁਨੀਆ ਦਾ ਮੋਹਰੀ ਦੇਸ਼ ਬਣ ਸਕਦਾ ਹੈ। ਆਰਚਬਿਸ਼ਪ ਅਨਿਲ ਕੋਟੋ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨਾਲ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਗਲੋਬਲ ਪਲੈਟਫਾਰਮ 'ਤੇ ਅਗਵਾਈ ਪ੍ਰਦਾਨ ਕਰ ਰਹੇ ਹਨ। ਜੌਹਨ ਵਰਗੀਸ, ਪ੍ਰਿੰਸੀਪਲ ਸੇਂਟ ਸਟੀਫਨ ਕਾਲਜ, ਨੇ ਇੱਕ ਵਾਰ ਫਿਰ ਹਰ ਖੇਤਰ ਵਿੱਚ ਬੈਂਚਮਾਰਕ ਨੂੰ ਉੱਚਾ ਚੁੱਕਣ ਦੀ ਮੌਜੂਦਾ ਨੀਤੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ‘ਜੇ ਭਾਰਤ ਜਿੱਤਦਾ ਹੈ, ਤਾਂ ਵਿਸ਼ਵ ਜਿੱਤਦਾ ਹੈ’।

 

ਅਲੈਗਜ਼ੈਂਡਰ ਜੌਰਜ, ਜੁਆਇੰਟ ਐੱਮਡੀ, ਮੁਥੂਟ ਗਰੁੱਪ ਨੇ ਰਾਸ਼ਟਰ ਦੇ ਪਰਿਵਰਤਨ ਵਿੱਚ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਜਿਵੇਂ ਕਿ ਸਿਰਫ਼ ਈਸਾਈ ਭਾਈਚਾਰੇ ਦੁਆਰਾ ਹੀ ਨਹੀਂ ਬਲਕਿ ਭਾਰਤ ਦੇ ਹਰ ਭਾਈਚਾਰੇ ਦੁਆਰਾ ਦੇਖਿਆ ਗਿਆ ਹੈ, ਅਤੇ ਇੱਕ ਬਿਹਤਰ ਭਵਿੱਖ ਲਈ ਵਾਅਦਾ ਕੀਤਾ ਗਿਆ ਹੈ। ⁠ਜੋਯਾਲੁਕਾਸ ਗਰੁੱਪ ਦੇ ਚੇਅਰਮੈਨ ਅਲੂਕਾਸ ਜੋਏ ਵਰਗੀਜ਼ ਨੇ ਪ੍ਰਧਾਨ ਮੰਤਰੀ ਦੀ ਸਧਾਰਨ ਅਤੇ ਦੋਸਤਾਨਾ ਸ਼ਖਸੀਅਤ ਦੀ ਪ੍ਰਸ਼ੰਸਾ ਕੀਤੀ। ਬਹਿਰੀਨ ਦੇ ਇੱਕ ਪ੍ਰਵਾਸੀ ਭਾਰਤੀ ਵਪਾਰੀ ਕੁਰੀਅਨ ਵਰਗੀਸ ਨੇ ਨਾ ਸਿਰਫ਼ ਖਾੜੀ ਦੇਸ਼ਾਂ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਭਾਰਤ ਲਈ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੂੰ ਮਹਾਨ ਨੇਤਾ ਦੱਸਦੇ ਹੋਏ, ਐਥਲੀਟ ਅੰਜੂ ਬੌਬੀ ਜੋਰਜ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਜੋਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ "ਮੈਨੂੰ ਲੱਗਦਾ ਹੈ ਕਿ ਨੇੜਲੇ ਭਵਿੱਖ ਵਿੱਚ, ਅਸੀਂ ਟੋਪ 'ਤੇ ਹੋਵਾਂਗੇ।” ਅਭਿਨੇਤਾ ਡੀਨੋ ਮੋਰਿਆ (Dino Morea) ਨੇ ਭਾਰਤ ਦੇ ਵਿਕਾਸ ਵਿੱਚ ਪ੍ਰਧਾਨ ਮੰਤਰੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਆਪਣੇ ਲੋਕਾਂ ਦੇ ਨਾਲ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਕਿਊਐੱਸ ਕੁਵਾਕਵੇਰੇਲੀ ਸਾਇਮੰਡਸ (QS Quacquarelli Symonds) ਵਿਖੇ ਅਫਰੀਕਾ, ਮੱਧ ਪੂਰਬ ਅਤੇ ਦੱਖਣੀ ਏਸ਼ੀਆ ਦੇ ਖੇਤਰੀ ਡਾਇਰੈਕਟਰ ਅਸ਼ਵਿਨ ਜੇਰੋਮ ਫਰਨਾਂਡਿਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਪੂਰੀ ਦੁਨੀਆ ਵਿੱਚ ਸ਼ਾਨਦਾਰ ਰਹੀ ਹੈ ਅਤੇ ਭਾਰਤ ਲਈ ਇੱਕ ਵੱਡੀ ਅਪੀਲ ਪੈਦਾ ਕੀਤੀ ਹੈ। ਹੋਲੀ ਸੀ ਵੈਟੀਕਨ ਦੇ ਦੂਤਾਵਾਸ ਦੇ ਦੂਸਰੇ ਸਕੱਤਰ ਕੇਵਿਨ ਜੇ ਕਿਮਟਿਸ ਨੇ ਭਾਰਤੀ ਲੋਕਾਂ ਪ੍ਰਤੀ ਪ੍ਰਧਾਨ ਮੰਤਰੀ ਦੇ ਸਮਰਪਣ ਨੂੰ ਰੇਖਾਂਕਿਤ ਕੀਤਾ ਜਿੱਥੇ ਉਨ੍ਹਾਂ ਦੇ ਪ੍ਰਤੀ ਸੇਵਾ ਸਰਕਾਰ ਦੀ ਤਰਜੀਹ ਹੈ। ਬਿਸ਼ਪ ਸਾਈਮਨ ਜੌਨ ਨੇ ਇਸ ਗੱਲ 'ਤੇ ਬੇਹੱਦ ਖੁਸ਼ੀ ਜ਼ਾਹਿਰ ਕੀਤੀ ਕਿ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਕ੍ਰਿਸਮਸ ਨੂੰ ਆਪਣੇ ਨਿਵਾਸ 'ਤੇ ਮਨਾਉਣ ਲਈ ਈਸਾਈ ਭਾਈਚਾਰੇ ਨੂੰ ਸੱਦਾ ਦਿੱਤਾ ਹੈ। ਐਂਥਨੀ ਜੈਕਬ, ਅਪੋਲੋ 24*7 ਦੇ ਸੀਈਓ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਇੱਕ ਦਿਆਲੂ ਇਨਸਾਨ ਵਜੋਂ ਦੇਖਦੇ ਹਨ ਅਤੇ ਗੱਲਬਾਤ ਦੇ ਅਵਸਰ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਕ੍ਰਾਈਸਟ ਯੂਨੀਵਰਸਿਟੀ ਦੇ ਪ੍ਰਸ਼ਾਸਕ ਸੰਨੀ ਜੋਸਫ਼ ਨੇ ਇਸ ਅਵਸਰ 'ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਭਵਿੱਖ ਲਈ ਉਨ੍ਹਾਂ ਦੇ ਵਿਜ਼ਨ ਅਤੇ ਉਨ੍ਹਾਂ ਦੇ ਸੰਦੇਸ਼ ਨੇ ਸਾਰਿਆਂ ਦੇ ਹੌਂਸਲੇ ਬੁਲੰਦ ਕੀਤੇ ਹਨ। ਵੇਲਜ਼ ਫਾਰਗੋ ਬੈਂਕ, ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਯਾਕੂਬ ਮੈਥਿਊ ਨੇ ਪ੍ਰਧਾਨ ਮੰਤਰੀ ਦੀ ਬਦਲਾਅ ਦੀ ਮੰਗ ਵਾਲੀ ਅਗਵਾਈ ਸ਼ੈਲੀ ਦੀ ਸ਼ਲਾਘਾ ਕੀਤੀ। 

 

 

 

 

 

 

 

 

 *****

 

ਡੀਐੱਸ/ਟੀਐੱਸ


(Release ID: 1990417) Visitor Counter : 138