ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਨੇ ਸਾਬਕਾ ਸੈਨਿਕਾਂ ਦੀ ਭਲਾਈ ਅਤੇ ਪੁਨਰਵਾਸ ਨੂੰ ਹੋਰ ਅਧਿਕ ਸੁਨਿਸ਼ਚਿਤ ਕਰਨ ਲਈ ਨਵੀਂ ਦਿੱਲੀ ਵਿੱਚ 31ਵੀਂ ਕੇਂਦਰੀ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਸ਼ਟਰ ਦੇ ਲਾਭ ਲਈ ਸਾਬਕਾ ਸੈਨਿਕਾਂ ਦੇ ਸਮ੍ਰਿੱਧ ਅਨੁਭਵ ਦਾ ਉਪਯੋਗ ਕਰਨ ਲਈ ਨਵੇਂ ਤੌਰ-ਤਰੀਕੇ ਬਣਾਉਣ ਦੀ ਤਾਕੀਦ ਕੀਤੀ
ਸਾਬਕਾ ਸੈਨਿਕ ਰਾਸ਼ਟਰੀ ਸੰਪਤੀ ਹਨ: ਸਰਕਾਰ ਉਨ੍ਹਾਂ ਦੀ ਭਲਾਈ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬਧ: ਸ਼੍ਰੀ ਰਾਜਨਾਥ ਸਿੰਘ
“ਕੇਂਦਰੀ ਸੈਨਿਕ ਬੋਰਡ ਦੀਆਂ ਵਿਭਿੰਨ ਭਲਾਈ ਯੋਜਨਾਵਾਂ ਦੇ ਤਹਿਤ ਪਿਛਲੇ ਤਿੰਨ ਵਰ੍ਹਿਆਂ ਵਿੱਚ ਤਿੰਨ ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ 800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ”
Posted On:
11 APR 2023 2:04PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 11 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਸੈਨਿਕ ਬੋਰਡ (ਕੇਐੱਸਬੀ) ਦੀ 31ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਐੱਸਬੀ ਕੇਂਦਰ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼ਿਖਰਲੀ ਸ਼ੰਸਥਾ ਹੈ। ਇਸ ਨੂੰ ਸਾਬਕਾ ਸੈਨਿਕਾਂ (ਈਐੱਸਐੱਮ) ਦੀ ਭਲਾਈ ਅਤੇ ਪੁਨਰਵਾਸ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਮੀਟਿੰਗ ਵਿੱਚ ਨੀਤੀਗਤ ਉਪਾਵਾਂ ਦੇ ਮਾਧਿਅਮ ਨਾਲ ਸਾਬਕਾ ਸੈਨਿਕਾਂ ਤੱਕ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਕਿ ਸਾਬਕਾ ਸੈਨਿਕਾਂ ਦੀ ਭਲਾਈ ਅਤੇ ਪੁਨਰਵਾਸ ਨੂੰ ਹੋਰ ਅਧਿਕ ਸੁਨਿਸ਼ਚਿਤ ਕੀਤਾ ਜਾ ਸਕੇ।
ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਸਾਬਕਾ ਸੈਨਿਕਾਂ ਨੂੰ ਰਾਸ਼ਟਰੀ ਸੰਪਤੀ ਦੱਸਿਆ ਅਤੇ ਦੇਸ਼ ਦੇ ਲਾਭ ਲਈ ਉਨ੍ਹਾਂ ਦੇ ਸਮ੍ਰਿੱਧ ਅਤੇ ਵਿਵਹਾਰਿਕ ਅਨੁਭਵ ਦਾ ਉਪਯੋਗ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੇਂ ਤੌਰ-ਤਰੀਕੇ ਬਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਨੇਕ ਰਾਜਾਂ ਵਿੱਚ ਸਾਬਕਾ ਸੈਨਿਕਾਂ ਲਈ ਨੌਕਰੀਆਂ ਵਿੱਚ ਰਾਖਵਾਂਕਰਣ ਹੈ, ਜਿਸ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ ਅਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਰੱਖਿਆ ਮੰਤਰੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸੈਨਿਕਾਂ ਦੀ ਭਲਾਈ ਲਈ ਹਮੇਸ਼ਾ ਇਕੱਠੇ ਕੰਮ ਕੀਤਾ ਹੈ। ਉਨ੍ਹਾਂ ਨੇ ਕੇਐੱਸਬੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸਹਿਕਾਰੀ ਸੰਘਵਾਦ ਦੀ ਜ਼ਿੰਦਾਦਲੀ ਦੀ ਉਦਾਹਰਣ ਦਿੱਤੀ। “ਰਾਜਾਂ ਅਤੇ ਰਾਜਨੀਤਕ ਦਲਾਂ ਦੇ ਦਰਮਿਆਨ ਅਨੇਕ ਵਿਸ਼ਿਆਂ ‘ਤੇ ਮਤਭੇਦ ਹਨ। ਇਹ ਸਭ ਲੋਕਤੰਤਰ ਦਾ ਹਿੱਸਾ ਹੈ, ਲੇਕਿਨ ਜਦੋਂ ਗੱਲ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਦੀ ਆਉਂਦੀ ਹੈ ਤਾਂ ਸਾਰੇ ਇਕੱਠੇ ਆ ਜਾਂਦੇ ਹਨ। ਸਾਡੇ ਸੈਨਿਕਾਂ ਨੂੰ ਲੈ ਕੇ ਹਮੇਸ਼ਾ ਸਮਾਜਿਕ ਅਤੇ ਰਾਜਨੀਤਕ ਸਹਿਮਤੀ ਰਹੀ ਹੈ। ਹਥਿਆਰਬੰਦ ਬਲ ਸਮਾਨ ਰੂਪ ਨਾਲ ਪੂਰੇ ਦੇਸ਼ ਦੀ ਰੱਖਿਆ ਕਰਦੇ ਹਨ। ਇਹ ਸਾਡੀ ਰਾਸ਼ਟਰੀ ਅਤੇ ਸਮੂਹਿਕ ਜ਼ਿੰਮੇਦਾਰੀ ਹੈ ਕਿ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਰਿਟਾਇਰਮੈਂਟ ਤੋਂ ਬਾਅਦ ਸਮਾਜ ਵਿੱਚ ਵਾਪਸ ਜਾਣ ਵਾਲੇ ਸਾਡੇ ਸੈਨਿਕ ਸਨਮਾਨ ਨਾਲ ਜੀਵਨ ਜੀਉਣ।
ਹਥਿਆਰਬੰਦ ਬਲਾਂ ਨੂੰ ਯੁਵਾ ਰੱਖਣ ਲਈ ਬੜੀ ਸੰਖਿਆ ਵਿੱਚ ਸੈਨਿਕ 35-40 ਵਰ੍ਹਿਆਂ ਦੀ ਉਮਰ ਵਿੱਚ ਸਨਮਾਨਪੂਰਵਕ ਸੇਵਾ ਮੁਕਤ ਹੋ ਜਾਂਦੇ ਹਨ। ਇਸ ਦੇ ਨਤੀਜੇ ਵੱਜੋਂ ਵਰਤਮਾਨ ਸਮੇਂ 34 ਲੱਖ ਸਾਬਕਾ ਸੈਨਿਕਾਂ ਦੀ ਸੰਖਿਆ ਵਿੱਚ ਲਗਭਗ 60,000 ਸੈਨਿਕ ਪ੍ਰਤੀ ਵਰ੍ਹੇ ਜੁੜ ਜਾਂਦੇ ਹਨ। ਸ਼੍ਰੀ ਰਾਜਨਾਥ ਸਿੰਘ ਨੇ ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਸਰਕਾਰ ਦੇ ਅਟਲ ਸੰਕਲਪ ਦੀ ਗੱਲ ਕੀਤੀ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਅਤੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਰੱਖਿਆ ਮੰਤਰਾਲੇ ਦੁਆਰਾ ਚੁੱਕੇ ਗਏ ਅਨੇਕ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ ਕੇਐੱਸਬੀ ਦੀਆਂ ਵਿਭਿੰਨ ਭਲਾਈ ਯੋਜਨਾਵਾਂ ਦੇ ਤਹਿਤ ਲਗਭਗ 3.16 ਲੱਖ ਲਾਭਾਰਥੀਆਂ ਨੂੰ ਲਗਭਗ 800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਪਿਛਲੇ ਵਿੱਤੀ ਵਰ੍ਹੇ ਵਿੱਚ ਇੱਕ ਲੱਖ ਲਾਭਾਰਥੀਆਂ ਨੂੰ ਲਗਭਗ 240 ਕਰੋੜ ਰੁਪਏ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਜ਼ਰੂਰੀ ਬਜਟ ਪ੍ਰਦਾਨ ਕੀਤਾ ਜਾ ਰਿਹਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪੈਰਾਪਲੈਜਿਕ ਪੁਨਰਵਾਸ ਕੇਂਦਰ (Paraplegic Rehabilitation Centre), ਕ੍ਰਿਕੀ, ਚੇਸ਼ਰ ਹੋਮ, ਮੋਹਾਲੀ ਅਤੇ ਦੇਹਰਾਦੂਨ, ਲਖਨਊ ਅਤੇ ਦਿੱਲੀ ਸਹਿਤ ਦੇਸ਼ ਦੇ 36 ਯੁੱਧ ਸਮਾਰਕ ਹਸਪਤਾਲਾਂ ਨੂੰ ਸੰਸਥਾਗਤ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦੁਹਰਾਇਆ ਕਿ ਸਾਬਕਾ ਸੈਨਿਕਾਂ ਦੀ ਸਿਹਤ ਸੇਵਾ ਸਰਕਾਰ ਦੀ ਸਰਵ-ਉੱਚ ਪ੍ਰਾਥਮਿਕਤਾ ਹੈ ਅਤੇ ਸਾਬਕਾ ਸੈਨਿਕ ਅੰਸ਼ਦਾਈ ਸਿਹਤ ਯੋਜਨਾ (ਈਸੀਐੱਚਐੱਸ) (Contributory Health Scheme ) ਸੁਵਿਧਾਵਾਂ ਦੀ ਨਿਯਮਿਤ ਅਧਾਰ ‘ਤੇ ਸਮੀਖਿਆ ਕੀਤੀ ਜਾ ਰਹੀ ਹੈ।
ਵਰਤਮਾਨ ਸਮੇਂ 30 ਖੇਤਰੀ ਕੇਂਦਰ ਅਤੇ 427 ਪੌਲੀਕਲੀਨਿਕ ਕੰਮ ਕਰ ਰਹੇ ਹਨ। 75 ਟਾਈਪ-ਸੀ ਅਤੇ ਡੀ ਪੌਲੀਕਲੀਨਿਕਾਂ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ ਪਹੁੰਚ ਵਧਾਉਣ ਲਈ ਵੀਡਿਓ ਪਲੈਟਫਾਰਮ, ਸਿਹਤ ਓਪੀਡੀ ਲਾਂਚ ਕੀਤਾ ਗਿਆ। ਵਿਭਿੰਨ ਸਥਲਾਂ ‘ਤੇ ਟਾਟਾ ਮੈਮੋਰੀਅਲ ਹਸਪਤਾਲ ਜਿਹੇ ਨਵੇਂ ਗੁਣਵੱਤਾ ਸੰਪਨ ਹਸਪਤਾਲਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਲਾਭਪਾਤਰੀਆਂ ਨੂੰ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਦਵਾਈ ਖਰੀਦਣ ਦੀ ਪ੍ਰੀਕ੍ਰਿਆ ਅਸਾਨ ਬਣਾਈ ਜਾ ਰਹੀ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਸਾਬਕਾ ਸੈਨਿਕਾਂ ਤੱਕ ਪਹੁੰਚਣ ਲਈ ਵਿਸ਼ੇਸ਼ ਜਾਗਰੂਕਤਾ ਅਤੇ ਆਊਟਰਿਚ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਸਾਬਕਾ ਸੈਨਿਕਾਂ ਦੀ ਭਲਾਈ ਅਤੇ ਪੁਨਰਵਾਸ ਦੇ ਸਮੂਹਿਕ ਪ੍ਰਯਾਸਾਂ ਵਿੱਚ ਨਾਗਰਿਕਾਂ ਅਤੇ ਕਾਰਪੋਰੇਟ ਸੈਕਟਰ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਯੋਜਨਾਵਾਂ ਵਿੱਚ ਅਰਜੀ ਦੇਣ ਤੋਂ ਲੈ ਕੇ ਵੰਡ ਤੱਕ ਦੀ ਪ੍ਰੀਕ੍ਰਿਆ ਪੂਰੀ ਤਰ੍ਹਾਂ ਸਵੈਚਾਲਿਤ ਹੈ।
ਰੱਖਿਆ ਮੰਤਰੀ ਨੇ ਸੀਮਾ ਦੀ ਸੁਰੱਖਿਆ ਅਤੇ ਸਮੇਂ ‘ਤੇ, ਵਿਸ਼ੇਸ਼ ਤੌਰ ‘ਤੇ ਪ੍ਰਾਕ੍ਰਿਤਕ ਆਫ਼ਤਾਂ ਦੌਰਾਨ, ਕੰਮ ਕਰਨ ਲਈ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਸਮੀ ਤੌਰ ‘ਤੇ ਰਿਟਾਇਰ ਹੋਣ ਤੋਂ ਬਾਅਦ ਮਾਤ੍ਰਭੂਮੀ ਦੀ ਸੇਵਾ ਕਰਨ ਦਾ ਭਾਵ ਬਣਾਈ ਰੱਖਣ ਲਈ ਸਾਬਕਾ ਸੈਨਿਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਨੇਕ ਅਵਸਰਾਂ, ਵਿਸ਼ੇਸ਼ ਕਰਕੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਦੇਸ਼ ਦੀ ਲੜਾਈ ਦੇ ਦੌਰਾਨ, ਸਾਬਕਾ ਸੈਨਿਕਾਂ ਦੁਆਰਾ ਕੀਤੇ ਗਏ ਵੱਡਮੁੱਲੇ ਯੋਗਦਾਨ ਨੂੰ ਰੇਖਾਂਕਿਤ ਕੀਤਾ। ਸਾਬਕਾ ਸੈਨਿਕਾਂ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ, ਵੈਂਟੀਲੇਟਰ, ਆਕਸੀਜਨ ਸਲੰਡਰ ਅਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕਰਨ ਵਿੱਚ ਸਰਕਾਰ ਦੇ ਪ੍ਰਯਾਸਾਂ ਵਿੱਚ ਸਹਾਇਤਾ ਦਿੱਤੀ ਸੀ।
ਮੀਟਿੰਗ ਦੇ ਅਜੰਡਾ ਵਿੱਚ ਹਥਿਆਰਬੰਦ ਬਲ ਸਾਬਕਾ ਸੈਨਿਕ ਦਿਵਸ ਸਮਾਰੋਹ ਦਾ ਦਾਇਰਾ ਵਧਾਉਣ ਦੇ ਉਪਾਅ, ਸਾਬਕਾ ਸੈਨਿਕ (ਈਐੱਸਐੱਮ) ਸਮੁਦਾਇ ਵਿੱਚ ਮਾਣ ਦੀ ਭਾਵਨਾ ਵਧਾਉਣ, ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ (Armed Forces Flag Day Fund) ਦੇ ਤਹਿਤ ਗ੍ਰਾਂਟਾਂ ਵਿੱਚ ਵਾਧਾ, ਹਥਿਆਰਬੰਦ ਬਲ ਕਰਮੀਆਂ ਨੂੰ ਰਾਜ ਲਾਭ/ਗ੍ਰਾਂਟ ਪ੍ਰਦਾਨ ਕਰਨ ਵਿੱਚ ਇੱਕਰੂਪਤਾ, ਸਬੰਧਿਤ ਰਾਜਾਂ ਵਿੱਚ ਈਐੱਸਐੱਮ ਕਾਰਪੋਰੇਸ਼ਨ ਦੀ ਸਥਾਪਨਾ ਅਤੇ ਸਭ ਨਾਲੋਂ ਵਧੀਆ ਕਾਰਜ ਪ੍ਰਦਰਸ਼ਨ ਕਰਨ ਵਾਲੇ ਰਾਜ ਸੈਨਿਕ ਬੋਰਡ ਲਈ ਪੁਰਸਕਾਰ ਦਾ ਗਠਨ ਸ਼ਾਮਲ ਰਹੇ। ਸ਼੍ਰੀ ਰਾਜਨਾਥ ਸਿੰਘ ਨੇ ਉਮੀਦ ਜਤਾਈ ਕਿ ਸਿਸਟਮ ਆਵ੍ ਪੈਨਸ਼ਨ ਐਡਮਿਨੀਸਟ੍ਰੇਸ਼ਨ ਰੱਖਿਆ (ਐੱਸਪੀਏਆਰਐੱਸਐੱਚ-ਸਪਰਸ਼) ਸਾਬਕਾ ਸੈਨਿਕਾਂ ਦੀ ਪੈਨਸ਼ਨ ਨਾਲ ਸਬੰਧਿਤ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫ਼ਲ ਹੋਵੇਗੀ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਸਾਬਕਾ ਸੈਨਿਕਾਂ ਦੇ ਨਾਲ-ਨਾਲ ਸੇਵਾ ਕਰਮੀਆਂ ਦੇ ਭੂਮੀ ਵਿਵਾਦਾਂ ਨੂੰ ਸੁਲਝਾਉਣ ਵਿੱਚ ਉੱਚ ਪ੍ਰਾਥਮਿਕਤਾ ਦੇਣ ਦੀ ਤਾਕੀਦ ਕੀਤੀ।
ਵਿਚਾਰ-ਚਰਚਾ ਵਿੱਚ ਵਿਭਿੰਨ ਰਾਜਾਂ ਦੇ ਮੰਤਰੀ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਜਲ ਸੈਨਾ ਦੇ ਮਖੀ ਐਡਮਿਰਲ ਆਰ.ਹਰੀ ਕੁਮਾਰ, ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ; ਸਕੱਤਰ (ਸਾਬਕਾ ਸੈਨਿਕ ਭਲਾਈ) ਸ਼੍ਰੀ ਵਿਜੇ ਕੁਮਾਰ ਸਿੰਘ; ਕੇਐੱਸਬੀ ਦੇ ਸਕੱਤਰ ਕੋਮੋਡੋਰ ਐੱਚ.ਪੀ. ਸਿੰਘ; ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਸੈਨਾ ਦੇ ਅਧਿਕਾਰੀਆਂ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।
*************
ਏਬੀਬੀ/ਐੱਸਏਵੀਵੀਵਾਈ/ਜੀਸੀ/ਐੱਚਐੱਨ
(Release ID: 1915923)
Visitor Counter : 133