ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਪਾਣੀ ਦੀ ਸੰਭਾਲ਼ ਨੂੰ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣਾਉਣ ਦੀ ਅਪੀਲ ਕੀਤੀ, ਕਿਹਾ ਜਨ ਅੰਦੋਲਨ ਜਲ ਅੰਦੋਲਨ ਨੂੰ ਗਤੀ ਦੇਵੇਗਾ
ਉਪ ਰਾਸ਼ਟਰਪਤੀ ਨੇ ਕਿਹਾ, ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ 3ਆਰ ਦੇ ਜ਼ਰੀਏ ਰਵਾਇਤੀ ਵਾਟਰ ਹਾਰਵੈਸਟਿੰਗ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਜਾਵੇ
ਉਪ ਰਾਸ਼ਟਰਪਤੀ ਨੇ ਜਨਪ੍ਰਤੀਨਿਧੀਆਂ ਨੂੰ ਪਾਣੀ ਦੀ ਸੰਭਾਲ਼ ਨੂੰ ਤਰਜੀਹ ਦੇਣ ਅਤੇ ਮਿਸਾਲ ਪੇਸ਼ ਕਰਕੇ ਅਗਵਾਈ ਕਰਨ ਦਾ ਸੱਦਾ ਦਿੱਤਾ
ਕੁਦਰਤ ਦੀ ਸੰਭਾਲ਼ ਭਾਰਤ ਦੀ ਸਭਿਅਤਾ ਦੇ ਸਿਧਾਂਤ ਦਾ ਇੱਕ ਅਨਿੱਖੜਵਾਂ ਅੰਗ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਚੌਥੇ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕੀਤੇ
Posted On:
17 JUN 2023 3:06PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਸੰਭਾਲ਼ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਪਹਿਲੂ ਬਣਾਉਣ, ਤਾਂ ਜੋ ਜਨ ਅੰਦੋਲਨ ਦੀ ਭਾਵਨਾ ਜਲ ਅੰਦੋਲਨ ਦੇ ਉਦੇਸ਼ ਨੂੰ ਹੋਰ ਗਤੀ ਦੇ ਸਕੇ।
ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਚੌਥੇ ਰਾਸ਼ਟਰੀ ਜਲ ਪੁਰਸਕਾਰਾਂ ਦੀ ਪੇਸ਼ਕਾਰੀ ਦੌਰਾਨ ਆਪਣੇ ਸੰਬੋਧਨ ਵਿੱਚ, ਉਪ ਰਾਸ਼ਟਰਪਤੀ ਨੇ “3ਆਰਸ ਆਫ਼ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ” ਪ੍ਰਤੀ ਨਵੀਂ ਪ੍ਰਤੀਬੱਧਤਾ ਰਾਹੀਂ ਸਾਡੇ ਰਵਾਇਤੀ ਜਲ ਭੰਡਾਰਨ ਢਾਂਚੇ ਜਿਵੇਂ ਕਿ ਜੌਹੜਾਂ (ਤਾਲਾਬਾਂ) ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ।"
ਜਲ ਸੰਸਾਧਨ ਪ੍ਰਬੰਧਨ ਦੇ ਖੇਤਰ ਵਿੱਚ ਉਨ੍ਹਾਂ ਦੇ ਮਿਸਾਲੀ ਕੰਮ ਲਈ ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਪੰਚਾਇਤ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਾਰੇ ਜਨਤਕ ਨੁਮਾਇੰਦਿਆਂ ਨੂੰ ਪਾਣੀ ਦੀ ਸੰਭਾਲ਼ ਨੂੰ ਤਰਜੀਹ ਦੇਣ ਅਤੇ ਮਿਸਾਲ ਦੇ ਕੇ ਅਗਵਾਈ ਕਰਨ ਦਾ ਸੱਦਾ ਦਿੱਤਾ।
ਸੰਵਿਧਾਨਕ ਉਪਬੰਧਾਂ ਜਿਵੇਂ ਕਿ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਤੇ ਬੁਨਿਆਦੀ ਕਰਤੱਵਾਂ ਵੱਲ ਧਿਆਨ ਦਿਵਾਉਂਦੇ ਹੋਏ ਜੋ ਪਾਣੀ ਅਤੇ ਵਾਤਾਵਰਣ ਦੀ ਸੰਭਾਲ਼ 'ਤੇ ਜ਼ੋਰ ਦਿੰਦੇ ਹਨ, ਉਪ ਰਾਸ਼ਟਰਪਤੀ ਨੇ ਇਸ ਤਬਦੀਲੀ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਕਿ ਜਲ ਜੀਵਨ ਮਿਸ਼ਨ ਜਿਹੀਆਂ ਸਰਕਾਰੀ ਪਹਿਲਾਂ ਦਾ ਆਮ ਲੋਕਾਂ ਦੇ ਜੀਵਨ 'ਤੇ ਅਸਰ ਪੈ ਰਿਹਾ ਹੈ।
ਇਹ ਨੋਟ ਕਰਦੇ ਹੋਏ ਕਿ ਪਾਣੀ ਦੀ ਸੰਭਾਲ਼ ਭਾਰਤ ਦੀ ਸਭਿਅਤਾ ਦੇ ਸਦਾਚਾਰ ਦਾ ਇੱਕ ਅਟੁੱਟ ਪਹਿਲੂ ਰਿਹਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਕੁਦਰਤ ਦੇ ਤੋਹਫ਼ਿਆਂ ਦੀ ਸਮਝਦਾਰੀ ਨਾਲ ਵਰਤੋਂ ਨੂੰ ਯਕੀਨੀ ਬਣਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ “ਕੁਦਰਤੀ ਸੰਸਾਧਨਾਂ ਦੀ ਵਰਤੋਂ ਸਾਡੀ ਸਰਵੋਤਮ ਲੋੜ ਅਨੁਸਾਰ ਹੋਣੀ ਚਾਹੀਦੀ ਹੈ।”
ਚੌਥੇ ਰਾਸ਼ਟਰੀ ਜਲ ਪੁਰਸਕਾਰ ਸਮਾਰੋਹ ਵਿਚ, ਜਿਸ ਦਾ ਉਦਘਾਟਨ ਉਪ ਰਾਸ਼ਟਰਪਤੀ ਦੁਆਰਾ ਪ੍ਰਤੀਕ ਜਲ ਕਲਸ਼ ਸਮਾਰੋਹ ਨਾਲ ਕੀਤਾ ਗਿਆ, 11 ਸ਼੍ਰੇਣੀਆਂ ਵਿਚ 41 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਉਪ ਰਾਸ਼ਟਰਪਤੀ ਨੇ ਪਾਣੀ ਦੀ ਸੰਭਾਲ਼ ਦੇ ਸੰਦੇਸ਼ ਨੂੰ ਵਧਾਉਣ ਲਈ ਦੂਰਦਰਸ਼ਨ 'ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਰਾਸ਼ਟਰੀ ਜਲ ਮਿਸ਼ਨ ਦੇ ਸ਼ੁਭੰਕਰ, ਐਨੀਮੇਟਡ ਪਾਤਰ ਪੀਕੂ ਦੀ ਵਿਸ਼ੇਸ਼ਤਾ ਵਾਲੀ ਇੱਕ ਲਘੂ ਫਿਲਮ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ 'ਤੇ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਜਲ ਸ਼ਕਤੀ ਅਤੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਬਿਸ਼ਵੇਸ਼ਵਰ ਟੁਡੂ, ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਸਕੱਤਰ ਸ਼੍ਰੀ ਪੰਕਜ ਕੁਮਾਰ, ਅਤੇ ਜਲ ਸ਼ਕਤੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਪ ਰਾਸ਼ਟਰਪਤੀ ਦੇ ਸੰਬੋਧਨ ਦਾ ਪਾਠ ਹੇਠਾਂ ਦਿੱਤੇ ਲਿੰਕ 'ਤੇ ਉਪਲਬਧ ਹੈ-
https://pib.gov.in/PressReleseDetail.aspx?PRID=1933040
*********
ਐੱਮਐੱਸ/ਆਰਕੇ/ਆਰਸੀ
(Release ID: 1933226)
Visitor Counter : 113