ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ


“ਹੈਕਾਥੌਨ ਮੇਰੇ ਲਈ ਵੀ ਸਿੱਖਣ ਦਾ ਇੱਕ ਅਵਸਰ ਹੈ ਅਤੇ ਮੈਂ ਇਸ ਦਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰਦਾ ਹਾਂ”

“21ਵੀਂ ਸਦੀ ਦਾ ਭਾਰਤ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ’ ਦੇ ਮੰਤਰਾਂ ਦੇ ਨਾਲ ਅੱਗੇ ਵਧ ਰਿਹਾ ਹੈ”

“ਅੱਜ ਅਸੀਂ ਸਮੇਂ ਦੇ ਅਜਿਹੇ ਮੋੜ ‘ਤੇ ਖੜ੍ਹੇ ਹਾਂ, ਜਿੱਥੇ ਸਾਡਾ ਹਰ ਪ੍ਰਯਾਸ ਅਗਲੇ ਹਜ਼ਾਰ ਵਰ੍ਹਿਆਂ ਦੇ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ”

“ਦੁਨੀਆ ਨੂੰ ਇਹ ਵਿਸ਼ਵਾਸ ਹੈ ਕਿ ਭਾਰਤ ਵਿੱਚ ਉਸ ਨੂੰ ਆਲਮੀ ਚੁਣੌਤੀਆਂ ਦਾ ਕਿਫਾਇਤੀ, ਗੁਣਵੱਤਾਯੁਕਤ, ਟਿਕਾਊ ਅਤੇ ਸਕੇਲੇਬਲ ਸੌਲਿਊਸ਼ਨਸ ਮਿਲਣਗੇ”

“ਵਰਤਮਾਨ ਸਮੇਂ ਦੀ ਵਿਲੱਖਣਤਾ ਨੂੰ ਸਮਝੋ, ਕਿਉਂਕਿ ਕਈ ਕਾਰਕ ਇੱਕ ਸਾਥ ਆ ਗਏ ਹਨ”

“ਸਾਡੇ ਚੰਦਰਯਾਨ ਮਿਸ਼ਨ ਨੇ ਦੁਨੀਆ ਦੀਆਂ ਉਮੀਦਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ”

“ਸਮਾਰਟ ਇੰਡੀਆ ਹੈਕਾਥੌਨ ਦੇ ਮਾਧਿਅਮ ਨਾਲ ਦੇਸ਼ ਦੀ ਯੁਵਾ ਸ਼ਕਤੀ ਵਿਕਸਿਤ ਭਾਰਤ ਦੇ ਲਈ ਸਮਾਧਾਨ ਰੂਪੀ ਅੰਮ੍ਰਿਤ ਉਪਲਬਧ ਕਰਵਾ ਰਹੀ ਹੈ”

Posted On: 19 DEC 2023 10:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਫ਼ ਇੰਜੀਨਿਅਰਿੰਗ, ਮੈਸੂਰ, ਕਰਨਾਟਕ ਦੇ ਸ਼੍ਰੀ ਸੋਇਕਤ ਦਾਸ ਅਤੇ ਸ਼੍ਰੀ ਪ੍ਰੋਤਿਕ ਸਾਹਾ (Soikat Das and Mr Protik Saha) ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕੋਲਾ ਮੰਤਰਾਲੇ ਦੇ ਟ੍ਰਾਂਸਪੋਟੇਸ਼ਨ ਅਤੇ ਲੌਜਿਸਟਿਕਸ ਵਿਸ਼ੇ ‘ਤੇ ਕੰਮ ਕੀਤਾ ਹੈ। ਉਹ ਰੇਲਵੇ ਕਾਰਗੋ ਦੇ ਲਈ ਇੰਟਰਨੈੱਟ ਆਫ਼ ਥਿੰਗਸ (ਆਈਓਟੀ) ਅਧਾਰਿਤ ਪ੍ਰਣਾਲੀ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਕਾਥੌਨ ਉਨ੍ਹਾਂ ਦੇ ਲਈ ਵੀ ਸਿੱਖਣ ਦਾ ਅਵਸਰ ਹੈ ਅਤੇ ਉਹ ਹਮੇਸ਼ਾ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰਨ ਲਈ ਉਤਸੁਕ ਰਹਿੰਦੇ ਹਨ। ਪ੍ਰਤੀਭਾਗੀਆਂ ਦੇ ਖਿੜੇ ਚਿਹਰਿਆਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਤਸ਼ਾਹ, ਇੱਛਾਸ਼ਕਤੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦਾ ਲਗਾਓ ਭਾਰਤ ਦੀ ਯੁਵਾ ਸ਼ਕਤੀ ਦੀ ਪਹਿਚਾਣ ਬਣ ਗਈ ਹੈ।

ਇਸ ਟੀਮ ਨੇ ਜਿਸ ਵਿੱਚ ਬੰਗਲਾਦੇਸ਼ ਦੇ ਵਿਦਿਆਰਥੀ ਵੀ ਸਾਮਲ ਸਨ, ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਰੇਲਵੇ ਕੋਲਾ ਵੈਗਨਾਂ ਦੀ ਅੰਡਰ ਅਤੇ ਓਵਰਲੋਡਿੰਗ ਦੀ ਸਮੱਸਿਆ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਕਾਰਨ ਹਾਨੀ ਹੁੰਦੀ ਹੈ ਜਾਂ ਜ਼ੁਰਮਾਨਾ ਦੇਣਾ ਪੈਂਦਾ ਹੈ। ਉਹ ਇਸ ਦੇ ਲਈ ਆਈਓਟੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ-ਅਧਾਰਿਤ ਤਕਨੀਕਾਂ ਦਾ ਉਪਯੋਗ ਕਰ ਰਹੇ ਹਨ। ਇਸ ਟੀਮ ਦੇ 6 ਮੈਂਬਰਾਂ ਵਿੱਚ ਬੰਗਲਾ ਦੇਸ਼ ਅਤੇ ਭਾਰਤ ਤੋਂ 3-3 ਮੈਂਬਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਨ੍ਹਾਂ ਦੇ ਪ੍ਰਯਾਸ ਨਾਲ ਭਾਰਤੀ ਰੇਲਵੇ ਨੂੰ ਬਹੁਤ ਲਾਭ ਹੋਵੇਗਾ, ਜੋ ਇੱਕ ਪਰਿਵਰਤਨਕਾਰੀ ਪੜਾਅ ਤੋਂ ਗੁਜ਼ਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੌਜਿਸਟਿਕਸ ਫੋਕਸ ਖੇਤਰ ਹੈ ਅਤੇ ਉਮੀਦ ਹੈ ਕਿ ਬੰਗਲਾਦੇਸ਼ ਤੋਂ ਕਈ ਹੋਰ ਵਿਦਿਆਰਥੀ ਭਵਿੱਖ ਵਿੱਚ ਭਾਰਤ ਆਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਟਡੀ ਇਨ ਇੰਡੀਆ’ ਪ੍ਰੋਗਰਾਮ ਅਜਿਹੇ ਵਿਦਿਆਰਥੀਆਂ ਦੀ ਸਹਾਇਤਾ ਕਰੇਗਾ।

ਗੁਜਰਾਤ ਟੈਕਨੋਲੌਜੀਕਲ ਯੂਨੀਵਰਸਿਟੀ, ਅਹਿਮਦਾਬਾਦ ਦੀ ਸੁਸ਼੍ਰੀ ਤਿਵਾਰੀ ਹਰਸ਼ਿਤਾ ਐੱਸ ਅਤੇ ਸ਼੍ਰੀ ਜੇਠਵਾ ਜੈ ਪੀ. ਨੇ ਚੰਦਰਮਾ ਦਾ ਅਪ੍ਰਤੱਖ ਮਾਨਚਿੱਤਰ (hazard map) ਬਣਾਉਣ ਦੇ ਲਈ ਇਮੇਜ਼ ਪ੍ਰੋਸੈੱਸਿੰਗ ਅਤੇ ਏਆਈ ਦਾ ਉਪਯੋਗ ਕਰਕੇ ਇਸਰੋ ਦੇ ਮੂਨਲੈਂਡਰ ਦੁਆਰਾ ਪ੍ਰਾਪਤ ਮੱਧਮ-ਰੈਜ਼ੌਲਿਯੂਸ਼ਨ ਇਮੇਜ਼ ਨੂੰ ਸੁਪਰ-ਰੈਜ਼ੌਲਿਯੂਸ਼ਨ ਇਮੇਜ਼ ਵਿੱਚ ਪਰਿਵਰਤਿਤ ਕਰਕੇ ਬਿਹਤਰ ਬਣਾਉਣ ਦੇ ਪ੍ਰੋਜੈਕਟ ‘ਤੇ ਕੰਮ ਕੀਤਾ ਹੈ। ਇਸ ਪ੍ਰੋਜੈਕਟ ਦੇ ਨਤੀਜੇ ਨਾਲ ਭਵਿੱਖ ਦੇ ਮਿਸ਼ਨਾਂ ਦੇ ਲਈ ਇੱਕ ਸੁਰੱਖਿਅਤ ਲੈਂਡਿੰਗ ਸਥਾਨ ਅਤੇ ਨੈਵਿਗੇਸ਼ਨ ਪਥ ਨਿਰਧਾਰਿਤ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਭਿੰਨ ਸਪੇਸ ਸਟਾਰਟਅੱਪਸ ਦੇ ਨਾਲ-ਨਾਲ ਇਸਰੋ ਦੀ ਟੀਮ ਨੂੰ ਨਿਗਰਾਨੀ ਅਤੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਦੇ ਬਾਅਦ ਦਾ ਭਾਰਤ ਦਾ ਸਪੇਸ ਪ੍ਰੋਗਰਾਮ ਦੁਨੀਆ ਲਈ ਆਸ਼ਾ ਦੀ ਕਿਰਣ ਬਣ ਗਿਆ ਹੈ। ਇਸ ਨੇ ਭਾਰਤ ਦੇ ਪ੍ਰਤੀ ਦੇਸ਼-ਵਿਦੇਸ਼ ਦਾ ਨਜ਼ਰੀਆ ਵੀ ਬਦਲ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਯੁੱਗ ਉਨ੍ਹਾਂ ਨੌਜਵਾਨਾਂ ਦੇ ਲਈ ਇੱਕ ਆਦਰਸ਼ ਸਮਾਂ ਹੈ ਜੋ ਭਾਰਤ ਦੇ ਸਪੇਸ ਸੈਕਟਰ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਲਈ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹੇ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਨਵੇਂ ਜ਼ਮਾਨੇ ਦੇ ਸਟਾਰਟਅੱਪਸ ਲਈ ਇਸਰੋ ਦੁਆਰਾ ਆਪਣੀਆਂ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਇਹ ਸੁਝਾਅ ਦਿੱਤਾ ਕਿ ਉਹ ਅਹਿਮਦਾਬਾਦ ਵਿੱਚ ਸਥਿਤ ਆਈਐੱਨ-ਸਪੇਸ ਹੈੱਡਕੁਆਟਰ ਦਾ ਦੌਰਾ ਕਰਨ।

ਵੀਰ ਸੁਰੇਂਦਰ ਸਈ ਟੈਕਨੋਲੋਜੀ ਯੂਨੀਵਰਸਿਟੀ, ਸੰਬਲਪੁਰ, ਓਡੀਸ਼ਾ (Veer Surendra Sai University of Technology, Sambalpur, Odisha) ਦੇ ਅੰਕਿਤ ਕੁਮਾਰ ਅਤੇ ਸੈਯੱਦ ਸਿੱਦੀਕੀ ਹੁਸੈਨ ਨੇ ਬੱਚਿਆਂ ਦੀ ਮਾਨਸਿਕ ਸਿਹਤ ਦੇ ਸੰਦਰਭ ਵਿੱਚ ਇੱਕ ‘ਓਪਨ ਇਨੋਵੇਸ਼ਨ’ ‘ਤੇ ਕੰਮ ਕੀਤਾ ਅਤੇ ਇੱਕ ਰੇਟਿੰਗ ਦਾ ਸਿਰਜਣ ਕੀਤਾ, ਜਿਸ ਨਾਲ ਬੱਚਿਆਂ ਦੇ ਮਾਤਾ-ਪਿਤਾ ਅਤੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਸਮੇਂ ਤੋਂ ਪਹਿਲਾਂ ਸੁਚੇਤ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਦੀ ਤਾਕੀਦ ‘ਤੇ ਟੀਮ ਦੀ ਇੱਕ ਮਹਿਲਾ ਮੈਂਬਰ ਨੇ ਪ੍ਰਧਾਨ ਮੰਤਰੀ ਨੂੰ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਵੀ ਦਿੱਤੀ।

ਇੱਕ ਮਹੱਤਵਪੂਰਨ ਖੇਤਰ ਚੁਣਨ ਦੇ ਲਈ ਟੀਮ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਯੁਵਾ ਆਬਾਦੀ ਵਿੱਚ ਮਾਨਸਿਕ ਸਿਹਤ ਦੀ ਸਮੱਸਿਆ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਨੂੰ ਅਜਿਹੇ ਮੁੱਦਿਆਂ ‘ਤੇ ਕੰਮ ਕਰਨ ਅਤੇ ਸਿੱਖਿਆ ਵਿਭਾਗਾਂ ਵਿੱਚ ਤਲਾਸ਼ੇ ਗਏ ਸਮਾਧਾਨਾਂ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਨੂੰ ਉਪਲਬਧ ਕਰਵਾਉਣ ਦੇ ਤੌਰ-ਤਰੀਕਿਆਂ ਦਾ ਪਤਾ ਲਗਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਬਣਾਉਣ ਲਈ ਨੌਜਵਾਨਾਂ ਦੀ ਮਾਨਸਿਕ ਸਿਹਤ ਮਹੱਤਵਪੂਰਨ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਮਾਈ-ਇੰਡੀਆ ਪੋਰਟਲ ਦੇ ਬਾਰੇ ਵੀ ਜਾਣਕਾਰੀ ਦਿੱਤੀ।

ਅਸਾਮ ਰੌਇਲ ਗਲੋਬਲ ਯੂਨਿਵਰਸਿਟੀ, ਗੁਵਾਹਾਟੀ, ਅਸਾਮ ਦੀ ਸੁਸ਼੍ਰੀ ਰੇਸ਼ਮਾ ਮਸਤੁਥਾ ਆਰ. (Ms Reshma Masthutha R) ਨੇ ਏਆਈ ਟੂਲ ਭਾਸ਼ਿਣੀ  ਦਾ ਉਪਯੋਗ ਕਰਕੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ। ਅਜਿਹੇ ਆਯੋਜਨ ਵਿੱਚ ਵਾਸਤਵਿਕ ਸਮੇਂ ਵਿੱਚ ਅਨੁਵਾਦ ਲਈ ਭਾਸ਼ਿਣੀ ਉਪਕਰਣ ਦਾ ਪਹਿਲੀ ਵਾਰ ਉਪਯੋਗ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੱਖਣੀ ਭਾਰਤ ਤੋਂ ਆਉਣ ਵਾਲੀ ਸੁਸ਼੍ਰੀ ਰੇਸ਼ਮਾ ਅਤੇ ਉਨ੍ਹਾਂ ਦੀ ਟੀਮ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਸੱਚੀ ਰਾਜਦੂਤ ਹੈ। ਉਨ੍ਹਾਂ ਦੀ ਟੀਮ ਨੇ ਇੱਕ ਵੈੱਬ ਐਪਲੀਕੇਸ਼ਨ ਦਾ ਉਪਯੋਗ ਕਰਕੇ ਹਾਈਡ੍ਰੋਪਾਵਰ ਪਲਾਂਟਾਂ ਦੇ ਕੰਪੋਨੈਂਟਸ ਦੇ ਇਨਪੁੱਟ-ਅਧਾਰਿਤ ਏਆਈ ਜੈਨਰੇਟਰ ਡਿਜ਼ਾਈਨ ਬਣਾਉਣ ‘ਤੇ ਕੰਮ ਕੀਤਾ ਹੈ, ਜਿਸ ਨਾਲ ਭਾਰਤ ਨੂੰ ਊਰਜਾ ਵਿੱਚ ਆਤਮਨਿਰਭਰ ਰਾਸ਼ਟਰ ਬਣਾਉਣ ਅਤੇ ਉਸ ਦੀ ਜੈਵਿਕ ਈਂਧਣ ‘ਤੇ ਨਿਰਭਰਤਾ ਘੱਟ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜੋੜਣ ਦੇ ਤਰੀਕੇ ਲੱਭਣ ‘ਤੇ ਜ਼ੋਰ ਦਿੱਤਾ ਕਿਉਂਕਿ ਦੋਵੇਂ ਹੀ ਵਿਕਸਿਤ ਭਾਰਤ ਲਈ ਬੇਹੱਦ ਜ਼ਰੂਰੀ ਹਨ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਵੀ ਮਹੱਤਵਪੂਰਨ ਹਨ। ਉਨ੍ਹਾਂ ਨੇ ਬਿਜਲੀ ਉਤਪਾਦਨ ਅਤੇ ਖਪਤ ਦੀ ਨਿਗਰਾਨੀ ਦੇ ਨਾਲ-ਨਾਲ ਪਾਵਰ ਟ੍ਰਾਂਸਮਿਸ਼ਨ ਵਿੱਚ ਏਆਈ-ਅਧਾਰਿਤ ਸਮਾਧਾਨਾਂ ਦਾ ਉਪਯੋਗ ਕਰਕੇ ਕੁਸ਼ਲਤਾ ਹਾਸਲ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਪਿਛਲੇ ਵਰ੍ਹਿਆਂ ਵਿੱਚ ਹਰ ਪਿੰਡ ਅਤੇ ਪਰਿਵਾਰ ਤੱਕ ਬਿਜਲੀ ਪਹੁੰਚਾਉਣ ਦੀ ਸਰਕਾਰੀ ਦੀ ਉਪਲਬਧੀ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਖੇਤੀਬਾੜੀ ਖੇਤਰਾਂ ਵਿੱਚ ਛੋਟੇ ਪੈਮਾਨੇ ਦੇ ਸੋਲਰ ਪਲਾਂਟਾਂ ਅਤੇ ਸ਼ਹਿਰਾਂ ਵਿੱਚ ਛੱਤ ‘ਤੇ ਸੋਲਰ ਪਲਾਂਟਸ ਨੂੰ ਲਗਾਉਣ ਬਾਰੇ ਸਰਕਾਰ ਦੇ ਫੋਕਸ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਦੇ ਲਈ ਏਆਈ ਸਮਾਧਾਨ ਲੱਭਣ ਦਾ ਵੀ ਸੁਝਾਅ ਦਿੱਤਾ ਅਤੇ ਉਨ੍ਹਾਂ ਨੂੰ ਉੱਤਰ ਪੂਰਬ ਦਾ ਦੌਰਾ ਕਰਨ ਦਾ ਵੀ ਅਨੁਰੋਧ ਕੀਤਾ।

ਨੋਇਡਾ ਇੰਸਟੀਟਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲੋਜੀ, ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਦੇ ਸ਼੍ਰੀ ਰਿਸ਼ਭ ਐੱਸ ਵਿਸ਼ਵਾਮਿੱਤ੍ਰ ਨੇ ਏਆਈ ਦਾ ਉਪਯੋਗ ਕਰਕੇ ਫਿਸ਼ਿੰਗ ਡੋਮੇਨ ਦਾ ਪਤਾ ਲਗਾਉਣ ਲਈ ਸਮਾਧਾਨ ਉਪਲਬਧ ਕਰਵਾਉਣ ਲਈ ਐੱਨਟੀਆਰਓ ਦੁਆਰਾ ਬਲੌਕਚੇਨ ਅਤੇ ਸਾਇਬਰ ਸੁਰੱਖਿਆ ‘ਤੇ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਸਾਇਬਰ ਧੋਖਾਧੜੀ ਦੀਆਂ ਲਗਾਤਾਰ ਉੱਭਰਦੀਆਂ ਚੁਣੌਤੀਆਂ ਬਾਰੇ ਗੱਲਬਾਤ ਕਰਦੇ ਹੋਏ ਨਵੀਆਂ ਟੈਕਨੋਲੋਜੀਆਂ ਦੇ ਸੰਦਰਭ ਵਿੱਚ ਅਧਿਕ ਤੋਂ ਅਧਿਕ ਸਾਵਧਾਨੀ ਵਰਤਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜੈਨਰੇਟਿਵ ਏਆਈ ਦੁਆਰਾ ਡੀਪ ਫੇਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਕਿਸੇ ਵੀ ਫੋਟੋ ਜਾਂ ਵੀਡੀਓ ‘ਤੇ ਭਰੋਸਾ ਕਰਨ ਤੋਂ ਪਹਿਲਾਂ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਨੇ ਏਆਈ ਲਈ ਆਲਮੀ ਢਾਂਚਾ ਤਿਆਰ ਕਰਨ ਦੇ ਭਾਰਤ ਦੇ ਅਭਿਯਾਨ ਦਾ ਵੀ ਜ਼ਿਕਰ ਕੀਤਾ।

ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਉਪਲਬਧ ਕਰਾਉਣ ਬਾਰੇ ਯੁਵਾ ਪੀੜ੍ਹੀ ਦੇ ਸਮਰਪਣ ‘ਤੇ ਖੁਸ਼ੀ ਜਾਹਰ ਕੀਤੀ। ਉਨ੍ਹਾਂ ਨੇ ਪਿਛਲੇ ਹੈਕਾਥੌਨ ਦੀ ਸਫ਼ਲਤਾ ਦਾ ਵੀ ਜ਼ਿਕਰ ਕੀਤਾ। ਪਿਛਲੇ ਹੈਕਾਥੌਨ ਨਾਲ ਸਾਹਮਣੇ ਆਏ ਸਟਾਰਟਅੱਪਸ ਅਤੇ ਸਮਾਧਾਨ ਸਰਕਾਰ ਅਤੇ ਸਮਾਜ ਦੋਹਾਂ ਦੀ ਹੀ ਮਦਦ ਕਰ ਰਹੇ ਹਨ।

21ਵੀਂ ਸਦੀ ਦੇ ਭਾਰਤ ਦੇ ਮੰਤਰ ਯਾਨੀ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ’ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹਰ ਭਾਰਤੀ ਯਥਾਸਥਿਤੀ ਦੀ ਜੜਤਾ ਦਾ ਤਿਆਗ ਕਰ ਰਿਹਾ ਹੈ। ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੇ ਉਦੈ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਦੌਰਾਨ ਭਾਰਤ ਦੀ ਯੂਪੀਆਈ ਅਤੇ ਵੈਕਸੀਨ ਸਫ਼ਲਤਾ ਦੇ ਬਾਰੇ ਗੱਲਬਾਤ ਕੀਤੀ।

ਯੁਵਾ ਇਨੋਵੇਟਰਸ ਅਤੇ ਖੇਤਰ ਮਾਹਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਰਤਮਾਨ ਸਮੇਂ ਅਵਧੀ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਹ ਅਗਲੇ ਇੱਕ ਹਜ਼ਾਰ ਵਰ੍ਹਿਆਂ ਦੀ ਦਿਸ਼ਾ ਤੈਅ ਕਰੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਰਤਮਾਨ ਸਮੇਂ ਦੀ ਵਿਸ਼ਿਸ਼ਟਤਾ ਨੂੰ ਸਮਝਣ ਲਈ ਕਿਹਾ ਕਿਉਂਕਿ ਕਈ ਕਾਰਕ ਇਕੱਠੇ ਆ ਗਏ ਹਨ, ਜਿਨ੍ਹਾਂ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ, ਇਸ ਦੀ ਪ੍ਰਤਿਭਾ, ਪੂਲ, ਸਥਿਰ ਅਤੇ ਮਜ਼ਬੂਤ ਸਰਕਾਰ, ਵਧਦੀ ਅਰਥਵਿਵਸਥਾ ਅਤੇ ਵਿਗਿਆਨ ਅਤੇ ਤਕਨੀਕੀ ‘ਤੇ ਅਭੂਤਪੂਰਵ ਧਿਆਨ ਦੇਣਾ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੈਕਨੋਲੋਜੀ ਅੱਜ ਸਾਡੇ ਜੀਵਨ ਦਾ ਇੱਕ ਵੱਡਾ ਮਹੱਤਵਪੂਰਨ ਹਿੱਸਾ ਬਣ ਗਈ ਹੈ। ਉਨ੍ਹਾਂ ਨੇ ਯੁਵਾ ਨਵੀਨਤਾਕਾਰਾਂ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੈਕਨੋਲੋਜੀ ਦਾ ਇੱਕ ਉੱਨਤ ਸੰਸਕਰਣ (ਅੱਪਗ੍ਰੇਡਿਡ ਵਰਜ਼ਨ) ਤਦ ਹੀ ਸਾਹਮਣੇ ਆਉਂਦਾ ਹੈ ਜਦੋਂ ਕੋਈ ਇਸ ਦੇ ਉਪਯੋਗ ਦਾ ਆਦੀ ਹੋਣ ਲੱਗਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਅੰਮ੍ਰਿਤ ਕਾਲ ਦੇ ਅਗਲੇ 25 ਵਰ੍ਹੇ ਯੁਵਾ ਨਵੀਨਤਾਕਾਰਾਂ ਲਈ ਇੱਕ ਨਿਰਣਾਇਕ ਅਵਧੀ ਹੋਵੇਗੀ। ਆਤਮਨਿਰਭਰ ਭਾਰਤ ਦੇ ਸਧਾਰਣ ਲਕਸ਼ਾਂ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕੋਈ ਵੀ ਨਵਾਂ ਆਯਾਤ ਨਾ ਕਰਨ ਅਤੇ ਹੋਰ ਦੇਸ਼ਾਂ ‘ਤੇ ਨਿਰਭਰ ਨਾ ਰਹਿਣ ਦਾ ਉਦੇਸ਼ ਦੱਸਿਆ। ਆਤਮਨਿਰਭਰਤਾ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਰੱਖਿਆ ਖੇਤਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਭਾਰਤ ਕੁਝ ਰੱਖਿਆ ਟੈਕਨੋਲੋਜੀਆਂ ਨੂੰ ਆਯਾਤ ਕਰਨ ਦੇ ਲਈ ਮਜ਼ਬੂਰ ਹੈ। ਉਨ੍ਹਾਂ ਨੇ ਸੈਮੀਕੰਡਕਟਰ ਅਤੇ ਚਿਪ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਵਾਂਟਮ ਟੈਕਨੋਲੋਜੀ ਅਤੇ ਹਾਈਡ੍ਰੋਜਨ ਐਨਰਜੀ ਸੈਕਟਰਸ ਵਿੱਚ ਭਾਰਤ ਦੀਆਂ ਉੱਚ ਆਕਾਂਖਿਆਵਾਂ ‘ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦਾ ਆਧੁਨਿਕ ਈਕੋਸਿਸਟਮ ਬਣਾ ਕੇ ਅਜਿਹੇ ਖੇਤਰਾਂ ‘ਤੇ ਵੀ ਵਿਸ਼ੇਸ਼ ਜ਼ੋਰ ਦੇ ਰਹੀ ਹੈ, ਲੇਕਿਨ ਇਸ ਦੀ ਸਫ਼ਲਤਾ ਨੌਜਵਾਨਾਂ ਦੀ ਸਫਲਤਾ ‘ਤੇ ਨਿਰਭਰ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਯੁਵਾ ਇਨੋਵੇਟਰਸ ਨੂੰ ਕਿਹਾ ਕਿ ਦੁਨੀਆ ਨੂੰ ਇਹ ਵਿਸ਼ਵਾਸ ਹੈ ਕਿ ਭਾਰਤ ਵਿੱਚ ਉਸ ਨੂੰ ਗਲੋਬਲ ਚੁਣੌਤੀਆਂ ਦਾ ਕਿਫਾਇਤੀ, ਗੁਣਵੱਤਾਯੁਕਤ, ਟਿਕਾਊ, ਸਕੇਲੇਬਲ ਸਮਾਧਾਨ ਮਿਲੇਗਾ। ਸਾਡੇ ਚੰਦਰਯਾਨ ਮਿਸ਼ਨ ਨੇ ਦੁਨੀਆ ਦੀਆਂ ਉਮੀਦਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਉਸ ਅਨੁਸਾਰ ਇਨੋਵੇਸ਼ਨ ਕਰਨ ਲਈ ਕਿਹਾ। ਹੈਕਾਥੌਨ ਦੇ ਲਕਸ਼ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਰਟ ਇੰਡੀਆ ਹੈਕਾਥੌਨ ਦਾ ਉਦੇਸ਼ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਸਮਾਧਾਨ ਰਾਹੀਂ ਰੋਜ਼ਗਾਰਾਂ ਦਾ ਸਿਰਜਣ ਕਰਨਾ ਹੈ। ਸਮਾਰਟ ਇੰਡੀਆ ਹੈਕਾਥੌਨ ਰਾਹੀ ਦੇਸ਼ ਦੀ ਯੁਵਾ ਸ਼ਕਤੀ ਵਿਕਸਿਤ ਭਾਰਤ ਦੇ ਲਈ ਸਮਾਧਾਨ ਰੂਪੀ ਅੰਮ੍ਰਿਤ ਉਪਲਬਧ ਕਰਵਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੀ ਯੁਵਾ ਸ਼ਕਤੀ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਨ੍ਹਾਂ ਤੋਂ ਕਿਸੇ ਵੀ ਸਮੱਸਿਆ ਦਾ ਸਮਾਧਾਨ ਕੱਢਦੇ ਸਮੇਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਧਿਆਨ ਵਿੱਚ ਰੱਖਣ ਦੀ ਤਾਕੀਦ ਕੀਤੀ। ਅੰਤ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਤੁਸੀਂ ਜੋ ਵੀ ਕਰੋ, ਉਹ ਸਰਵੋਤਮ ਹੋਵੇ। ਤੁਹਾਨੂੰ ਅਜਿਹਾ ਕੰਮ ਕਰਨਾ ਹੈ ਕਿ ਦੁਨੀਆ ਤੁਹਾਡਾ ਅਨੁਸਰਣ ਕਰੇ।  

ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਇਸ ਪ੍ਰੋਗਰਾਮ ਵਿੱਚ ਵਰਚੁਅਲੀ ਸ਼ਾਮਲ ਹੋਏ।

ਪਿਛੋਕੜ

ਪ੍ਰਧਾਨ ਮੰਤਰੀ ਦੇ ਯੁਵਾ-ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਵਿਦਿਆਰਥੀਆਂ ਨੂੰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਗਠਨਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਇੱਕ ਮੰਚ ਉਪਲਬਧ ਕਰਵਾਉਣ ਵਾਲੀ ਇੱਕ ਰਾਸ਼ਟਰਵਿਆਪੀ ਪਹਿਲ ਹੈ। ਸਾਲ 2017 ਵਿੱਚ ਸ਼ੁਰੂ ਕੀਤੇ ਗਏ ਸਮਾਰਟ ਇੰਡੀਆ ਹੈਕਾਥੌਨ ਨੇ ਯੁਵਾ ਇਨੋਵੇਟਰਸ ਦੇ ਦਰਮਿਆਨ ਵਿਆਪਕ ਤੌਰ ‘ਤੇ ਲੋਕਪ੍ਰਿਯਤਾ ਹਾਸਲ ਕੀਤੀ ਹੈ। ਪਿਛਲੇ ਪੰਜ ਐਡੀਸ਼ਨਾਂ ਵਿੱਚ, ਵਿਭਿੰਨ ਖੇਤਰਾਂ ਵਿੱਚ ਇਨੋਵੇਸ਼ਨ ਸਮਾਧਾਨ ਉੱਭਰੇ ਹਨ, ਜੋ ਸਥਾਪਿਤ ਸਟਾਰਟਅੱਪਸ ਵਜੋਂ ਸਾਹਮਣੇ ਆਏ ਹਨ।

 

ਇਸ ਸਾਲ ਐੱਸਆਈਐੱਚ ਦਾ ਗ੍ਰੈਂਡ ਫਿਨਾਲੇ 19 ਤੋਂ 23 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਐੱਸਆਈਐੱਚ 2023 ਵਿੱਚ, 44,000 ਟੀਮਾਂ ਤੋਂ 50,000 ਤੋਂ ਅਧਿਕ ਵਿਚਾਰ ਪ੍ਰਾਪਤ ਹੋਏ, ਜੋ ਐੱਸਆਈਐੱਚ ਦੇ ਪਹਿਲੇ ਐਡੀਸ਼ਨ ਦੀ ਤੁਲਨਾ ਵਿੱਚ ਲਗਭਗ ਸੱਤ ਗੁਣਾ ਅਧਿਕ ਹੈ। ਦੇਸ਼ ਭਰ ਦੇ 48 ਨੋਡਲ ਸੈਂਟਰਾਂ ‘ਤੇ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ 12,000 ਤੋਂ ਅਧਿਕ ਪ੍ਰਤੀਭਾਗੀ ਅਤੇ 2500 ਤੋਂ ਅਧਿਕ ਸਲਾਹਕਾਰ ਹਿੱਸਾ ਲੈਣਗੇ। ਸਪੇਸ ਟੈਕਨੋਲੋਜੀ, ਸਮਾਰਟ ਐਜੂਕੇਸ਼ਨ, ਆਪਦਾ ਪ੍ਰਬੰਧਨ, ਰੋਬੋਟਿਕਸ ਅਤੇ ਡ੍ਰੋਨ, ਵਿਰਾਸਤ ਅਤੇ ਸੱਭਿਆਚਾਰ ਸਮੇਤ ਵਿਭਿੰਨ ਵਿਸ਼ਿਆਂ ਬਾਰੇ ਸਮਾਧਾਨ ਉਪਲਬਧ ਕਰਵਾਉਣ ਲਈ ਇਸ ਸਾਲ ਗ੍ਰੈਂਡ ਫਿਨਾਲੇ ਲਈ ਕੁੱਲ 1282 ਟੀਮਾਂ ਨੂੰ ਸ਼ੌਰਟਲਿਸਟ ਕੀਤਾ ਗਿਆ ਹੈ।

ਭਾਗ ਲੈਣ ਵਾਲੀਆਂ ਟੀਮਾਂ 25 ਕੇਂਦਰੀ ਮੰਤਰੀਆਂ ਅਤੇ ਰਾਜ ਸਰਕਾਰਾਂ ਦੇ 51 ਵਿਭਾਗਾਂ ਦੁਆਰਾ ਪ੍ਰਸਾਰਿਤ 231 ਸਮੱਸਿਆ ਵੇਰਵਿਆਂ (176 ਸਾਫਟਵੇਅਰ ਅਤੇ 55 ਹਾਰਡਵੇਅਰ) ਨਾਲ ਨਿਪਟਾਰਾ ਕਰਨਗੀਆਂ ਅਤੇ ਸਮਾਧਾਨ ਉਪਲਬਧ ਕਰਵਾਉਣਗੀਆਂ। ਸਮਾਰਟ ਇੰਡੀਆ ਹੈਕਾਥੌਨ 2023 ਦੀ ਕੁੱਲ ਪੁਰਸਕਾਰ ਰਾਸ਼ੀ 2 ਕਰੋੜ ਤੋਂ ਅਧਿਕ ਹੈ, ਜਿਸ ਵਿੱਚ ਹਰੇਕ ਜੇਤੂ ਟੀਮ ਨੂੰ ਪ੍ਰਤੀ ਸਮੱਸਿਆ ਵੇਰਵੇ ‘ਤੇ ਇੱਕ ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਏਗਾ।

 

 

 

***

ਡੀਐੱਸ/ਟੀਐੱਸ


(Release ID: 1989066) Visitor Counter : 58