ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਬੀਜ ਸਹਿਕਾਰੀ ਸਭਾ ਲਿਮਟਿਡ (ਬੀਬੀਐੱਸਐੱਸਐੱਲ) ਵੱਲੋਂ ਕਰਵਾਏ 'ਸਹਿਕਾਰੀ ਖੇਤਰ ਵਿੱਚ ਉੱਨਤ ਅਤੇ ਰਵਾਇਤੀ ਬੀਜ ਉਤਪਾਦਨ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕੀਤਾ ਅਤੇ ਬੀਬੀਐੱਸਐੱਸਐੱਲ ਦਾ ਲੋਗੋ, ਵੈੱਬਸਾਈਟ ਅਤੇ ਕਿਤਾਬਚਾ ਜਾਰੀ ਕੀਤਾ ਅਤੇ ਬੀਬੀਐੱਸਐੱਸਐੱਲ ਦੇ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੰਡੇ
ਮੋਦੀ ਸਰਕਾਰ ਨੇ ਦੇਸ਼ ਦੇ ਹਰ ਕਿਸਾਨ ਤੱਕ ਪ੍ਰਮਾਣਿਤ ਅਤੇ ਵਿਗਿਆਨਕ ਢੰਗ ਨਾਲ ਤਿਆਰ ਬੀਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਸ ਸਹਿਕਾਰੀ ਸਭਾ ਦੀ ਸਥਾਪਨਾ ਕੀਤੀ
ਆਉਣ ਵਾਲੇ ਦਿਨਾਂ ਵਿੱਚ ਬੀਬੀਐੱਸਐੱਸਐੱਲ ਦਾ ਭਾਰਤ ਵਿੱਚ ਬੀਜ ਸੰਭਾਲ, ਪ੍ਰਚਾਰ ਅਤੇ ਖੋਜ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੋਵੇਗਾ
ਇਸ ਦਾ ਮੰਤਵ ਭਾਰਤ ਦੇ ਰਵਾਇਤੀ ਬੀਜਾਂ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ ਤਾਂ ਜੋ ਸਿਹਤਮੰਦ ਅਨਾਜ, ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਜਾਰੀ ਰਹੇ ਅਤੇ ਇਹ ਕਾਰਜ ਬੀਬੀਐੱਸਐੱਸਐੱਲ ਕਰੇਗੀ
ਬੀਬੀਐੱਸਐੱਸਐੱਲ ਦਾ ਮੁਨਾਫ਼ਾ ਸਿੱਧਾ ਬੀਜ ਉਤਪਾਦਕ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਜਾਵੇਗਾ
ਭਾਰਤੀ ਬੀਜ ਸਹਿਕਾਰੀ ਸਭਾ ਲਿਮਟਿਡ ਦੇਸ਼ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਬੀਜ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਅਤੇ ਬੀਜਾਂ ਦੀ ਆਲਮੀ ਮੰਡੀ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਵਿੱਚ ਮਦਦ ਕਰੇਗੀ, ਇਸ ਦਾ ਸਭ ਤੋਂ ਵੱਧ ਲਾਭ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨੂੰ ਹੋਵੇਗਾ
ਭਾਰਤ ਨੂੰ ਆਲਮੀ ਬੀਜ ਬਾਜ਼ਾਰ ਵਿੱਚ ਇੱਕ ਵੱਡਾ ਹਿੱਸੇਦਾਰ ਬਣਾਉਣਾ ਸਾਡਾ ਸਮਾਂਬੱਧ ਟੀਚਾ ਹੋਣਾ ਚਾਹੀਦਾ ਹੈ
Posted On:
26 OCT 2023 5:27PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਬੀਜ ਸਹਿਕਾਰੀ ਸਭਾ ਲਿਮਟਿਡ (ਬੀਬੀਐੱਸਐੱਸਐੱਲ) ਵੱਲੋਂ ਕਰਵਾਏ "ਸਹਿਕਾਰੀ ਖੇਤਰ ਵਿੱਚ ਉੱਨਤ ਅਤੇ ਰਵਾਇਤੀ ਬੀਜ ਉਤਪਾਦਨ 'ਤੇ ਰਾਸ਼ਟਰੀ ਸੈਮੀਨਾਰ" ਨੂੰ ਸੰਬੋਧਨ ਕੀਤਾ।
ਸ਼੍ਰੀ ਅਮਿਤ ਸ਼ਾਹ ਨੇ ਬੀਬੀਐੱਸਐੱਸਐੱਲ ਦਾ ਲੋਗੋ, ਵੈੱਬਸਾਈਟ ਅਤੇ ਕਿਤਾਬਚਾ ਵੀ ਜਾਰੀ ਕੀਤਾ ਅਤੇ ਬੀਬੀਐੱਸਐੱਸਐੱਲ ਦੇ ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਬੀ ਐੱਲ ਵਰਮਾ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਇਸ ਮੌਕੇ 'ਤੇ ਆਪਣੇ ਸੰਬੋਧਨ 'ਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਹਿਕਾਰੀ ਅੰਦੋਲਨ, ਕਿਸਾਨਾਂ ਅਤੇ ਅਨਾਜ ਉਤਪਾਦਨ ਦੇ ਖੇਤਰ 'ਚ ਨਵੀਂ ਸ਼ੁਰੂਆਤ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਬੀਐੱਸਐੱਸਐੱਲ ਭਾਰਤ ਵਿੱਚ ਬੀਜ ਸੰਭਾਲ, ਪ੍ਰਚਾਰ ਅਤੇ ਖੋਜ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਏਗਾ। ਅੱਜ ਦੇਸ਼ ਦੇ ਹਰ ਕਿਸਾਨ ਕੋਲ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਬੀਜ ਉਪਲਬਧ ਨਹੀਂ ਹੈ, ਇਸ ਲਈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਮਾਣਿਤ ਅਤੇ ਵਿਗਿਆਨਕ ਢੰਗ ਨਾਲ ਤਿਆਰ ਬੀਜ ਇਸ ਵਿਸ਼ਾਲ ਦੇਸ਼ ਦੇ ਹਰ ਕਿਸਾਨ ਤੱਕ ਪਹੁੰਚ ਸਕਣ ਅਤੇ ਇਹ ਕੰਮ ਵੀ ਇਸ ਸਹਿਕਾਰੀ ਸਭਾ ਵੱਲੋਂ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਖੇਤੀ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਕੀਤਾ ਗਿਆ ਅਤੇ ਇਹੀ ਕਾਰਨ ਹੈ ਕਿ ਸਾਡੇ ਰਵਾਇਤੀ ਬੀਜ ਗੁਣਵੱਤਾ ਅਤੇ ਸਰੀਰਕ ਪੋਸ਼ਣ ਲਈ ਸਭ ਤੋਂ ਢੁਕਵੇਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਰਵਾਇਤੀ ਬੀਜਾਂ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ, ਤਾਂ ਜੋ ਸਿਹਤਮੰਦ ਅਨਾਜ, ਫਲ ਅਤੇ ਸਬਜ਼ੀਆਂ ਦਾ ਉਤਪਾਦਨ ਜਾਰੀ ਰਹੇ ਅਤੇ ਇਹ ਕੰਮ ਬੀਬੀਐੱਸਐੱਸਐੱਲ ਕਰੇਗੀ। ਉਨ੍ਹਾਂ ਕਿਹਾ ਕਿ ਇੱਥੇ ਪੈਦਾ ਹੋਣ ਵਾਲੇ ਬੀਜ ਘੱਟੋ-ਘੱਟ ਖੋਜ ਅਤੇ ਵਿਕਾਸ ਦੇ ਵਿਦੇਸ਼ੀ ਤਰੀਕਿਆਂ ਰਾਹੀਂ ਤਿਆਰ ਕੀਤੇ ਜਾਂਦੇ ਹਨ, ਪਰ ਜੇਕਰ ਸਾਡੇ ਖੇਤੀ ਵਿਗਿਆਨੀਆਂ ਨੂੰ ਵਧੀਆ ਪਲੇਟਫਾਰਮ ਮਿਲ ਜਾਵੇ ਤਾਂ ਉਹ ਵਿਸ਼ਵ ਵਿੱਚ ਸਭ ਤੋਂ ਵੱਧ ਉਤਪਾਦਨ ਕਰਨ ਵਾਲੇ ਬੀਜ ਬਣਾ ਸਕਦੇ ਹਨ ਅਤੇ ਇਹ ਖੋਜ ਅਤੇ ਵਿਕਾਸ ਦਾ ਕੰਮ ਵੀ ਬੀਬੀਐੱਸਐੱਸਐੱਲ ਕਰੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਸ਼ਵ ਵਿੱਚ ਬੀਜਾਂ ਦੇ ਨਿਰਯਾਤ ਲਈ ਇੱਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਇਸ ਵਿੱਚ ਭਾਰਤ ਦੀ ਆਲਮੀ ਬੀਜ ਮੰਡੀ ਵਿੱਚ ਹਿੱਸੇਦਾਰੀ ਇੱਕ ਫੀਸਦੀ ਤੋਂ ਵੀ ਘੱਟ ਹੈ, ਭਾਰਤ ਵਰਗੇ ਵੱਡੇ ਅਤੇ ਖੇਤੀ ਪ੍ਰਧਾਨ ਦੇਸ਼ ਨੂੰ ਵੱਧ ਹਿੱਸਾ ਹਾਸਲ ਕਰਨ ਲਈ ਸਮਾਂਬੱਧ ਟੀਚਾ ਮਿਥਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਪੰਜ ਮੰਤਵਾਂ ਨੂੰ ਲੈ ਕੇ ਇਸ ਬੀਬੀਐੱਸਐੱਸਐੱਲ ਦੀ ਸਥਾਪਨਾ ਕੀਤੀ ਹੈ ਅਤੇ ਕੁਝ ਹੀ ਸਾਲਾਂ 'ਚ ਇਹ ਕਮੇਟੀ ਦੁਨੀਆ 'ਚ ਆਪਣਾ ਨਾਂ ਬਣਾਏਗੀ ਅਤੇ ਦੇਸ਼ ਦੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਮੁਹੱਈਆ ਕਰਵਾਉਣ 'ਚ ਵੱਡਾ ਯੋਗਦਾਨ ਪਾਵੇਗੀ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਹਦਾਇਤਾਂ ਮੁਤਾਬਕ 11 ਜਨਵਰੀ, 2023 ਨੂੰ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਬੀਜ ਸਹਿਕਾਰੀ ਸਭਾ ਲਿਮਟਿਡ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਸੀ, ਇਸ ਨੂੰ 25 ਜਨਵਰੀ, 2023 ਨੂੰ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਦਾ ਨੋਟੀਫਿਕੇਸ਼ਨ 21 ਮਾਰਚ, 2023 ਨੂੰ ਜਾਰੀ ਕੀਤਾ ਗਿਆ ਸੀ ਅਤੇ ਹੁਣ ਅਸੀਂ ਬਹੁਤ ਘੱਟ ਸਮੇਂ ਵਿੱਚ ਸਿਖਲਾਈ ਪ੍ਰੋਗਰਾਮ ਵੀ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭਾ ਖੇਤੀਬਾੜੀ, ਬਾਗਬਾਨੀ, ਡੇਅਰੀ, ਮੱਛੀ ਪਾਲਣ ਸਮੇਤ ਹੋਰ ਸਾਰੀਆਂ ਸਭਾਵਾਂ ਵਾਂਗ ਪੀਏਸੀਐੱਸ ਨੂੰ ਬੀਜ ਉਤਪਾਦਨ ਨਾਲ ਜੋੜਨ ਦਾ ਕੰਮ ਕਰੇਗੀ। ਪੀਏਸੀਐੱਸ ਰਾਹੀਂ ਹਰ ਕਿਸਾਨ ਆਪਣੇ ਖੇਤ ਵਿੱਚ ਬੀਜ ਪੈਦਾ ਕਰ ਸਕੇਗਾ, ਇਸ ਦੀ ਤਸਦੀਕ ਵੀ ਕੀਤੀ ਜਾਵੇਗੀ ਅਤੇ ਬ੍ਰਾਂਡਿੰਗ ਤੋਂ ਬਾਅਦ ਇਹ ਕਮੇਟੀ ਇਸ ਬੀਜ ਨੂੰ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਇਸ ਬੀਜ ਸਹਿਕਾਰੀ ਸਭਾ ਦਾ ਸਾਰਾ ਮੁਨਾਫਾ ਸਿੱਧਾ ਬੀਜ ਉਤਪਾਦਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਵੇਗਾ ਅਤੇ ਇਹ ਸਹਿਕਾਰਤਾ ਦਾ ਮੂਲ ਮੰਤਰ ਹੈ। ਇਸ ਸਹਿਕਾਰੀ ਸਭਾ ਰਾਹੀਂ ਬੀਜਾਂ ਦੀ ਉੱਚ ਅਣੁਵੰਸ਼ੀ ਸ਼ੁੱਧਤਾ ਅਤੇ ਭੌਤਿਕ ਸ਼ੁੱਧਤਾ ਨੂੰ ਬਿਨਾਂ ਕਿਸੇ ਸਮਝੌਤੇ ਤੋਂ ਬਰਕਰਾਰ ਰੱਖਿਆ ਜਾਵੇਗਾ ਅਤੇ ਖਪਤਕਾਰਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇਗਾ, ਸਾਡਾ ਉਦੇਸ਼ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਉਤਪਾਦਨ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਹਿਕਾਰੀ ਸਭਾ ਦਾ ਮੰਤਵ ਸਿਰਫ਼ ਮੁਨਾਫ਼ਾ ਕਮਾਉਣਾ ਨਹੀਂ ਹੈ, ਬਲਕਿ ਇਸ ਰਾਹੀਂ ਅਸੀਂ ਭਾਰਤ ਦੇ ਉਤਪਾਦਨ ਨੂੰ ਵਿਸ਼ਵ ਦੇ ਔਸਤ ਉਤਪਾਦਨ ਨਾਲ ਜੋੜਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਸੀਂ ਉੱਚ ਗੁਣਵੱਤਾ ਵਾਲੇ ਬੀਜਾਂ ਦੇ ਗੈਰ-ਕੁਸ਼ਲ ਉਤਪਾਦਨ ਦੀ ਜਗ੍ਹਾ ਕਿਸਾਨਾਂ ਨੂੰ ਸਿਖਲਾਈ ਦੇ ਕੇ ਵਿਗਿਆਨਕ ਢੰਗ ਨਾਲ ਬੀਜ ਉਤਪਾਦਨ ਨਾਲ ਜੋੜਨ ਦਾ ਕੰਮ ਕਰਾਂਗੇ। ਅੱਜ ਭਾਰਤ ਵਿੱਚ ਲਗਭਗ 465 ਲੱਖ ਕੁਇੰਟਲ ਬੀਜਾਂ ਦੀ ਲੋੜ ਹੈ, ਜਿਸ ਵਿੱਚੋਂ 165 ਲੱਖ ਕੁਇੰਟਲ ਸਰਕਾਰੀ ਤੰਤਰ ਰਾਹੀਂ ਪੈਦਾ ਹੁੰਦੇ ਹਨ ਅਤੇ ਸਹਿਕਾਰੀ ਪ੍ਰਣਾਲੀ ਰਾਹੀਂ ਇਹ ਉਤਪਾਦਨ 1 ਫੀਸਦੀ ਤੋਂ ਵੀ ਘੱਟ ਹੈ, ਸਾਨੂੰ ਇਹ ਅਨੁਪਾਤ ਬਦਲਣਾ ਪਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਰਾਹੀਂ ਬੀਜ ਉਤਪਾਦਨ ਨਾਲ ਜੁੜਨ ਵਾਲੇ ਕਿਸਾਨਾਂ ਨੂੰ ਬੀਜਾਂ ਤੋਂ ਸਿੱਧਾ ਮੁਨਾਫ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਆਲਮੀ ਮੰਡੀ ਵਿੱਚ ਭਾਰਤ ਦੀ ਘਰੇਲੂ ਬੀਜ ਮੰਡੀ ਦਾ ਹਿੱਸਾ ਸਿਰਫ਼ 4.5 ਫ਼ੀਸਦੀ ਹੈ, ਇਸ ਨੂੰ ਵਧਾਉਣ ਦੀ ਲੋੜ ਹੈ ਅਤੇ ਇਸ ਲਈ ਬਹੁਤ ਕੰਮ ਕਰਨਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਇਸ ਭਾਰਤੀ ਬੀਜ ਸਹਿਕਾਰੀ ਸਭਾ ਦੇ ਅਗਲੇ 5 ਸਾਲਾਂ ਲਈ ਟੀਚੇ ਤੈਅ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਸ ਬੀਜ ਸਹਿਕਾਰੀ ਸਭਾ ਦੀ ਸਥਾਪਨਾ ਨਾ ਸਿਰਫ਼ ਮੁਨਾਫ਼ੇ ਅਤੇ ਉਤਪਾਦਨ ਦੇ ਟੀਚੇ ਤੈਅ ਕਰਨ ਲਈ ਕੀਤੀ ਗਈ ਹੈ, ਸਗੋਂ ਇਹ ਖੋਜ ਅਤੇ ਵਿਕਾਸ ਦਾ ਕੰਮ ਵੀ ਕਰੇਗੀ, ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਆਈਸੀਏਆਰ, 3 ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ, 48 ਸੂਬਾਈ ਖੇਤੀਬਾੜੀ ਯੂਨੀਵਰਸਿਟੀਆਂ, 726 ਤੋਂ ਵੱਧ ਖੇਤੀ ਵਿਗਿਆਨ ਕੇਂਦਰ ਅਤੇ ਕੇਂਦਰ ਅਤੇ ਰਾਜਾਂ ਦੀਆਂ 72 ਸਰਕਾਰੀ ਏਜੰਸੀਆਂ ਬੀਜ ਨੈੱਟਵਰਕ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਸਗੋਂ ਸਾਡਾ ਮੰਤਵ ਕਿਸਾਨਾਂ ਤੱਕ ਮੁਨਾਫਾ ਪਹੁੰਚਾਉਣਾ, ਪ੍ਰਮਾਣਿਤ ਬੀਜਾਂ ਦਾ ਉਤਪਾਦਨ ਵਧਾਉਣਾ ਅਤੇ ਉਨ੍ਹਾਂ ਦੇ ਨਿਰਯਾਤ ਵਿੱਚ ਭਾਰਤ ਦਾ ਹਿੱਸਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਅਸੀਂ ਇਸ ਬੀਜ ਸਹਿਕਾਰਤਾ ਦੇ ਕੰਮ ਨੂੰ ਅੱਗੇ ਵਧਾਵਾਂਗੇ ਅਤੇ ਆਪਣੀ ਟੀਚਾ ਬੀਜ ਬਦਲੀ ਦਰ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਵਧਾਂਗੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਫਕੋ, ਕ੍ਰਿਭਕੋ, ਨੇਫੈੱਡ, ਐੱਨਡੀਡੀਬੀ ਅਤੇ ਐੱਨਸੀਡੀਸੀ ਨੂੰ ਇਸ ਸੰਸਥਾ ਦੇ ਮੂਲ ਵਿੱਚ ਜੋੜਿਆ ਗਿਆ ਹੈ, ਜੋ ਕਿ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰ ਰਹੇ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਬਹੁਮੰਤਵੀਕਰਨ ਬੰਦ ਹੋ ਜਾਵੇਗਾ ਅਤੇ ਸਾਰੀਆਂ ਸਹਿਕਾਰੀ ਸੰਸਥਾਵਾਂ ਇੱਕੋ ਦਿਸ਼ਾ-ਨਿਰਦੇਸ਼ 'ਤੇ ਇੱਕੋ ਰੋਡ ਮੈਪ ਨਾਲ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਸਾਰੀਆਂ ਸੰਸਥਾਵਾਂ ਇੱਕ ਰੋਡ ਮੈਪ 'ਤੇ ਚਲਦੀਆਂ ਹਨ ਤਾਂ ਕੁਦਰਤੀ ਤੌਰ 'ਤੇ ਰਫ਼ਤਾਰ ਵਧਦੀ ਹੈ ਅਤੇ ਬਹੁ-ਸੂਬਾਈ ਸਹਿਕਾਰੀ ਸੰਸਥਾਵਾਂ, ਸੂਬਾ ਪੱਧਰੀ ਸਹਿਕਾਰੀ ਸੰਸਥਾਵਾਂ, ਜ਼ਿਲ੍ਹਾ ਪੱਧਰੀ ਸਹਿਕਾਰੀ ਸੰਸਥਾਵਾਂ ਅਤੇ ਪੀਏਸੀਐੱਸ ਜੁੜ ਸਕਣਗੀਆਂ। ਇਸ ਤਰ੍ਹਾਂ, ਇੱਕ ਅਜਿਹਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹਰ ਕਿਸਮ ਦੀ ਸਹਿਕਾਰਤਾ ਹਿੱਸਾ ਬਣ ਸਕਦੀ ਹੈ ਅਤੇ ਉਨ੍ਹਾਂ ਦਾ ਸਹਿਯੋਗ ਇਸ ਬੀਜ ਸਹਿਕਾਰਤਾ ਨੂੰ ਮਿਲ ਸਕੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਸਹਿਕਾਰੀ ਨੈੱਟਵਰਕ ਰਾਹੀਂ ਉਤਪਾਦਨ, ਟੈਸਟਿੰਗ, ਪ੍ਰਮਾਣੀਕਰਨ, ਖਰੀਦ, ਪ੍ਰੋਸੈਸਿੰਗ, ਸਟੋਰੇਜ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ ਅਤੇ ਨਿਰਯਾਤ ਕਰਨ ਦੇ ਯੋਗ ਹੋਵਾਂਗੇ ਕਿਉਂਕਿ ਜੇਕਰ ਬੀਜਾਂ ਦੇ ਉਤਪਾਦਨ ਤੋਂ ਬਾਅਦ ਬੀਜਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਤਾਂ ਗੁਣਵੱਤਾ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ, ਜੇਕਰ ਟੈਸਟਿੰਗ ਤੋਂ ਬਾਅਦ ਕੋਈ ਪ੍ਰਮਾਣੀਕਰਨ ਨਹੀਂ ਹੋਵੇਗਾ ਤਾਂ ਭਰੋਸੇਯੋਗਤਾ ਨਹੀਂ ਹੋਵੇਗੀ, ਜੇਕਰ ਪ੍ਰਮਾਣੀਕਰਨ ਤੋਂ ਬਾਅਦ ਕੋਈ ਪ੍ਰੋਸੈਸਿੰਗ, ਬ੍ਰਾਂਡਿੰਗ ਅਤੇ ਲੇਬਲਿੰਗ ਨਹੀਂ ਹੋਵੇਗੀ ਤਾਂ ਇਸ ਨੂੰ ਉਚਿੱਤ ਮੁੱਲ ਨਹੀਂ ਮਿਲੇਗਾ। ਇਸ ਦੇ ਭੰਡਾਰਨ ਤੋਂ ਲੈ ਕੇ ਮੰਡੀਕਰਨ ਅਤੇ ਫਿਰ ਇਸ ਨੂੰ ਸਹੀ ਵਿਗਿਆਨਕ ਢੰਗ ਨਾਲ ਆਲਮੀ ਮੰਡੀ ਵਿੱਚ ਭੇਜਣ ਤੱਕ ਦਾ ਸਾਰਾ ਪ੍ਰਬੰਧ ਸਹਿਕਾਰੀ ਖੇਤਰ ਰਾਹੀਂ ਹੀ ਕੀਤਾ ਜਾਵੇਗਾ। ਇਹ ਸਮੁੱਚੀ ਪ੍ਰਣਾਲੀ ਵਿਸ਼ਵ ਪੱਧਰੀ ਅਤੇ ਸਭ ਤੋਂ ਆਧੁਨਿਕ ਹੋਵੇਗੀ ਅਤੇ ਸਾਡੀ ਸਹਿਕਾਰਤਾ ਨੇ ਇਸਦਾ ਪ੍ਰਦਰਸ਼ਨ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਉਤਪਾਦਨ, ਗੁਣਵੱਤਾ, ਬ੍ਰਾਂਡਿੰਗ ਅਤੇ ਮੰਡੀਕਰਨ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਵਾਂ ਦੇ ਸਫਲ ਤਜ਼ਰਬੇ ਰਾਹੀਂ ਬੀਜ ਉਤਪਾਦਨ, ਖੋਜ ਅਤੇ ਵਿਕਾਸ ਅਤੇ ਨਿਰਯਾਤ ਦੇ ਖੇਤਰ ਵਿੱਚ ਅੱਗੇ ਵਧਾਂਗੇ। ਭਾਰਤੀ ਬੀਜ ਸਹਿਕਾਰੀ ਸਭਾ ਲਿਮਟਿਡ ਦੇਸ਼ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਬੀਜ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਅਤੇ ਬੀਜਾਂ ਦੀ ਆਲਮੀ ਮੰਡੀ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਵਿੱਚ ਮਦਦ ਕਰੇਗੀ ਅਤੇ ਇਸ ਦੇ ਸਭ ਤੋਂ ਵੱਧ ਲਾਭ ਛੋਟੇ ਕਿਸਾਨ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫ਼ਸਲੀ ਚੱਕਰ ਬਦਲਣ ਲਈ ਚੰਗੇ ਬੀਜਾਂ ਦਾ ਉਤਪਾਦਨ ਬਹੁਤ ਜ਼ਰੂਰੀ ਹੈ ਅਤੇ ਜਦੋਂ ਅਸੀਂ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਬੀਜ ਉਤਪਾਦਨ ਨਾਲ ਜੋੜਾਂਗੇ ਤਾਂ ਉਹ ਆਪਣੇ ਆਪ ਹੀ ਪਿੰਡ ਵਿੱਚ ਮੰਡੀਕਰਨ ਪ੍ਰਬੰਧਕ ਵਜੋਂ ਕੰਮ ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਬੀਜ ਸਹਿਕਾਰੀ ਸਭਾ ਲਿਮਟਿਡ ਕਈ ਮੰਤਵਾਂ ਦੀ ਪੂਰਤੀ ਕਰੇਗੀ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡਾ ਸਭ ਤੋਂ ਵੱਡਾ ਮੰਤਵ ਰਵਾਇਤੀ ਬੀਜਾਂ ਦੀ ਸੰਭਾਲ ਕਰਨਾ ਹੈ, ਕਿਉਂਕਿ ਸਾਡੇ ਕੋਲ ਲੱਖਾਂ ਕਿਸਮਾਂ ਦੇ ਬੀਜ ਹਨ, ਪਰ ਸਰਕਾਰੀ ਵਿਭਾਗਾਂ ਨੂੰ ਵੀ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਬੀਜ ਲੱਖਾਂ ਪਿੰਡਾਂ ਵਿੱਚ ਹਰ ਕਿਸਾਨ ਕੋਲ ਉਪਲਬਧ ਹਨ, ਇਸ ਦਾ ਡਾਟਾ ਇਕੱਠਾ ਕਰਨਾ, ਇਸ ਨੂੰ ਵਧਾਉਣਾ, ਇਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨਾ ਅਤੇ ਇਸ ਦੇ ਹਾਂ-ਪੱਖੀ ਪਹਿਲੂਆਂ ਦਾ ਡਾਟਾ ਬੈਂਕ ਤਿਆਰ ਕਰਨਾ ਬਹੁਤ ਵੱਡਾ ਕੰਮ ਹੈ, ਜੋ ਭਾਰਤ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਵਿਚ ਜਲਵਾਯੂ ਤਬਦੀਲੀ ਦੀ ਚਿੰਤਾ ਨੂੰ ਵੀ ਸਾਹਮਣੇ ਰੱਖਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਕਦਮੀ ਸਦਕਾ ਅੱਜ ਦੁਨੀਆ ਵਿੱਚ ਮੋਟੇ ਅਨਾਜ ਦਾ ਵੱਡਾ ਬਾਜ਼ਾਰ ਉੱਭਰਿਆ ਹੈ, ਭਾਰਤ ਤੋਂ ਇਲਾਵਾ ਬਹੁਤ ਘੱਟ ਦੇਸ਼ਾਂ ਕੋਲ ਇਸ ਦੇ ਬੀਜ ਹਨ। ਰਾਗੀ, ਬਾਜਰਾ, ਜਵਾਰ ਅਤੇ ਹੋਰ ਕਈ ਮੋਟੇ ਅਨਾਜਾਂ 'ਤੇ ਸਾਡਾ ਏਕਾਧਿਕਾਰ ਹੋ ਸਕਦਾ ਹੈ, ਜੇਕਰ ਸਾਡੀ ਬੀਜ ਸਹਿਕਾਰਤਾ ਇਸ ਵੱਲ ਧਿਆਨ ਦੇਵੇ।
ਦੇਸ਼ ਦੀਆਂ ਤਿੰਨ ਪ੍ਰਮੁੱਖ ਸਹਿਕਾਰੀ ਸਭਾਵਾਂ- ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ (ਇਫ਼ਕੋ), ਕ੍ਰਿਸ਼ਕ ਭਾਰਤੀ ਸਹਿਕਾਰੀ ਲਿਮਟਿਡ (ਕ੍ਰਿਭਕੋ) ਅਤੇ ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮੰਡੀਕਰਨ ਫੈਡਰੇਸ਼ਨ (ਨੇਫੈੱਡ) ਅਤੇ ਭਾਰਤ ਸਰਕਾਰ ਦੀਆਂ ਦੋ ਪ੍ਰਮੁੱਖ ਵਿਧਾਨਕ ਸੰਸਥਾਵਾਂ- ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੇ ਸਾਂਝੇ ਤੌਰ 'ਤੇ ਬੀਬੀਐੱਸਐੱਸਐੱਲ ਨੂੰ ਹੱਲਾਸ਼ੇਰੀ ਦਿੱਤੀ ਹੈ।
******
ਆਰਕੇ/ਏਵਾਈ/ਏਐੱਸਐੱਚ/ਏਕੇਐੱਸ
(Release ID: 1971975)
Visitor Counter : 120