ਬਿਜਲੀ ਮੰਤਰਾਲਾ

ਵਿਸ਼ਵ ਵਾਤਾਵਰਣ ਦਿਵਸ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਰਕਾਰ ਨੇ ‘ਈ-ਕੁਕਿੰਗ’ ਪਰਿਵਰਤਨ ਲਈ ਉਪਭੋਗਤਾ-ਕੇਂਦ੍ਰਿਤ ਦ੍ਰਿਸ਼ਟੀਕੋਣ ਬਾਰੇ ਕਾਨਫਰੰਸ ਆਯੋਜਿਤ ਕੀਤੀ


‘ਈ-ਕੁਕਿੰਗ’ ਭਾਰਤੀ ਰਸੋਈ ਦਾ ਭਵਿੱਖ ਬਣਨ ਜਾ ਰਿਹਾ ਹੈ, ਇਸ ਦੇ ਲਈ ਕਿਫ਼ਾਇਤੀ ਕਾਰੋਬਾਰੀ ਮਾਡਲਾਂ ਦੀ ਜ਼ਰੂਰਤ ਹੈ : ਵਧੀਕ ਸਕੱਤਰ, ਬਿਜਲੀ

Posted On: 05 JUN 2023 12:02PM by PIB Chandigarh

ਅਸੀਂ ਭਾਰਤ ਵਿੱਚ ਊਰਜਾ-ਕੁਸ਼ਲ, ਸਵੱਛ ਅਤੇ ਕਿਫ਼ਾਇਤੀ ਈ-ਕੁਕਿੰਗ ਸਮਾਧਾਨਾਂ ਦੀ ਤੈਨਾਤੀ  ਵਿੱਚ ਕਿਸ ਤਰ੍ਹਾਂ ਤੇਜ਼ੀ ਲਿਆ ਸਕਦੇ ਹਾਂ ? ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਅੱਜ ਨਵੀਂ ਦਿੱਲੀ ਵਿੱਚ ਬਿਊਰੋ ਆਵ੍ ਐਨਰਜੀ ਐਫੀਸ਼ੈਂਸੀ (ਬੀਈਈ), ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸੀਐੱਲਏਐੱਸਪੀ ਦੇ ਸਹਿਯੋਗ ਨਾਲ ਆਯੋਜਿਤ ਇੱਕ ਕਾਨਫਰੰਸ ਵਿੱਚ ਇਸ ਸਵਾਲ ਦੇ ਨਵੇਂ ਜਵਾਬ ਲੱਭਣ ਦਾ ਪ੍ਰਯਾਸ ਕੀਤਾ ਗਿਆ। ‘ਈ-ਕੁਕਿੰਗ’ ਪਰਿਵਰਤਨ ਲਈ ਉਪਭੋਗਤਾ-ਕੇਂਦ੍ਰਿਤ ਦ੍ਰਿਸ਼ਟੀਕੋਣ ’ਤੇ ਆਯੋਜਿਤ ਇਹ ਕਾਨਫਰੰਸ ਸੰਸਥਾਗਤ ਉਪਭੋਗਤਾਵਾਂ, ਉਪਭੋਗਤਾ ਖੋਜ ਸਮੂਹਾਂ, ਨੀਤੀ ਨਿਰਮਾਤਾਵਾਂ, ਥਿੰਕ ਟੈਂਕਾਂ  ਅਤੇ ਨਿਰਮਾਤਾਵਾਂ ਨੂੰ ਬਿਜਲੀ ਕੁਕਿੰਗ ਵਿੱਚ ਪਰਿਵਰਤਨ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਇੱਕ ਪਲੈਟਫਾਰਮ ’ਤੇ ਲਿਆਇਆ ਹੈ।

ਬਿਜਲੀ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਅਜੈ ਤਿਵਾਰੀ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਕਿਹਾ ਕਿ ਈ-ਕੁਕਿੰਗ ਆਉਣ ਵਾਲੇ ਸਮੇਂ ਵਿੱਚ ਸਾਡੀ ਸਾਰੇ ਭਾਰਤੀਆਂ ਲਈ ਵਾਤਾਵਰਣ ਦੇ ਅਨੁਕੂਲ ਆਦਤ ਬਣਨ ਜਾ ਰਹੀ ਹੈ। ਕੁਝ ਲੋਕ ਇਸ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹਨ, ਪਰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੇ ਪਰਿਵਾਰਾਂ ਲਈ ਈ-ਕੁਕਿੰਗ ਦੇ ਕਈ ਆਯਾਮ ਮੌਜੂਦ ਹਨ। ਸਾਡੀ ਵੱਡੀ ਆਬਾਦੀ ਨੂੰ ਦੇਖਦੇ ਹੋਏ, ਸਾਡੇ ਵਿਵਹਾਰ ਵਿੱਚ ਪਰਿਵਰਤਨ ਇਸ ਗ੍ਰਹਿ ’ਤੇ ਸਭ ਤੋਂ ਵੱਡਾ ਪ੍ਰਭਾਵ ਪਾ ਸਕਦਾ ਹੈ।

ਵਰ੍ਹੇ 2021 ਵਿੱਚ ਗਲਾਸਗੋ ਵਿੱਚ ਪਾਰਟੀਆਂ ਦੇ 26ਵੇਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਤਨ ਕਾਨਫਰੰਸ (ਸੀਓਪੀ26) ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਸਕੱਤਰ ਨੇ ਕਿਹਾ ਕਿ ਭਾਰਤ ਊਰਜਾ ਪਰਿਵਰਤਨ ਵਿੱਚ ਇੱਕ ਮੋਹਰੀ ਵਜੋਂ ਉਭਰਿਆ ਹੈ। ਅਸੀਂ ਆਪਣੀ ਘੋਸ਼ਿਤ ਸਮਾਂ-ਸੀਮਾਵਾਂ ਤੋਂ ਬਹੁਤ ਪਹਿਲਾਂ ਹੀ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਹਾਸਲ ਕਰਨ ਜਾ ਰਹੇ ਹਾਂ। ਇਹ ਉਪਲਬਧੀ ਟੀਚਿਆਂ ਤੋਂ  ਨੌ ਸਾਲ ਪਹਿਲਾਂ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ ਦੀ ਸਾਡੀ ਉਪਲਬਧੀ ਅਤੇ ਸਾਡੇ ਨਵਿਆਉਣਯੋਗ ਊਰਜਾ ਟੀਚਿਆਂ ਦੇ ਹਾਸਲ ਹੋਣ ਨਾਲ ਸਪਸ਼ਟ ਹੈ।

24/7 ਬਿਜਲੀ ਉਪਲਬਧਤਾ ਨਾਲ ਸੰਚਾਲਿਤ ਈ-ਕੁਕਿੰਗ ਵੱਲ ਵਧਣਾ

 

ਵਧੀਕ ਸਕੱਤਰ ਨੇ ਕਿਹਾ ਕਿ ਅਸੀਂ ਈ-ਕੁਕਿੰਗ ਵੱਲ ਵਧਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਘਰਾਂ ਵਿੱਚ 24/7 ਘੰਟੇ ਬਿਜਲੀ ਦੀ ਉਪਲਬਧਤਾ ਹੈ। ਭਾਰਤ ਨੇ ਕੇਵਲ 18 ਮਹੀਨਿਆਂ ਵਿੱਚ ਅਜਿਹੇ 26 ਮਿਲੀਅਨ ਪਰਿਵਾਰਾਂ ਨੂੰ ਸੌਭਾਗਯ ਕਨੈਕਸ਼ਨ ਉਪਲਬਧ ਕਰਵਾਏ ਹਨ, ਜਿਨ੍ਹਾਂ ਦੀ ਬਿਜਲੀ ਤੱਕ ਪਹੁੰਚ ਨਹੀਂ ਸੀ। ਵਿਸ਼ਵ ਇਤਿਹਾਸ ਵਿੱਚ ਇਨ੍ਹੇ ਘੱਟ ਸਮੇਂ ਵਿੱਚ ਇਸ ਤੋਂ ਪਹਿਲਾਂ ਇਨ੍ਹੇ ਘਰਾਂ ਵਿੱਚ ਬਿਜਲੀ ਦੇ ਕਨੈਕਸ਼ਨ ਨਹੀਂ ਦਿੱਤੇ ਗਏ ਹਨ। ਅਸੀਂ ਸਾਰੇ ਸ਼ਹਿਰੀ ਖੇਤਰਾਂ ਵਿੱਚ 23.5 ਘੰਟੇ ਅਤੇ ਗ੍ਰਾਮੀਣ ਖੇਤਰਾਂ ਵਿੱਚ 23 ਘੰਟੇ ਜਾਂ ਇਸ ਤੋਂ ਵਧ ਬਿਜਲੀ ਦੀ ਸਪਲਾਈ ਕਰ ਰਹੇ ਹਨ। ਇਹ ਇਨ੍ਹੀ ਵੱਡੀ ਉਪਲਬਧੀ ਹੈ ਜਿਸ ਦੇ ਕਾਰਨ ਬਿਜਲੀ ਕਟੌਤੀ ਦਾ ਯੁਗ ਪਿੱਛੇ ਛੁੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ 700 ਮਿਲੀਅਨ ਲੋਕਾਂ ਦੇ ਕੋਲ ਹੁਣ ਵੀ ਬਿਜਲੀ ਤੱਕ ਪਹੁੰਚ ਨਹੀਂ ਹੈ ਅਤੇ ਵਿਸ਼ਵਵਿਆਪੀ ਊਰਜਾ ਪਹੁੰਚ ਜੀ20 ਦੀ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

 “ਈ-ਕੁਕਿੰਗ ਭਾਰਤੀ ਰਸੋਈ ਦਾ ਭਵਿੱਖ ਬਣਨ ਜਾ ਰਿਹਾ ਹੈ”

ਵਧੀਕ ਸਕੱਤਰ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਾਰ ਜਦੋਂ ਸਾਰੇ ਭਾਰਤੀ ਘਰਾਂ ਵਿੱਚ ਬਿਜਲੀ ਪਹੁੰਚ ਜਾਵੇਗੀ, ਤਾਂ ਈ-ਕੁਕਿੰਗ ਭਾਰਤੀ ਰਸੋਈ ਦਾ ਭਵਿੱਖ ਬਣ ਜਾਵੇਗੀ। ਤਕਨੀਕ ਉਪਲਬਧ ਹੋਣ ਤੋਂ ਬਾਅਦ ਅਸੀਂ ਇਲੈਕਟ੍ਰਿਕ ਕੁਕਿੰਗ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਈ-ਕੁਕਿੰਗ ਨੂੰ ਵਧਾਇਆ ਜਾਣਾ ਚਾਹੀਦਾ ਹੈ ਇਸ ਦੇ ਲਈ ਮਾਡਲ ਵਿਕਸਿਤ ਕਰਨ ਦੀ ਜ਼ਰੂਰਤ ਹੈ ਤਾਕਿ ਊਰਜਾ ਨਵਿਆਉਣਯੋਗ ਸਰੋਤਾਂ ਤੋਂ ਆਵੇ ਅਤੇ ਕਾਰਬਨ ਕ੍ਰੈਡਿਟ ਦਾ ਸੰਗ੍ਰਹਿ ਹੋ ਸਕਣ। ਮਾਡਲ ਨੂੰ ਇਸ ਤਰ੍ਹਾਂ ਨਾਲ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਖੇਤਰਾਂ ਲਈ ਕਿਫ਼ਾਇਤੀ ਸਿੱਧ ਹੋਵੇ।

ਕਿਫਾਇਤੀ ਈ-ਕੁਕਿੰਗ ਵਪਾਰ ਮਾਡਲ ਦੇ ਨਾਲ ਆਉਣ ਦੀ ਜ਼ਰੂਰਤ ਹੈ

ਵਧੀਕ ਸਕੱਤਰ ਨੇ ਕਿਹਾ ਕਿ ਉਜਵਲਾ ਦੀ ਸਫ਼ਲਤਾ ਅਤੇ ਇਸ ਤਰ੍ਹਾਂ ਸਵੱਛ ਖਾਣਾ ਪਕਾਉਣ ਲਈ ਪਰਿਵਰਤਨ ਕਰਨ ਤੋਂ ਬਾਅਦ ਅਸੀਂ ਈ-ਕੁਕਿੰਗ ਵਿੱਚ ਵੀ ਪਰਿਵਰਤਨ ਕਰਨਾ ਚਾਹੁੰਦੇ ਹਾਂ। ਸਮਰੱਥਾ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਸੌਰ ਊਰਜਾ ਅਤੇ ਥਰਮਲ ਪਾਵਰ ਜਿਹੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਵੀ ਈ-ਕੁਕਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਸੀਂ ਏਕੀਕਰਨ ਮਾਡਲ ਦੇ ਨਾਲ ਅੱਗੇ ਆ ਰਹੇ ਹਾਂ ਜਿਸ ਨਾਲ ਕੀਮਤਾਂ ਘੱਟ ਕੀਤੀਆਂ ਜਾ ਸਕਦੀਆਂ ਹਨ। ਅਸੀਂ ਭਾਰਤੀ ਰਸੋਈ ਦੀ ਸੇਵਾ ਕਰਨ ਲਈ ਈ-ਕੁਕਿੰਗ ਦੇ ਭਾਰਤੀ ਮਾਡਲ ਵੱਲ ਵਧ ਰਹੇ ਹਾਂ। ਜੇਕਰ ਸਾਡੇ ਕੋਲ ਮਿਆਰੀ ਅਤੇ ਕਿਫ਼ਾਇਤੀ ਮਾਡਲ ਹਨ, ਤਾਂ ਅਸੀਂ 2-3 ਵਰ੍ਹਿਆਂ ਦੇ ਅੰਦਰ ਸਾਰੇ ਸ਼ਹਿਰੀ ਖੇਤਰਾਂ ਨੂੰ ਕਵਰ ਕਰਨ ਦੇ ਯੋਗ ਹੋ ਜਾਵਾਂਗੇ। ਵਰ੍ਹੇ 2030 ਤੱਕ, ਅਸੀਂ ਈ-ਕੁਕਿੰਗ ਦੇ ਤਹਿਤ ਵਧ ਤੋਂ ਵਧ ਘਰਾਂ ਨੂੰ ਕਵਰ ਕਰਨਾ ਚਾਹੁੰਦੇ ਹਾਂ। ਇਸ ਨਾਲ ਜਲਵਾਯੂ ਪਰਿਵਰਤਨ ਦੇ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਮਿਲੇਗਾ।

ਈ-ਕੁਕਿੰਗ ਅਪਣਾਉਣ ਦੀ ਦਿਸ਼ਾ ਵਿੱਚ ਬਹੁਤ ਘੱਟ ਟੈਕਨੋਲੋਜੀ ਰੁਕਾਵਟਾਂ ਹਨ, ਵੱਡੇ ਪੈਮਾਨੇ ’ਤੇ ਪ੍ਰਤੀਰੁਪਣ ਦੀ ਜ਼ਰੂਰਤ ਹੈ।

ਊਰਜਾ ਕੁਸ਼ਲਤਾ ਬਿਊਰੋ ਦੇ  ਡਾਇਰੈਕਟਰ ਜਨਰਲ ਸ਼੍ਰੀ ਅਭੈ ਬਾਕਰੇ ਨੇ ਆਪਣੇ ਮੁੱਖ ਸੰਬੋਧਨ ਵਿੱਚ ਕਿਹਾ ਕਿ ਅੱਜ ਅਸੀਂ ਵਾਤਾਵਰਣ ਸੁਰੱਖਿਆ ਬਾਰੇ ਚਲਾਏ ਜਾ ਰਹੇ ਆਪਣੇ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਮੋੜ ’ਤੇ ਆ ਗਏ ਹਾਂ ਜਿੱਥੇ ਅਸੀਂ ‘ਮਿਸ਼ਨ ਲਾਈਫ’ ਦੇ ਨਾਲ ਅੱਗੇ ਵਧ ਰਹੇ ਹਾਂ। ਇਲੈਕਟ੍ਰਿਕ ਕੁਕਿੰਗ ਦੇ ਬਾਰੇ ਵਿੱਚ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਖੇਤਰ ਵਿੱਚ ਤੁਲਨਾਤਮਕ ਤੌਰ ’ਤੇ ਬਹੁਤ ਘੱਟ ਖੋਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਕੋਲ ਈ-ਕੁਕਿੰਗ ਉਪਕਰਣ ਹਨ ਅਤੇ ਉਪਭੋਗਤਾ ਵੀ ਇਸ ਦੇ ਬਾਰੇ ਜਾਣਦੇ ਹਨ। ਈ-ਕੁਕਿੰਗ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਗਾਹਕਾਂ ਦੀ ਮੁੱਖ ਚਿੰਤਾ ਈ-ਕੁਕਿੰਗ ਉਪਕਰਣਾਂ ਵਿੱਚ ਸੰਭਾਵਿਤ ਨੁਕਸਾਂ ਦੀ ਸੀ। ਇਸ ਤੋਂ ਇਲਾਵਾ ਉਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੀ ਈ-ਕੁਕਿੰਗ ਦਾ ਉਪਯੋਗ ਕਰਕੇ ਸਾਰੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ।

ਜਦੋਂ ਅਸੀਂ ‘ਗੋ ਇਲੈਕਟ੍ਰਿਕ ਅਭਿਯਾਨ’ ਸ਼ੁਰੂ ਕੀਤਾ ਤਾਂ ਸਾਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨਾ, ਇਲੈਕਟ੍ਰਿਕ ਵਾਹਨਾਂ ਦੀ ਲਾਗਤ ਅਤੇ ਉਤਪਾਦਨ ਸਮਰੱਥਾ ਸ਼ਾਮਲ ਹੈ। ਇਸ ਦੇ ਉਲਟ ਈ-ਕੁਕਿੰਗ ਵਿੱਚ ਸਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਨਹੀਂ ਹਨ। ਅਸੀਂ ਇਹ ਪਾਇਆ ਹੈ ਕਿ ਪਰੰਪਰਾਗਤ ਸਟੋਵ ਦਾ ਉਪਯੋਗ ਕਰਕੇ ਤਿਆਰ ਕੀਤੇ ਜਾਣ ਵਾਲੇ ਲਗਭਗ ਸਾਰੇ ਪਕਵਾਨ ਈ-ਕੁਕਿੰਗ ਦਾ ਉਪਯੋਗ ਕਰਕੇ ਵੀ ਤਿਆਰ ਕੀਤੇ ਜਾ ਸਕਦੇ ਹਨ।

ਇਸ ਲਈ ਪੈਮਾਨੇ ’ਤੇ ਪ੍ਰਤੀਰੁਪਣ ਦੀ ਜ਼ਰੂਰਤ ਹੈ। ਸਾਡਾ ਧਿਆਨ ਰਸੋਈ ਅਤੇ ਉਨ੍ਹਾਂ ਸਥਾਨਾਂ ’ਤੇ ਰਿਹਾ ਹੈ ਜਿੱਥੇ ਖਾਣਾ ਪਕਾਉਣ ਵਿੱਚ ਪ੍ਰਤੀ ਦਿਨ 8 ਤੋਂ 10 ਘੰਟੇ ਦਾ ਲੰਬਾ ਸਮਾਂ ਲਗਦਾ ਹੈ। ਪੂਰੀ ਤਰ੍ਹਾਂ ਬਦਲਣ ਦੀ ਬਜਾਏ, ਉਪਭੋਗਤਾ ਆਪਣੇ 50 ਪ੍ਰਤੀਸ਼ਤ ਕੁਕਰਾਂ ਨੂੰ ਇਲੈਕਟ੍ਰਿਕ ਕੁੱਕਰਾਂ ਨਾਲ ਬਦਲ ਸਕਦੇ ਹਨ ਤਾਕਿ ਪੂਰਾ ਪਰਿਵਤਰਨ ਕਰਨ ਤੋਂ ਪਹਿਲਾਂ ਉਨ੍ਹਾਂਨੂੰ ਈ-ਕੁਕਿੰਗ ਵਿੱਚ ਵਿਸ਼ਵਾਸ ਪੈਦਾ ਕਰਨ ਦਾ ਸਮਾਂ ਮਿਲ ਸਕੇ।

ਈ-ਕੁਕਿੰਗ ਪਾਵਰ ਸੈਕਟਰ ਅਤੇ ਉਪਭੋਗਤਾ ਦੋਵਾਂ ਲਈ ਲਾਭਦਾਇਕ ਹੈ

ਸਸਟੇਨੇਬਲ ਡਿਵੈਲਪਮੈਂਟ ਗੋਲ 7.1 ਬਾਰੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਅੱਜ 2.1 ਬਿਲੀਅਨ ਲੋਕਾਂ ਦੇ ਕੋਲ ਸਵੱਛ ਖਾਣਾ ਪਕਾਉਣ ਦੀ ਪਹੁੰਚ ਨਹੀਂ ਹੈ ਅਤੇ ਉਹ ਖਾਣਾ ਪਕਾਉਣ ਦੇ ਹਾਨੀਕਾਰਕ  ਤਰੀਕਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ। ਈ-ਕੁਕਿੰਗ ਨੂੰ ਉਤਸ਼ਾਹਿਤ ਕਰਨ ਲਈ ਐੱਸਡੀਜੀ ਦੇ ਨਾਲ ਅੱਗੇ ਵਧਣ ਦਾ ਇੱਕ  ਕੁਦਰਤੀ ਤਰੀਕਾ ਹੈ, ਜਿਸ ਨੂੰ ਵਰ੍ਹੇ 2030 ਤੱਕ ਪ੍ਰਾਪਤ ਕਰਨਾ ਹੈ। ਪਹਿਲਾ ਹਿੱਸਾ- ਬਿਜਲੀ ਤੱਕ ਵਿਸ਼ਵਵਿਆਪੀ ਪਹੁੰਚ-ਭਾਰਤ ਵਿੱਚ ਪ੍ਰਾਪਤ ਕੀਤੀ ਜਾ ਚੁੱਕੀ ਹੈ। ਸਾਡੇ ਜ਼ਿਆਦਾਤਰ ਘਰਾਂ ਵਿਚ ਵੀ ਐੱਲਪੀਜੀ ਦੀ ਪਹੁੰਚ ਹੈ।

ਜਿਸ ਦੇ ਲਈ ਉਜਾਲਾ ਨੂੰ ਧੰਨਵਾਦ ਦਿੱਤਾ ਜਾ ਸਕਦਾ ਹੈ। ਜਦੋਂ ਅਸੀਂ ਈ-ਕੁਕਿੰਗ ਵਿੱਚ ਪਰਿਵਰਤਨ ਵੱਲ ਵਧਦੇ ਹਾਂ ਤਾਂ ਅਸੀਂ ਵਧ ਸਵੱਛ ਈਂਧਨ ਵੱਲ ਜਾ ਰਹੇ ਹੁੰਦੇ ਹਾਂ। ਇਲੈਕਟ੍ਰਿਕ ਕੁਕਿੰਗ ਤੋਂ ਦੁਬਾਰਾ ਗਰਮ ਕਰਨ ਵਿੱਚ ਲਗਣ ਵਾਲੀ ਊਰਜਾ ਦੀ ਵੀ ਬਚਤ ਹੋ ਸਕਦੀ ਹੈ।  ਆਪਣੇ ਸਮਾਪਨ ਵਿੱਚ ਡਾਇਰੈਕਟਰ ਜਨਰਲ ਨੇ ਕਿਹਾ ਕਿ ਸਾਨੂੰ ਸ਼ਹਿਰੀ ਖੇਤਰਾਂ ਤੋਂ ਇਸ ਦੀ ਸ਼ੁਰੂਆਤ ਕਰਨੀ ਹੋਵੇਗੀ ਅਤੇ ਟਿਅਰ-2,ਟਿਅਰ-3 ਸ਼ਹਿਰਾਂ ਅਤੇ ਫਿਰ ਗ੍ਰਾਮੀਣ ਖੇਤਰਾਂ ਵਿੱਚ ਜਾਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ 2030 ਤੱਕ, ਈ-ਕੁਕਿੰਗ ਬਿਜਲੀ ਖੇਤਰ ਅਤੇ ਉਪਭੋਗਤਾ ਦੋਵਾਂ ਦੇ ਲਈ ਇੱਕ ਲਾਭਦਾਇਕ ਸਮਾਧਾਨ ਬਣਨ ਜਾ ਰਿਹਾ ਹੈ।

ਈ-ਕੁਕਿੰਗ ਵਿੱਚ ਪਰਿਵਰਤਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ, ਕਾਰਬਨ ਦਾ ਨਿਕਾਸ ਘੱਟ ਹੋ ਸਕਦਾ ਹੈ ਅਤੇ ਇਨਡੋਰ ਹਵਾ ਗੁਣਵੱਤਾ ਵਿੱਚ ਵੀ ਸੁਧਾਰ ਹੋ ਸਕਦਾ ਹੈ

ਸੀਐੱਲਏਐੱਸਪੀ ਦੇ ਸੀਨੀਅਰ ਡਾਇਰੈਕਟਰ ਸ਼੍ਰੀ ਬਿਸ਼ਾਲ ਥਾਪਾ ਨੇ ਯਾਦ ਕੀਤਾ ਕਿ ਅੱਜ ਅਸੀਂ ਵਿਸ਼ਵ ਵਾਤਾਵਰਣ ਦਿਵਸ ਦੀ 50ਵੀਂ ਵਰੇਗੰਢ ਮਨਾ ਰਹੇ ਹਨ ਅਤੇ ਇਹ ਨਿਰਣਾਇਕ ਅਤੇ ਪਰਿਵਰਤਨਕਾਰੀ ਕਾਰਵਾਈ ਦਾ ਸਮਾਂ ਹੈ। ਈ-ਕੁਕਿੰਗ ਲਈ ਪਰਿਵਰਤਨ ਉਸ ਮੌਕੇ ਦਾ ਪ੍ਰਤੀਨਿਧੀਤਵ ਕਰਦਾ ਹੈ। ਇਹ ਦੇਖਦੇ ਹੋਏ ਕਿ ਪ੍ਰਧਾਨ ਮੰਤਰੀ ਦੀ ਮਿਸ਼ਨ ਲਾਈਫ ਦੀ ਅਭਿਵਿਅਕਤੀ ਸਾਹਸਿਕ ਅਤੇ ਦੂਰਦਰਸ਼ੀ ਹੈ, ਉਨ੍ਹਾਂ ਨੇ ਕਿਹਾ ਕਿ ਈ-ਕੁਕਿੰਗ ਵਿੱਚ ਪਰਿਵਰਤਨ ਇੱਕ ਸਵੱਛ, ਗ੍ਰੀਨ ਅਤੇ ਵਾਤਾਵਰਣ ਦੇ ਅਨੁਕੂਲ ਜੀਵਨ ਸ਼ੈਲੀ ਨੂੰ ਸਮਰੱਥ ਬਣਾਏਗਾ। ਈ-ਕੁਕਿੰਗ ਦੀ ਸਮਰੱਥਾ ਗ੍ਰਾਮੀਣ ਖੇਤਰਾਂ ਤੱਕ ਹੀ ਸੀਮਿਤ ਨਹੀਂ ਹੈ।

ਇਹ ਸ਼ਹਿਰੀ ਖੇਤਰਾਂ ਵਿੱਚ ਵੀ ਘਰਾਂ ਅਤੇ ਵਪਾਰਕ ਖੇਤਰਾਂ ਲਈ ਬਹੁਤ ਪ੍ਰਾਸਂਗਿਕ ਹੈ। ਈ-ਕੁਕਿੰਗ ਵਿੱਚ ਪਰਿਵਰਤਨ ਊਰਜਾ ਆਯਾਤ ਨੂੰ ਘੱਟ ਕਰਕੇ ਅਤੇ ਸਾਡੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਪਰਿਵਰਤਨ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ, ਕਾਰਬਨ ਨਿਕਾਸ ਨੂੰ ਘੱਟ ਕਰ ਸਕਦਾ ਹੈ ਅਤੇ ਘਰਾਂ ਵਿੱਚ ਹਵਾ ਗੁਣਵੱਤਾ ਵਿੱਚ ਬਹੁਤ ਸੁਧਾਰ ਕਰ ਸਕਦਾ ਹੈ।

ਸੀਐੱਲਏਐੱਸਪੀ ਦੇ ਸੀਨੀਅਰ ਡਾਇਰੈਕਟਰ ਨੇ ਕਿਹਾ ਕਿ ਕੁਕਿੰਗ ਪਰਿਵਰਤਨ ਲਈ ਹੁਣ ਵਧ ਉਪਭੋਗਤਾ ਜਾਗਰੂਕਤਾ, ਉਪਭੋਗਤਾ ਦੀ ਪਸੰਦ ਨੂੰ ਪ੍ਰੋਤਸਾਹਿਤ ਕਰਨ ਅਤੇ ਵਾਧੂ ਸਪਲਾਈ ਦੀ ਜ਼ਰੂਰਤ ਹੈ। ਇਸ ਊਰਜਾ ਪਰਿਵਰਤਨ ਨੂੰ ਅੱਗੇ ਵਧਾਉਣ ਲਈ ਹੁਣ  ਨਵੀਂ ਸਾਂਝੇਦਾਰੀ ਦੀ ਜ਼ਰੂਰਤ ਹੈ।

ਭਾਗੀਦਾਰਾਂ ਨੇ ਹਰ ਤਰ੍ਹਾਂ ਨਾਲ ਵਾਤਾਵਰਣ ਦੇ ਅਨੁਕੂਲ ਜੀਵਨ ਸ਼ੈਲੀ ਅਪਣਾਉਣ ਅਤੇ ਸਾਥੀ ਨਾਗਰਿਕਾਂ ਵਿੱਚ ਇਸ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਲਾਈਫ ਬਾਰੇ ਸਹੁੰ ਚੁੱਕੀ।

ਸਕੱਤਰ, ਬੀਈਈ ਮਿਲਿੰਦ ਦੇਵਰੇ ਨੇ ਉਦਘਾਟਨੀ ਸੈਸ਼ਨ ਦੀ ਸਮਾਪਤੀ ’ਤੇ ਧੰਨਵਾਦ ਪ੍ਰਸਤਾਵ ਦਿੱਤਾ।

ਮਿਸ਼ਨ ਲਾਈਫ ਦੇ ਲਈ ਈ-ਕੁਕਿੰਗ ਕੁੰਜੀ ਹੈ

ਇਲੈਕਟ੍ਰਿਕ ਕੁਕਿੰਗ ’ਤੇ ਧਿਆਨ ਦੇਣਾ ਇਸ ਮਾਨਤਾ ’ਤੇ ਅਧਾਰਿਤ ਹੈ ਕਿ ਈ-ਕੁਕਿੰਗ ਮਿਸ਼ਨ ਲਾਈਫ (ਲਾਈਫਸਟਾਇਲ ਫਾਰ ਐਨਵਾਇਰਨਮੈਂਟ) ਦੀ ਇੱਕ ਪ੍ਰਮੁੱਖ ਕੁੰਜੀ ਹੈ, ਜੋ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਲਈ ਵਿਅਕਤੀਗਤ ਅਤੇ ਭਾਈਚਾਰਕ ਕਾਰਵਾਈ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਅਗਵਾਈ ਵਾਲਾ ਗਲੋਬਲ ਜਨਤਕ ਅੰਦੋਲਨ ਹੈ। ਵਰ੍ਹੇ 2021 ਵਿੱਚ ਗਲਾਸਗੋ ਵਿੱਚ ਆਯੋਜਿਤ ਪਾਰਟੀਆਂ ਦੇ 26ਵੇਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀਓਪੀ26) ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤੇ ਗਏ ਮਿਸ਼ਨ ਲਾਈਫ ਵਿੱਚ ਅਜਿਹੀ ਜਨਤਾ ਨੂੰ ਗ੍ਰਹਿ-ਸਮਰਥਕ ਜਨਤਾ ਵਿੱਚ ਬਦਲਣ ਦੀ ਇੱਛਾ ਹੈ, ਜੋ ਸਥਾਈ ਜੀਵਨ ਸ਼ੈਲੀ ਅਪਣਾਏਗੀ।

ਖਾਣਾ ਪਕਾਉਣ ਲਈ ਸਵੱਛ ਊਰਜਾ ਤੱਕ ਪਹੁੰਚ ਭਾਰਤ ਦੀ ਊਰਜਾ ਪਰਿਵਰਤਨ ਯਾਤਰਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਖਾਣਾ ਪਕਾਉਣ ਦੇ ਈਂਧਨ ਦੇ ਸਬੰਧ ਵਿੱਚ ਅਸੀਂ ਜੋ ਵਿਕਲਪ ਚੁਣਦੇ ਹਾਂ, ਉਨ੍ਹਾਂ ਦਾ ਇੱਕ ਸਥਾਈ ਅਰਥਵਿਵਸਥਾ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਭਾਰਤ ਦੀ ਗਤੀ ’ਤੇ ਮਹੱਤਵਪੂਰਨ  ਪ੍ਰਭਾਵ ਪੈ ਸਕਦਾ ਹੈ। ਭਾਰਤ ਦੇ ਸਵੱਛ ਖਾਣਾ ਪਕਾਉਣ ਦੇ ਪਰਿਵਰਤਨ ਲਈ ਉਨ੍ਹਾਂ ਵਿਅਕਤੀਗਤ ਅਤੇ ਭਾਈਚਾਰਕ ਕੰਮਾਂ ਅਤੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਜੋ ਊਰਜਾ ਦੀ ਖਪਤ ਨੂੰ ਵਧਾਉਂਦੇ ਹਨ।

ਈ-ਕੁਕਿੰਗ ਸਮਾਧਾਨਾਂ ਨੂੰ ਅਪਣਾਉਣ ਲਈ ਸਮਰਥਕ ਅਤੇ ਦ੍ਰਿਸ਼ਟੀਕੋਣ ਅਪਣਾਉਣ ਬਾਰੇ ਵਿਚਾਰ-ਵਟਾਂਦਰੇ ਲਈ ਕਾਨਫਰੰਸ

ਈ-ਕੁਕਿੰਗ ਪਰਿਵਰਤਨ ਲਈ ਉਪਭੋਗਤਾ-ਕੇਂਦ੍ਰਿਤ ਦ੍ਰਿਸ਼ਟੀਕੋਣ ’ਤੇ ਇੱਕ ਦਿਨਾਂ ਕਾਨਫਰੰਸ ਈ-ਕੁਕਿੰਗ ਸਮਾਧਾਨਾਂ ਜਿਵੇਂ ਵਿੱਤ, ਮੰਗ ਇੱਕਤਰੀਕਰਨ, ਕਾਰਬਨ ਕ੍ਰੈਡਿਟ ਅਤੇ ਵਪਾਰਕ ਮਾਡਲਾਂ ਨੂੰ ਅਪਣਾਉਣ ਲਈ ਸਮਰਥਕਾਂ ਦਾ ਪਤਾ ਲਗਾਇਆ ਜਾਵੇਗਾ।

ਇਸ ਕਾਨਫਰੰਸ ਵਿੱਚ ਈ-ਕੁਕਿੰਗ ਪਰਿਵਰਤਨ ਲਈ ਉਪਭੋਗਤਾ-ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਵਿਵਹਾਰ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਕਾਨਫਰੰਸ ਵਿੱਚ ‘ਈ-ਕੁਕਿੰਗ ਮਾਰਕੀਟ ਟ੍ਰਾਂਸਫਾਰਮੇਸ਼ਨ  ਪ੍ਰੋਗਰਾਮ’ ’ਤੇ ਐਨਰਜੀ ਐਫੀਸ਼ਿਐਂਸੀ ਸਰਵਿਸਿਜ਼ ਲਿਮਿਟਿਡ ਦੁਆਰਾ ਇੱਕ ਪੇਸ਼ਕਾਰੀ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਈ-ਕੁਕਿੰਗ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਬਾਰੇ ਬੀਈਈ ਦੁਆਰਾ ਵੀ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਇਲੈਕਟ੍ਰਿਕ ਕੁਕਿੰਗ ਲਈ ਭਾਰਤ ਵਿੱਚ ਤੇਜ਼ੀ ਨਾਲ ਹੋ ਰਿਹਾ ਪਰਿਵਰਤਨ: ਈ-ਕੁਕਿੰਗ ਪਰਿਵਰਤਨ ਲਈ ਉਪਭੋਗਤਾ-ਕੇਂਦ੍ਰਿਤ ਦ੍ਰਿਸ਼ਟੀਕੋਣਾਂ ਦਾ ਪਤਾ ਲਗਾਉਣ ਲਈ ਵਿਸ਼ਵ ਵਾਤਾਵਰਣ ਦਿਵਸ ’ਤੇ ਆਯੋਜਿਤ ਹੋਣ ਵਾਲਾ ਸੰਮੇਲਨ।

************

ਪੀਆਈਬੀ ਦਿੱਲੀ। ਦੀਪ ਜੋਇ ਮਮਪਿਲੀ
 (Release ID: 1930436) Visitor Counter : 111