ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਾਲ 2022-23 ਵਿੱਚ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) 'ਤੇ 35.7 ਲੱਖ ਅਸਾਮੀਆਂ ਰਜਿਸਟਰ ਕੀਤੀਆਂ ਗਈਆਂ


1 ਮਿਲੀਅਨ ਤੋਂ ਵੱਧ ਰੋਜ਼ਗਾਰਦਾਤਾ ਐੱਨਸੀਐੱਸ ਵਿੱਚ ਸ਼ਾਮਲ ਹੋਏ

Posted On: 11 APR 2023 2:20PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਰਾਸ਼ਟਰੀ ਰੋਜ਼ਗਾਰ ਸੇਵਾ (ਐੱਨਸੀਐੱਸ) ਪ੍ਰੋਜੈਕਟ ਨੂੰ ਇੱਕ ਮਿਸ਼ਨ ਮੋਡ ਪ੍ਰੋਜੈਕਟ ਦੇ ਤੌਰ 'ਤੇ ਲਾਗੂ ਕਰ ਰਿਹਾ ਹੈ ਤਾਂ ਜੋ ਰੋਜ਼ਗਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਜੌਬ ਮੈਚਿੰਗ, ਕਰੀਅਰ ਕਾਉਂਸਲਿੰਗ, ਕਿੱਤਾਮੁਖੀ ਮਾਰਗਦਰਸ਼ਨ, ਹੁਨਰ ਵਿਕਾਸ ਕੋਰਸਾਂ, ਇੰਟਰਨਸ਼ਿਪ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਐੱਨਸੀਐੱਸ ਅਧੀਨ ਸੇਵਾਵਾਂ ਔਨਲਾਈਨ ਉਪਲਬਧ ਹਨ, ਜੋ 2015 ਵਿੱਚ ਪ੍ਰਧਾਨ ਮੰਤਰੀ ਵਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।

ਐੱਨਸੀਐੱਸ ਪੋਰਟਲ ਨੇ ਜੁਲਾਈ, 2015 ਵਿੱਚ ਲਾਂਚ ਹੋਣ ਤੋਂ ਬਾਅਦ ਸਾਲ 2022-23 ਦੌਰਾਨ ਸਭ ਤੋਂ ਵੱਧ ਅਸਾਮੀਆਂ ਦਰਜ ਕੀਤੀਆਂ ਹਨ। ਸਾਲ 2021-22 ਵਿੱਚ ਲਗਭਗ 13 ਲੱਖ ਖਾਲੀ ਅਸਾਮੀਆਂ ਦੇ ਮੁਕਾਬਲੇ ਸਾਲ 2022-23 ਦੌਰਾਨ ਐੱਨਸੀਐੱਸ 'ਤੇ ਰੋਜ਼ਗਾਰਦਾਤਾਵਾਂ ਵਲੋਂ ਲਗਭਗ 35.7 ਲੱਖ ਖਾਲੀ ਅਸਾਮੀਆਂ ਰਿਪੋਰਟ ਕੀਤੀਆਂ ਗਈਆਂ ਹਨ। 2022-23 ਵਿੱਚ ਐੱਨਸੀਐੱਸ 'ਤੇ ਖਾਲੀ ਅਸਾਮੀਆਂ ਦੀ ਰਿਪੋਰਟਿੰਗ ਵਿੱਚ 2021-22 ਦੇ ਮੁਕਾਬਲੇ 175% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਸਾਲ 2022-23 ਵਿੱਚ ਵੀ 30 ਅਕਤੂਬਰ, 2022 ਨੂੰ 5.3 ਲੱਖ ਤੋਂ ਵੱਧ ਸਰਗਰਮ ਅਸਾਮੀਆਂ ਦੀ ਗਿਣਤੀ ਦੇਖੀ ਗਈ।

ਐੱਨਸੀਐੱਸ 'ਤੇ ਖਾਲੀ ਅਸਾਮੀਆਂ ਵਿੱਚ ਵਾਧਾ ਸਾਰੇ ਖੇਤਰਾਂ ਵਿੱਚ ਦੇਖਿਆ ਗਿਆ ਹੈ। ਵਿੱਤ ਅਤੇ ਬੀਮਾ ਖੇਤਰ ਨੇ 2021-22 ਵਿੱਚ 2.2 ਲੱਖ ਖਾਲੀ ਅਸਾਮੀਆਂ ਦੇ ਮੁਕਾਬਲੇ 2022-23 ਦੌਰਾਨ 800% ਤੋਂ ਵੱਧ ਦਾ ਸ਼ਾਨਦਾਰ ਵਾਧਾ ਦਰਸਾਇਆ ਹੈ ਅਤੇ 20.8 ਲੱਖ ਅਸਾਮੀਆਂ ਦਰਜ ਕੀਤੀਆਂ ਹਨ। ਸੰਚਾਲਨ ਅਤੇ ਸਹਾਇਤਾ ਖੇਤਰ ਦੀਆਂ ਅਸਾਮੀਆਂ ਵਿੱਚ ਵੀ 400% ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ 2021-22 ਵਿੱਚ 76 ਹਜ਼ਾਰ ਦੇ ਮੁਕਾਬਲੇ 2022-23 ਵਿੱਚ 3.75 ਲੱਖ ਖਾਲੀ ਅਸਾਮੀਆਂ ਦਰਜ ਕੀਤੀਆਂ ਗਈਆਂ ਹਨ। ਵੱਖ-ਵੱਖ ਸੈਕਟਰਾਂ, ਜਿਵੇਂ ਕਿ 'ਹੋਟਲ, ਫੂਡ ਸਰਵਿਸ ਐਂਡ ਕੇਟਰਿੰਗ', 'ਮੈਨਿਊਫੈਕਚਰਿੰਗ', 'ਸਿਹਤ', 'ਸਿੱਖਿਆ' ਆਦਿ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਸਾਲ 2022-23 ਦੌਰਾਨ ਕਾਫ਼ੀ ਵਾਧਾ ਹੋਇਆ ਹੈ।

ਸਾਲ 2022-23 ਦੌਰਾਨ, ਐੱਨਸੀਐੱਸ ਪੋਰਟਲ ਨੇ ਆਪਣੇ ਲਾਂਚ ਤੋਂ ਬਾਅਦ 1 ਮਿਲੀਅਨ ਤੋਂ ਵੱਧ ਰੋਜ਼ਗਾਰਦਾਤਾਵਾਂ ਨੂੰ ਰਜਿਸਟਰ ਕਰਨ ਦਾ ਇੱਕ ਮੀਲ ਪੱਥਰ ਵੀ ਸਥਾਪਤ ਕੀਤਾ ਹੈ। ਕੁੱਲ ਰਜਿਸਟਰਡ ਰੋਜ਼ਗਾਰਦਾਤਾਵਾਂ ਵਿੱਚੋਂ, ਸਾਲ 2022-23 ਵਿੱਚ 8 ਲੱਖ ਤੋਂ ਵੱਧ ਰੋਜ਼ਗਾਰਦਾਤਾ ਰਜਿਸਟਰਡ ਹੋਏ ਸਨ। ਰੋਜ਼ਗਾਰਦਾਤਾਵਾਂ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਸੇਵਾ ਖੇਤਰ (6.5 ਲੱਖ) ਵਿੱਚ ਹੋਈ ਸੀ, ਜਿਸ ਤੋਂ ਬਾਅਦ ਨਿਰਮਾਣ ਖੇਤਰ ਦੇ ਰੋਜ਼ਗਾਰਦਾਤਾਵਾਂ ਦੀ ਗਿਣਤੀ ਆਉਂਦੀ ਹੈ।

ਐੱਨਸੀਐੱਸ ਪੋਰਟਲ 'ਤੇ ਉਪਲਬਧ ਸਾਰੀਆਂ ਸੇਵਾਵਾਂ ਨੌਕਰੀ ਲੱਭਣ ਵਾਲਿਆਂ, ਰੋਜ਼ਗਾਰਦਾਤਾਵਾਂ, ਸਿਖਲਾਈ ਪ੍ਰਦਾਤਾਵਾਂ ਅਤੇ ਪਲੇਸਮੈਂਟ ਸੰਸਥਾਵਾਂ ਸਮੇਤ ਸਾਰੇ ਹਿੱਸੇਦਾਰਾਂ ਲਈ ਮੁਫਤ ਹਨ।

****

ਐੱਮਜੇਪੀਐੱਸ 



(Release ID: 1916178) Visitor Counter : 99