ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਐੱਨਸੀਪੀਸੀਆਰ ਨੇ ਰਾਸ਼ਟਰੀ ਮੁਹਿੰਮ "ਨਸ਼ਾ ਮੁਕਤ ਅੰਮ੍ਰਿਤ ਕਾਲ" ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਭਾਰਤ ਨੂੰ ਬੱਚਿਆਂ ਵਿੱਚ ਤੰਬਾਕੂ ਅਤੇ ਨਸ਼ਾ ਮੁਕਤ ਰਾਸ਼ਟਰ ਬਣਾਉਣਾ ਹੈ
Posted On:
07 JUN 2023 12:02PM by PIB Chandigarh
ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐੱਨਸੀਪੀਸੀਆਰ) ਨੇ ਵਿਸ਼ਵ ਤੰਬਾਕੂ ਦਿਵਸ ਦੇ ਮੌਕੇ 'ਤੇ ਐੱਨਸੀਪੀਸੀਆਰ ਵਿਖੇ 31 ਮਈ, 2023 ਨੂੰ ਰਾਸ਼ਟਰੀ ਮੁਹਿੰਮ "ਨਸ਼ਾ ਮੁਕਤ ਅੰਮ੍ਰਿਤ ਕਾਲ" ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ। ਇੱਕ ਸਿਹਤਮੰਦ ਅਤੇ ਨਸ਼ਾ-ਮੁਕਤ ਭਾਰਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਇਹ ਮੁਹਿੰਮ ਤੰਬਾਕੂ ਅਤੇ ਨਸ਼ਾ-ਮੁਕਤ ਰਾਸ਼ਟਰ ਬਣਨ ਦੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।ਇਹ ਪ੍ਰੋਗਰਾਮ ਐੱਨਸੀਪੀਸੀਆਰ ਦੁਆਰਾ, ਇੱਕ ਸਿਟੀਜ਼ਨ ਗਰੁਪ, ਤੰਬਾਕੂ ਮੁਕਤ ਭਾਰਤ, ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਮੁਹਿੰਮ ਦੇਸ਼ ਵਿੱਚ ਬੱਚਿਆਂ ਵਿੱਚ ਤੰਬਾਕੂ ਅਤੇ ਨਸ਼ੇ ਦੀ ਲਤ ਦੇ ਪ੍ਰਮੁੱਖ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਸ਼੍ਰੀ ਪ੍ਰਿਯੰਕ ਕਾਨੂੰਨਗੋ, ਚੇਅਰਪਰਸਨ, ਐੱਨਸੀਪੀਸੀਆਰ, ਅਤੇ ਭਾਗੀਦਾਰਾਂ ਨੇ ਓਟੀਟੀ ਪਲੇਟਫਾਰਮਾਂ 'ਤੇ ਤੰਬਾਕੂ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਲਈ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਹਾਲ ਹੀ ਦੇ ਨਿਯਮਾਂ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ, ਉਨ੍ਹਾਂ ਨੇ ਬੱਚਿਆਂ ਲਈ ਤੰਬਾਕੂ ਮੁਕਤ ਵਾਤਾਵਰਣ ਬਣਾਉਣ ਲਈ ਪ੍ਰਸਤਾਵਿਤ ਕੋਟਪਾ (COTPA) ਸੋਧ ਐਕਟ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਸ਼੍ਰੀ ਕਾਨੂੰਨਗੋ ਨੇ ਤੰਬਾਕੂ ਉਤਪਾਦਾਂ ਅਤੇ ਨਸ਼ਿਆਂ ਦੇ ਦਰਮਿਆਨ ਸੰਬੰਧਤ ਲਿੰਕ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਮਨੋਰੰਜਨ ਉਦਯੋਗ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਵੱਲ ਲੁਭਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕਿ ਫਿਲਮਾਂ ਵਿੱਚ ਤੰਬਾਕੂ ਉਤਪਾਦ ਦੇ ਦ੍ਰਿਸ਼ਾਂ 'ਤੇ ਚੇਤਾਵਨੀਆਂ ਦੀ ਲੋੜ ਵਾਲੇ ਨਿਯਮ ਸਨ, ਉਥੇ ਓਵਰ-ਦ-ਟੌਪ (ਓਟੀਟੀ) ਪਲੇਟਫਾਰਮਾਂ ਬਾਰੇ ਨਿਯਮਾਂ ਦੀ ਜ਼ੋਰਦਾਰ ਲੋੜ ਹੈ, ਜਿਨ੍ਹਾਂ ਨੇ ਅਜੋਕੇ ਸਮੇਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਇਸ ਮੁੱਦੇ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਲਈ ਓਟੀਟੀ ਪਲੇਟਫਾਰਮਾਂ 'ਤੇ ਤੰਬਾਕੂ ਦੀ ਵਰਤੋਂ ਨੂੰ ਨਿਯਮਿਤ ਕਰਨ ਦੀ ਸਿਫਾਰਸ਼ ਕੀਤੀ ਸੀ। ਹੁਣ, ਸਰਕਾਰ ਨੇ ਓਟੀਟੀ ਪਲੇਟਫਾਰਮਾਂ 'ਤੇ ਤੰਬਾਕੂ ਦੀ ਵਰਤੋਂ ਨੂੰ ਰੋਕਣ ਦੇ ਮਹੱਤਵ ਨੂੰ ਸੰਬੋਧਿਤ ਕਰਦੇ ਹੋਏ, ਇਹ ਬਹੁਤ ਜ਼ਰੂਰੀ ਨਿਯਮ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਇੱਕ ਮਜ਼ਬੂਤ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ) ਦਾ ਜ਼ੋਰਦਾਰ ਸਮਰਥਨ ਕਰਦੇ ਹਨ, ਜੋ ਖਾਸ ਕਰਕੇ ਬੱਚਿਆਂ ਵਿੱਚ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਕੰਮ ਕਰੇਗਾ। ਇਹ ਕਾਨੂੰਨ ਵਿਕਰੀ ਦੇ ਸਥਾਨ 'ਤੇ ਤੰਬਾਕੂ ਦੇ ਇਸ਼ਤਿਹਾਰਾਂ ਦੇ ਸਾਰੇ ਰੂਪਾਂ ਨੂੰ ‘ਤੇ ਪਾਬੰਦੀ ਲਗਾਉਣ ਅਤੇ ਜਨਤਕ ਸਥਾਨਾਂ 'ਤੇ ਮਨੋਨੀਤ ਸਿਗਰਟਨੋਸ਼ੀ ਜ਼ੋਨਾਂ ਦੀ ਪ੍ਰੈਕਟਿਸ ਨੂੰ ਖ਼ਤਮ ਕਰਨ ਲਈ ਸਖ਼ਤ ਉਪਾਅ ਸ਼ਾਮਲ ਕਰਦਾ ਹੈ। ਇਹ ਸਿਗਰਟਨੋਸ਼ੀ ਵਾਲੇ ਖੇਤਰ ਉਨ੍ਹਾਂ ਬੱਚਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਜੋ ਇਨ੍ਹਾਂ ਖੇਤਰਾਂ ਵਿੱਚ ਤੰਬਾਕੂ ਦੇ ਧੂੰਏਂ ਦੇ ਸੰਪਰਕ ਵਿੱਚ ਆਉਂਦੇ ਹਨ।
ਇਸ ਵਿਲੱਖਣ ਮੁਹਿੰਮ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਅਸਿੱਧੇ ਤੌਰ 'ਤੇ ਤੰਬਾਕੂ ਦੀ ਵਰਤੋਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਸਥਾਪਿਤ 'ਪ੍ਰਹਿਰੀ ਕਲੱਬਾਂ' ਦਾ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ "ਹੁਣ ਤੱਕ, ਅਸੀਂ ਅਜਿਹੇ ਲਗਭਗ 60,000 ਕਲੱਬਾਂ ਦਾ ਗਠਨ ਕੀਤਾ ਹੈ। ਇਸ ਨਾਲ ਭਾਰਤ ਨੂੰ ਤੰਬਾਕੂ ਅਤੇ ਨਸ਼ਿਆਂ ਤੋਂ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇਨ੍ਹਾਂ 'ਪ੍ਰਹਿਰੀ ਕਲੱਬਾਂ' ਦੀ ਵਰਤੋਂ ਕੀਤੀ ਜਾ ਸਕਦੀ ਹੈ।” ਉਹ ਸਰਕਾਰ ਦੀਆਂ ਅੱਖਾਂ ਅਤੇ ਕੰਨਾਂ ਦਾ ਕੰਮ ਕਰਨਗੇ, ਜੇਕਰ ਉਨ੍ਹਾਂ ਦੇ ਸਕੂਲਾਂ ਦੇ ਨੇੜੇ ਕੋਈ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਮੌਜੂਦ ਹਨ ਤਾਂ ਉਹ ਇਹ ਜਾਣਕਾਰੀ ਸਾਂਝੀ ਕਰਨਗੇ।
ਸ੍ਰੀ ਪ੍ਰਵੀਨ ਰਾਮਦਾਸ, 'ਵਿਗਿਆਨ ਭਾਰਤੀ' ਦੇ ਰਾਸ਼ਟਰੀ ਸਕੱਤਰ ਅਤੇ ਸਮਾਗਮ ਦੇ ਮੁੱਖ ਬੁਲਾਰੇ ਨੇ ਨਸ਼ਿਆਂ ਨਾਲ ਲੜਨ ਲਈ ਰਵਾਇਤੀ ਵਿਵਹਾਰਾਂ ਅਤੇ ਸੰਪੂਰਨ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਨਸ਼ੇ ਨੂੰ ਹੁਣ ਆਜ਼ਾਦੀ ਅਤੇ ਫੈਸ਼ਨ ਦੇ ਪ੍ਰਗਟਾਵੇ ਦੇ ਬਰਾਬਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ “ਸਾਨੂੰ ਨਾ ਸਿਰਫ਼ ਮੌਜੂਦਾ ਕਾਨੂੰਨ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ ਬਲਕਿ ਚੰਗੀਆਂ ਆਦਤਾਂ ਪੈਦਾ ਕਰਨ ਵਾਲੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਪਰਿਵਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।”
ਡਾ. ਉਮਾ ਕੁਮਾਰ, ਏਮਜ਼ ਦਿੱਲੀ ਵਿਖੇ ਰਾਇਮੈਟੋਲੋਜੀ ਦੇ ਮੁਖੀ ਅਤੇ ਇੱਕ ਨਾਮਵਰ ਜਨ ਸਿਹਤ ਮਾਹਿਰ ਨੇ ਨਸ਼ਿਆਂ ਅਤੇ ਤੰਬਾਕੂ ਦੀ ਲਤ ਨਾਲ ਜੁੜੇ ਸਿਹਤ ਖਤਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਹਰ ਸਾਲ 13 ਲੱਖ ਤੋਂ ਵੱਧ ਲੋਕ ਮਾਰੂ ਤੰਬਾਕੂ ਉਤਪਾਦਾਂ ਦੇ ਸੇਵਨ ਕਾਰਨ ਮਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਟਪਾ ਸੋਧ ਬਿੱਲ ਨਾ ਸਿਰਫ ਜਾਨਾਂ ਬਚਾਏਗਾ ਬਲਕਿ ਸਿਹਤ ਸੰਭਾਲ਼ ਪ੍ਰਣਾਲੀ 'ਤੇ ਬੋਝ ਨੂੰ ਵੀ ਘਟਾਏਗਾ। ਉਨ੍ਹਾਂ ਕੋਟਪਾ ਸੋਧਾਂ ਨੂੰ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ "ਕਿਉਂਕਿ ਹਰੇਕ ਸਕਿੰਟ ਮਹੱਤਵਪੂਰਨ ਹੈ, ਕਿਉਂਕਿ ਇਹ ਉਤਪਾਦ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ।"
ਇਸ ਸਾਲ "ਵਿਸ਼ਵ ਤੰਬਾਕੂ ਮੁਕਤ ਦਿਵਸ" ਦੀ ਥੀਮ, "ਸਾਨੂੰ ਤੰਬਾਕੂ ਦੀ ਨਹੀਂ, ਭੋਜਨ ਦੀ ਲੋੜ ਹੈ" ਬਾਰੇ ਬੋਲਦਿਆਂ ਡਾ. ਉਮਾ ਕੁਮਾਰ ਨੇ ਨਾ ਸਿਰਫ਼ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਨੂੰ ਬਲਕਿ ਇਸ ਦੇ ਨਿਰਮਾਣ ਵਿੱਚ ਸ਼ਾਮਲ ਲੋਕਾਂ ਉੱਤੇ ਵੀ ਸਿਹਤ ਦੇ ਮਾੜੇ ਪ੍ਰਭਾਵਾਂ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਹਰੇ ਤੰਬਾਕੂ ਦੀਆਂ ਬਿਮਾਰੀਆਂ ਅਤੇ ਕੈਂਸਰ ਸ਼ਾਮਲ ਹਨ।
ਡਾ. ਜਗਦੀਸ਼ ਕੌਰ, ਖੇਤਰੀ ਸਲਾਹਕਾਰ, ਤੰਬਾਕੂ ਮੁਕਤ ਪਹਿਲ, ਡਬਲਿਊਐੱਚਓ ਨੇ ਨਸ਼ਿਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਗਲੋਬਲ ਪਰਿਪੇਖ ਬਾਰੇ ਜਾਣਕਾਰੀ ਦਿੱਤੀ ਅਤੇ ਚਿੰਤਾ ਪ੍ਰਗਟ ਕੀਤੀ ਕਿ ਜਿਵੇਂ-ਜਿਵੇਂ ਲੋਕ ਤੰਬਾਕੂ ਦੇ ਖਤਰੇ ਬਾਰੇ ਜਾਗਰੂਕ ਹੋ ਰਹੇ ਹਨ, ਉਦਯੋਗ ਨੌਜਵਾਨਾਂ ਨੂੰ ਫਸਾਉਣ ਲਈ ਨਵੇਂ ਤਰੀਕੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ "ਸਾਨੂੰ ਖੁਸ਼ੀ ਹੈ ਕਿ ਓਟੀਟੀ ਸਮੱਗਰੀਆਂ 'ਤੇ ਤੰਬਾਕੂ ਉਤਪਾਦਾਂ ਦੇ ਚਿੱਤਰਣ ਨੂੰ ਨਿਯਮਿਤ ਕਰਨ ਲਈ ਇੱਕ ਕਦਮ ਚੁੱਕਿਆ ਗਿਆ ਹੈ।"
ਉਦਘਾਟਨੀ ਸਮਾਗਮ ਨੇ ਇਸ ਮੁਹਿੰਮ ਦੇ ਮੁੱਖ ਉਦੇਸ਼ਾਂ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਵਿੱਚ ਬੱਚਿਆਂ ਦੇ ਆਪਣੇ ਆਲੇ ਦੁਆਲੇ ਤੰਬਾਕੂ ਅਤੇ ਨਸ਼ਾ ਮੁਕਤ ਵਾਤਾਵਰਣ ਰੱਖਣ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸ਼ਾਮਲ ਹੈ। ਤੰਬਾਕੂ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਕੂਲਾਂ, ਮਾਪਿਆਂ ਅਤੇ ਭਾਈਚਾਰਿਆਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਲਈ ਕਈ ਪਹਿਲਕਦਮੀਆਂ, ਵਰਕਸ਼ਾਪਾਂ, ਜਾਗਰੂਕਤਾ ਪ੍ਰੋਗਰਾਮਾਂ ਅਤੇ ਆਊਟਰੀਚ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ।
ਸੈਸ਼ਨ ਦਾ ਸੰਚਾਲਨ ਪ੍ਰਸਿੱਧ ਤੰਬਾਕੂ ਕੰਟਰੋਲ ਕਾਰਕੁਨ ਸ੍ਰੀ ਮੁਕੇਸ਼ ਕੇਜਰੀਵਾਲ ਨੇ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਸੁਸ਼੍ਰੀ ਰੂਪਾਲੀ ਬੈਨਰਜੀ ਸਿੰਘ, ਮੈਂਬਰ ਸਕੱਤਰ, ਐੱਨਸੀਪੀਸੀਆਰ ਨੇ ਸਾਰੇ ਮਾਹਿਰਾਂ ਅਤੇ ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਸਹਿਯੋਗ ਲਈ ਅਪੀਲ ਕੀਤੀ।
********
ਐੱਸਐੱਸ/ਏਕੇਐੱਸ
(Release ID: 1930694)
Visitor Counter : 149