ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ


ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ 100 '5ਜੀ ਯੂਜ਼ ਕੇਸ ਲੈਬਜ਼' ਪ੍ਰਦਾਨ ਕੀਤੀਆਂ

ਉਦਯੋਗ ਜਗਤ ਪ੍ਰਮੁੱਖਾਂ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਸ਼ਲਾਘਾ ਕੀਤੀ

"ਭਵਿੱਖ ਇੱਥੇ ਅਤੇ ਹੁਣ ਹੈ"

"ਸਾਡੀ ਨੌਜਵਾਨ ਪੀੜ੍ਹੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਰਹੀ ਹੈ"

"ਭਾਰਤ ਨਾ ਸਿਰਫ਼ ਦੇਸ਼ ਵਿੱਚ 5ਜੀ ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ, ਬਲਕਿ 6ਜੀ ਵਿੱਚ ਮੋਹਰੀ ਬਣਨ ਲਈ ਵੀ ਪ੍ਰਤੀਬੱਧ ਹੈ"

"ਅਸੀਂ ਹਰ ਖੇਤਰ ਵਿੱਚ ਲੋਕਤੰਤਰੀਕਰਨ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦੇ ਹਾਂ"

"ਸਾਡੀ ਸਰਕਾਰ ਦੀ ਤਰਜੀਹ ਪੂੰਜੀ, ਸਰੋਤ ਅਤੇ ਟੈਕਨੋਲੋਜੀ ਤੱਕ ਪਹੁੰਚ ਬਣਾਉਣਾ ਹੈ"

"ਭਾਰਤ ਦਾ ਸੈਮੀਕੰਡਕਟਰ ਮਿਸ਼ਨ ਨਾ ਸਿਰਫ ਆਪਣੀਆਂ ਘਰੇਲੂ ਮੰਗਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ, ਬਲਕਿ ਆਲਮੀ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ"

"ਭਾਰਤ ਡਿਜ਼ੀਟਲ ਟੈਕਨੋਲੋਜੀ ਦੇ ਵਿਕਾਸ ਵਿੱਚ ਕਿਸੇ ਵੀ ਵਿਕਸਤ ਦੇਸ਼ ਤੋਂ ਪਿੱਛੇ ਨਹੀਂ ਹੈ"

"ਟੈਕਨੋਲੋਜੀ ਰਾਹੀਂ ਇੱਕ ਵਿਕਾਸਸ਼ੀਲ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਵਿੱਚ ਜਲਦੀ ਬਦਲਿਆ ਜਾ ਸਕਦਾ ਹੈ"

"21ਵੀਂ ਸਦੀ ਭਾਰਤ ਦੀ ਵਿਚਾਰਕ ਅਗਵਾਈ ਦੇ ਯੁੱਗ ਦਾ ਪ੍ਰਤੀਕ ਹੈ"

Posted On: 27 OCT 2023 12:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਡੀਆ ਮੋਬਾਈਲ ਕਾਂਗਰਸ 2023 ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ। 'ਗਲੋਬਲ ਡਿਜੀਟਲ ਇਨੋਵੇਸ਼ਨ' ਥੀਮ ਦੇ ਨਾਲ 27 ਤੋਂ 29 ਅਕਤੂਬਰ 2023 ਤੱਕ ਆਯੋਜਿਤ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ), ਏਸ਼ੀਆ ਦਾ ਸਭ ਤੋਂ ਵੱਡਾ ਦੂਰਸੰਚਾਰ, ਮੀਡੀਆ ਅਤੇ ਟੈਕਨੋਲੋਜੀ  ਮੰਚ ਹੈ। ਆਈਐੱਮਸੀ 2023 ਦਾ ਉਦੇਸ਼ ਪ੍ਰਮੁੱਖ ਆਧੁਨਿਕ ਟੈਕਨੋਲੋਜੀਆਂ ਦੇ ਵਿਕਾਸਕਰਤਾ, ਨਿਰਮਾਤਾ ਅਤੇ ਨਿਰਯਾਤਕ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨਾ ਹੈ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ 100 '5ਜੀ ਯੂਜ਼ ਕੇਸ ਲੈਬਜ਼' ਦਾ ਤੋਹਫ਼ਾ ਦਿੱਤਾ।

ਪ੍ਰਧਾਨ ਮੰਤਰੀ ਨੇ ਹਾਲ 5 ਵਿੱਚ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਅਤੇ ਇਸ ਨੂੰ ਦੇਖਿਆ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ। ਰਿਲਾਇੰਸ ਜੀਓ ਇਨਫੋਕਾਮ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਆਕਾਸ਼ ਐੱਮ ਅੰਬਾਨੀ ਨੇ ਨਵੀਨਤਮ ਟੈਕਨੋਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਨੌਜਵਾਨ ਪੀੜ੍ਹੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ, ਜਿਸ ਨਾਲ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਿਜੀਟਲ ਇੰਡੀਆ ਪ੍ਰੋਗਰਾਮ ਨੂੰ ਸਮਾਵੇਸ਼ੀ, ਨਵੀਨਤਾਕਾਰੀ ਅਤੇ ਟਿਕਾਊ ਬਣਾਉਣ ਲਈ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਜੀਓ ਨੇ ਭਾਰਤ ਵਿੱਚ ਸਾਰੇ 22 ਸਰਕਟਾਂ ਵਿੱਚ 10 ਲੱਖ ਤੋਂ ਵੱਧ 5ਜੀ ਸੈੱਲ ਤੈਨਾਤ ਕੀਤੇ ਹਨ, ਜੋ ਸਮੁੱਚੀ 5ਜੀ ਤੈਨਾਤੀ ਵਿੱਚ 85 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ। ਇਨ੍ਹਾਂ ਵਿੱਚ 5ਜੀ ਸਟੈਕ ਦੇ ਰੋਲਆਊਟ ਨੂੰ ਭਾਰਤੀ ਪ੍ਰਤਿਭਾ ਵਲੋਂ ਡਿਜ਼ਾਈਨ, ਵਿਕਸਤ ਅਤੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 125 ਮਿਲੀਅਨ ਦੇ ਉਪਭੋਗਤਾ ਅਧਾਰ ਦੇ ਨਾਲ ਚੋਟੀ ਦੇ 3 5ਜੀ-ਸਮਰੱਥ ਦੇਸ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਨੂੰ ਇਕਜੁੱਟ ਕਰ ਦਿੱਤਾ ਹੈ। ਉਨ੍ਹਾਂ ਜੀਐੱਸਟੀ, ਭਾਰਤ ਦੀ ਡਿਜੀਟਲ ਕ੍ਰਾਂਤੀ ਅਤੇ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦੀ ਉਦਾਹਰਨ ਵੀ ਦਿੱਤੀ। ਉਨ੍ਹਾਂ ਕਿਹਾ, ਤੁਹਾਡੇ ਯਤਨ ਇੰਡੀਆ ਮੋਬਾਈਲ ਕਾਨਫਰੰਸ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਸਾਰੇ ਡਿਜੀਟਲ ਉੱਦਮੀਆਂ, ਨਵੀਨਤਾਵਾਂ ਅਤੇ ਸਟਾਰਟਅੱਪਾਂ ਦੀ ਤਰਫੋਂ ਸ਼੍ਰੀ ਅੰਬਾਨੀ ਨੇ ਭਾਰਤ ਦੇ ਅੰਮ੍ਰਿਤਕਾਲ ਦੌਰਾਨ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਭਰੋਸਾ ਵੀ ਦਿੱਤਾ।

ਭਾਰਤੀ ਇੰਟਰਪ੍ਰਾਈਜਿਜ਼ ਦੇ ਚੇਅਰਮੈਨ ਸ਼੍ਰੀ ਸੁਨੀਲ ਭਾਰਤੀ ਮਿੱਤਲ ਨੇ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਨੂੰ ਯਾਦ ਕੀਤਾ, ਜਿਸ ਨਾਲ ਡਿਜੀਟਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਪ੍ਰਧਾਨ ਮੰਤਰੀ ਦੇ ਜੇਏਐੱਮ ਟ੍ਰਿਨਿਟੀ ਦੀ ਨਵੀਨਤਾਕਾਰੀ ਪਹੁੰਚ ਨਾਲ ਲਿਆਂਦੇ ਗਏ ਪਰਿਵਰਤਨ ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦੁਨੀਆ ਭਾਰਤ ਦੇ ਡਿਜੀਟਲ ਪਰਿਵਰਤਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਕਈ ਦੇਸ਼ਾਂ ਲਈ ਹਾਸਲ ਕਰਨ ਦਾ ਵਿਸ਼ਾ ਹੈ। ਸ਼੍ਰੀ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਦੂਜਾ ਪ੍ਰਮੁੱਖ ਥੰਮ੍ਹ 'ਮੇਕ ਇਨ ਇੰਡੀਆ' ਹੈ ਅਤੇ ਉਨ੍ਹਾਂ ਪਿਛਲੇ ਇੱਕ ਸਾਲ ਵਿੱਚ ਨਿਰਮਾਣ ਖੇਤਰ ਵਿੱਚ ਹੋਈ ਪ੍ਰਗਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਨਿਰਮਾਣ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਪਲ ਤੋਂ ਡਿਕਸਨ ਅਤੇ ਸੈਮਸੰਗ ਤੋਂ ਟਾਟਾ ਵਰਗੀਆਂ ਕੰਪਨੀਆਂ ਦੇ ਨਾਲ, ਹਰ ਛੋਟੀ ਜਾਂ ਵੱਡੀ ਕੰਪਨੀ ਜਾਂ ਸਟਾਰਟਅੱਪ ਨਿਰਮਾਣ ਖੇਤਰ ਵਿੱਚ ਸ਼ਾਮਲ ਹੈ ਅਤੇ ਖਾਸ ਤੌਰ 'ਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ 'ਤੇ ਤਰੱਕੀ ਦੇ ਲਿਹਾਜ਼ ਨਾਲ ਭਾਰਤ ਇੱਕ ਨਿਰਮਾਣ ਰਾਸ਼ਟਰ ਵਜੋਂ ਇੱਕ ਆਲਮੀ ਨੇਤਾ ਦੇ ਰੂਪ ਵਿੱਚ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ 5ਜੀ ਰੋਲਆਉਟ ਪਹਿਲਾਂ ਹੀ 5000 ਕਸਬਿਆਂ ਅਤੇ 20,000 ਪਿੰਡਾਂ ਵਿੱਚ ਹੋ ਚੁੱਕਾ ਹੈ ਅਤੇ ਮਾਰਚ 2024 ਤੱਕ ਉਹ ਪੂਰੇ ਦੇਸ਼ ਨੂੰ ਕਵਰ ਕਰ ਲਿਆ ਜਾਵੇਗਾ ਅਤੇ ਇਸ ਸੰਦਰਭ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਸੱਦੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸਲ 'ਚ ਇਹ ਦੁਨੀਆ ਦਾ ਸਭ ਤੋਂ ਤੇਜ਼ 5ਜੀ ਰੋਲਆਊਟ ਹੋਵੇਗਾ।

ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਲਈ ਧੰਨਵਾਦ ਕੀਤਾ ਅਤੇ ਡਿਜੀਟਲ ਸਮਾਵੇਸ਼ਨ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ, ਜੋ 'ਅੰਤਯੋਦਯ' ਦੇ ਸਿਧਾਂਤ ਵਿੱਚ ਛੁਪਿਆ ਹੈ, ਜਿੱਥੇ ਸਾਰਿਆਂ ਲਈ ਲਾਭ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਡਿਜੀਟਲ ਵਿਕਾਸ ਵਿੱਚ ਭਾਰਤ ਦੇ ਵਿਕਾਸ ਦਾ ਸਿਹਰਾ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦਿੱਤਾ, ਜਿਸ ਨੂੰ ਵਿਸ਼ਵ ਪੱਧਰ 'ਤੇ ਵੀ ਮਾਨਤਾ ਮਿਲੀ ਹੈ। ਸ਼੍ਰੀ ਬਿਰਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਨਾ ਲੈਂਦਿਆਂ, ਭਾਰਤ ਗਲੋਬਲ ਸਾਊਥ ਦੇ ਨੇਤਾ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਭਾਰਤ ਦੀਆਂ ਪ੍ਰਮੁੱਖ ਜਨਤਕ ਬੁਨਿਆਦੀ ਢਾਂਚਾ ਪ੍ਰਣਾਲੀਆਂ ਜਿਵੇਂ ਕਿ ਪਹਿਚਾਣ, ਭੁਗਤਾਨ ਅਤੇ ਡਾਟਾ ਪ੍ਰਬੰਧਨ ਨੂੰ ਅਪਣਾਉਣ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਵੋਡਾਫੋਨ ਆਈਡੀਆ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਜ਼ਿੰਮੇਵਾਰ ਭਾਈਵਾਲ ਬਣਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ 6ਜੀ ਵਰਗੇ ਖੇਤਰਾਂ ਵਿੱਚ ਭਵਿੱਖ ਦੀਆਂ ਟੈਕਨੋਲੋਜੀਆਂ ਲਈ ਮਿਆਰਾਂ ਦੇ ਵਿਕਾਸ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਇਸ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਬਦਲਦੇ ਸਮੇਂ ਵਿੱਚ ਇਹ ਸਮਾਗਮ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਟੈਕਨੋਲੋਜੀ  ਦੀ ਤੇਜ਼ ਰਫ਼ਤਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਇੱਥੇ ਅਤੇ ਹੁਣ ਹੈ। ਉਨ੍ਹਾਂ ਇਸ ਮੌਕੇ ਦੂਰਸੰਚਾਰ, ਟੈਕਨੋਲੋਜੀ  ਅਤੇ ਕਨੈਕਟੀਵਿਟੀ ਵਿੱਚ ਭਵਿੱਖ ਦੀ ਝਲਕ ਦੇਣ ਲਈ ਲਗਾਈ ਗਈ ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ 6ਜੀ, ਏਆਈ, ਸਾਈਬਰ ਸੁਰੱਖਿਆ, ਸੈਮੀਕੰਡਕਟਰ, ਡਰੋਨ ਜਾਂ ਪੁਲਾੜ ਖੇਤਰ, ਡੂੰਘੇ ਸਮੁੰਦਰ, ਗ੍ਰੀਨ ਤਕਨੀਕ ਵਰਗੇ ਖੇਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਵਿੱਖ ਪੂਰੀ ਤਰ੍ਹਾਂ ਬਦਲਣ ਵਾਲਾ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਰਹੀ ਹੈ |

ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਪਿਛਲੇ ਸਾਲ ਭਾਰਤ ਵਿੱਚ 5ਜੀ ਦੀ ਸ਼ੁਰੂਆਤ ਬਾਕੀ ਦੁਨੀਆ ਲਈ ਹੈਰਾਨੀ ਵਾਲੀ ਗੱਲ ਸੀ। ਉਨ੍ਹਾਂ ਕਿਹਾ ਕਿ ਭਾਰਤ 5ਜੀ ਦੀ ਸਫ਼ਲਤਾ ਤੋਂ ਬਾਅਦ ਰੁਕਿਆ ਨਹੀਂ ਅਤੇ ਇਸ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 5ਜੀ ਦੀ ਸ਼ੁਰੂਆਤ ਦੇ ਪੜਾਅ ਤੋਂ 5ਜੀ ਦੀ ਸਰਵਵਿਆਪਕ ਪਹੁੰਚ ਦੇ ਪੜਾਅ ਵੱਲ ਵਧਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 5ਜੀ ਰੋਲਆਊਟ ਦੇ ਇੱਕ ਸਾਲ ਦੇ ਅੰਦਰ, ਭਾਰਤ ਵਿੱਚ 4 ਲੱਖ 5ਜੀ ਬੇਸ ਸਟੇਸ਼ਨ ਵਿਕਸਤ ਕੀਤੇ ਗਏ ਹਨ ਅਤੇ 97 ਪ੍ਰਤੀਸ਼ਤ ਤੋਂ ਵੱਧ ਸ਼ਹਿਰਾਂ ਅਤੇ 80 ਪ੍ਰਤੀਸ਼ਤ ਆਬਾਦੀ ਨੂੰ ਕਵਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਔਸਤ ਮੋਬਾਈਲ ਬ੍ਰਾਡਬੈਂਡ ਸਪੀਡ 3 ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਬ੍ਰਾਡਬੈਂਡ ਸਪੀਡ ਦੇ ਮਾਮਲੇ 'ਚ ਭਾਰਤ 118ਵੇਂ ਸਥਾਨ ਤੋਂ 43ਵੇਂ ਸਥਾਨ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਵਿੱਚ ਨਾ ਸਿਰਫ਼ 5ਜੀ ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ, ਬਲਕਿ 6ਜੀ ਵਿੱਚ ਮੋਹਰੀ ਬਣਨ 'ਤੇ ਵੀ ਜ਼ੋਰ ਦੇ ਰਿਹਾ ਹੈ। 2ਜੀ ਦੌਰਾਨ ਹੋਏ ਘੋਟਾਲੇ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ 4ਜੀ ਨੈੱਟਵਰਕ ਦਾ ਵਿਕਾਸ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋਇਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤ 6ਜੀ ਤਕਨੀਕ ਨਾਲ ਮੋਹਰੀ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਦਰਜਾਬੰਦੀ ਅਤੇ ਗਿਣਤੀਆਂ ਤੋਂ ਪਰ੍ਹੇ, ਇੰਟਰਨੈੱਟ ਕਨੈਕਟੀਵਿਟੀ ਅਤੇ ਸਪੀਡ ਵਿੱਚ ਸੁਧਾਰ ਜੀਵਨ ਨੂੰ ਸੁਖਾਲ਼ਾ ਬਣਾਉਂਦਾ ਹੈ। ਉਨ੍ਹਾਂ ਸਿੱਖਿਆ, ਦਵਾਈ, ਸੈਰ-ਸਪਾਟਾ ਅਤੇ ਖੇਤੀਬਾੜੀ ਵਿੱਚ ਬਿਹਤਰ ਕਨੈਕਟਿਵਿਟੀ ਅਤੇ ਗਤੀ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਤੰਤਰੀਕਰਨ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਵਿਕਾਸ ਦੇ ਲਾਭ ਹਰ ਵਰਗ ਅਤੇ ਖੇਤਰ ਤੱਕ ਪਹੁੰਚਦੇ ਹਨ, ਹਰ ਕਿਸੇ ਨੂੰ ਭਾਰਤ ਦੇ ਸਰੋਤਾਂ ਦਾ ਲਾਭ ਮਿਲਦਾ ਹੈ, ਹਰ ਕਿਸੇ ਨੂੰ ਸਨਮਾਨ ਦੀ ਜ਼ਿੰਦਗੀ ਮਿਲਦੀ ਹੈ ਅਤੇ ਟੈਕਨੋਲੋਜੀ ਦੇ ਲਾਭ ਹਰ ਕਿਸੇ ਤੱਕ ਪਹੁੰਚਦੇ ਹਨ, ਸਰਕਾਰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਭ ਤੋਂ ਵੱਡਾ ਸਮਾਜਿਕ ਨਿਆਂ ਹੈ। ਉਨ੍ਹਾਂ ਕਿਹਾ ਕਿ ਪੂੰਜੀ, ਸਰੋਤ ਅਤੇ ਟੈਕਨੋਲੋਜੀ  ਤੱਕ ਪਹੁੰਚ ਸਾਡੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਮੁਦਰਾ ਯੋਜਨਾ ਦੇ ਤਹਿਤ ਜਮਾਂ-ਮੁਕਤ ਕਰਜ਼ੇ, ਪਖਾਨਿਆਂ ਤੱਕ ਪਹੁੰਚ ਅਤੇ ਜੇਏਐੱਮ ਟ੍ਰਿਨਿਟੀ ਰਾਹੀਂ ਡੀਬੀਟੀ ਵਿੱਚ ਇੱਕ ਗੱਲ ਸਾਂਝੀ ਹੈ ਕਿ ਉਹ ਆਮ ਨਾਗਰਿਕਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਇਸ ਸਬੰਧੀ ਟੈਲੀਕੌਮ ਟੈਕਨੋਲੋਜੀ  ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਭਾਰਤ ਨੈੱਟ ਬਾਰੇ ਜਾਣਕਾਰੀ ਦਿੱਤੀ, ਜਿਸ ਨੇ ਕਰੀਬ 2 ਲੱਖ ਗ੍ਰਾਮ ਪੰਚਾਇਤਾਂ ਨੂੰ ਬਰੌਡਬੈਂਡ ਨਾਲ ਜੋੜਿਆ ਹੈ। 10,000 ਅਟਲ ਟਿੰਕਰਿੰਗ ਲੈਬਾਂ ਲਗਭਗ 75 ਲੱਖ ਬੱਚਿਆਂ ਨੂੰ ਅਤਿ-ਆਧੁਨਿਕ ਟੈਕਨੋਲੋਜੀ  ਨਾਲ ਜਾਣੂ ਕਰਵਾ ਰਹੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੱਜ ਲਾਂਚ ਕੀਤੀਆਂ ਗਈਆਂ 5ਜੀ ਯੂਜ਼ ਲੈਬਜ਼ ਵੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰਯੋਗਸ਼ਾਲਾਵਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਆਤਮ ਵਿਸ਼ਵਾਸ ਦਿੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੇ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਵਿੱਚ ਆਪਣੇ ਲਈ ਇੱਕ ਮਹੱਤਵਪੂਰਨ ਜਗ੍ਹਾ ਬਣਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਬਹੁਤ ਘੱਟ ਸਮੇਂ ਵਿੱਚ 100 ਯੂਨੀਕੌਰਨ ਬਣਾਏ ਹਨ ਅਤੇ ਹੁਣ ਦੁਨੀਆ ਦੇ ਚੋਟੀ ਦੇ 3 ਸਟਾਰਟਅਪ ਈਕੋਸਿਸਟਮ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਬਹੁਤ ਘੱਟ ਸਟਾਰਟਅੱਪ ਸਨ, ਜਦਕਿ ਅੱਜ ਇਹ ਗਿਣਤੀ ਵਧ ਕੇ ਇੱਕ ਲੱਖ ਦੇ ਕਰੀਬ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਸਟਾਰਟਅੱਪਸ ਨੂੰ ਸਮਰਥਨ ਪ੍ਰਦਾਨ ਕਰਨ ਲਈ ਇੰਡੀਅਨ ਮੋਬਾਈਲ ਕਾਂਗਰਸ ਦੀ ਇੱਕ ਪਹਿਲ, 'ਐਸਪਾਇਰ' ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਪਹਿਲ ਨਾਲ ਭਾਰਤ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਯਾਤਰਾ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ। ਪੁਰਾਣੀ ਟੈਕਨੋਲੋਜੀ  ਨੂੰ ਦਰਪੇਸ਼ ਮੁਸ਼ਕਲਾਂ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਅਜਿਹੀ ਹੀ ਸਥਿਤੀ ਵਿੱਚ ਸਨ। ਪ੍ਰਧਾਨ ਮੰਤਰੀ ਨੇ ਇੱਕ ਪੁਰਾਣੇ ਮੋਬਾਈਲ ਉਪਕਰਣ ਦੀ ਉਦਾਹਰਣ ਦਿੰਦੇ ਹੋਏ ਪਿਛਲੀਆਂ ਸਰਕਾਰਾਂ ਦੇ ਪੁਰਾਣੇ ਢੰਗ-ਤਰੀਕਿਆਂ 'ਤੇ ਵੀ ਨਿਸ਼ਾਨਾ ਸਾਧਿਆ, ਜਿਨ੍ਹਾਂ ਦੀ ਕਮਾਂਡ ਕੰਮ ਨਹੀਂ ਕਰਦੀ ਸੀ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਲੋਕਾਂ ਨੇ ਪੁਰਾਣੀਆਂ ਤਕਨੀਕਾਂ ਦੀ ਵਰਤੋਂ ਬੰਦ ਕਰ ਦਿੱਤੀ ਅਤੇ ਹੁਣ ਬੈਟਰੀਆਂ ਬਦਲਣ ਜਾਂ ਸਿਸਟਮ ਨੂੰ ਮੁੜ ਚਾਲੂ ਕਰਨ ਦੀ ਲੋੜ ਨਹੀਂ ਰਹੀ। ਉਨ੍ਹਾਂ ਯਾਦ ਦਿਵਾਇਆ ਕਿ ਭਾਰਤ ਪਹਿਲਾਂ ਮੋਬਾਈਲ ਫੋਨਾਂ ਦਾ ਆਯਾਤਕ ਦੇਸ਼ ਹੁੰਦਾ ਸੀ ਜਦਕਿ ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਗਿਆ ਹੈ। ਪਿਛਲੀਆਂ ਸਰਕਾਰਾਂ ਦੌਰਾਨ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਦੂਰਦਰਸ਼ਿਤਾ ਦੀ ਕਮੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅੱਜ ਦੇਸ਼ ਵਿੱਚ ਬਣਾਈਆਂ ਲਗਭਗ 2 ਲੱਖ ਕਰੋੜ ਰੁਪਏ ਮੁੱਲ ਦੀਆਂ ਇਲੈਕਟ੍ਰੋਨਿਕਸ ਵਸਤਾਂ ਦਾ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਭਾਰਤ ਵਿੱਚ ਪਿਕਸਲ ਫੋਨ ਬਣਾਉਣ ਲਈ ਗੂਗਲ ਵਲੋਂ ਹਾਲ ਹੀ ਵਿੱਚ ਕੀਤੇ ਗਏ ਐਲਾਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੈਮਸੰਗ ਫੋਲਡ ਫ਼ਾਇਵ ਅਤੇ ਐਪਲ ਆਈਫੋਨ 15 ਪਹਿਲਾਂ ਹੀ ਦੇਸ਼ ਵਿੱਚ ਬਣਾਏ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਮੋਬਾਈਲ ਅਤੇ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਦੀ ਇਸ ਸਫਲਤਾ ਨੂੰ ਹੋਰ ਪ੍ਰਗਤੀ ਵੱਲ ਲਿਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਈਕੋਸਿਸਟਮ ਵਿੱਚ ਹਾਰਡਵੇਅਰ ਅਤੇ ਸਾਫ਼ਟਵੇਅਰ ਦੋਵਾਂ ਦੀ ਸਫ਼ਲਤਾ ਲਈ ਇਹ ਜ਼ਰੂਰੀ ਹੈ ਕਿ ਅਸੀਂ ਭਾਰਤ ਵਿੱਚ ਇੱਕ ਮਜ਼ਬੂਤ ​​ਸੈਮੀਕੰਡਕਟਰ ਨਿਰਮਾਣ ਖੇਤਰ ਦਾ ਨਿਰਮਾਣ ਕਰੀਏ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਦੇ ਵਿਕਾਸ ਲਈ 80 ਹਜ਼ਾਰ ਕਰੋੜ ਰੁਪਏ ਦੀ ਪੀਐੱਲਆਈ ਸਕੀਮ ਚੱਲ ਰਹੀ ਹੈ। ਅੱਜ, ਦੁਨੀਆ ਭਰ ਦੀਆਂ ਸੈਮੀਕੰਡਕਟਰ ਕੰਪਨੀਆਂ ਸੈਮੀਕੰਡਕਟਰ ਤਿਆਰ ਕਰਨ ਅਤੇ ਪ੍ਰੀਖਣ ਸੁਵਿਧਾਵਾਂ ਵਿੱਚ ਨਿਵੇਸ਼ ਕਰਨ ਲਈ ਭਾਰਤੀ ਕੰਪਨੀਆਂ ਨਾਲ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਸੈਮੀਕੰਡਕਟਰ ਮਿਸ਼ਨ ਨਾ ਸਿਰਫ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਦੁਨੀਆ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ।

ਇੱਕ ਵਿਕਾਸਸ਼ੀਲ ਰਾਸ਼ਟਰ ਨੂੰ ਵਿਕਸਤ ਬਣਾਉਣ ਵਾਲੇ ਕਾਰਕਾਂ ਵਿੱਚੋਂ ਟੈਕਨੋਲੋਜੀ  ਦੀ ਪ੍ਰਮੁੱਖਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਡਿਜੀਟਲ ਟੈਕਨੋਲੋਜੀ  ਦੇ ਵਿਕਾਸ ਵਿੱਚ ਕਿਸੇ ਵੀ ਵਿਕਸਤ ਦੇਸ਼ ਤੋਂ ਪਿੱਛੇ ਨਹੀਂ ਹੈ। ਵੱਖ-ਵੱਖ ਖੇਤਰਾਂ ਨੂੰ ਟੈਕਨੋਲੋਜੀ  ਨਾਲ ਜੋੜਨ ਲਈ ਪਹਿਲਾਂ ਨੂੰ ਸੂਚੀਬੱਧ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੌਜਿਸਟਿਕਸ ਵਿੱਚ ਪੀਐੱਮ ਗਤੀਸ਼ਕਤੀ, ਸਿਹਤ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਤੇ ਖੇਤੀਬਾੜੀ ਖੇਤਰ ਵਿੱਚ ਐਗਰੀ ਸਟੈਕ ਵਰਗੇ ਪਲੇਟਫਾਰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਗਿਆਨਕ ਖੋਜ, ਕੁਆਂਟਮ ਮਿਸ਼ਨਾਂ ਅਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਸਵਦੇਸ਼ੀ ਡਿਜ਼ਾਈਨ ਅਤੇ ਟੈਕਨੋਲੋਜੀ  ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੇ ਨਿਵੇਸ਼ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਸਾਈਬਰ ਸੁਰੱਖਿਆ ਅਤੇ ਨੈੱਟਵਰਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਦੇ ਮਹੱਤਵਪੂਰਨ ਪਹਿਲੂ ਨੂੰ ਉਜਾਗਰ ਕਰਦੇ ਹੋਏ ਜੀ-20 ਸੰਮੇਲਨ 'ਚ 'ਸਾਈਬਰ ਸੁਰੱਖਿਆ ਲਈ ਆਲਮੀ ਖ਼ਤਰੇ' 'ਤੇ ਚਰਚਾ ਦਾ ਵੀ ਜ਼ਿਕਰ ਕੀਤਾ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮੁੱਚੀ ਨਿਰਮਾਣ ਮੁੱਲ ਲੜੀ ਵਿੱਚ ਆਤਮਨਿਰਭਰਤਾ ਸਾਈਬਰ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ, ਉਨ੍ਹਾਂ ਕਿਹਾ ਕਿ ਜਦੋਂ ਮੁੱਲ ਲੜੀ ਵਿੱਚ ਹਰ ਚੀਜ਼ ਰਾਸ਼ਟਰੀ ਡੋਮੇਨ ਨਾਲ ਸਬੰਧਤ ਹੈ, ਭਾਵੇਂ ਉਹ ਹਾਰਡਵੇਅਰ, ਸੌਫਟਵੇਅਰ ਜਾਂ ਕਨੈਕਟੀਵਿਟੀ ਦੀ ਸੁਰੱਖਿਆ ਹੋਵੇ, ਇਸ ਨੂੰ ਬਣਾਈ ਰੱਖਣਾ ਆਸਾਨ ਹੋ ਜਾਂਦਾ ਹੈ। ਸ਼੍ਰੀ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਵਿੱਚ ਦੁਨੀਆ ਦੇ ਲੋਕਤੰਤਰੀ ਸਮਾਜਾਂ ਨੂੰ ਸੁਰੱਖਿਅਤ ਰੱਖਣ ਦੇ ਸੰਦਰਭ 'ਤੇ ਚਰਚਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਦੇ ਅਤੀਤ ਵਿੱਚ ਖੁੰਝ ਗਏ ਮੌਕਿਆਂ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਨੇ ਭਾਰਤ ਦੇ ਆਈਟੀ ਸੈਕਟਰ ਦਾ ਜ਼ਿਕਰ ਕੀਤਾ, ਜਿੱਥੇ ਭਾਰਤ ਨੇ ਪਹਿਲਾਂ ਹੀ ਵਿਕਸਤ ਟੈਕਨੋਲੋਜੀ ਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਇਹ ਸਮਾਂ ਭਾਰਤ ਦੀ ਵਿਚਾਰਕ ਅਗਵਾਈ ਦਾ ਸਮਾਂ ਹੈ। ਸ਼੍ਰੀ ਮੋਦੀ ਨੇ ਚਿੰਤਕਾਂ ਨੂੰ ਨਵੇਂ ਡੋਮੇਨ ਬਣਾਉਣ ਦੀ ਤਾਕੀਦ ਕੀਤੀ, ਜਿਸ ਦਾ ਹੋਰ ਲੋਕ ਵੀ ਪਾਲਣ ਕਰ ਸਕਦੇ ਹਨ। ਉਨ੍ਹਾਂ ਨੇ ਯੂਪੀਆਈ ਦੀ ਉਦਾਹਰਣ ਦਿੱਤੀ, ਜੋ ਅੱਜ ਡਿਜੀਟਲ ਭੁਗਤਾਨ ਪ੍ਰਣਾਲੀ ਵਿੱਚ ਦੁਨੀਆ ਵਿੱਚ ਮੋਹਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਨੌਜਵਾਨ ਜਨਸੰਖਿਆ ਅਤੇ ਜੀਵੰਤ ਲੋਕਤੰਤਰ ਦੀ ਤਾਕਤ ਹੈ। ਉਨ੍ਹਾਂ ਇੰਡੀਆ ਮੋਬਾਈਲ ਕਾਂਗਰਸ ਦੇ ਮੈਂਬਰਾਂ ਖਾਸ ਕਰਕੇ ਨੌਜਵਾਨ ਮੈਂਬਰਾਂ ਨੂੰ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਇੱਕ ਵਿਕਸਤ ਭਾਰਤ ਬਣਨ ਦੇ ਟੀਚੇ ਨੂੰ ਸਾਕਾਰ ਕਰ ਰਹੇ ਹਾਂ ਤਾਂ ਇੱਕ ਵਿਚਾਰਵਾਨ ਸਮਾਜ ਦੇ ਰੂਪ ਵਿੱਚ ਅੱਗੇ ਵਧਣ ਦਾ ਬਦਲਾਅ ਪੂਰੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ।

ਇਸ ਮੌਕੇ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ, ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਦੇਵ ਸਿੰਘ ਚੌਹਾਨ, ਰਿਲਾਇੰਸ ਜਿਓ ਇਨਫੋਕਾਮ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਆਕਾਸ਼ ਐੱਮ ਅੰਬਾਨੀ, ਭਾਰਤੀ ਇੰਟਰਪ੍ਰਾਈਜਿਜ਼ ਦੇ ਚੇਅਰਮੈਨ ਸ਼੍ਰੀ ਸੁਨੀਲ ਭਾਰਤੀ ਮਿੱਤਲ ਅਤੇ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਪਿਛੋਕੜ

'100 5ਜੀ ਲੈਬ ਪਹਿਲ' ਭਾਰਤ ਦੀਆਂ ਵਿਲੱਖਣ ਜ਼ਰੂਰਤਾਂ ਦੇ ਨਾਲ-ਨਾਲ ਆਲਮੀ ਮੰਗਾਂ ਨੂੰ ਪੂਰਾ ਕਰਨ ਵਾਲੀਆਂ 5ਜੀ ਐਪਲੀਕੇਸ਼ਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਕੇ 5ਜੀ ਟੈਕਨੋਲੋਜੀ  ਨਾਲ ਜੁੜੇ ਮੌਕਿਆਂ ਦਾ ਅਹਿਸਾਸ ਕਰਨ ਦਾ ਇੱਕ ਯਤਨ ਹੈ। ਇਹ ਵਿਲੱਖਣ ਪਹਿਲ ਵਿਭਿੰਨ ਸਮਾਜਿਕ-ਆਰਥਿਕ ਖੇਤਰਾਂ ਜਿਵੇਂ ਕਿ ਸਿੱਖਿਆ, ਖੇਤੀਬਾੜੀ, ਸਿਹਤ, ਬਿਜਲੀ, ਆਵਾਜਾਈ ਆਦਿ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰੇਗੀ ਅਤੇ ਦੇਸ਼ ਨੂੰ 5ਜੀ ਟੈਕਨੋਲੋਜੀ  ਦੀ ਵਰਤੋਂ ਵਿੱਚ ਮੋਹਰੀ ਬਣਾਵੇਗੀ। ਇਹ ਪਹਿਲ ਦੇਸ਼ ਵਿੱਚ ਇੱਕ 6ਜੀ-ਸਮਰੱਥ ਵਿੱਦਿਅਕ ਅਤੇ ਸਟਾਰਟ-ਅੱਪ ਈਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪਹਿਲਕਦਮੀ ਸਵਦੇਸ਼ੀ ਦੂਰਸੰਚਾਰ ਟੈਕਨੋਲੋਜੀ  ਦੇ ਵਿਕਾਸ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਬੇਹੱਦ ਲਾਭਦਾਇਕ ਹੈ।

ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਏਸ਼ੀਆ ਦਾ ਸਭ ਤੋਂ ਵੱਡਾ ਦੂਰਸੰਚਾਰ, ਮੀਡੀਆ ਅਤੇ ਟੈਕਨੋਲੋਜੀ  ਮੰਚ ਹੈ। ਇਹ 27 ਤੋਂ 29 ਅਕਤੂਬਰ 2023 ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਆਯੋਜਨ ਦੂਰਸੰਚਾਰ ਅਤੇ ਟੈਕਨੋਲੋਜੀ  ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਅਤੇ ਮੁੱਖ ਕਾਰਕਾਂ ਨੂੰ ਉਜਾਗਰ ਕਰਨ ਲਈ ਇੱਕ ਮੰਚ ਵਜੋਂ ਕੰਮ ਕਰੇਗਾ। ਇਹ ਮੰਚ ਸਟਾਰਟ-ਅੱਪਸ ਨੂੰ ਆਪਣੇ ਨਵੀਨਤਾਕਾਰੀ ਉਤਪਾਦਾਂ ਅਤੇ ਹੱਲਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

'ਗਲੋਬਲ ਡਿਜੀਟਲ ਇਨੋਵੇਸ਼ਨ' ਥੀਮ ਦੇ ਨਾਲ, ਆਈਐੱਮਸੀ 2023 ਦਾ ਉਦੇਸ਼ ਪ੍ਰਮੁੱਖ ਆਧੁਨਿਕ ਟੈਕਨੋਲੋਜੀ ਆਂ ਦੇ ਵਿਕਾਸਕਾਰ, ਨਿਰਮਾਤਾ ਅਤੇ ਨਿਰਯਾਤਕ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨਾ ਹੈ। ਤਿੰਨ ਦਿਨਾਂ ਸੰਮੇਲਨ 5ਜੀ, 6ਜੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਵਰਗੀਆਂ ਤਕਨੀਕਾਂ ਨੂੰ ਉਜਾਗਰ ਕਰੇਗਾ ਅਤੇ ਸੈਮੀਕੰਡਕਟਰ ਉਦਯੋਗ, ਗ੍ਰੀਨ ਟੈਕਨੋਲੋਜੀ, ਸਾਈਬਰ ਸੁਰੱਖਿਆ ਆਦਿ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰੇਗਾ।

ਇਸ ਸਾਲ, ਆਈਐੱਮਸੀ ਇੱਕ ਸਟਾਰਟਅੱਪ ਪ੍ਰੋਗਰਾਮ- 'ਐਸਪਾਇਰ' ਲਾਂਚ ਕਰ ਰਿਹਾ ਹੈ। ਇਹ ਨਵੀਆਂ ਉੱਦਮੀ ਪਹਿਲਕਦਮੀਆਂ ਅਤੇ ਸਹਿਯੋਗ ਨੂੰ ਉਤਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਟਾਰਟਅੱਪਸ, ਨਿਵੇਸ਼ਕਾਂ ਅਤੇ ਸਥਾਪਿਤ ਕਾਰੋਬਾਰਾਂ ਵਿਚਕਾਰ ਸਬੰਧਾਂ ਨੂੰ ਵਧਾਏਗਾ।

ਆਈਐੱਮਸੀ 2023 ਵਿੱਚ ਲਗਭਗ 5000 ਸੀਈਓ ਪੱਧਰ ਦੇ ਪ੍ਰਤੀਨਿਧੀ, 230 ਪ੍ਰਦਰਸ਼ਕ, 400 ਸਟਾਰਟਅੱਪ ਅਤੇ ਹੋਰ ਹਿਤਧਾਰਕਾਂ ਸਮੇਤ ਲਗਭਗ 22 ਦੇਸ਼ਾਂ ਦੇ ਇੱਕ ਲੱਖ ਤੋਂ ਵੱਧ ਭਾਗੀਦਾਰ ਸ਼ਾਮਲ ਹੋਣਗੇ।

****

ਡੀਐੱਸ/ਟੀਐੱਸ 



(Release ID: 1972069) Visitor Counter : 86