ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਅਸਾਮ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


“ਅੱਜ ਦਾ ਰੋਜ਼ਗਾਰ ਮੇਲਾ ਅਸਾਮ ਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ”

"ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਅਸੀਂ ਸਾਰਿਆਂ ਨੇ ਆਪਣੇ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਪ੍ਰਣ ਲਿਆ ਹੈ"

“ਸਰਕਾਰੀ ਪ੍ਰਣਾਲੀਆਂ ਨੂੰ ਵਰਤਮਾਨ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਣਾ ਹੋਵੇਗਾ”

"ਹਰ ਨਵੇਂ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਨਾਲ ਹਰ ਸੈਕਟਰ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਮਿਲ ਰਿਹਾ ਹੈ"

“ਅੱਜ ਨੌਜਵਾਨ ਅਜਿਹੇ ਕਈ ਖੇਤਰਾਂ ਵਿੱਚ ਅੱਗੇ ਵੱਧ ਰਹੇ ਹਨ ਜਿਨ੍ਹਾਂ ਦੀ ਦਸ ਸਾਲ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ”

“ਅਸੀਂ ਨਵੇਂ ਭਾਰਤ ਦੇ ਨਿਰਮਾਣ ਵੱਲ ਤੇਜ਼ੀ ਨਾਲ ਕਦਮ ਚੁੱਕ ਰਹੇ ਹਾਂ”

Posted On: 25 MAY 2023 5:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਅਸਾਮ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਸਾਮ ਸਰਕਾਰ ਵਿੱਚ ਸਰਕਾਰੀ ਨੌਕਰੀਆਂ ਲਈ ਭਰਤੀ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਬੀਹੂ ਦੇ ਮੌਕੇ 'ਤੇ ਪਿਛਲੇ ਮਹੀਨੇ ਰਾਜ ਦੀ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਅਸਾਮੀ ਸੱਭਿਆਚਾਰ ਦੀ ਸ਼ਾਨ ਦਾ ਪ੍ਰਤੀਕ ਹੋਣ ਵਾਲੇ ਸ਼ਾਨਦਾਰ ਸਮਾਗਮ ਦੀ ਯਾਦ ਅੱਜ ਵੀ ਉਨ੍ਹਾਂ ਦੇ ਦਿਮਾਗ ਵਿੱਚ ਤਾਜ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਰੋਜ਼ਗਾਰ ਮੇਲਾ ਅਸਾਮ ਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਤੋਂ ਪਹਿਲਾਂ ਵੀ ਅਸਾਮ ਵਿੱਚ ਰੋਜ਼ਗਾਰ ਮੇਲੇ ਦੇ ਜ਼ਰੀਏ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕਰੀਬ 45 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ ਅਤੇ ਉਨ੍ਹਾਂ ਨੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ "ਅਸਾਮ ਸ਼ਾਂਤੀ ਅਤੇ ਵਿਕਾਸ ਦਾ ਇੱਕ ਨਵਾਂ ਯੁੱਗ ਦੇਖ ਰਿਹਾ ਹੈ ਅਤੇ ਵਿਕਾਸ ਦੀ ਇਸ ਗਤੀ ਨੇ ਅਸਾਮ ਵਿੱਚ ਸਕਾਰਾਤਮਕਤਾ ਅਤੇ ਪ੍ਰੇਰਣਾ ਭਰੀ ਹੈ।"  ਸਰਕਾਰੀ ਭਰਤੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਅਸਾਮ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਪ੍ਰਕਿਰਿਆਵਾਂ 'ਤੇ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਭਿੰਨ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਣਾਏ ਗਏ 'ਅਸਾਮ ਡਾਇਰੈਕਟ ਰਿਕਰੂਟਮੈਂਟ ਕਮਿਸ਼ਨ' ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਪ੍ਰਕਿਰਿਆ ਕਾਰਨ ਜਿੱਥੇ ਹਰੇਕ ਵਿਭਾਗ ਦੇ ਵੱਖੋ-ਵੱਖਰੇ ਨਿਯਮ ਸਨ, ਉੱਥੇ ਕਈ ਭਰਤੀਆਂ ਸਮੇਂ ਸਿਰ ਮੁਕੰਮਲ ਨਹੀਂ ਹੋ ਸਕੀਆਂ ਅਤੇ ਉਮੀਦਵਾਰਾਂ ਨੂੰ ਵੱਖੋ-ਵੱਖਰੇ ਵਿਭਾਗਾਂ ਲਈ ਵੱਖੋ-ਵੱਖਰੀਆਂ ਪਰੀਖਿਆਵਾਂ ਦੇਣੀਆਂ ਪੈਂਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਪ੍ਰਕਿਰਿਆਵਾਂ ਹੁਣ ਬਹੁਤ ਅਸਾਨ ਬਣਾ ਦਿੱਤੀਆਂ ਗਈਆਂ ਹਨ ਅਤੇ ਇਸ ਕੰਮ ਲਈ ਅਸਾਮ ਸਰਕਾਰ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਅਸੀਂ ਸਾਰਿਆਂ ਨੇ ਆਪਣੇ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਪ੍ਰਣ ਲਿਆ ਹੈ।” ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਅਗਲੇ 25 ਸਾਲ ਸੇਵਾ ਕਾਲ ਵਾਂਗ ਹੀ ਮਹੱਤਵਪੂਰਨ ਹਨ।

 

ਨਵ-ਨਿਯੁਕਤ ਵਿਅਕਤੀਆਂ ਦੇ ਵਿਵਹਾਰ, ਸੋਚ, ਕੰਮ ਪ੍ਰਤੀ ਪਹੁੰਚ ਅਤੇ ਜਨਤਾ 'ਤੇ ਪ੍ਰਭਾਵ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਵੇਂ ਨਿਯੁਕਤ ਕੀਤੇ ਗਏ ਵਿਅਕਤੀ ਹਰ ਆਮ ਨਾਗਰਿਕ ਲਈ ਅਸਾਮ ਸਰਕਾਰ ਦਾ ਚਿਹਰਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਮਾਜ ਖਾਹਿਸ਼ੀ ਬਣ ਰਿਹਾ ਹੈ ਅਤੇ ਕੋਈ ਵੀ ਨਾਗਰਿਕ ਵਿਕਾਸ ਦੀ ਉਡੀਕ ਨਹੀਂ ਕਰਨਾ ਚਾਹੁੰਦਾ। ਸ਼੍ਰੀ ਮੋਦੀ ਨੇ ਸਰਕਾਰੀ ਪ੍ਰਣਾਲੀਆਂ ਨੂੰ ਵੀ ਇਸੇ ਅਨੁਸਾਰ ਬਦਲਣ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਕਿਹਾ “ਟਵੰਟੀ-20 ਕ੍ਰਿਕਟ ਦੇ ਇਸ ਯੁੱਗ ਵਿੱਚ, ਦੇਸ਼ ਦੇ ਲੋਕ ਜਲਦੀ ਨਤੀਜੇ ਚਾਹੁੰਦੇ ਹਨ।” ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਰਕਾਰੀ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਨਵ-ਨਿਯੁਕਤਾਂ ਨੂੰ ਉਸੇ ਸਮਰਪਣ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ ਜਿਸ ਨੇ ਉਨ੍ਹਾਂ ਨੂੰ ਇੱਥੇ ਲਿਆਂਦਾ ਅਤੇ ਜ਼ੋਰ ਦਿੱਤਾ ਕਿ ਉਹ ਨਵੀਆਂ ਚੀਜ਼ਾਂ ਸਿੱਖਣ ਲਈ ਖੁੱਲ੍ਹੇ ਰਹਿ ਕੇ ਸਮਾਜ ਅਤੇ ਪ੍ਰਣਾਲੀ ਨੂੰ ਸੁਧਾਰਨ ਵਿੱਚ ਯੋਗਦਾਨ ਪਾ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਬਹੁਤ ਤੇਜ਼ੀ ਨਾਲ ਆਧੁਨਿਕ ਬਣਾਉਣ ਲਈ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਨਵੇਂ ਹਾਈਵੇਅ ਅਤੇ ਐਕਸਪ੍ਰੈੱਸਵੇਅ, ਰੇਲਵੇ ਲਾਈਨਾਂ, ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਜਲ ਮਾਰਗਾਂ ਜਿਹੇ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਹਰ ਨਵੇਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨਾਲ ਹਰ ਖੇਤਰ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਮਿਲ ਰਿਹਾ ਹੈ।  ਉਨ੍ਹਾਂ ਨੇ ਇੱਕ ਹਵਾਈ ਅੱਡੇ ਦੇ ਵਿਕਾਸ ਲਈ ਇੰਜੀਨੀਅਰਾਂ, ਟੈਕਨੀਸ਼ੀਅਨਾਂ, ਲੇਖਾਕਾਰਾਂ, ਮਜ਼ਦੂਰਾਂ ਅਤੇ ਵਿਭਿੰਨ ਪ੍ਰਕਾਰ ਦੇ ਸਾਜ਼ੋ-ਸਮਾਨ, ਸਟੀਲ ਅਤੇ ਸੀਮੈਂਟ ਦੀ ਜ਼ਰੂਰਤ ਦੀ ਉਦਾਹਰਣ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਰੇਲਵੇ ਲਾਈਨਾਂ ਦੇ ਵਿਸਤਾਰ ਅਤੇ ਬਿਜਲੀਕਰਣ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਈਜ਼ ਆਵੑ ਲਿਵਿੰਗ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਟਾਇਲਟ, ਗੈਸ ਕਨੈਕਸ਼ਨ, ਟੂਟੀ ਰਾਹੀਂ ਪਾਣੀ ਦੀ ਸਪਲਾਈ ਅਤੇ ਬਿਜਲੀ ਜਿਹੀਆਂ ਸੁਵਿਧਾਵਾਂ ਵਾਲੇ ਲਗਭਗ 4 ਕਰੋੜ ਪੱਕੇ ਘਰ ਬਣਾ ਕੇ ਗ਼ਰੀਬਾਂ ਨੂੰ ਸੌਂਪੇ ਹਨ। ਉਨ੍ਹਾਂ ਨੇ ਮੈਨੂਫੈਕਚਰਿੰਗ ਸੈਕਟਰ, ਲੌਜਿਸਟਿਕਸ, ਸਕਿਲਡ ਵਰਕਰਾਂ ਅਤੇ ਮਜ਼ਦੂਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਨ੍ਹਾਂ ਘਰਾਂ ਨੂੰ ਬਣਾਉਣ ਅਤੇ ਇਨ੍ਹਾਂ ਸੁਵਿਧਾਵਾਂ ਦਾ ਪ੍ਰਬੰਧ ਕਰਨ ਲਈ ਮਿਹਨਤ ਕੀਤੀ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਸਿਰਜਣ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਵੀ ਉਜਾਗਰ ਕੀਤਾ ਅਤੇ ਜ਼ਿਕਰ ਕੀਤਾ ਕਿ ਦੇਸ਼ ਵਿੱਚ ਬਹੁਤ ਸਾਰੇ ਨਵੇਂ ਹਸਪਤਾਲ ਅਤੇ ਕਲੀਨਿਕ ਸਥਾਪਿਤ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਕੁਝ ਹਫ਼ਤੇ ਪਹਿਲਾਂ ਏਮਜ਼ ਗੁਵਾਹਾਟੀ ਅਤੇ 3 ਮੈਡੀਕਲ ਕਾਲਜਾਂ ਨੂੰ ਸਮਰਪਿਤ ਕਰਨ ਦੇ ਸੁਭਾਗ ਨੂੰ ਵੀ ਯਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਅਸਾਮ ਵਿੱਚ ਡੈਂਟਲ ਕਾਲਜਾਂ ਦਾ ਵੀ ਵਿਸਤਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਕਾਰਨ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਸਟਾਰਟਅੱਪ ਈਕੋਸਿਸਟਮ ਨੂੰ ਉਜਾਗਰ ਕਰਦਿਆਂ ਕਿਹਾ "ਅੱਜ, ਨੌਜਵਾਨ ਅਜਿਹੇ ਕਈ ਖੇਤਰਾਂ ਵਿੱਚ ਅੱਗੇ ਵਧ ਰਹੇ ਹਨ ਜਿਨ੍ਹਾਂ ਦੀ ਦਸ ਸਾਲ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।” ਉਨ੍ਹਾਂ ਨੇ ਕਿਹਾ ਕਿ ਇਸ ਨੇ ਦੇਸ਼ ਵਿੱਚ ਲੱਖਾਂ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਖੇਤੀਬਾੜੀ, ਸਮਾਜਿਕ ਈਵੈਂਟਸ, ਸਰਵੇਖਣ ਅਤੇ ਰੱਖਿਆ ਖੇਤਰਾਂ ਵਿੱਚ ਡ੍ਰੋਨਾਂ ਦੀ ਵਧਦੀ ਮੰਗ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਹਨ।  

 

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਮੁਹਿੰਮ ਦਾ ਵੀ ਜ਼ਿਕਰ ਕੀਤਾ ਜੋ ਭਾਰਤ ਵਿੱਚ ਕਰੋੜਾਂ ਮੋਬਾਈਲ ਫੋਨਾਂ ਦਾ ਨਿਰਮਾਣ ਕਰਕੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ। ਬਰੌਡਬੈਂਡ ਕਨੈਕਟੀਵਿਟੀ ਦੇ ਵਿਸਤਾਰ ਦਾ ਜ਼ਿਕਰ ਕਰਦੇ ਹੋਏ, ਜੋ ਕਿ ਹਰ ਪਿੰਡ ਤੱਕ ਪਹੁੰਚ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਵੱਡੇ ਪੱਧਰ 'ਤੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕੀਤਾ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਿਰਫ ਇੱਕ ਯੋਜਨਾ ਜਾਂ ਇੱਕ ਫ਼ੈਸਲਾ ਹੀ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

 

ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਕ੍ਰੈਡਿਟ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉੱਤਰ ਪੂਰਬ ਤੋਂ ਵੱਡੀ ਸੰਖਿਆ ਵਿੱਚ ਨੌਜਵਾਨ ਵਿਕਾਸ ਦੀ ਮੁੱਖ ਧਾਰਾ ਵਿੱਚ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦੇ ਹੋਏ ਕਿਹਾ, “ਸਰਕਾਰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਦੇ ਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ। ਅਸੀਂ ਇੱਕ ਨਵੇਂ ਭਾਰਤ ਦੇ ਨਿਰਮਾਣ ਵੱਲ ਤੇਜ਼ੀ ਨਾਲ ਕਦਮ ਚੁੱਕ ਰਹੇ ਹਾਂ।”

 

 

 

 *********

 

ਡੀਐੱਸ/ਟੀਐੱਸ



(Release ID: 1927410) Visitor Counter : 74