ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ’ ਦੀ 101ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.05.2023)

Posted On: 28 MAY 2023 11:41AM by PIB Chandigarh

 

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰੀ ‘ਮਨ ਕੀ ਬਾਤ’ ਦਾ ਇਹ ਐਪੀਸੋਡ ਦੂਸਰੀ ਸੈਂਚਰੀ ਦੀ ਸ਼ੁਰੂਆਤ ਹੈ। ਪਿਛਲੇ ਮਹੀਨੇ ਅਸੀਂ ਸਾਰਿਆਂ ਨੇ ਇਸ ਦੀ ਸਪੈਸ਼ਲ ਸੈਂਚਰੀ ਨੂੰ ਸੈਲੀਬ੍ਰੇਟ ਕੀਤਾ ਹੈ। ਤੁਹਾਡੀ ਭਾਗੀਦਾਰੀ ਹੀ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਤਾਕਤ ਹੈ। 100ਵੇਂ ਐਪੀਸੋਡ ਦੇ ਪ੍ਰਸਾਰਣ ਦੇ ਸਮੇਂ ਇੱਕ ਤਰ੍ਹਾਂ ਨਾਲ ਪੂਰਾ ਦੇਸ਼ ਇੱਕ ਸੂਤਰ ਵਿੱਚ ਬੰਨ੍ਹਿਆ ਗਿਆ ਸੀ। ਸਾਡੇ ਸਫਾਈ ਕਰਮੀ ਭੈਣ-ਭਰਾ ਹੋਣ ਜਾਂ ਫਿਰ ਵੱਖ-ਵੱਖ ਖੇਤਰਾਂ ਦੇ ਦਿੱਗਜ, ‘ਮਨ ਕੀ ਬਾਤ’ ਨੇ ਸਾਰਿਆਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ। ਤੁਸੀਂ ਸਾਰਿਆਂ ਨੇ ਜੋ ਆਪਣਾਪਨ ਅਤੇ ਪਿਆਰ ‘ਮਨ ਕੀ ਬਾਤ’ ਦੇ ਲਈ ਵਿਖਾਇਆ ਹੈ, ਉਹ ਅਨੋਖਾ ਹੈ, ਭਾਵੁਕ ਕਰ ਦੇਣ ਵਾਲਾ ਹੈ। ਜਦੋਂ ‘ਮਨ ਕੀ ਬਾਤ’ ਦਾ ਪ੍ਰਸਾਰਣ ਹੋਇਆ ਤਾਂ ਉਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਟਾਈਮ ਜ਼ੋਨ ’ਚ, ਕਿਤੇ ਸ਼ਾਮ ਹੋ ਰਹੀ ਸੀ ਤਾ ਕਿਤੇ ਦੇਰ ਰਾਤ ਸੀ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ 100ਵੇਂ ਐਪੀਸੋਡ ਨੂੰ ਸੁਣਨ ਦੇ ਲਈ ਸਮਾਂ ਕੱਢਿਆ। ਮੈਂ ਹਜ਼ਾਰਾਂ ਮੀਲ ਦੂਰ ਨਿਊਜ਼ੀਲੈਂਡ ਦਾ ਉਹ ਵੀਡੀਓ ਵੀ ਦੇਖਿਆ, ਜਿਸ ਵਿੱਚ 100 ਸਾਲ ਦੀ ਇੱਕ ਮਾਤਾ ਜੀ ਆਪਣਾ ਅਸ਼ੀਰਵਾਦ ਦੇ ਰਹੇ ਸਨ। ‘ਮਨ ਕੀ ਬਾਤ’ ਬਾਰੇ ਦੇਸ਼-ਵਿਦੇਸ਼ ਦੇ ਲੋਕਾਂ ਨੇ ਆਪਣੇ ਵਿਚਾਰ ਰੱਖੇ ਹਨ। ਬਹੁਤ ਸਾਰੇ ਲੋਕਾਂ ਨੇ ਉਸਾਰੂ ਵਿਸ਼ਲੇਸ਼ਣ ਵੀ ਕੀਤਾ ਹੈ। ਲੋਕਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ‘ਮਨ ਕੀ ਬਾਤ’ ਵਿੱਚ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਪ੍ਰਾਪਤੀਆਂ ਦੀ ਹੀ ਚਰਚਾ ਹੁੰਦੀ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਅਸ਼ੀਰਵਾਦ ਦੇ ਲਈ ਪੂਰੇ ਆਦਰ ਦੇ ਨਾਲ ਧੰਨਵਾਦ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਬੀਤੇ ਦਿਨੀਂ ਅਸੀਂ ‘ਮਨ ਕੀ ਬਾਤ’ ਵਿੱਚ ਕਾਸ਼ੀ-ਤਮਿਲ ਸੰਗਮ ਦੀ ਗੱਲ ਕੀਤੀ, ਸੌਰਾਸ਼ਟਰ-ਤਮਿਲ ਸੰਗਮ ਦੀ ਗੱਲ ਕੀਤੀ। ਕੁਝ ਸਮਾਂ ਪਹਿਲਾਂ ਹੀ ਵਾਰਾਣਸੀ ਵਿੱਚ ਕਾਸ਼ੀ-ਤੇਲੁਗੂ ਸੰਗਮ ਵੀ ਹੋਇਆ। ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਤਾਕਤ ਦੇਣ ਵਾਲਾ ਅਜਿਹਾ ਹੀ ਇੱਕ ਹੋਰ ਅਨੋਖਾ ਯਤਨ ਦੇਸ਼ ਵਿੱਚ ਹੋਇਆ ਹੈ। ਇਹ ਯਤਨ ਹੈ, ਯੁਵਾ ਸੰਗਮ ਦਾ। ਮੈਂ ਸੋਚਿਆ, ਇਸ ਬਾਰੇ ਵਿਸਤਾਰ ਨਾਲ ਕਿਉਂ ਨਾ ਉਨ੍ਹਾਂ ਲੋਕਾਂ ਤੋਂ ਪੁੱਛਿਆ ਜਾਵੇ ਜੋ ਇਸ ਅਨੋਖੇ ਯਤਨ ਦਾ ਹਿੱਸਾ ਰਹੇ ਹਨ। ਇਸ ਲਈ ਹੁਣ ਮੇਰੇ ਨਾਲ ਫੋਨ ’ਤੇ ਦੋ ਨੌਜਵਾਨ ਜੁੜੇ ਹੋਏ ਹਨ - ਇੱਕ ਹੈ ਅਰੁਣਾਚਲ ਪ੍ਰਦੇਸ਼ ਦੇ ਗਿਆਮਰ ਨਯੋਕੁਮ ਜੀ ਅਤੇ ਦੂਸਰੀ ਬੇਟੀ ਹੈ ਬਿਹਾਰ ਦੀ ਵਿਸ਼ਾਖਾ ਸਿੰਘ ਜੀ। ਆਓ ਪਹਿਲਾਂ ਅਸੀਂ ਗਿਆਮਰ ਨਯੋਕੁਮ ਨਾਲ ਗੱਲ ਕਰਦੇ ਹਾਂ।

ਪ੍ਰਧਾਨ ਮੰਤਰੀ ਜੀ : ਗਿਆਮਰ ਜੀ ਨਮਸਤੇ।

ਗਿਆਮਰ ਜੀ (Gyamar ji) : ਨਮਸਤੇ ਮੋਦੀ ਜੀ।

ਪ੍ਰਧਾਨ ਮੰਤਰੀ ਜੀ : ਅੱਛਾ ਗਿਆਮਰ ਜੀ ਜ਼ਰਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਜਾਨਣਾ ਚਾਹੁੰਦਾ ਹਾਂ।

ਗਿਆਮਰ ਜੀ : ਮੋਦੀ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਅਤੇ ਭਾਰਤ ਸਰਕਾਰ ਦਾ ਬਹੁਤ ਜ਼ਿਆਦਾ ਆਭਾਰ ਵਿਅਕਤ ਕਰਦਾ ਹਾਂ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਦਿੱਤਾ। ਮੈਂ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਅਰੁਣਾਚਲ ਪ੍ਰਦੇਸ਼ ਵਿੱਚ ਫਸਟ ਈਅਰ ’ਚ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ ਜੀ : ਪਰਿਵਾਰ ਵਿੱਚ ਕੀ ਕਰਦੇ ਹਨ ਪਿਤਾ ਜੀ ਵਗੈਰਾ।

ਗਿਆਮਰ ਜੀ : ਜੀ ਮੇਰੇ ਪਿਤਾ ਜੀ ਛੋਟੇ-ਮੋਟੇ ਵਪਾਰ ਅਤੇ ਉਸ ਤੋਂ ਬਾਅਦ ਕੁਝ ਖੇਤੀਬਾੜੀ, ਇਹ ਸਭ ਕਰਦੇ ਹਨ।

ਪ੍ਰਧਾਨ ਮੰਤਰੀ ਜੀ : ਯੁਵਾ ਸੰਗਮ ਦੇ ਲਈ ਤੁਹਾਨੂੰ ਪਤਾ ਕਿਵੇਂ ਚਲਿਆ, ਯੁਵਾ ਸੰਗਮ ਵਿੱਚ ਗਏ ਕਿੱਥੇ, ਕਿਵੇਂ ਗਏ, ਕੀ ਹੋਇਆ।

ਗਿਆਮਰ ਜੀ : ਮੋਦੀ ਜੀ ਮੈਨੂੰ ਯੁਵਾ ਸੰਗਮ ਬਾਰੇ ਸਾਡੇ ਜੋ ਇੰਸਟੀਟਿਊਸ਼ਨ ਹੈ ਜੋ ਐੱਨ.ਆਈ.ਟੀ. ਹੈ, ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਤੁਸੀਂ ਵਿੱਚ ਹਿੱਸਾ ਲੈ ਸਕਦੇ ਹੋ ਤਾਂ ਮੈਂ ਫਿਰ ਥੋੜ੍ਹਾ ਇੰਟਰਨੈੱਟ ’ਚ ਖੋਜ ਕੀਤਾ, ਫਿਰ ਮੈਨੂੰ ਪਤਾ ਚਲਿਆ ਕਿ ਇਹ ਬਹੁਤ ਹੀ ਚੰਗਾ ਪ੍ਰੋਗਰਾਮ ਹੈ, ਜਿਸ ਨੇ ਮੈਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਜੋ ਸੰਕਲਪ ਹੈ, ਉਸ ਵਿੱਚ ਵੀ ਬਹੁਤ ਯੋਗਦਾਨ ਦੇ ਸਕਦੇ ਹਨ ਅਤੇ ਮੈਨੂੰ ਕੁਝ ਨਵੀਂ ਚੀਜ਼ ਜਾਨਣ ਦਾ ਮੌਕਾ ਮਿਲੇਗਾ ਨਾ, ਤਾਂ ਤੁਰੰਤ ਮੈਂ ਫਿਰ ਉਸ ਵਿੱਚ, ਵੈੱਬਸਾਈਟ ਵਿੱਚ ਜਾ ਕੇ ਸ਼ਾਮਲ ਹੋਏ। ਮੇਰਾ ਤਜ਼ਰਬਾ ਬਹੁਤ ਹੀ ਮਜ਼ੇਦਾਰ ਰਿਹਾ, ਬਹੁਤ ਹੀ ਚੰਗਾ ਸੀ।

ਪ੍ਰਧਾਨ ਮੰਤਰੀ ਜੀ : ਕੋਈ ਸਲੈਕਸ਼ਨ ਤੁਹਾਨੂੰ ਕਰਨਾ ਪਿਆ ਸੀ।

ਗਿਆਮਰ ਜੀ : ਮੋਦੀ ਜੀ ਜਦੋਂ ਵੈੱਬਸਾਈਟ ਖੋਲ੍ਹਿਆ ਤਾਂ ਅਰੁਣਾਚਲ ਵਾਲਿਆਂ ਲਈ ਦੋ ਓਪਸ਼ਨ ਸਨ, ਪਹਿਲਾ ਸੀ ਆਂਧਰ ਪ੍ਰਦੇਸ਼ ਜਿਸ ਵਿੱਚ ਆਈ.ਆਈ.ਟੀ. ਤਿਰੁਪਤੀ ਸੀ ਅਤੇ ਦੂਸਰਾ ਸੀ ਸੈਂਟਰਲ ਯੂਨੀਵਰਸਿਟੀ, ਰਾਜਸਥਾਨ ਤਾਂ ਮੈਂ ਰਾਜਸਥਾਨ ਵਿੱਚ ਕੀਤਾ ਸੀ ਆਪਣਾ ਫਸਟ ਪ੍ਰੈਫਰੈਂਸ, ਸੈਕਿੰਡ ਪ੍ਰੈਫਰੈਂਸ ਮੈਂ ਆਈ.ਆਈ.ਟੀ. ਤਿਰੁਪਤੀ ਕੀਤਾ ਸੀ ਤਾਂ ਮੈਂ ਰਾਜਸਥਾਨ ਦੇ ਲਈ ਸਿਲੈਕਟ ਹੋਇਆ ਸੀ ਤਾਂ ਮੈਂ ਰਾਜਸਥਾਨ ਗਿਆ ਸੀ।

ਪ੍ਰਧਾਨ ਮੰਤਰੀ ਜੀ : ਕਿਵੇਂ ਰਹੀ ਤੁਹਾਡੀ ਰਾਜਸਥਾਨ ਯਾਤਰਾ? ਤੁਸੀਂ ਪਹਿਲੀ ਵਾਰ ਰਾਜਸਥਾਨ ਗਏ ਸੀ।

ਗਿਆਮਰ ਜੀ : ਹਾਂ ਮੈਂ ਪਹਿਲੀ ਵਾਰ ਅਰੁਣਾਚਲ ਤੋਂ ਬਾਹਰ ਗਿਆ ਸੀ। ਮੈਂ ਤਾਂ ਜੋ ਰਾਜਸਥਾਨ ਦੇ ਕਿਲ੍ਹੇ ਇਹ ਸਭ ਤਾਂ ਮੈਂ ਫਿਲਮਾਂ ਅਤੇ ਫੋਨ ਵਿੱਚ ਹੀ ਦੇਖਿਆ ਸੀ ਨਾ ਤਾਂ ਮੈਂ ਜਦੋਂ ਪਹਿਲੀ ਵਾਰੀ ਗਿਆ, ਮੇਰਾ ਤਜ਼ਰਬਾ ਬਹੁਤ ਹੀ ਉੱਥੋਂ ਦੇ ਲੋਕ ਬਹੁਤ ਹੀ ਚੰਗੇ ਸਨ ਅਤੇ ਉਨ੍ਹਾਂ ਦਾ ਵਿਵਹਾਰ ਵੀ ਸਾਡੇ ਨਾਲ ਬਹੁਤ ਹੀ ਚੰਗਾ ਸੀ। ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਮੈਨੂੰ ਰਾਜਸਥਾਨ ਦੀ ਵੱਡੀ ਝੀਲ ਅਤੇ ਉੱਧਰ ਦੇ ਲੋਕ, ਜਿਵੇਂ ਕਿ ਰੇਨ ਵਾਟਰ ਹਾਰਵੈਸਟਿੰਗ, ਬਹੁਤ ਕੁਝ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜੋ ਮੈਨੂੰ ਬਿਲਕੁਲ ਹੀ ਪਤਾ ਨਹੀਂ ਸਨ ਤਾਂ ਇਹ ਪ੍ਰੋਗਰਾਮ ਮੈਨੂੰ ਬਹੁਤ ਹੀ ਚੰਗਾ ਲਗਾ, ਰਾਜਸਥਾਨ ਦੀ ਯਾਤਰਾ।

ਪ੍ਰਧਾਨ ਮੰਤਰੀ ਜੀ : ਦੇਖੋ ਤੁਹਾਨੂੰ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਅਰੁਣਾਚਲ ਵਿੱਚ ਵੀ ਵੀਰਾਂ ਦੀ ਭੂਮੀ ਹੈ ਅਤੇ ਰਾਜਸਥਾਨ ਵੀ ਵੀਰਾਂ ਦੀ ਭੂਮੀ ਹੈ ਅਤੇ ਰਾਜਸਥਾਨ ਤੋਂ ਸੈਨਾ ਵਿੱਚ ਵੀ ਬਹੁਤ ਵੱਡੀ ਗਿਣਤੀ ’ਚ ਲੋਕ ਹਨ, ਅਰੁਣਾਚਲ ਵਿੱਚ ਸੀਮਾ ’ਤੇ ਜੋ ਸੈਨਿਕ ਹਨ, ਉਨ੍ਹਾਂ ਵਿੱਚ ਜਦੋਂ ਵੀ ਰਾਜਸਥਾਨ ਦੇ ਲੋਕ ਮਿਲਣਗੇ ਤਾਂ ਤੁਸੀਂ ਜ਼ਰੂਰ ਉਨ੍ਹਾਂ ਨਾਲ ਗੱਲ ਕਰੋਗੇ ਕਿ ਦੇਖੋ ਮੈਂ ਰਾਜਸਥਾਨ ਗਿਆ ਸੀ, ਅਜਿਹਾ ਤਜ਼ਰਬਾ ਸੀ ਤਾਂ ਤੁਹਾਡੀ ਤਾਂ ਨਜ਼ਦੀਕੀ ਇੱਕਦਮ ਨਾਲ ਵਧ ਜਾਏਗੀ। ਅੱਛਾ ਤੁਹਾਨੂੰ ਉੱਥੇ ਕੋਈ ਸਮਾਨਤਾਵਾਂ ਵੀ ਵੇਖਣ ਵਿੱਚ ਆਈਆਂ। ਤੁਹਾਨੂੰ ਲੱਗਦਾ ਹੋਵੇਗਾ ਕਿ ਹਾਂ ਯਾਰ ਇਹ ਅਰੁਣਾਚਲ ਵਿੱਚ ਵੀ ਤਾਂ ਇੰਝ ਹੀ ਹੈ।

ਗਿਆਮਰ ਜੀ : ਮੋਦੀ ਜੀ ਮੈਨੂੰ ਜੋ ਇੱਕ ਸਮਾਨਤਾ ਮਿਲੀ ਨਾ, ਉਹ ਸੀ ਕਿ ਜੋ ਦੇਸ਼ ਪ੍ਰੇਮ ਹੈ ਨਾ ਅਤੇ ਜੋ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਜੋ ਸੰਕਲਪ ਅਤੇ ਜੋ ਭਾਵਨਾਵਾਂ ਵੇਖੀਆਂ, ਕਿਉਂਕਿ ਅਰੁਣਾਚਲ ਵਿੱਚ ਵੀ ਲੋਕ ਆਪਣੇ ਆਪ ’ਤੇ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ ਕਿ ਉਹ ਭਾਰਤੀ ਹਨ, ਇਸ ਲਈ ਅਤੇ ਰਾਜਸਥਾਨ ਵਿੱਚ ਵੀ ਲੋਕ ਆਪਣੀ ਮਾਤ-ਭੂਮੀ ਲਈ ਬਹੁਤ ਜੋ ਮਾਣ ਮਹਿਸੂਸ ਹੁੰਦਾ ਹੈ, ਉਹ ਚੀਜ਼ ਮੈਨੂੰ ਬਹੁਤ ਹੀ ਜ਼ਿਆਦਾ ਦਿਖਾਈ ਦਿੱਤੀ ਅਤੇ ਖਾਸ ਤੌਰ ’ਤੇ ਜੋ ਨੌਜਵਾਨ ਪੀੜ੍ਹੀ ਹੈ ਨਾ, ਕਿਉਂਕਿ ਮੈਂ ਉੱਥੇ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਸੰਪਰਕ ਅਤੇ ਗੱਲਬਾਤ ਕੀਤੀ ਨਾ ਤਾਂ ਉਹ ਚੀਜ਼ ਜੋ ਮੈਨੂੰ ਬਹੁਤ ਸਮਾਨਤਾ ਦਿਖਾਈ ਦਿੱਤੀ, ਉਹ ਜੋ ਚਾਹੁੰਦੇ ਹਨ ਕਿ ਭਾਰਤ ਦੇ ਲਈ ਜੋ ਕੁਝ ਕਰਨ ਦਾ ਅਤੇ ਜੋ ਆਪਣੇ ਦੇਸ਼ ਦੇ ਲਈ ਪ੍ਰੇਮ ਹੈ, ਉਹ ਚੀਜ਼ ਨੂੰ ਦੋਹਾਂ ਹੀ ਰਾਜਾਂ ਵਿੱਚ ਬਹੁਤ ਹੀ ਸਮਾਨਤਾ ਦਿਖਾਈ ਦਿੱਤੀ। 

ਪ੍ਰਧਾਨ ਮੰਤਰੀ ਜੀ : ਉੱਥੇ ਜੋ ਦੋਸਤ ਮਿਲੇ ਹਨ, ਉਨ੍ਹਾਂ ਨਾਲ ਦੋਸਤੀ ਵਧਾਈ ਕਿ ਆ ਕੇ ਭੁੱਲ ਗਏ।

ਗਿਆਮਰ ਜੀ : ਨਹੀਂ, ਅਸੀਂ ਵਧਾਈ, ਜਾਣ-ਪਹਿਚਾਣ ਕੀਤੀ।

ਪ੍ਰਧਾਨ ਮੰਤਰੀ ਜੀ : ਹਾਂ...! ਤਾਂ ਤੁਸੀਂ ਸੋਸ਼ਲ ਮੀਡੀਆ ਵਿੱਚ ਐਕਟਿਵ ਹੋ।

ਗਿਆਮਰ ਜੀ : ਜੀ ਮੋਦੀ ਜੀ ਮੈਂ ਐਕਟਿਵ ਹਾਂ।

ਪ੍ਰਧਾਨ ਮੰਤਰੀ ਜੀ : ਤਾਂ ਤੁਹਾਨੂੰ ਬਲੌਗ ਲਿਖਣਾ ਚਾਹੀਦਾ ਹੈ, ਆਪਣਾ ਇਹ ਯੁਵਾ ਸੰਗਮ ਦਾ ਤਜ਼ਰਬਾ ਕਿਵੇਂ ਰਿਹਾ, ਤੁਸੀਂ ਇਸ ਵਿੱਚ ਸ਼ਾਮਲ ਕਿਵੇਂ ਹੋਏ, ਰਾਜਸਥਾਨ ਵਿੱਚ ਤੁਹਾਡਾ ਅਨੁਭਵ ਕਿਵੇਂ ਰਿਹਾ ਤਾਕਿ ਦੇਸ਼ ਭਰ ਦੇ ਨੌਜਵਾਨਾਂ ਨੂੰ ਪਤਾ ਲੱਗੇ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਮਹੱਤਵ ਕੀ ਹੈ, ਇਹ ਯੋਜਨਾ ਕੀ ਹੈ। ਉਸ ਦਾ ਫਾਇਦਾ ਨੌਜਵਾਨ ਕਿਵੇਂ ਲੈ ਸਕਦੇ ਹਨ, ਪੂਰਾ ਆਪਣੇ ਤਜ਼ਰਬੇ ਦਾ ਬਲੌਗ ਲਿਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕਾਂ ਨੂੰ ਪੜ੍ਹਨ ਲਈ ਕੰਮ ਆਵੇਗਾ।

ਗਿਆਮਰ ਜੀ : ਜੀ ਮੈਂ ਜ਼ਰੂਰ ਕਰਾਂਗਾ।

ਪ੍ਰਧਾਨ ਮੰਤਰੀ ਜੀ : ਗਿਆਮਰ ਜੀ ਮੈਨੂੰ ਚੰਗਾ ਲਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਤੁਸੀਂ ਸਾਰੇ ਨੌਜਵਾਨ ਦੇਸ਼ ਦੇ ਲਈ, ਦੇਸ਼ ਦੇ ਰੋਸ਼ਨ ਭਵਿੱਖ ਦੇ ਲਈ, ਕਿਉਂਕਿ ਇਹ 25 ਸਾਲ ਬਹੁਤ ਮਹੱਤਵਪੂਰਣ ਹਨ - ਤੁਹਾਡੇ ਜੀਵਨ ਦੇ ਵੀ ਅਤੇ ਦੇਸ਼ ਦੇ ਜੀਵਨ ਲਈ ਵੀ, ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ।

ਗਿਆਮਰ ਜੀ : ਧੰਨਵਾਦ ਮੋਦੀ ਜੀ, ਤੁਹਾਨੂੰ ਵੀ।

ਪ੍ਰਧਾਨ ਮੰਤਰੀ ਜੀ : ਨਮਸਕਾਰ ਭਾਈ।

ਸਾਥੀਓ, ਅਰੁਣਾਚਲ ਦੇ ਲੋਕ ਇੰਨੇ ਆਪਣੇਪਨ ਨਾਲ ਭਰੇ ਹੁੰਦੇ ਹਨ ਕਿ ਉਨ੍ਹਾਂ ਨਾਲ ਗੱਲ ਕਰਦੇ ਹੋਏ ਮੈਨੂੰ ਬਹੁਤ ਅਨੰਦ ਆਉਂਦਾ ਹੈ। ਯੁਵਾ ਸੰਗਮ ਵਿੱਚ ਗਿਆਮਰ ਜੀ ਦਾ ਤਜ਼ਰਬਾ ਤਾਂ ਬੇਹਤਰੀਨ ਰਿਹਾ। ਆਓ, ਹੁਣ ਬਿਹਾਰ ਦੀ ਬੇਟੀ ਵਿਸ਼ਾਖਾ ਸਿੰਘ ਜੀ ਨਾਲ ਗੱਲ ਕਰਦੇ ਹਾਂ।

ਪ੍ਰਧਾਨ ਮੰਤਰੀ ਜੀ : ਵਿਸ਼ਾਖਾ ਜੀ ਨਮਸਕਾਰ।

ਵਿਸ਼ਾਖਾ ਜੀ : ਸਭ ਤੋਂ ਪਹਿਲਾਂ ਤਾਂ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮੇਰਾ ਪ੍ਰਣਾਮ ਅਤੇ ਮੇਰੇ ਨਾਲ ਸਾਰੇ ਡੈਲੀਗੇਟਸ ਵੱਲੋਂ ਤੁਹਾਨੂੰ ਬਹੁਤ-ਬਹੁਤ ਪ੍ਰਣਾਮ।

ਪ੍ਰਧਾਨ ਮੰਤਰੀ ਜੀ : ਚੰਗਾ ਵਿਸ਼ਾਖਾ ਜੀ ਪਹਿਲਾਂ ਆਪਣੇ ਬਾਰੇ ਦੱਸੋ। ਫਿਰ ਮੈਂ ਯੁਵਾ ਸੰਗਮ ਦੇ ਬਾਰੇ ਵਿੱਚ ਵੀ ਜਾਨਣਾ ਹੈ।

ਵਿਸ਼ਾਖਾ ਜੀ : ਮੈਂ ਬਿਹਾਰ ਦੇ ਸਾਸਾਰਾਮ ਨਾਮ ਦੇ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਯੁਵਾ ਸੰਗਮ ਦੇ ਬਾਰੇ ਮੇਰੇ ਕਾਲਜ ਦੇ ਵਾਟਸਐਪ ਗਰੁੱਪ ਦੇ ਮੈਸੇਜ ਰਾਹੀਂ ਪਤਾ ਲਗਾ ਸੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਫਿਰ ਮੈਂ ਪਤਾ ਕੀਤਾ ਇਸ ਬਾਰੇ ਵਿੱਚ ਅਤੇ ਡੀਟੇਲ ਕੱਢੀ ਕਿ ਇਹ ਹੈ ਕੀ? ਮੈਨੂੰ ਪਤਾ ਲੱਗਾ ਕਿ ਇਹ ਪ੍ਰਧਾਨ ਮੰਤਰੀ ਜੀ ਦੀ ਇੱਕ ਯੋਜਨਾ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਰਾਹੀਂ ਯੁਵਾ ਸੰਗਮ ਹੈ। ਉਸ ਤੋਂ ਬਾਅਦ ਮੈਂ ਅਪਲਾਈ ਕੀਤਾ ਅਤੇ ਜਦੋਂ ਮੈਂ ਅਪਲਾਈ ਕੀਤਾ ਤਾਂ ਮੈਂ ਉਤਸ਼ਾਹਿਤ ਸੀ ਇਸ ਵਿੱਚ ਸ਼ਾਮਲ ਹੋਣ ਦੇ ਲਈ। ਲੇਕਿਨ ਜਦੋਂ ਉੱਥੋਂ ਘੁੰਮ ਕੇ ਤਮਿਲ ਨਾਡੂ ਜਾ ਕੇ ਵਾਪਸ ਆਈ। ਉਹ ਜੋ ਤਜ਼ਰਬਾ ਮੈਂ ਪ੍ਰਾਪਤ ਕੀਤਾ, ਉਸ ਤੋਂ ਬਾਅਦ ਮੈਨੂੰ ਅਜੇ ਤੱਕ ਅਜਿਹਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਪ੍ਰੋਗਰਾਮ ਦਾ ਹਿੱਸਾ ਰਹੀ, ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਉਸ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਅਤੇ ਮੈਂ ਤਹਿ ਦਿਲ ਨਾਲ ਆਭਾਰ ਵਿਅਕਤ ਕਰਦੀ ਹਾਂ ਤੁਹਾਡਾ ਕਿ ਤੁਸੀਂ ਸਾਡੇ ਵਰਗੇ ਨੌਜਵਾਨਾਂ ਦੇ ਲਈ ਇੰਨਾ ਬਿਹਤਰੀਨ ਪ੍ਰੋਗਰਾਮ ਬਣਾਇਆ, ਜਿਸ ਨਾਲ ਅਸੀਂ ਭਾਰਤ ਦੇ ਵਿਭਿੰਨ ਭਾਗਾਂ ਦੀ ਸੰਸਕ੍ਰਿਤੀ ਨੂੰ ਅਪਣਾ ਸਕਦੇ ਹਾਂ।

ਪ੍ਰਧਾਨ ਮੰਤਰੀ ਜੀ : ਵਿਸ਼ਾਖਾ ਜੀ ਤੁਸੀਂ ਕੀ ਪੜ੍ਹਦੇ ਹੋ।

ਵਿਸ਼ਾਖਾ ਜੀ : ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਦੂਸਰੇ ਸਾਲ ਦੀ ਵਿਦਿਆਰਥਣ ਹਾਂ।

ਪ੍ਰਧਾਨ ਮੰਤਰੀ ਜੀ : ਅੱਛਾ ਵਿਸ਼ਾਖਾ ਜੀ ਤੁਸੀਂ ਕਿਹੜੇ ਰਾਜ ਵਿੱਚ ਜਾਣਾ ਹੈ, ਕਿੱਥੇ ਜੁੜਨਾ ਹੈ? ਉਹ ਫ਼ੈਸਲਾ ਕਿਵੇਂ ਕੀਤਾ।

ਵਿਸ਼ਾਖਾ ਜੀ : ਜਦੋਂ ਮੈਂ ਯੁਵਾ ਸੰਗਮ ਦੇ ਬਾਰੇ ਸਰਚ ਕਰਨਾ ਸ਼ੁਰੂ ਕੀਤਾ ਗੂਗਲ ’ਤੇ, ਤਾਂ ਮੈਨੂੰ ਪਤਾ ਚਲ ਗਿਆ ਸੀ ਕਿ ਬਿਹਾਰ ਦੇ ਡੈਲੀਗੇਟਸ ਨੂੰ ਤਮਿਲ ਨਾਡੂ ਦੇ ਡੈਲੀਗੇਟਸ ਨਾਲ ਐਕਸਚੇਂਜ ਕੀਤਾ ਜਾ ਰਿਹਾ ਹੈ। ਤਮਿਲ ਨਾਡੂ ਕਾਫੀ ਅਮੀਰ ਸੰਸਕ੍ਰਿਤੀ ਵਾਲਾ ਰਾਜ ਹੈ ਸਾਡੇ ਦੇਸ਼ ਦਾ। ਉਸ ਸਮੇਂ ਵੀ ਜਦੋਂ ਮੈਂ ਇਹ ਜਾਣਿਆ, ਇਹ ਦੇਖਿਆ ਕਿ ਬਿਹਾਰ ਵਾਲਿਆਂ ਨੂੰ ਤਮਿਲ ਨਾਡੂ ਭੇਜਿਆ ਜਾ ਰਿਹਾ ਹੈ ਤਾਂ ਇਸ ਨਾਲ ਵੀ ਮੈਨੂੰ ਬਹੁਤ ਸਹਾਇਤਾ ਮਿਲੀ, ਇਹ ਫ਼ੈਸਲਾ ਲੈਣ ਵਿੱਚ ਕਿ ਮੈਨੂੰ ਫਾਰਮ ਭਰਨਾ ਚਾਹੀਦਾ ਹੈ, ਉੱਥੇ ਜਾਣਾ ਚਾਹੀਦਾ ਹੈ ਜਾਂ ਨਹੀਂ ਅਤੇ ਮੈਂ ਸੱਚ ਵਿੱਚ ਅੱਜ ਬਹੁਤ ਜ਼ਿਆਦਾ ਮਾਣਮੱਤੀ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਵਿੱਚ ਭਾਗ ਲਿਆ ਅਤੇ ਮੈਨੂੰ ਬਹੁਤ ਖੁਸ਼ੀ ਹੈ।

ਪ੍ਰਧਾਨ ਮੰਤਰੀ ਜੀ : ਤੁਸੀਂ ਪਹਿਲੇ ਵਾਰ ਗਏ ਸੀ ਤਮਿਲ ਨਾਡੂ।

ਵਿਸ਼ਾਖਾ ਜੀ : ਜੀ ਮੈਂ ਪਹਿਲੀ ਵਾਰ ਗਈ ਸੀ।

ਪ੍ਰਧਾਨ ਮੰਤਰੀ ਜੀ : ਅੱਛਾ ਕੋਈ ਖਾਸ ਯਾਦਗਾਰ ਗੱਲ, ਜੇਕਰ ਤੁਸੀਂ ਕਹਿਣਾ ਚਾਹੋ ਤਾਂ ਕੀ ਕਹੋਗੇ?ਦੇਸ਼ ਦੇ ਨੌਜਵਾਨ ਸੁਣ ਰਹੇ ਹਨ ਤੁਹਾਨੂੰ।

ਵਿਸ਼ਾਖਾ ਜੀ : ਜੀ ਪੂਰੀ ਯਾਤਰਾ ਹੀ ਤਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਬਿਹਤਰੀਨ ਰਹੀ ਹੈ। ਇੱਕ-ਇੱਕ ਪੜਾਅ ’ਤੇ ਅਸੀਂ ਬਹੁਤ ਹੀ ਚੰਗੀਆਂ ਚੀਜ਼ਾਂ ਸਿੱਖੀਆਂ ਹਨ। ਮੈਂ ਤਮਿਲ ਨਾਡੂ ’ਚ ਜਾ ਕੇ ਚੰਗੇ ਦੋਸਤ ਬਣਾਏ ਹਨ, ਉੱਥੋਂ ਦੀ ਸੰਸਕ੍ਰਿਤੀ ਨੂੰ ਅਪਣਾਇਆ ਹੈ, ਉੱਥੋਂ ਦੇ ਲੋਕਾਂ ਨਾਲ ਮੈਂ ਮਿਲੀ, ਲੇਕਿਨ ਸਭ ਤੋਂ ਜ਼ਿਆਦਾ ਚੰਗੀ ਚੀਜ਼ ਜੋ ਮੈਨੂੰ ਲਗੀ ਉੱਥੇ, ਉਹ ਪਹਿਲੀ ਚੀਜ਼ ਤਾਂ ਇਹ ਕਿ ਕਿਸੇ ਨੂੰ ਵੀ ਮੌਕਾ ਨਹੀਂ ਮਿਲਦਾ ਇਸਰੋ ਵਿਚ ਜਾਣ ਦਾ ਅਤੇ ਅਸੀਂ ਡੈਲੀਗੇਟਸ ਸੀ ਤਾਂ ਸਾਨੂੰ ਇਹ ਮੌਕਾ ਮਿਲਿਆ ਸੀ ਕਿ ਅਸੀਂ ਇਸਰੋ ਵਿੱਚ ਜਾਈਏ। ਇਸ ਤੋਂ ਇਲਾਵਾ ਦੂਸਰੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਜਦੋਂ ਅਸੀਂ ਰਾਜ ਭਵਨ ਵਿੱਚ ਗਏ ਅਤੇ ਅਸੀਂ ਤਮਿਲ ਨਾਡੂ ਦੇ ਰਾਜਪਾਲ ਜੀ ਨੂੰ ਮਿਲੇ। ਇਹ ਦੋ ਪਲ ਜੋ ਸਨ, ਉਹ ਮੇਰੇ ਲਈ ਕਾਫੀ ਸਹੀ ਸਨ। ਮੈਨੂੰ ਇੰਝ ਲਗਦਾ ਹੈ ਕਿ ਜਿਸ ਉਮਰ ਵਿੱਚ ਅਸੀਂ ਹਾਂ, ਨੌਜਵਾਨ ਦੇ ਰੂਪ ਵਿੱਚ ਸਾਨੂੰ ਉਹ ਮੌਕਾ ਨਹੀਂ ਮਿਲ ਪਾਉਂਦਾ ਜੋ ਸਾਨੂੰ ਯੁਵਾ ਸੰਗਮ ਦੇ ਰਾਹੀਂ ਮਿਲਿਆ ਹੈ। ਇਹ ਕਾਫੀ ਸਹੀ ਅਤੇ ਸਭ ਤੋਂ ਯਾਦਗਾਰ ਪਲ ਸੀ ਮੇਰੇ ਲਈ।

ਪ੍ਰਧਾਨ ਮੰਤਰੀ ਜੀ : ਬਿਹਾਰ ਵਿੱਚ ਤਾਂ ਖਾਣ ਦਾ ਤਰੀਕਾ ਵੱਖ ਹੈ, ਤਮਿਲ ਨਾਡੂ ਵਿੱਚ ਖਾਣ ਦਾ ਤਰੀਕਾ ਵੱਖ ਹੈ।

ਵਿਸ਼ਾਖਾ ਜੀ : ਜੀ।

ਪ੍ਰਧਾਨ ਮੰਤਰੀ ਜੀ : ਤਾਂ ਉਹ ਸੈੱਟ ਹੋ ਗਿਆ ਸੀ ਪੂਰੀ ਤਰ੍ਹਾਂ।

ਵਿਸ਼ਾਖਾ ਜੀ : ਉੱਥੇ ਜਦੋਂ ਅਸੀਂ ਲੋਕ ਗਏ ਸੀ, ਤਾਂ ਸਾਊਥ ਇੰਡੀਅਨ ਪਕਵਾਨ ਸਨ ਤਮਿਲ ਨਾਡੂ ਵਿੱਚ, ਜਿਵੇਂ ਹੀ ਅਸੀਂ ਗਏ ਸੀ, ਉੱਥੇ ਜਾਂਦਿਆਂ ਹੀ ਸਾਨੂੰ ਡੋਸਾ, ਇਡਲੀ, ਸਾਂਬਰ, ਉਤਪਮ, ਵੜਾ, ਉਪਮਾ ਇਹ ਸਭ ਪਰੋਸਿਆ ਗਿਆ ਸੀ। ਪਹਿਲਾਂ ਜਦੋਂ ਅਸੀਂ ਟਰਾਈ ਕੀਤਾ ਤਾਂ ਇਹ ਬਹੁਤ ਜ਼ਿਆਦਾ ਚੰਗਾ ਸੀ। ਉੱਥੋਂ ਦਾ ਖਾਣਾ ਬਹੁਤ ਹੀ ਸਿਹਤਮੰਦ ਹੈ, ਅਸਲ ਵਿੱਚ ਬਹੁਤ ਹੀ ਜ਼ਿਆਦਾ ਸਵਾਦ ’ਚ ਵੀ ਬਿਹਤਰੀਨ ਹੈ ਅਤੇ ਸਾਡੇ ਉੱਤਰ ਦੇ ਖਾਣੇ ਤੋਂ ਬਹੁਤ ਹੀ ਜ਼ਿਆਦਾ ਵੱਖ ਹੈ। ਮੈਨੂੰ ਉੱਥੋਂ ਦਾ ਖਾਣਾ ਵੀ ਬਹੁਤ ਚੰਗਾ ਲੱਗਾ। ਮੈਨੂੰ ਉੱਥੋਂ ਦੇ ਲੋਕ ਵੀ ਬਹੁਤ ਚੰਗੇ ਲਗੇ।

ਪ੍ਰਧਾਨ ਮੰਤਰੀ ਜੀ : ਤਾਂ ਹੁਣ ਤਾਂ ਦੋਸਤ ਵੀ ਬਣ ਗਏ ਹੋਣਗੇ ਤਮਿਲ ਨਾਡੂ ਵਿੱਚ।

ਵਿਸ਼ਾਖਾ ਜੀ : ਜੀ... ਜੀ ਉੱਥੇ ਅਸੀਂ ਰੁਕੇ ਸੀ ਐੱਨ.ਆਈ.ਟੀ. ਤ੍ਰਿਚੀ ਵਿੱਚ, ਉਸ ਤੋਂ ਬਾਅਦ ਆਈ.ਆਈ.ਟੀ. ਮਦਰਾਸ ਵਿੱਚ ਤਾਂ ਉਨ੍ਹਾਂ ਦੋਵਾਂ ਥਾਵਾਂ ਦੇ ਵਿਦਿਆਰਥੀਆਂ ਨਾਲ ਤਾਂ ਮੇਰੀ ਦੋਸਤੀ ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਸੀਆਈਆਈ ਦਾ ਸਵਾਗਤੀ ਸਮਾਰੋਹ ਸੀ ਤਾਂ ਉੱਥੇ, ਉੱਥੋਂ ਦੇ ਆਲੇ-ਦੁਆਲੇ ਦੇ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਆਏ ਸਨ। ਉੱਥੇ ਅਸੀਂ ਉਨ੍ਹਾਂ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੈਨੂੰ ਬਹੁਤ ਚੰਗਾ ਲਗਾ, ਉਨ੍ਹਾਂ ਲੋਕਾਂ ਨੂੰ ਮਿਲ ਕੇ। ਕਾਫੀ ਲੋਕ ਤਾਂ ਮੇਰੇ ਦੋਸਤ ਵੀ ਹਨ। ਕੁਝ ਡੈਲੀਗੇਟਸ ਨਾਲ ਵੀ ਮਿਲੀ ਸੀ ਜੋ ਤਮਿਲ ਨਾਡੂ ਦੇ ਡੈਲੀਗੇਟ ਬਿਹਾਰ ਆ ਰਹੇ ਸਨ ਤਾਂ ਸਾਡੀ ਗੱਲਬਾਤ ਉਨ੍ਹਾਂ ਨਾਲ ਵੀ ਹੋਈ ਸੀ ਅਤੇ ਅਸੀਂ ਅਜੇ ਵੀ ਆਪਸ ਵਿੱਚ ਗੱਲ ਕਰ ਰਹੇ ਹਾਂ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ।

ਪ੍ਰਧਾਨ ਮੰਤਰੀ ਜੀ : ਵਿਸ਼ਾਖਾ ਜੀ ਤੁਸੀਂ ਇੱਕ ਬਲੌਗ ਲਿਖੋ ਅਤੇ ਸੋਸ਼ਲ ਮੀਡੀਆ ’ਤੇ ਤੁਸੀਂ ਆਪਣਾ ਪੂਰਾ ਅਨੁਭਵ ਇੱਕ ਤਾਂ ਇਸ ਯੁਵਾ ਸੰਗਮ ਦਾ, ਫਿਰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਅਤੇ ਫਿਰ ਤਮਿਲ ਨਾਡੂ ਵਿੱਚ ਆਪਣਾਪਨ ਜੋ ਮਿਲਿਆ ਜੋ ਤੁਹਾਡਾ ਸਵਾਗਤ-ਸਤਿਕਾਰ ਹੋਇਆ। ਤਮਿਲ ਲੋਕਾਂ ਦਾ ਪਿਆਰ ਮਿਲਿਆ, ਇਹ ਸਾਰੀਆਂ ਚੀਜ਼ਾਂ ਦੇਸ਼ ਨੂੰ ਦੱਸੋ ਤੁਸੀਂ, ਤਾਕਿ ਲਿਖੋਗੇ ਤੁਸੀਂ?

ਵਿਸ਼ਾਖਾ ਜੀ : ਜੀ ਜ਼ਰੂਰ।

ਪ੍ਰਧਾਨ ਮੰਤਰੀ ਜੀ : ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾ ਹੈ ਅਤੇ ਬਹੁਤ-ਬਹੁਤ ਧੰਨਵਾਦ।

ਵਿਸ਼ਾਖਾ ਜੀ : ਜੀ ਥੈਂਕ ਯੂ ਸੋ ਮਚ, ਨਮਸਕਾਰ।

ਗਿਆਮਰ ਅਤੇ ਵਿਸ਼ਾਖਾ ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਯੁਵਾ ਸੰਗਮ ਵਿੱਚ ਤੁਸੀਂ ਜੋ ਸਿੱਖਿਆ ਹੈ, ਉਹ ਜੀਵਨ ਭਰ ਤੁਹਾਡੇ ਨਾਲ ਰਹੇ। ਇਹੀ ਮੇਰੀ ਤੁਹਾਡੇ ਸਭ ਦੇ ਪ੍ਰਤੀ ਸ਼ੁਭਕਾਮਨਾ ਹੈ।

ਸਾਥੀਓ, ਭਾਰਤ ਦੀ ਸ਼ਕਤੀ ਇਸ ਦੀ ਵਿਭਿੰਨਤਾ ਵਿੱਚ ਹੈ। ਸਾਡੇ ਦੇਸ਼ ਵਿੱਚ ਵੇਖਣ ਨੂੰ ਬਹੁਤ ਕੁਝ ਹੈ। ਇਸੇ ਨੂੰ ਦੇਖਦੇ ਹੋਏ ਸਿੱਖਿਆ ਮੰਤਰਾਲੇ ਨੇ ‘ਯੁਵਾ ਸੰਗਮ’ ਨਾਂ ਦੇ ਨਾਲ ਇੱਕ ਬਿਹਤਰੀਨ ਪਹਿਲ ਕੀਤੀ ਹੈ। ਉਸ ਪਹਿਲ ਦਾ ਉਦੇਸ਼ ਲੋਕਾਂ ਦਾ ਆਪਸ ਵਿੱਚ ਸੰਪਰਕ ਵਧਾਉਣ ਦੇ ਨਾਲ ਹੀ ਦੇਸ਼ ਦੇ ਨੌਜਵਾਨਾਂ ਨੂੰ ਆਪਸ ਵਿੱਚ ਘੁਲਣ-ਮਿਲਣ ਦਾ ਮੌਕਾ ਦੇਣਾ ਹੈ। ਵਿਭਿੰਨ ਰਾਜਾਂ ਦੇ ਉੱਚ ਸਿੱਖਿਆ ਸੰਸਥਾਨਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ‘ਯੁਵਾ ਸੰਗਮ’ ਵਿੱਚ ਨੌਜਵਾਨ ਦੂਸਰੇ ਰਾਜਾਂ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਜਾਂਦੇ ਹਨ, ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ। ਯੁਵਾ ਸੰਗਮ ਦੇ ਪਹਿਲੇ ਦੌਰ ਵਿੱਚ ਲਗਭਗ 1200 ਨੌਜਵਾਨ ਦੇਸ਼ ਦੇ 22 ਰਾਜਾਂ ਦਾ ਦੌਰਾ ਕਰ ਚੁੱਕੇ ਹਨ ਜੋ ਵੀ ਨੌਜਵਾਨ ਇਸ ਦਾ ਹਿੱਸਾ ਬਣੇ ਹਨ, ਉਹ ਆਪਣੇ ਨਾਲ ਅਜਿਹੀਆਂ ਯਾਦਾਂ ਲੈ ਕੇ ਵਾਪਸ ਪਰਤੇ ਹਨ ਜੋ ਜੀਵਨ ਭਰ ਉਨ੍ਹਾਂ ਦੇ ਦਿਲ ਵਿੱਚ ਵਸੀਆਂ ਰਹਿਣਗੀਆਂ। ਅਸੀਂ ਵੇਖਿਆ ਹੈ ਕਿ ਕਈ ਵੱਡੀਆਂ ਕੰਪਨੀਆਂ ਦੇ ਸੀਈਓ, ਕਾਰੋਬਾਰੀ ਆਗੂ, ਉਨ੍ਹਾਂ ਨੇ ਬੈਗਪੈਕਰਸ ਦੇ ਵਾਂਗ ਭਾਰਤ ਵਿੱਚ ਸਮਾਂ ਗੁਜਾਰਿਆ ਹੈ। ਮੈਂ ਜਦੋਂ ਦੂਸਰੇ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਦਾ ਹਾਂ ਤਾਂ ਕਈ ਵਾਰ ਉਹ ਵੀ ਦੱਸਦੇ ਹਨ ਕਿ ਉਹ ਆਪਣੀ ਜਵਾਨੀ ਵੇਲੇ ਭਾਰਤ ਘੁੰਮਣ ਲਈ ਗਏ ਸਨ। ਸਾਡੇ ਭਾਰਤ ਵਿੱਚ ਇੰਨਾ ਕੁਝ ਜਾਨਣ ਅਤੇ ਵੇਖਣ ਲਈ ਹੈ ਕਿ ਤੁਹਾਡੀ ਉਤਸੁਕਤਾ ਹਰ ਵਾਰ ਵਧਦੀ ਹੀ ਜਾਵੇਗੀ। ਮੈਨੂੰ ਉਮੀਦ ਹੈ ਕਿ ਇਨ੍ਹਾਂ ਰੋਮਾਂਚਕ ਅਨੁਭਵਾਂ ਨੂੰ ਜਾਣ ਕੇ ਤੁਸੀਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਦੇ ਲਈ ਜ਼ਰੂਰ ਪ੍ਰੇਰਿਤ ਹੋਵੋਗੇ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਹੀ ਮੈਂ ਜਪਾਨ ਵਿੱਚ ਹੀਰੋਸ਼ਿਮਾ ’ਚ ਸੀ। ਉੱਥੇ ਮੈਨੂੰ ਹੀਰੋਸ਼ਿਮਾ ਪੀਸ ਮੈਮੋਰੀਅਲ ਅਜਾਇਬ ਘਰ ਵਿੱਚ ਜਾਣ ਦਾ ਮੌਕਾ ਮਿਲਿਆ। ਇਹ ਇੱਕ ਭਾਵੁਕ ਕਰ ਦੇਣ ਵਾਲਾ ਅਨੁਭਵ ਸੀ। ਜਦੋਂ ਅਸੀਂ ਇਤਿਹਾਸ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਬਹੁਤ ਮਦਦ ਕਰਦਾ ਹੈ। ਕਈ ਵਾਰੀ ਅਜਾਇਬ ਘਰ ਵਿੱਚ ਸਾਨੂੰ ਨਵੇਂ ਸਬਕ ਮਿਲਦੇ ਹਨ ਤਾਂ ਕਈ ਵਾਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਵਿੱਚ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਵੀ ਆਯੋਜਨ ਕੀਤਾ ਸੀ। ਇਸ ਵਿੱਚ ਦੁਨੀਆਂ ਦੇ 1200 ਤੋਂ ਜ਼ਿਆਦਾ ਅਜਾਇਬ ਘਰਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਗਿਆ। ਸਾਡੇ ਇੱਥੇ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਅਜਿਹੇ ਕਈ ਅਜਾਇਬ ਘਰ ਹਨ ਜੋ ਸਾਡੇ ਅਤੀਤ ਨਾਲ ਜੁੜੇ ਅਨੇਕਾਂ ਪੱਖਾਂ ਨੂੰ ਦਰਸਾਉਂਦੇ ਹਨ, ਜਿਵੇਂ ਗੁਰੂਗ੍ਰਾਮ ਵਿੱਚ ਇੱਕ ਅਨੋਖਾ ਅਜਾਇਬ ਘਰ ਹੈ, Museo Camera ਇਸ ਵਿੱਚ 1860 ਤੋਂ ਬਾਅਦ ਦੇ 8 ਹਜ਼ਾਰ ਤੋਂ ਜ਼ਿਆਦਾ ਕੈਮਰਿਆਂ ਦਾ ਸੰਗ੍ਰਹਿ ਮੌਜੂਦ ਹੈ। ਤਮਿਲ ਨਾਡੂ ਦੇ ਮਿਊਜ਼ੀਅਮ ਆਵ੍ ਪੋਸੇਬਿਲਟੀਸ ਨੂੰ ਸਾਡੇ ਦਿੱਵਯਾਂਗ ਜਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਮੁੰਬਈ ਦਾ ਛੱਤਰਪਤੀ ਸ਼ਿਵਾ ਜੀ ਮਹਾਰਾਜ ਵਾਸਤੂ ਸੰਗ੍ਰਾਲਿਆ ਇੱਕ ਅਜਿਹਾ ਅਜਾਇਬ ਘਰ ਹੈ, ਜਿਸ ਵਿੱਚ 70 ਹਜ਼ਾਰ ਤੋਂ ਜ਼ਿਆਦਾ ਚੀਜ਼ਾਂ ਸੰਭਾਲੀਆਂ ਗਈਆਂ ਹਨ। ਸਾਲ 2010 ਵਿੱਚ ਸਥਾਪਿਤ ਇੰਡੀਅਨ ਮੈਂਬਰੀ ਪ੍ਰੋਜੈਕਟ ਇੱਕ ਤਰ੍ਹਾਂ ਦਾ ਔਨਲਾਈਨ ਮਿਊਜ਼ੀਅਮ ਹੈ। ਇਹ ਜੋ ਦੁਨੀਆਂ ਭਰ ਤੋਂ ਭੇਜੀਆਂ ਗਈਆਂ ਤਸਵੀਰਾਂ ਅਤੇ ਕਹਾਣੀਆਂ ਦੇ ਮਾਧਿਅਮ ਨਾਲ ਭਾਰਤ ਦੇ ਮਾਣਮੱਤੇ ਇਤਿਹਾਸ ਦੀਆਂ ਕੜੀਆਂ ਨੂੰ ਜੋੜਨ ਵਿੱਚ ਜੁਟਿਆ ਹੈ। ਵਿਭਾਜਨ ਦੀ ਵਿਭਿਸ਼ਿਕਾ ਨਾਲ ਜੁੜੀਆਂ ਯਾਦਾਂ ਨੂੰ ਵੀ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਬੀਤੇ ਸਾਲਾਂ ਵਿੱਚ ਵੀ ਅਸੀਂ ਭਾਰਤ ਵਿੱਚ ਨਵੇਂ-ਨਵੇਂ ਤਰ੍ਹਾਂ ਦੇ ਅਜਾਇਬ ਘਰ ਅਤੇ ਮੈਮੋਰੀਅਲ ਬਣਦੇ ਦੇਖੇ ਹਨ। ਆਜ਼ਾਦੀ ਦੀ ਲੜਾਈ ਵਿੱਚ ਆਦਿਵਾਸੀ ਭੈਣ-ਭਰਾਵਾਂ ਦੇ ਯੋਗਦਾਨ ਨੂੰ ਸਮਰਪਿਤ 10 ਨਵੇਂ ਅਜਾਇਬ ਘਰ ਬਣਾਏ ਜਾ ਰਹੇ ਹਨ। ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ ਬਿਪਲੋਬੀ ਭਾਰਤ ਗੈਲਰੀ ਹੋਵੇ ਜਾਂ ਫਿਰ ਜਲਿਆਂਵਾਲਾ ਬਾਗ਼ ਮੈਮੋਰੀਅਲ ਦਾ ਪੁਨਰ ਨਿਰਮਾਣ, ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਪੀ. ਐੱਮ. ਮਿਊਜ਼ੀਅਮ ਵੀ ਅੱਜ ਦਿੱਲੀ ਦੀ ਸ਼ੋਭਾ ਵਧਾ ਰਿਹਾ ਹੈ। ਦਿੱਲੀ ਵਿੱਚ ਹੀ ਨੈਸ਼ਨਲ ਵਾਰ ਮਿਊਜ਼ੀਅਮ ਅਤੇ ਪੁਲਿਸ ਮੈਮੋਰੀਅਲ ਵਿੱਚ ਹਰ ਰੋਜ਼ ਅਨੇਕਾਂ ਲੋਕ ਸ਼ਹੀਦਾਂ ਨੂੰ ਨਮਨ ਕਰਨ ਆਉਂਦੇ ਹਨ। ਇਤਿਹਾਸਿਕ ਦਾਂਡੀ ਯਾਤਰਾ ਨੂੰ ਸਮਰਪਿਤ ਦਾਂਡੀ ਮੈਮੋਰੀਅਲ ਹੋਵੇ ਜਾਂ ਫਿਰ ਸਟੈਚੂ ਆਵ੍ ਯੂਨਿਟੀ ਮਿਊਜ਼ੀਅਮ। ਖ਼ੈਰ ਮੈਨੂੰ ਇੱਥੇ ਰੁਕ ਜਾਣਾ ਚਾਹੀਦਾ ਹੈ, ਕਿਉਂਕਿ ਦੇਸ਼ ਭਰ ਵਿੱਚ ਅਜਾਇਬ ਘਰਾਂ ਦੀ ਸੂਚੀ ਕਾਫੀ ਲੰਬੀ ਹੈ ਅਤੇ ਪਹਿਲੀ ਵਾਰ ਦੇਸ਼ ਵਿੱਚ ਸਾਰੇ ਅਜਾਇਬ ਘਰਾਂ ਦੇ ਬਾਰੇ ਜ਼ਰੂਰੀ ਜਾਣਕਾਰੀਆਂ ਦਾ ਸੰਗ੍ਰਹਿ ਵੀ ਕੀਤਾ ਗਿਆ ਹੈ। ਅਜਾਇਬ ਘਰ ਕਿਸ ਥੀਮ ’ਤੇ ਅਧਾਰਿਤ ਹੈ, ਉੱਥੇ ਕਿਸ ਤਰ੍ਹਾਂ ਦੀਆਂ ਵਸਤਾਂ ਰੱਖੀਆਂ ਹਨ, ਉੱਥੋਂ ਦੀ ਕੰਟੈਕਟ ਡੀਟੇਲ ਕੀ ਹੈ, ਇਹ ਸਭ ਕੁਝ ਇੱਕ ਔਨਲਾਈਨ ਡਿਕਸ਼ਨਰੀ ਵਿੱਚ ਸ਼ਾਮਲ ਹੈ। ਮੇਰਾ ਤੁਹਾਨੂੰ ਅਨੁਰੋਧ ਹੈ ਕਿ ਤੁਹਾਨੂੰ ਜਦੋਂ ਵੀ ਮੌਕਾ ਮਿਲੇ, ਆਪਣੇ ਦੇਸ਼ ਦੇ ਇਨ੍ਹਾਂ ਅਜਾਇਬ ਘਰਾਂ ਨੂੰ ਵੇਖਣ ਜ਼ਰੂਰ ਜਾਓ। ਤੁਸੀਂ ਉੱਥੋਂ ਦੀਆਂ ਆਕਰਸ਼ਕ ਤਸਵੀਰਾਂ ਨੂੰ #(ਹੈਸ਼ਟੈਗ) ਮਿਊਜ਼ੀਅਮ ਮੈਮੋਰੀਜ਼ ’ਤੇ ਸ਼ੇਅਰ ਕਰਨਾ ਵੀ ਨਾ ਭੁੱਲੋ। ਇਸ ਨਾਲ ਆਪਣੀ ਗੌਰਵਸ਼ਾਲੀ ਸੰਸਕ੍ਰਿਤੀ ਦੇ ਨਾਲ ਸਾਡਾ ਭਾਰਤੀਆਂ ਦਾ ਜੁੜਾਓ ਹੋਰ ਮਜ਼ਬੂਤ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਸਾਰਿਆਂ ਨੇ ਇੱਕ ਕਹਾਵਤ ਕਈ ਵਾਰ ਸੁਣੀ ਹੋਵੇਗੀ, ਵਾਰ-ਵਾਰ ਸੁਣੀ ਹੋਵੇਗੀ - ‘ਬਿਨ ਪਾਣੀ ਸਭ ਸੂਨ’। ਬਿਨਾ ਪਾਣੀ ਜੀਵਨ ’ਤੇ ਸੰਕਟ ਤਾਂ ਰਹਿੰਦਾ ਹੀ ਹੈ, ਵਿਅਕਤੀ ਅਤੇ ਦੇਸ਼ ਦਾ ਵਿਕਾਸ ਵੀ ਠੱਪ ਹੋ ਜਾਂਦਾ ਹੈ। ਭਵਿੱਖ ਦੀ ਇਸੇ ਚੁਣੌਤੀ ਨੂੰ ਵੇਖਦੇ ਹੋਏ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸਾਡੇ ਅੰਮ੍ਰਿਤ ਸਰੋਵਰ ਇਸ ਲਈ ਖਾਸ ਹਨ, ਕਿਉਂਕਿ ਇਹ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਬਣ ਰਹੇ ਹਨ ਅਤੇ ਇਨ੍ਹਾਂ ਵਿੱਚ ਲੋਕਾਂ ਦਾ ਅੰਮ੍ਰਿਤ ਯਤਨ ਸ਼ਾਮਲ ਹੈ। ਤੁਹਾਨੂੰ ਇਹ ਜਾਣ ਕੇ ਚੰਗਾ ਲਗੇਗਾ ਕਿ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਹੋ ਚੁੱਕਾ ਹੈ। ਇਹ ਜਲ ਸੰਭਾਲ਼ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹੈ।

ਸਾਥੀਓ, ਅਸੀਂ ਹਰ ਗਰਮੀ ਵਿੱਚ ਇਸੇ ਤਰ੍ਹਾਂ ਪਾਣੀ ਨਾਲ ਜੁੜੀਆਂ ਚੁਣੌਤੀਆਂ ਸਬੰਧੀ ਗੱਲ ਕਰਦੇ ਰਹਿੰਦੇ ਹਾਂ। ਇਸ ਵਾਰ ਵੀ ਅਸੀਂ ਇਸ ਵਿਸ਼ੇ ਬਾਰੇ ਗੱਲ ਕਰਾਂਗੇ, ਲੇਕਿਨ ਇਸ ਵਾਰੀ ਚਰਚਾ ਕਰਾਂਗੇ ਜਲ ਸੰਭਾਲ਼ ਨਾਲ ਜੁੜੇ ਸਟਾਰਟਅੱਪ ਦੀ। ਇੱਕ ਸਟਾਰਟਅੱਪ ਹੈ - FluxGen। ਇਹ Start-Up IOT enabled ਤਕਨੀਕ ਦੇ ਜ਼ਰੀਏ ਵਾਟਰ ਮੈਨੇਜਮੈਂਟ ਦੇ ਵਿਕਲਪ ਦਿੰਦਾ ਹੈ। ਇਹ ਟੈਕਨੋਲੋਜੀ ਪਾਣੀ ਦੇ ਇਸਤੇਮਾਲ ਦੇ ਪੈਟਰਨ ਦੱਸੇਗੀ ਅਤੇ ਪਾਣੀ ਦੇ ਪ੍ਰਭਾਵੀ ਇਸਤੇਮਾਲ ਵਿੱਚ ਮਦਦ ਕਰੇਗੀ। ਇੱਕ ਹੋਰ ਸਟਾਰਟਅੱਪ ਹੈ LivNSense। ਇਹ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ’ਤੇ ਅਧਾਰਿਤ ਪਲੈਟਫਾਰਮ  ਹੈ। ਇਸ ਦੀ ਮਦਦ ਨਾਲ ਪਾਣੀ ਦੇ ਵੰਡ ਦੀ ਪ੍ਰਭਾਵੀ ਨਿਗਰਾਨੀ ਕੀਤੀ ਜਾ ਸਕੇ। ਇਸ ਨਾਲ ਇਹ ਵੀ ਪਤਾ ਲਗ ਸਕੇਗਾ ਕਿ ਕਿੱਥੇ ਕਿੰਨਾ ਪਾਣੀ ਬਰਬਾਦ ਹੋ ਰਿਹਾ ਹੈ। ਇੱਕ ਹੋਰ ਸਟਾਰਟਅੱਪ ਹੈ ਕੁੰਭੀ ਕਾਗਜ਼। ਇਹ ਕੁੰਭੀ ਕਾਗਜ਼ ਇੱਕ ਅਜਿਹਾ ਵਿਸ਼ਾ ਹੈ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਵੀ ਬਹੁਤ ਪਸੰਦ ਆਏਗਾ। ਕੁੰਭੀ ਕਾਗਜ਼ ਸਟਾਰਟਅੱਪ ਉਸ ਨੇ ਇੱਕ ਵਿਸ਼ੇਸ਼ ਕੰਮ ਸ਼ੁਰੂ ਕੀਤਾ। ਇਹ ਜਲ ਕੁੰਭੀ ਤੋਂ ਕਾਗਜ਼ ਬਣਾਉਣ ਦਾ ਕੰਮ ਕਰ ਰਹੇ ਹਨ, ਯਾਨੀ ਜੋ ਜਲ ਕੁੰਭੀ ਕਦੇ ਜਲ ਸਰੋਤਾਂ ਲਈ ਇੱਕ ਸਮੱਸਿਆ ਸਮਝੀ ਜਾਂਦੀ ਸੀ, ਉਸੇ ਨਾਲ ਹੁਣ ਕਾਗਜ਼ ਬਣਨ ਲਗਾ ਹੈ।

ਸਾਥੀਓ, ਕਈ ਨੌਜਵਾਨ ਜੇਕਰ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਜ਼ਰੀਏ ਕੰਮ ਕਰ ਰਹੇ ਹਨ ਤਾਂ ਕਈ ਨੌਜਵਾਨ ਅਜਿਹੇ ਵੀ ਹਨ ਜੋ ਸਮਾਜ ਨੂੰ ਜਾਗਰੂਕ ਕਰਨ ਦੇ ਮਿਸ਼ਨ ਵਿੱਚ ਵੀ ਲੱਗੇ ਹੋਏ ਹਨ। ਜਿਵੇਂ ਕਿ ਛੱਤੀਸਗੜ੍ਹ ਵਿੱਚ ਬਾਲੋਦ ਜ਼ਿਲ੍ਹੇ ਦੇ ਨੌਜਵਾਨ ਹਨ, ਉੱਥੋਂ ਦੇ ਨੌਜਵਾਨਾਂ ਨੇ ਪਾਣੀ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਇਹ ਘਰ-ਘਰ ਜਾ ਕੇ ਲੋਕਾਂ ਨੂੰ ਜਲ ਸੰਭਾਲ਼ ਦੇ ਲਈ ਜਾਗਰੂਕ ਕਰਦੇ ਹਨ। ਕਿਤੇ ਸ਼ਾਦੀ-ਵਿਆਹ ਵਰਗਾ ਕੋਈ ਆਯੋਜਨ ਹੁੰਦਾ ਹੈ ਤਾਂ ਨੌਜਵਾਨਾਂ ਦਾ ਇਹ ਗਰੁੱਪ ਉੱਥੇ ਜਾ ਕੇ ਪਾਣੀ ਦੀ ਦੁਰਵਰਤੋਂ ਕਿਵੇਂ ਰੋਕੀ ਜਾ ਸਕਦੀ ਹੈ, ਇਸ ਦੀ ਜਾਣਕਾਰੀ ਦਿੰਦਾ ਹੈ। ਪਾਣੀ ਦੀ ਚੰਗੀ ਵਰਤੋਂ ਨਾਲ ਜੁੜਿਆ ਇੱਕ ਪ੍ਰੇਰਕ ਯਤਨ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਵੀ ਹੋ ਰਿਹਾ ਹੈ। ਖੂੰਟੀ ਵਿੱਚ ਲੋਕਾਂ ਨੇ ਪਾਣੀ ਦੇ ਸੰਕਟ ਨਾਲ ਨਿਬੜਣ ਲਈ ਬੋਰੀ ਬੰਨ੍ਹ ਦਾ ਰਸਤਾ ਕੱਢਿਆ ਹੈ। ਬੋਰੀ ਬੰਨ੍ਹ ਨਾਲ ਪਾਣੀ ਇਕੱਠਾ ਹੋਣ ਦੇ ਕਾਰਣ ਉੱਥੇ ਸਾਗ-ਸਬਜ਼ੀਆਂ ਵੀ ਪੈਦਾ ਹੋਣ ਲੱਗੀਆਂ ਹਨ। ਇਸ ਨਾਲ ਲੋਕਾਂ ਦੀ ਆਮਦਨ ਵੀ ਵਧ ਰਹੀ ਹੈ ਅਤੇ ਇਲਾਕੇ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਰਹੀਆਂ ਹਨ। ਜਨ-ਭਾਗੀਦਾਰੀ ਦਾ ਕੋਈ ਵੀ ਯਤਨ ਕਿਵੇਂ ਕਈ ਬਦਲਾਅ ਨੂੰ ਨਾਲ ਲੈ ਕੇ ਆਉਂਦਾ ਹੈ, ਖੂੰਟੀ ਇਸ ਦਾ ਇੱਕ ਆਕਰਸ਼ਕ ਉਦਾਹਰਣ ਬਣ ਗਿਆ ਹੈ। ਮੈਂ ਉੱਥੋਂ ਦੇ ਲੋਕਾਂ ਨੂੰ ਇਸ ਯਤਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, 1965 ਦੇ ਯੁੱਧ ਸਮੇਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ। ਬਾਅਦ ਵਿੱਚ ਅਟਲ ਜੀ ਨੇ ਇਸ ਵਿੱਚ ‘ਜੈ ਵਿਗਿਆਨ’ ਵੀ ਜੋੜ ਦਿੱਤਾ ਸੀ। ਕੁਝ ਸਾਲ ਪਹਿਲਾਂ ਦੇਸ਼ ਦੇ ਵਿਗਿਆਨੀਆਂ ਨਾਲ ਗੱਲ ਕਰਦੇ ਹੋਏ ਮੈਂ ‘ਜੈ ਅਨੁਸੰਧਾਨ’ ਦੀ ਗੱਲ ਕੀਤੀ ਸੀ। ‘ਮਨ ਕੀ ਬਾਤ’ ਵਿੱਚ ਅੱਜ ਗੱਲ ਇੱਕ ਅਜਿਹੇ ਵਿਅਕਤੀ ਦੀ, ਇੱਕ ਅਜਿਹੀ ਸੰਸਥਾ ਦੀ ਜੋ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ, ਇਨ੍ਹਾਂ ਚਾਰਾਂ ਦਾ ਹੀ ਪ੍ਰਤੀਬਿੰਬ ਹੈ। ਇਹ ਸੱਜਣ ਹਨ, ਮਹਾਰਾਸ਼ਟਰ ਦੇ ਸ਼੍ਰੀਮਾਨ ਸ਼ਿਵਾ ਜੀ ਸ਼ਾਮਰਾਵ ਡੋਲੇ ਜੀ। ਸ਼ਿਵਾ ਜੀ ਡੋਲੇ ਨਾਸਿਕ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ। ਉਹ ਗਰੀਬ ਆਦਿਵਾਸੀ ਕਿਸਾਨ ਪਰਿਵਾਰ ਤੋਂ ਹਨ ਅਤੇ ਇੱਕ ਸਾਬਕਾ ਸੈਨਿਕ ਵੀ ਹਨ। ਫੌਜ ਵਿੱਚ ਰਹਿੰਦੇ ਹੋਏ ਉਨ੍ਹਾਂ ਆਪਣਾ ਜੀਵਨ ਦੇਸ਼ ਦੀ ਸੇਵਾ ਵਿੱਚ ਬਤੀਤ ਕੀਤਾ। ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਝ ਨਵਾਂ ਸਿੱਖਣ ਦਾ ਫ਼ੈਸਲਾ ਕੀਤਾ ਅਤੇ ਐਗਰੀਕਲਚਰ ਵਿੱਚ ਡਿਲਪੋਮਾ ਕੀਤਾ, ਯਾਨੀ ਉਹ ‘ਜੈ ਜਵਾਨ’ ਤੋਂ ‘ਜੈ ਕਿਸਾਨ’ ਦੀ ਤਰਫ਼ ਤੁਰ ਪਏ। ਹੁਣ ਹਰ ਪਲ ਉਨ੍ਹਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਵੇਂ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣ। ਆਪਣੀ ਇਸ ਮੁਹਿੰਮ ਵਿੱਚ ਸ਼ਿਵਾ ਜੀ ਡੋਲੇ ਜੀ ਨੇ 20 ਲੋਕਾਂ ਦੀ ਇੱਕ ਛੋਟੀ ਜਿਹੀ ਟੀਮ ਬਣਾਈ ਅਤੇ ਕੁਝ ਸਾਬਕਾ ਸੈਨਿਕਾਂ ਨੂੰ ਵੀ ਇਸ ਨਾਲ ਜੋੜਿਆ। ਇਸ ਤੋਂ ਬਾਅਦ ਉਨ੍ਹਾਂ ਦੀ ਇਸ ਟੀਮ ਨੇ ਉਨ੍ਹਾਂ ਨੇ ਵੈਂਕਟੇਸ਼ਵਰਾ ਕੋਆਪ੍ਰੇਟਿਵ ਪਾਵਰ ਐਂਡ ਐਗਰੋ ਪ੍ਰੋਸੈੱਸਿੰਗ ਲਿਮਿਟਿਡ ਨਾਮ ਦੀ ਇੱਕ ਸਹਿਕਾਰੀ ਸੰਸਥਾ ਦੀ ਵਿਵਸਥਾ ਆਪਣੇ ਹੱਥ ਵਿੱਚ ਲਈ। ਇਹ ਸਹਿਕਾਰੀ ਸੰਸਥਾ ਨਿਰਜੀਵ ਪਈ ਸੀ, ਜਿਸ ਨੂੰ ਮੁੜ੍ਹ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਚੁੱਕੀ। ਵੇਖਦੇ ਹੀ ਵੇਖਦੇ ਅੱਜ ਵੈਂਕਟੇਸ਼ਵਰਾ ਕੋਆਪ੍ਰੇਟਿਵ ਦਾ ਵਿਸਤਾਰ ਕਈ ਜ਼ਿਲ੍ਹਿਆਂ ਵਿੱਚ ਹੋ ਗਿਆ ਹੈ। ਅੱਜ ਇਹ ਟੀਮ ਮਹਾਰਾਸ਼ਟਰ ਅਤੇ ਕਰਨਾਟਕਾ ਵਿੱਚ ਕੰਮ ਕਰ ਰਹੀ ਹੈ। ਇਸ ਨਾਲ ਲਗਭਗ 18 ਹਜ਼ਾਰ ਲੋਕ ਜੁੜੇ ਹਨ, ਜਿਨ੍ਹਾਂ ਵਿੱਚ ਕਾਫੀ ਗਿਣਤੀ ’ਚ ਸਾਡੇ ਸਾਬਕਾ ਕਰਮਚਾਰੀ ਵੀ ਹਨ। ਨਾਸਿਕ ਦੇ ਮਾਲੇਗਾਂਵ ਵਿੱਚ ਇਸ ਟੀਮ ਦੇ ਮੈਂਬਰ 500 ਏਕੜ ਤੋਂ ਜ਼ਿਆਦਾ ਜ਼ਮੀਨ ਵਿੱਚ ਐਗਰੋ ਫਾਰਮਿੰਗ ਕਰ ਰਹੇ ਹਨ, ਇਹ ਟੀਮ ਜਲ ਸੰਭਾਲ਼ ਦੇ ਲਈ ਕਈ ਤਲਾਬ ਬਣਾਉਣ ਵਿੱਚ ਜੁਟੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਆਰਗੈਨਿਕ ਖੇਤੀ ਅਤੇ ਡੇਅਰੀ ਵੀ ਸ਼ੁਰੂ ਕੀਤੀ ਹੈ। ਹੁਣ ਇਨ੍ਹਾਂ ਦੇ ਉਗਾਏ ਅੰਗੂਰਾਂ ਨੂੰ ਯੂਰਪ ਵਿੱਚ ਵੀ ਨਿਰਯਾਤ ਕੀਤਾ ਜਾ ਰਿਹਾ ਹੈ। ਇਸ ਟੀਮ ਦੀਆਂ ਜੋ ਦੋ ਵੱਡੀਆਂ ਵਿਸ਼ੇਸ਼ਥਾਵਾਂ ਹਨ, ਜਿਸ ਨੇ ਮੇਰਾ ਧਿਆਨ ਆਕਰਸ਼ਿਤ ਕੀਤਾ ਹੈ, ਉਹ ਇਹ ਹਨ - ‘ਜੈ ਵਿਗਿਆਨ’ ਅਤੇ ‘ਜੈ ਅਨੁਸੰਧਾਨ’। ਇਸ ਦੇ ਮੈਂਬਰ ਟੈਕਨੋਲੋਜੀ ਅਤੇ ਮੌਡਰਨ ਐਗਰੋ ਤਰੀਕਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰ ਰਹੇ ਹਨ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਿਰਯਾਤ ਦੇ ਲਈ ਜ਼ਰੂਰੀ ਕਈ ਤਰ੍ਹਾਂ ਦੇ ਪ੍ਰਮਾਣੀਕਰਣ ’ਤੇ ਵੀ ਫੋਕਸ ਕਰ ਰਹੇ ਹਨ। ‘ਸਹਿਕਾਰ ਸੇ ਸਮ੍ਰਿੱਧੀ’ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਇਸ ਟੀਮ ਦੀ ਮੈਂ ਸ਼ਲਾਘਾ ਕਰਦਾ ਹਾਂ। ਇਸ ਯਤਨ ਨਾਲ ਨਾ ਸਿਰਫ਼ ਵੱਡੀ ਗਿਣਤੀ ’ਚ ਲੋਕਾਂ ਦਾ ਸਸ਼ਕਤੀਕਰਣ ਹੋਇਆ ਹੈ, ਬਲਕਿ ਰੋਜ਼ਗਾਰ ਦੇ ਅਨੇਕਾਂ ਸਾਧਨ ਵੀ ਬਣੇ ਹਨ। ਮੈਨੂੰ ਉਮੀਦ ਹੈ ਕਿ ਇਹ ਯਤਨ ‘ਮਨ ਕੀ ਬਾਤ’ ਦੇ ਹਰ ਸਰੋਤੇ ਨੂੰ ਪ੍ਰੇਰਿਤ ਕਰੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 28 ਮਈ ਨੂੰ ਮਹਾਨ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਜੀ ਦੀ ਜਯੰਤੀ ਹੈ। ਉਨ੍ਹਾਂ ਦੇ ਤਿਆਗ, ਹੌਸਲੇ ਅਤੇ ਸੰਕਲਪ ਸ਼ਕਤੀ ਨਾਲ ਜੁੜੀਆਂ ਗਾਥਾਵਾਂ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ, ਮੈਂ ਉਹ ਦਿਨ ਭੁੱਲ ਨਹੀਂ ਸਕਦਾ, ਜਦੋਂ ਮੈਂ ਅੰਡੇਮਾਨ ਵਿੱਚ ਉਸ ਕੋਠੜੀ ’ਚ ਗਿਆ ਸੀ, ਜਿੱਥੇ ਵੀਰ ਸਾਵਰਕਰ ਜੀ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਸੀ। ਵੀਰ ਸਾਵਰਕਰ ਦੀ ਸ਼ਖ਼ਸੀਅਤ ਵਿੱਚ ਦ੍ਰਿੜ੍ਹਤਾ ਅਤੇ ਵਿਸ਼ਾਲਤਾ ਸ਼ਾਮਲ ਸਨ। ਉਨ੍ਹਾਂ ਦੇ ਨਿਡਰ ਅਤੇ ਸਵੈ-ਅਭਿਮਾਨੀ ਸੁਭਾਅ ਨੂੰ ਗੁਲਾਮੀ ਦੀ ਮਾਨਸਿਕਤਾ ਬਿਲਕੁਲ ਵੀ ਰਾਸ ਨਹੀਂ ਆਉਂਦੀ ਸੀ। ਸੁਤੰਤਰਤਾ ਅੰਦੋਲਨ ਹੀ ਨਹੀਂ, ਸਮਾਜਿਕ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਲਈ ਵੀ ਵੀਰ ਸਾਵਰਕਰ ਨੇ ਜਿੰਨਾ ਕੁਝ ਕੀਤਾ, ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਸਾਥੀਓ, ਕੁਝ ਦਿਨ ਬਾਅਦ 4 ਜੂਨ ਨੂੰ ਸੰਤ ਕਬੀਰ ਦਾਸ ਜੀ ਦੀ ਵੀ ਜਯੰਤੀ ਹੈ। ਕਬੀਰ ਦਾਸ ਜੀ ਨੇ ਜੋ ਰਾਹ ਸਾਨੂੰ ਵਿਖਾਇਆ ਹੈ, ਉਹ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ। ਕਬੀਰ ਦਾਸ ਜੀ ਕਹਿੰਦੇ ਸਨ,

‘‘ਕਬੀਰਾ ਕੁਆਂ ਏਕ ਹੈ, ਪਾਨੀ ਭਰੇ ਅਨੇਕ।

ਬਰਤਨ ਮੇਂ ਹੀ ਭੇਦ ਹੈ, ਪਾਨੀ ਸਬ ਮੇਂ ਏਕ।’’

(“कबीरा कुआँ एक है, पानी भरे अनेक।

बर्तन में ही भेद है, पानी सब में एक।|”)

ਯਾਨੀ ਖੂਹ ’ਤੇ ਭਾਵੇਂ ਵੱਖ-ਵੱਖ ਤਰ੍ਹਾਂ ਦੇ ਲੋਕ ਪਾਣੀ ਭਰਨ ਆਉਣ, ਲੇਕਿਨ ਖੂਹ ਕਿਸੇ ਵਿੱਚ ਭੇਦ ਨਹੀਂ ਕਰਦਾ। ਪਾਣੀ ਤਾਂ ਸਾਰੇ ਬਰਤਨਾਂ ਵਿੱਚ ਇੱਕ ਹੀ ਹੁੰਦਾ ਹੈ। ਸੰਤ ਕਬੀਰ ਜੀ ਨੇ ਸਮਾਜ ਨੂੰ ਵੰਡਣ ਵਾਲੀ ਹਰ ਕੁਰੀਤੀ ਦਾ ਵਿਰੋਧ ਕੀਤਾ। ਸਮਾਜ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਜਦੋਂ ਦੇਸ਼ ਵਿਕਸਿਤ ਹੋਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਤਾਂ ਸਾਨੂੰ ਸੰਤ ਕਬੀਰ ਤੋਂ ਪ੍ਰੇਰਣਾ ਲੈਂਦੇ ਹੋਏ ਸਮਾਜ ਨੂੰ ਸਸ਼ਕਤ ਕਰਨ ਦੇ ਆਪਣੇ ਯਤਨ ਹੋਰ ਵਧਾਉਣੇ ਚਾਹੀਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਤੁਹਾਡੇ ਨਾਲ ਦੇਸ਼ ਦੀ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਦੇ ਬਾਰੇ ਚਰਚਾ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨੇ ਰਾਜਨੀਤੀ ਅਤੇ ਫਿਲਮ ਜਗਤ ਵਿੱਚ ਆਪਣੀ ਅਨੋਖੀ ਯੋਗਤਾ ਦੇ ਬਲ ’ਤੇ ਅਮਿੱਟ ਛਾਪ ਛੱਡੀ। ਇਸ ਮਹਾਨ ਹਸਤੀ ਦਾ ਨਾਮ ਹੈ ਐੱਨ. ਟੀ. ਰਾਮਾਰਾਓ, ਜਿਨ੍ਹਾਂ ਨੂੰ ਅਸੀਂ ਸਾਰੇ ਐੱਨਟੀਆਰ ਦੇ ਨਾਮ ਨਾਲ ਵੀ ਜਾਣਦੇ ਹਾਂ। ਅੱਜ ਐੱਨਟੀਆਰ ਦੀ 100ਵੀਂ ਜਯੰਤੀ ਹੈ। ਆਪਣੀ ਬਹੁਮੁਖੀ ਪ੍ਰਤਿਭਾ ਦੇ ਬਲ ’ਤੇ ਉਹ ਨਾ ਸਿਰਫ਼ ਤੇਲੁਗੂ ਸਿਨੇਮਾ ਦੇ ਮਹਾਨਾਇਕ ਬਣੇ, ਬਲਕਿ ਉਨ੍ਹਾਂ ਨੇ ਕਰੋੜਾਂ ਲੋਕਾਂ ਦਾ ਦਿਲ ਵੀ ਜਿੱਤਿਆ। ਕੀ ਤੁਹਾਨੂੰ ਪਤਾ ਹੈ ਉਨ੍ਹਾਂ ਨੇ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਕਈ ਇਤਿਹਾਸਿਕ ਪਾਤਰਾਂ ਨੂੰ ਆਪਣੀ ਅਦਾਕਾਰੀ ਦੇ ਦਮ ’ਤੇ ਫਿਰ ਤੋਂ ਜਿਊਂਦਾ ਕਰ ਦਿੱਤਾ ਸੀ। ਭਗਵਾਨ ਕ੍ਰਿਸ਼ਨ, ਰਾਮ ਅਤੇ ਕਈ ਅਜਿਹੀਆਂ ਕਈ ਹੋਰ ਭੂਮਿਕਾਵਾਂ ਵਿੱਚ ਐੱਨਟੀਆਰ ਦੀ ਐਕਟਿੰਗ ਨੂੰ ਲੋਕਾਂ ਨੇ ਏਨਾ ਪਸੰਦ ਕੀਤਾ ਕਿ ਲੋਕ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਐੱਨਟੀਆਰ ਨੇ ਸਿਨੇਮਾ ਜਗਤ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਇੱਥੇ ਵੀ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਅਤੇ ਅਸ਼ੀਰਵਾਦ ਮਿਲਿਆ। ਦੇਸ਼-ਦੁਨੀਆਂ ਦੇ ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਐੱਨ.ਟੀ. ਰਾਮਾਰਾਓ ਜੀ ਨੂੰ ਮੈਂ ਆਪਣੀ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਏਨਾ ਹੀ। ਅਗਲੀ ਵਾਰੀ ਕੁਝ ਨਵੇਂ ਵਿਸ਼ਿਆਂ ਦੇ ਨਾਲ ਤੁਹਾਡੇ ਵਿਚਕਾਰ ਆਵਾਂਗਾ, ਉਦੋਂ ਤੱਕ ਕੁਝ ਇਲਾਕਿਆਂ ਵਿੱਚ ਗਰਮੀ ਹੋਰ ਜ਼ਿਆਦਾ ਵਧ ਚੁੱਕੀ ਹੋਵੇਗੀ। ਕਿਤੇ-ਕਿਤੇ ਬਾਰਿਸ਼ ਵੀ ਸ਼ੁਰੂ ਹੋ ਜਾਵੇਗੀ। ਤੁਸੀਂ ਮੌਸਮ ਦੀ ਹਰ ਪਰਿਸਥਿਤੀ ’ਚ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ। 21 ਜੂਨ ਨੂੰ ਅਸੀਂ ‘ਵਰਲਡ ਯੋਗਾ ਡੇ’ ਵੀ ਮਨਾਵਾਂਗੇ। ਉਸ ਦੀਆਂ ਵੀ ਦੇਸ਼-ਵਿਦੇਸ਼ ਵਿੱਚ ਤਿਆਰੀਆਂ ਚਲ ਰਹੀਆਂ ਹਨ। ਤੁਸੀਂ ਇਨ੍ਹਾਂ ਤਿਆਰੀਆਂ ਸਬੰਧੀ ਵੀ ਆਪਣੇ ‘ਮਨ ਕੀ ਬਾਤ’ ਮੈਨੂੰ ਲਿਖਦੇ ਰਹੋ। ਕਿਸੇ ਹੋਰ ਵਿਸ਼ੇ ’ਤੇ ਕੋਈ ਹੋਰ ਜਾਣਕਾਰੀ ਜੇਕਰ ਤੁਹਾਨੂੰ ਮਿਲੇ ਤਾਂ ਉਹ ਵੀ ਮੈਨੂੰ ਦੱਸਣਾ। ਮੇਰਾ ਯਤਨ ਜ਼ਿਆਦਾ ਤੋਂ ਜ਼ਿਆਦਾ ਸੁਝਾਵਾਂ ਨੂੰ ‘ਮਨ ਕੀ ਬਾਤ’ ਵਿੱਚ ਸ਼ਾਮਲ ਕਰਨ ਦਾ ਰਹੇਗਾ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੁਣ ਮਿਲਾਂਗੇ ਅਗਲੇ ਮਹੀਨੇ, ਉਦੋਂ ਤੱਕ ਲਈ ਮੈਨੂੰ ਵਿਦਾ ਦਿਓ। ਨਮਸਕਾਰ।

 

****

 

 

ਡੀਐੱਸ/ਐੱਸਐੱਚ/ਵੀਕੇ



(Release ID: 1927847) Visitor Counter : 142