ਰੱਖਿਆ ਮੰਤਰਾਲਾ

ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਜਹਾਜ਼ ਆਈਐੱਨਐੱਸ ਦਿੱਲੀ ਸ਼੍ਰੀਲੰਕਾ ਤੋਂ ਰਵਾਨਾ

Posted On: 03 SEP 2023 6:29PM by PIB Chandigarh

ਸ਼੍ਰੀਲੰਕਾ ਦੇ ਬੰਦਰਗਾਹ ਸ਼ਹਿਰ ਕੋਲੰਬੋ ਦੀ ਦੋ ਦਿਨਾਂ ਯਾਤਰਾ ਤੋਂ ਬਾਅਦ ਜਹਾਜ਼ ਆਈਐੱਨਐੱਸ ਦਿੱਲੀ ਤਿੰਨ ਸਤੰਬਰ 2023 ਨੂੰ ਕੋਲੰਬੋ ਤੋਂ ਰਵਾਨਾ ਹੋਇਆ।

ਜਹਾਜ਼ ਦੇ ਬੰਦਰਗਾਹ ‘ਤੇ ਰਹਿਣ ਦੇ ਦੌਰਾਨ, ਜਹਾਜ਼ ਦੇ ਚਾਲਕ ਦਲ ਅਤੇ ਸ਼੍ਰੀਲੰਕਾ ਜਲ ਸੈਨਾ (ਐੱਸਐੱਲਐੱਨ) ਕਰਮਚਾਰੀਆਂ ਦੇ ਦਰਮਿਆਨ ਆਪਸੀ ਹਿਤ ਦੇ ਵੱਖ-ਵੱਖ ਵਿਸ਼ਿਆਂ ‘ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਸੈਨਿਕਾਂ ਦੇ ਲਈ ਆਪਸੀ ਟ੍ਰੇਨਿੰਗ ਪ੍ਰੋਗਰਾਮ ਵੀ ਸ਼ਾਮਲ ਸਨ। ਜਹਾਜ਼ ਦੇ ਚਾਲਕ ਦਲ ਅਤੇ ਐੱਸਐੱਲਐੱਨ ਦੇ ਕਰਮਚਾਰੀਆਂ ਦੁਆਰਾ ਸੰਯੁਕਤ ਤੌਰ ‘ਤੇ ਕ੍ਰੋ ਆਈਲੈਂਡ ਬੀਚ ‘ਤੇ ਸਫ਼ਾਈ ਅਭਿਯਾਨ ਚਲਾਇਆ ਗਿਆ। ਜਹਾਜ਼ ਨੇ 200 ਤੋਂ ਅਧਿਕ ਐੱਨਸੀਸੀ ਕੈਡਿਟਾਂ ਅਤੇ ਉੱਥੇ ਆਏ 500 ਸਥਾਨਕ ਲੋਕਾਂ ਲਈ ਇੱਕ ਜਾਣ-ਪਹਿਚਾਣ ਟੂਰ ਦਾ ਵੀ ਆਯੋਜਨ ਕੀਤਾ।

ਆਈਐੱਨਐੱਸ ਦਿੱਲੀ ਦੇ ਕਮਾਂਡਿੰਗ ਔਫਿਸਰ ਨੇ ਪੱਛਮੀ ਜਲ ਸੈਨਾ ਖੇਤਰ (ਸੀਓਐੱਮਵੈਸਟ) ਦੇ ਕਮਾਂਡਰ ਆਰਏਡੀਐੱਮ ਸੁਰੇਸ਼ ਡੀ ਸਿਲਵਾ ਦੇ ਨਾਲ ਗੱਲਬਾਤ ਕੀਤੀ ਅਤੇ 1987-91 ਤੋਂ ਆਈਪੀਕੇਐੱਫ ਓਪਰੇਸ਼ਨ ਦੌਰਾਨ ਸ਼੍ਰੀਲੰਕਾ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਭਾਰਤੀ ਸੈਨਿਕਾਂ ਦੇ ਸਨਮਾਨ ਵਿੱਚ ਆਈਪੀਕੇਐੱਫ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

ਮਿੱਤਰ ਦੇਸ਼ਾਂ ਨੂੰ ਜ਼ਰੂਰੀ ਮੈਡੀਕਲ ਸਪਲਾਈ ਪ੍ਰਦਾਨ ਕਰਨ ਲਈ ਭਾਰਤ ਦੀ ‘ਆਰੋਗਿਆ ਮੈਤਰੀ’ ਪਹਿਲ ਦੇ ਹਿੱਸੇ ਵਜੋਂ, ਜਹਾਜ਼ ਆਈਐੱਨਐੱਸ ਦਿੱਲੀ ‘ਤੇ ਆਯੋਜਿਤ ਇੱਕ ਸੁਆਗਤ ਸਮਾਰੋਹ ਦੌਰਾਨ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਗੋਪਾਲ ਬਾਗਲੇ ਨੇ ਸ਼੍ਰੀਲੰਕਾ ਸੰਸਦ ਦੇ ਮਾਣਯੋਗ ਸਪੀਕਰ ਨੂੰ ਅਤਿ-ਆਧੁਨਿਕ ਆਰੋਗਿਆ ਮੈਤਰੀ ਕਿਊਬ ਭੇਟ ਦੇ ਰੂਪ ਵਿੱਚ ਦਿੱਤੀ। ਇਨ੍ਹਾਂ ਮੈਡੀਕਲ ਕਿਊਬਸ ਨੂੰ ਪ੍ਰੋਜੈਕਟ ਭੀਸ਼ਮ (ਭਾਰਤ ਹੈਲਥ ਇਨਿਸ਼ਿਏਟਿਵ ਫਾਰ ਸਹਿਯੋਗ ਹਿਤ ਐਂਡ ਮੈਤਰੀ) ਦੇ ਤਹਿਤ ਸਵਦੇਸ਼ੀ ਤੌਰ ‘ਤੇ ਵਿਕਸਿਤ ਕੀਤਾ ਗਿਆ ਹੈ। ਮਾਣਯੋਗ ਸਪੀਕਰ ਤੋਂ ਇਲਾਵਾ, ਸੁਆਗਤ ਸਮਾਰੋਹ ਵਿੱਚ ਬੰਦਰਗਾਹਾਂ, ਜਹਾਜ਼ਰਾਣੀ ਅਤੇ ਹਵਾਬਾਜ਼ੀ ਮੰਤਰੀ, ਅਟਾਰਨੀ ਜਨਰਲ, ਰੱਖਿਆ ਸਕੱਤਰ ਅਤੇ ਤਿੰਨਾਂ ਸੈਨਾਨਾਂ ਦੇ ਮੁਖੀਆਂ ਸਮੇਤ ਕਈ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।

ਇਹ ਦੌਰਾ ਜਹਾਜ਼ ਆਈਐੱਨਐੱਸ ਦਿੱਲੀ ਅਤੇ ਐੱਸਐੱਲਐੱਨ ਜਹਾਜ਼ ਵਿਜੇਬਾਹੂ ਦੇ ਦਰਮਿਆਨ ਕੋਲੰਬੋ ਦੇ ਕੋਲ ਸਮੁੰਦਰ ਵਿੱਚ ਇੱਕ ਪੈਸੇਜ ਐਕਸਰਸਾਈਜ਼ (ਪੀਏਐੱਸਐੱਸਈਐਕਸ) ਦੇ ਨਾਲ ਸੰਪੰਨ ਹੋਇਆ।

________________________________________________________ 

ਵੀਐੱਮ/ਜੇਐੱਸਐੱਨ                                                                               148/23

 



(Release ID: 1954590) Visitor Counter : 86