ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ


ਪ੍ਰਧਾਨ ਮੰਤਰੀ ਨੇ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਵਿੱਚ ਮਦਦਗਾਰ ਦੇ ਰੂਪ ਵਿੱਚ ‘2+2’ ਪ੍ਰਾਰੂਪ ਦਾ ਸੁਆਗਤ ਕੀਤਾ

ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਅਤੇ ਜੀ20 ਸਮਿਟ ਦੇ ਲਈ ਰਾਸ਼ਟਰਪਤੀ ਬਾਇਡੇਨ ਦੀ ਭਾਰਤ ਯਾਤਰਾ ਦੇ ਬਾਅਦ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ

ਉਨ੍ਹਾਂ ਨੇ ਪੱਛਮ ਏਸ਼ੀਆ ਸਹਿਤ ਆਪਸੀ ਹਿਤ ਦੇ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਬਾਇਡੇਨ ਦੇ ਨਾਲ ਨਿਰੰਤਰ ਅਦਾਨ-ਪ੍ਰਦਾਨ ਹੋਣ ਦੀ ਉਮੀਦ ਜਤਾਈ

Posted On: 10 NOV 2023 8:22PM by PIB Chandigarh

ਅਮਰੀਕਾ ਦੇ ਵਿਦੇਸ਼ ਮੰਤਰੀ, ਮਹਾਮਹਿਮ ਸ਼੍ਰੀ ਐਂਟਨੀ ਬਲਿਕੰਨ(Antony Blinken), ਅਤੇ ਰੱਖਾ ਮੰਤਰੀ, ਮਹਾਮਹਿਮ ਸ਼੍ਰੀ ਲੌਇਡ ਔਸਟਿਨ    (Lloyd Austin) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। 

ਇਨ੍ਹਾਂ ਦੋਨਾਂ ਹੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ‘2+2’ ਪ੍ਰਾਰੂਪ ਵਿੱਚ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਨਾਲ ਹੋਈਆਂ ਆਪਣੀਆਂ ਚਰਚਾਵਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਜੂਨ 2023 ਵਿੱਚ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਅਤੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ ‘ਤੇ ਦੋਨਾਂ ਰਾਜਨੇਤਾਵਾਂ ਦੇ ਦਰਮਿਆਨ ਹੋਈ ਮੀਟਿੰਗ ਦੇ ਬਾਅਦ ਰੱਖਿਆ, ਸੈਮੀਕੰਡਕਟਰ, ਉਭਰਦੀ ਟੈਕਨੋਲੋਜੀ, ਪੁਲਾੜ, ਸਿਹਤ ਸਮੇਤ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ਵਿੱਚ ਹੋਈ ਪ੍ਰਗਤੀ ‘ਤੇ ਵੀ ਚਾਨਣਾ ਪਾਇਆ।

 

ਪ੍ਰਧਾਨ ਮੰਤਰੀ ਨੇ ਸਾਰੇ ਖੇਤਰਾਂ ਵਿੱਚ ਵਧਦੇ ਆਪਸੀ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਦਰਅਸਲ ਲੋਕਤੰਤਰ, ਬਹੁਲਵਾਦ, ਅਤੇ ਕਾਨੂੰਨ ਦੇ ਸ਼ਾਸਨ ਦੇ ਸਨਮਾਨ ‘ਤੇ ਅਧਾਰਿਤ ਹੈ।

ਉਨ੍ਹਾਂ ਨੇ ਪੱਛਮ ਏਸ਼ੀਆ ਵਿੱਚ ਮੌਜੂਦਾ ਘਟਨਾਕ੍ਰਮ ਸਹਿਤ ਆਪਸੀ ਹਿਤ ਦੇ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ‘ਤੇ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਨਿਰੰਤਰ ਗੂੜ੍ਹੇ ਤਾਲਮੇਲ ਦੀ ਜ਼ਰੂਰਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਬਾਇਡੇਨ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਨਾਲ ਅਦਾਨ-ਪ੍ਰਦਾਨ ਨਿਰੰਤਰ ਜਾਰੀ ਰਹਿਣ ਦੀ ਉਮੀਦ ਹੈ। 

**************

ਡੀਐੱਸ/ਐੱਸਟੀ



(Release ID: 1976360) Visitor Counter : 68