ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਡੀਸ਼ਾ ਵਿੱਚ 8000 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਰੇਲਵੇ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਰਵਾਨਾ ਕੀਤਾ

ਓਡੀਸ਼ਾ ਵਿੱਚ ਰੇਲ ਨੈੱਟਵਰਕ ਦਾ 100% ਬਿਜਲੀਕਰਣ ਸਮਰਪਿਤ ਕੀਤਾ

ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਿਆ

“ਵੰਦੇ ਭਾਰਤ ਟ੍ਰੇਨ ਦੇ ਚਲਣ ‘ਤੇ ਭਾਰਤ ਦੀ ਗਤੀ ਅਤੇ ਪ੍ਰਗਤੀ ਦੇਖੀ ਜਾ ਸਕਦੀ ਹੈ”

“ਭਾਰਤੀ ਰੇਲ ਸਭ ਨੂੰ ਇੱਕ ਸੂਤਰ ਵਿੱਚ ਜੋੜਦੀ ਅਤੇ ਬੁਣਦੀ ਹੈ”

“ਭਾਰਤ ਨੇ ਅਤਿਅਧਿਕ ਉਲਟ ਆਲਮੀ ਪਰਿਸਥਿਤੀਆਂ ਦੇ ਬਾਵਜੂਦ ਆਪਣੇ ਵਿਕਾਸ ਦੀ ਗਤੀ ਬਣਾਈ ਰੱਖੀ ਹੈ”

“ਨਵਾਂ ਭਾਰਤ ਸਵਦੇਸ਼ੀ ਤਕਨੀਕ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਸ ਨੂੰ ਦੇਸ਼ ਦੇ ਕੋਣੇ-ਕੋਣੇ ਵਿੱਚ ਲੈ ਜਾ ਰਿਹਾ ਹੈ”

“ਓਡੀਸ਼ਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਰੇਲ ਲਾਈਨਾਂ ਦਾ 100% ਬਿਜਲੀਕਰਣ ਕੀਤਾ ਜਾ ਚੁੱਕਿਆ ਹੈ”

“ਬੁਨਿਆਦੀ ਢਾਂਚਾ ਨਾ ਕੇਵਲ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਂਦਾ ਹੈ ਬਲਕਿ ਸਮਾਜ ਨੂੰ ਵੀ ਸਸ਼ਕਤ ਬਣਾਉਂਦਾ ਹੈ”

“‘ਜਨ ਸੇਵਾ ਹੀ ਪ੍ਰਭੂ ਸੇਵਾ’ ਦੀ ਭਾਵਨਾ ਨਾਲ ਦੇਸ਼ ਅੱਗੇ ਵਧ ਰਿਹਾ ਹੈ- ਜਨਤਾ ਦੀ ਸੇਵਾ ਹੀ ਈਸ਼ਵਰ ਦੀ ਸੇਵਾ ਹੈ”

“ਭਾਰਤ ਦੇ ਤੀਬਰ ਵਿਕਾਸ ਦੇ ਲਈ ਰਾਜਾਂ ਦਾ ਸੰਤੁਲਿਤ ਵਿਕਾਸ ਜ਼ਰੂਰੀ”

“ਕੇਂਦਰ ਸਰਕਾਰ ਇਹ ਸੁਨਿਸ਼ਚਿਤ ਕਰਨ ‘ਤੇ ਪੂਰਾ ਧਿਆਨ ਦੇ ਰਹੀ ਹੈ ਕਿ ਓਡੀਸ਼ਾ ਪ੍ਰਾਕ੍ਰਿਤਕ ਆਫ਼ਤਾਂ ਨਾਲ ਸਫ਼ਲਤਾਪੂਰਵਕ ਨਜਿੱਠ ਸਕੇ”

Posted On: 18 MAY 2023 2:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਓਡੀਸ਼ਾ ਵਿੱਚ 8000 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾਉਣਾ, ਪੁਰੀ ਅਤੇ ਕਟਕ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣਾ, ਓਡੀਸ਼ਾ ਵਿੱਚ ਰੇਲ ਨੈੱਟਵਰਕ ਦਾ 100% ਬਿਜਲੀਕਰਣ ਸਮਰਪਿਤ ਕਰਨਾ, ਸੰਬਲਪੁਰ-ਟਿਟਲਾਗੜ੍ਹ ਰੇਲ ਲਾਈਨ ਦਾ ਦੋਹਰੀਕਰਣ, ਅੰਗੁਲ-ਸੁਕਿੰਦਾ ਦੇ ਦਰਮਿਆਨ ਇੱਕ ਨਵੀਂ ਬ੍ਰੌਡ ਗੇਜ ਰੇਲ ਲਾਈਨ; ਮਨੋਹਰਪੁਰ-ਰਾਉਰਕੇਲਾ-ਝਾਰਸੁਗੁੜਾ-ਜਮਗਾ ਨੂੰ ਜੋੜਨ ਵਾਲੀ ਤੀਸਰੀ ਲਾਈਨ ਅਤੇ ਬਿਛੁਪਾਲੀ-ਝਰਤਰਭਾ ਦਰਮਿਆਨ ਇੱਕ ਨਵੀਂ ਬ੍ਰੌਡ-ਗੇਜ ਲਾਈਨ ਵਿਛਾਉਣਾ ਸ਼ਾਮਲ ਹੈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਲੋਕਾਂ ਨੂੰ ਅੱਜ ਵੰਦੇ ਭਾਰਤ ਐਕਸਪ੍ਰੈੱਸ ਭੇਂਟ ਕੀਤੀ ਜਾ ਰਹੀ ਹੈ ਜੋ ਆਧੁਨਿਕ ਅਤੇ ਖ਼ਾਹਿਸ਼ੀ ਭਾਰਤ ਦਾ ਪ੍ਰਤੀਕ ਹੈ। “ਭਾਰਤ ਦੀ ਗਤੀ ਅਤੇ ਪ੍ਰਗਤੀ ਤਦ ਦੇਖੀ ਜਾ ਸਕਦੀ ਹੈ ਜਦੋਂ ਵੰਦੇ ਭਾਰਤ ਟ੍ਰੇਨ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਚਲਦੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗਤੀ ਹੁਣ ਓਡੀਸ਼ਾ ਅਤੇ ਪੱਛਮ ਬੰਗਾਲ ਰਾਜਾਂ ਵਿੱਚ ਦੇਖੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਯਾਤਰੀਆਂ ਦੇ ਯਾਤਰਾ ਦੇ ਅਨੁਭਵ ਦੇ ਨਾਲ-ਨਾਲ ਵਿਕਾਸ ਦੇ ਮਾਅਨੇ ਵੀ ਪੂਰੀ ਤਰ੍ਹਾਂ ਬਦਲ ਜਾਣਗੇ। ਹੁਣ ਦਰਸ਼ਨ ਦੇ ਲਈ ਕੋਲਕਾਤਾ ਤੋਂ ਪੁਰੀ ਦੀ ਯਾਤਰਾ ਹੋਵੇ ਜਾਂ ਪੁਰੀ ਤੋਂ ਕੋਲਕਾਤਾ ਆਉਣਾ ਹੋਵੇ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਯਾਤਰਾ ਦਾ ਸਮਾਂ ਹੁਣ ਘਟ ਕੇ ਕੇਵਲ ਸਾਢੇ ਤਿੰਨ ਘੰਟੇ ਰਹਿ ਜਾਵੇਗਾ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ, ਇਸ ਨਾਲ ਵਪਾਰ ਦੇ ਅਵਸਰ ਵਧਣਗੇ ਅਤੇ ਨੌਜਵਾਨਾਂ ਨੂੰ ਨਵੇਂ ਅਵਸਰ ਮਿਲਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਕਿਸੇ ਵੀ ਐਸੇ ਨਾਗਰਿਕ ਦੀ ਪਹਿਲੀ ਪਸੰਦ ਅਤੇ ਪ੍ਰਾਥਮਿਕਤਾ ਹੈ ਜੋ ਦੂਰ ਦੀ ਯਾਤਰਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਹੋਰ ਰੇਲਵੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦਾ ਪੁਨਰ-ਵਿਕਾਸ ਅਤੇ ਆਧੁਨਿਕੀਕਰਣ ਅਤੇ ਖੇਤਰ ਵਿੱਚ ਰੇਲ ਲਾਈਨਾਂ ਦਾ ਦੋਹਰੀਕਰਣ ਅਤੇ ਓਡੀਸ਼ਾ ਵਿੱਚ ਰੇਲ ਲਾਈਨਾਂ ਦਾ 100% ਬਿਜਲੀਕਰਣ ਸਮਰਪਿਤ ਕਰਨਾ ਸ਼ਾਮਲ ਹੈ।

 

ਆਜ਼ਾਦੀ ਕਾ ਅੰਮ੍ਰਿਤ ਕਾਲ ਦੇ ਦੌਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਰ ਦੇਸ਼ ਪੂਰੀ ਤਰ੍ਹਾਂ ਨਾਲ ਇਕਜੁੱਟ ਰਹਿੰਦਾ ਹੈ ਤਾਂ ਦੇਸ਼ ਦੀ ਸਮੂਹਿਕ ਸਮਰੱਥਾਵਾਂ ਸਿਖਰ ‘ਤੇ ਪਹੁੰਚ ਸਕਦੀਆਂ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਵੰਦੇ ਭਾਰਤ ਐਕਸਪ੍ਰੈੱਸ ਐਸੇ ਹੀ ਵਿਸ਼ਵਾਸ ਦਾ ਪ੍ਰਤੀਬਿੰਬ ਹੈ ਜਿੱਥੇ ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੇ ਵਿਕਾਸ ਦਾ ਇੰਜਣ ਬਣ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤੀ ਰੇਲ ਸਭ ਨੂੰ ਇੱਕ ਸੂਤਰ ਵਿੱਚ ਜੋੜਦੀ ਹੈ ਅਤੇ ਬੁਣਦੀ ਹੈ ਅਤੇ ਇਸੇ ਕਲਪਨਾ ਅਤੇ ਵਿਚਾਰ ਦੇ ਨਾਲ ਵੰਦੇ ਭਾਰਤ ਐਕਸਪ੍ਰੈੱਸ ਵੀ ਅੱਗੇ ਵਧੇਗੀ। ਉਨ੍ਹਾਂ ਨੇ ਕਿਹਾ ਕਿ ਟ੍ਰੇਨ ਪੁਰੀ ਅਤੇ ਹਾਵੜਾ ਦੇ ਦਰਮਿਆਨ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧ ਨੂੰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਪੰਦਰ੍ਹਾਂ ਵੰਦੇ ਭਾਰਤ ਟ੍ਰੇਨਾਂ ਪਹਿਲਾਂ ਤੋਂ ਹੀ ਚਲ ਰਹੀਆਂ ਹਨ ਜੋ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾ ਰਹੀਆਂ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਭਾਰਤ ਨੇ ਬੇਹਦ ਉਲਟ ਪਰਿਸਥਿਤੀਆਂ ਦੇ ਬਾਵਜੂਦ ਆਪਣੀ ਵਿਕਾਸ ਦੀ ਗਤੀ ਨੂੰ ਬਣਾਈ ਰੱਖਿਆ ਹੈ। ਸ਼੍ਰੀ ਮੋਦੀ ਨੇ ਇਸ ਯਾਤਰਾ ਵਿੱਚ ਹਰ ਰਾਜ ਦੀ ਭਾਗੀਦਾਰੀ ਨੂੰ ਕ੍ਰੈਡਿਟ ਦਿੱਤਾ ਅਤੇ ਕਿਹਾ ਕਿ ਦੇਸ਼ ਹਰ ਰਾਜ ਨੂੰ ਨਾਲ ਲੈਕੇ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੇ ਵਿਪਰੀਤ ਨਵਾਂ ਭਾਰਤ ਤਕਨੀਕ ਦਾ ਨਿਰਮਾਣ ਸਵਦੇਸ਼ੀ ਤੌਰ ‘ਤੇ ਕਰ ਰਿਹਾ ਹੈ ਅਤੇ ਦੇਸ਼ ਦੇ ਕੋਣੇ-ਕੋਣੇ ਵਿੱਚ ਲੈ ਜਾ ਰਿਹਾ ਹੈ। ਵੰਦੇ ਭਾਰਤ ਟ੍ਰੇਨਾਂ ਦੇ ਸਵਦੇਸ਼ੀ ਨਿਰਮਾਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤ ਨੇ ਮਹਾਮਾਰੀ ਦੇ ਦੌਰਾਨ 5ਜੀ ਅਤੇ ਵੈਕਸੀਨਾਂ (ਟੀਕਿਆਂ) ਜਿਹੀ ਟੈਕਨੋਲੋਜੀ ਵਿਕਸਿਤ ਕੀਤੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਇਨੋਵੇਸ਼ਨਸ਼ ਕਦੇ ਵੀ ਇੱਕ ਰਾਜ ਜਾਂ ਸ਼ਹਿਰ ਤੱਕ ਸੀਮਿਤ ਨਹੀਂ ਰਹੇ ਬਲਕਿ ਪੂਰੇ ਦੇਸ਼ ਦੇ ਸਮਾਨ ਰੂਪ ਨਾਲ ਲਏ ਗਏ। ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਦੇਸ਼ ਦੇ ਸਾਰੇ ਕੋਨਿਆਂ ਨੂੰ ਛੂਹ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ ਦੀ ਨੀਤੀ ਦਾ ਲਾਭ ਉਨ੍ਹਾਂ ਰਾਜਾਂ ਨੂੰ ਮਿਲ ਰਿਹਾ ਹੈ, ਜੋ ਵਿਕਾਸ ਵਿੱਚ ਪਿਛੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਰੇਲ ਪ੍ਰੋਜੈਕਟਾਂ ਦੇ ਲਈ ਬਜਟ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਵਿੱਚ ਰਾਜ ਵਿੱਚ ਹਰ ਸਾਲ ਕੇਵਲ 20 ਕਿਲੋਮੀਟਰ ਰੇਲਵੇ ਲਾਈਨਾਂ ਵਿਛਾਈਆਂ ਜਾਂਦੀਆਂ ਸਨ ਜਦਕਿ ਵਰ੍ਹੇ 2022-23 ਵਿੱਚ ਕੇਵਲ ਇੱਕ ਵਰ੍ਹੇ ਵਿੱਚ 120 ਕਿਲੋਮੀਟਰ ਲੰਬੀਆਂ ਰੇਲ ਲਾਈਨਾਂ ਵਿਛਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੰਬਿਤ ਖੁਰਦਾ ਬੋਲਨਗੀਰ ਲਾਈਨ ਅਤੇ ਹਰਿਦਾਸਪੁਰ-ਪਾਰਾਦੀਪ ਲਾਈਨ ਜਿਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ, “ਓਡੀਸ਼ਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਰੇਲ ਲਾਈਨਾਂ ਦਾ 100% ਬਿਜਲੀਕਰਣ ਹੋ ਚੁੱਕਿਆ ਹੈ।” ਉਨ੍ਹਾਂ ਨੇ ਦੱਸਿਆ ਕਿ ਪੱਛਮ ਬੰਗਾਲ ਵਿੱਚ ਸਮਾਨ ਉਪਲਬਧੀ ਹਾਸਲ ਕਰਨ ਦੇ ਲਈ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦਕਾ ਟ੍ਰੇਨਾਂ ਦੀ ਗਤੀ ਵਿੱਚ ਸਮੁੱਚੇ ਵਾਧੇ ਦੇ ਨਾਲ-ਨਾਲ ਮਾਲਗੱਡੀਆਂ ਦੇ ਸਮੇਂ ਦੀ ਬੱਚਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਖਣਿਜ ਸੰਪੰਨ ਰਾਜ ਓਡੀਸ਼ਾ ਨੂੰ ਰੇਲ ਲਾਈਨਾਂ ਦੇ ਬਿਜਲੀਕਰਣ ਨਾਲ ਬਹੁਤ ਲਾਭ ਹੋਵੇਗਾ ਜਿੱਥੇ ਡੀਜ਼ਲ ਇੰਜਣਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਵਿੱਚ ਕਾਫੀ ਕਮੀ ਆਵੇਗੀ ਅਤੇ ਮਦਦ ਮਿਲੇਗੀ ਉੱਥੇ ਹੀ ਰਾਜ ਦਾ ਉਦਯੋਗਿਕ ਵਿਕਾਸ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਇੱਕ ਹੋਰ ਪਹਿਲੂ ਨੂੰ ਵੀ ਛੂਹਿਆ ਜਿਸ ਬਾਰੇ ਅਕਸਰ ਅਧਿਕ ਬਾਤਾਂ ਨਹੀਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਨਾ ਕੇਵਲ ਲੋਕਾਂ ਦੇ ਜੀਵਨ ਨੂੰ ਅਧਿਕ ਸਰਲ ਬਣਾ ਦਿੰਦਾ ਹੈ ਬਲਕਿ ਇਹ ਸਮਾਜ ਨੂੰ ਵੀ ਸਸ਼ਕਤ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਬੁਨਿਆਦੀ ਢਾਂਚੇ ਦੀ ਕਮੀ ਹੁੰਦੀ ਹੈ ਤਾਂ ਲੋਕਾਂ ਦਾ ਵਿਕਾਸ ਪਿਛੜ ਜਾਂਦਾ ਹੈ। ਜਦੋਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਂਦਾ ਹੈ ਤਾਂ ਇਸੇ ਦੇ ਨਾਲ-ਨਾਲ ਲੋਕਾਂ ਦਾ ਵੀ ਤੇਜ਼ ਗਤੀ ਨਾਲ ਵਿਕਾਸ ਹੁੰਦਾ ਹੈ।” ਵਿਕਾਸ ਪਹਿਲਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੀਐੱਮ ਸੌਭਾਗਯ ਯੋਜਨਾ ਦਾ ਉਦਾਹਰਣ ਦਿੱਤੀ ਜਿੱਥੇ ਸਰਕਾਰ ਨੇ ਓਡੀਸ਼ਾ ਵਿੱਚ ਲਗਭਗ 25 ਲੱਖ ਘਰਾਂ ਤੇ ਪੱਛਮ ਬੰਗਾਲ ਵਿੱਚ 7.25 ਲੱਖ ਘਰਾਂ ਸਹਿਤ 2.5 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਬਿਜਲੀ ਦਾ ਮੁਫ਼ਤ ਕਨੈਕਸ਼ਨ ਉਪਲਬਧ ਕਰਵਾਇਆ ਹੈ।

 

 

ਦੇਸ਼ ਵਿੱਚ ਹਵਾਈ ਅੱਡਿਆਂ ਦੀ ਸੰਖਿਆ 75 ਤੋਂ ਵਧ ਕੇ ਅੱਜ 150 ਹੋ ਗਈ ਹੈ, ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਵਿਭਿੰਨ ਤਸਵੀਰਾਂ ਅਤੇ ਵੀਡੀਓਜ਼ ਦੇ ਵੱਲ ਧਿਆਨ ਆਕਰਸ਼ਿਤ ਕੀਤਾ ਜਿੱਥੇ ਦੇਸ਼ ਦੇ ਆਮ ਨਾਗਰਿਕਾਂ ਨੂੰ ਆਪਣੀ ਹਵਾਈ ਯਾਤਰਾ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਅੱਜ ਅਧਿਐਨ ਦਾ ਵਿਸ਼ਾ ਬਣ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਬੁਨਿਆਦੀ ਢਾਂਚੇ ਦੇ ਲਈ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਜਾਂਦੇ ਹਨ ਤਾਂ ਉਹ ਲੱਖਾਂ ਰੋਜ਼ਗਾਰ ਦਾ ਸਿਰਜਣਾ ਕਰਦਾ ਹੈ ਅਤੇ ਰੇਲਵੇ ਤੇ ਰਾਜਮਾਰਗ ਕਨੈਕਟੀਵਿਟੀ ਦੁਆਰਾ ਯਾਤਰਾ ਵਿੱਚ ਸੁਗਮਤਾ ਨਾਲ ਅੱਗੇ ਵਧ ਕੇ ਕਿਸਾਨਾਂ ਨੂੰ ਨਵੇਂ ਬਜ਼ਾਰਾਂ ਦੇ ਨਾਲ, ਟੂਰਿਸਟਾਂ ਨੂੰ ਨਵੇਂ ਆਕਰਸ਼ਣਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਸੰਦੀਦਾ ਕਾਲਜਾਂ ਦੇ ਨਾਲ ਜੋੜਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ‘ਜਨ ਸੇਵਾ ਹੀ ਪ੍ਰਭੂ ਸੇਵਾ’ – ਲੋਕਾਂ ਦੀ ਸੇਵਾ ਕਰਨਾ ਹੀ ਈਸ਼ਵਰ ਦੀ ਸੇਵਾ ਕਰਨਾ ਹੈ ਦੀ ਭਾਵਨਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਜਗਨਨਾਥ ਜਿਹੇ ਮੰਦਿਰਾਂ ਅਤੇ ਪੁਰੀ ਜਿਹੇ ਤੀਰਥਯਾਤਰਾ ਦੇ ਸਥਾਨਾਂ ਦਾ ਉਲੇਖ ਕੀਤਾ ਜਿੱਥੇ ਸਦੀਆਂ ਤੋਂ ਪ੍ਰਸਾਦ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਹਜ਼ਾਰਾਂ ਨਿਰਧਨ ਵਿਅਕਤੀਆਂ ਨੂੰ ਖਾਣਾ ਖਵਾਇਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਦੇ ਨਾਲ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਸਕੀਮ ਜਿਹੀਆਂ ਪਹਿਲਾਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾ ਰਹੀਆਂ ਹਨ ਅਤੇ ਆਯੁਸ਼ਮਾਨ ਕਾਰਡ, ਉੱਜਵਲਾ, ਜਲ ਜੀਵਨ ਮਿਸ਼ਨ ਤੇ ਪੀਐੱਮ ਆਵਾਸ ਯੋਜਨਾ ਜਿਹੀਆਂ ਸਕੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਅੱਜ ਗ਼ਰੀਬਾਂ ਨੂੰ ਉਹ ਸਾਰੀਆਂ ਮੂਲਭੂਤ ਸੁਵਿਧਾਵਾਂ ਪ੍ਰਾਪਤ ਹੋ ਰਹੀਆਂ ਹਨ ਜਿਸ ਦੇ ਲਈ ਪਹਿਲਾਂ ਉਨ੍ਹਾਂ ਨੂੰ ਵਰ੍ਹਿਆਂ ਤੱਕ ਉਡੀਕ ਕਰਨੀ ਪੈਂਦੀ ਸੀ।”

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਤੀਬਰ ਵਿਕਾਸ ਦੇ ਲਈ ਰਾਜਾਂ ਦਾ ਸੰਤੁਲਿਤ ਵਿਕਾਸ ਵੀ ਸਮਾਨ ਤੌਰ ‘ਤੇ ਜ਼ਰੂਰੀ ਹੈ। ਉਨ੍ਹਾਂ ਨੇ ਰਾਸ਼ਟਰ ਦੇ ਇਸ ਪ੍ਰਯਾਸ ਨੂੰ ਰੇਖਾਂਕਿਤ ਕੀਤਾ ਕਿ ਸੰਸਾਧਨਾਂ ਦੀ ਕਮੀ ਦੇ ਕਾਰਨ ਕਿਸੇ ਵੀ ਰਾਜ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ 15ਵੇਂ ਵਿੱਤ ਆਯੋਗ (ਵਿੱਤ ਕਮਿਸ਼ਨ) ਨੇ ਓਡੀਸ਼ਾ ਅਤੇ ਪੱਛਮ ਬੰਗਾਲ ਜਿਹੇ ਰਾਜਾਂ ਦੇ ਲਈ ਉੱਚਤਰ ਬਜਟ ਦੀ ਸਿਫ਼ਾਰਸ਼ ਕੀਤੀ। ਇਹ ਦੇਖਦੇ ਹੋਏ ਕਿ ਓਡੀਸ਼ਾ ਦੇ ਪਾਸ ਵਿਸ਼ਾਲ ਮਾਤਰਾ ਵਿੱਚ ਕੁਦਰਤੀ ਸੰਸਾਧਨਾਂ ਦੀ ਸੰਪਦਾ ਪ੍ਰਾਪਤ ਹੈ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ ਉਸ ਖਣਿਜ ਸੰਪਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਖਨਨ ਨੀਤੀ ਵਿੱਚ ਸੁਧਾਰ ਕੀਤਾ ਜਿਸ ਦੇ ਕਾਰਨ ਖਣਿਜ ਸੰਪਦਾ ਵਾਲੇ ਸਾਰੇ ਰਾਜਾਂ ਦੇ ਰੈਵੇਨਿਊ ਵਿੱਚ ਜ਼ਿਕਰਯੋਗ ਵਾਧਾ ਹੋਇਆ।”

 

ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜੀਐੱਸਟੀ ਲਾਗੂ ਹੋਣ ਦੇ ਬਾਅਦ ਤੋਂ ਟੈਕਸਾਂ ਨਾਲ ਹੋਣ ਵਾਲੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸੰਸਾਧਨਾਂ ਦਾ ਉਪਯੋਗ ਰਾਜ ਦੇ ਵਿਕਾਸ ਤੇ ਪਿੰਡਾਂ ਵਿੱਚ ਰਹਿਣ ਵਾਲੇ ਨਿਰਧਨ ਵਿਅਕਤੀਆਂ ਦੀ ਸੇਵਾ ਕਰਨ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਇਹ ਸੁਨਿਸ਼ਚਿਤ ਕਰਨ ‘ਤੇ ਪੂਰਾ ਧਿਆਨ ਦੇ ਰਹੀ ਹੈ ਕਿ ਓਡੀਸ਼ਾ ਸਫ਼ਲਤਾਪੂਰਵਕ ਪ੍ਰਾਕ੍ਰਿਤਿਕ ਆਫ਼ਤਾਂ ਦਾ ਮੁਕਾਬਲਾ ਕਰਨ ਵਿੱਚ ਸਮਰੱਥ ਹੋ ਸਕੇ।” ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਆਪਦਾ ਪ੍ਰਬੰਧਨ ਅਤੇ ਐੱਨਡੀਆਰਐੱਫ ਦੇ ਲਈ ਰਾਜ ਨੂੰ 8 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਉਪਲਬਧ ਕਰਵਾਏ ਹਨ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਓਡੀਸ਼ਾ, ਪੱਛਮ ਬੰਗਾਲ ਅਤੇ ਪੂਰੇ ਦੇਸ਼ ਵਿੱਚ ਵਿਕਾਸ ਦੀ ਗਤੀ ਵਿੱਚ ਤੇਜ਼ੀ ਆਵੇਗੀ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਇੱਕ ਨਵੇਂ ਅਤੇ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰ ਸਕਾਂਗੇ।

 

ਇਸ ਅਵਸਰ ‘ਤੇ, ਹੋਰ ਪਤਵੰਤਿਆਂ ਦੇ ਨਾਲ-ਨਾਲ ਓਡੀਸ਼ਾ ਦੇ ਰਾਜਪਾਲ ਸ਼੍ਰੀ ਗਣੇਸ਼ੀ ਲਾਲ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਤੇ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਸ਼ੀਲਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾਈ। ਇਹ ਟ੍ਰੇਨ ਓਡੀਸ਼ਾ ਦੇ ਖੋਰਧਾ, ਕਟਕ, ਜਾਜਪੁਰ, ਭਦ੍ਰਕ ਅਤੇ ਬਾਲਾਸੋਰ ਜ਼ਿਲ੍ਹਿਆਂ ਤੇ ਪੱਛਮ ਬੰਗਾਲ ਵਿੱਚ ਪੱਛਮ ਮੇਦਿਨੀਪੁਰ ਅਤੇ ਪੂਰਬੀ ਮੇਦਿਨੀਪੁਰ ਜ਼ਿਲ੍ਹਿਆਂ ਤੋਂ ਹੋ ਕੇ ਗੁਜਰੇਗੀ। ਇਹ ਟ੍ਰੇਨ, ਰੇਲ ਯਾਤਰੀਆਂ ਦੇ ਲਈ ਇੱਕ ਅਧਿਕ ਤੇਜ਼, ਅਧਿਕ ਅਰਾਮਦਾਇਕ ਅਤੇ ਅਧਿਕ ਸੁਵਿਧਾਜਨਕ ਯਾਤਰਾ ਦਾ ਅਨੁਭਵ ਪ੍ਰਦਾਨ ਕਰੇਗੀ, ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਵੇਗੀ।

 

ਪ੍ਰਧਾਨ ਮੰਤਰੀ ਨੇ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਪੁਨਰ-ਵਿਕਸਿਤ ਸਟੇਸ਼ਨਾਂ ਵਿੱਚ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਹੋਣਗੀਆਂ।

 

ਪ੍ਰਧਾਨ ਮੰਤਰੀ ਨੇ ਓਡੀਸ਼ਾ ਵਿੱਚ ਰੇਲ ਨੈੱਟਵਰਕ ਦਾ 100% ਬਿਜਲੀਕਰਣ ਦੇਸ਼ ਨੂੰ ਸਮਰਪਿਤ ਕੀਤਾ। ਇਸ ਨਾਲ ਪ੍ਰਚਾਲਨ ਅਤੇ ਰੱਖ-ਰਖਾਅ ਲਾਗਤ ਵਿੱਚ ਕਮੀ ਆਵੇਗੀ ਅਤੇ ਆਯਾਤ ਕੱਚੇ ਤੇਲ ‘ਤੇ ਨਿਰਭਰਤਾ ਘੱਟ ਹੋਵੇਗੀ। ਪ੍ਰਧਾਨ ਮੰਤਰੀ ਨੇ ਸੰਬਲਪੁਰ-ਟਿਟਲਾਗੜ੍ਹ ਰੇਲ ਲਾਈਨ ਦੇ ਦੋਹਰੀਕਰਣ, ਅੰਗੁਲ-ਸੁਕਿੰਦਾ ਦੇ ਦਰਮਿਆਨ ਇੱਕ ਨਵੀਂ ਬ੍ਰੌਡ ਗੇਜ ਰੇਲ ਲਾਈਨ, ਮਨੋਹਰਪੁਰ-ਰਾਉਰਕੇਲਾ-ਝਾਰਸੁਗੁੜਾ-ਜਮਗਾ ਨੂੰ ਕਨੈਕਟ ਕਰਨ ਵਾਲੀ ਤੀਸਰੀ ਲਾਈਨ ਅਤੇ ਬਿਛੁਪਾਲੀ-ਝਾਰਤਰਭਾ ਦਰਮਿਆਨ ਇੱਕ ਨਵੀਂ ਬ੍ਰੌਡ ਗੇਜ ਰੇਲ ਲਾਈਨ ਨੂੰ ਵੀ ਸਮਰਪਿਤ ਕੀਤਾ। ਇਹ ਓਡੀਸ਼ਾ ਵਿੱਚ ਇਸਪਾਤ, ਬਿਜਲੀ ਤੇ ਖਨਨ ਖੇਤਰਾਂ ਵਿੱਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਦੇ ਸਦਕਾ ਵਧੀਆਂ ਹੋਈਆਂ ਟ੍ਰੈਫਿਕ ਮੰਗਾਂ ਨੂੰ ਪੂਰਾ ਕਰਨਗੇ ਤੇ ਇਨ੍ਹਾਂ ਰੇਲ ਸੈਕਸ਼ਨਾਂ ਵਿੱਚ ਪੈਸੰਜਰ ਟ੍ਰੈਫਿਕ ‘ਤੇ ਦਬਾਅ ਘੱਟ ਕਰਨ ਵਿੱਚ ਵੀ ਸਹਾਇਤਾ ਕਰਨਗੇ।

*****

ਡੀਐੱਸ/ਟੀਐੱਸ



(Release ID: 1925470) Visitor Counter : 75