ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਜਮੇਰ ਅਤੇ ਦਿੱਲੀ ਕੈਂਟ ਦਰਮਿਆਨ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਪਿਛਲੇ 2 ਮਹੀਨਿਆਂ ਵਿੱਚ 6ਵੀਂ ਵੰਦੇ ਭਾਰਤ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
“ਰਾਜਸਥਾਨ ਨੂੰ ਅੱਜ ਆਪਣੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਮਿਲੀ। ਇਸ ਨਾਲ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ”
"ਵੰਦੇ ਭਾਰਤ 'ਇੰਡੀਆ ਫ਼ਸਟ ਔਲਵੇਜ਼ ਫ਼ਸਟ' ਦੀ ਭਾਵਨਾ ਨੂੰ ਸਾਕਾਰ ਕਰਦੀ ਹੈ"
"ਵੰਦੇ ਭਾਰਤ ਟ੍ਰੇਨ ਵਿਕਾਸ, ਆਧੁਨਿਕਤਾ, ਸਥਿਰਤਾ ਅਤੇ ਸਵੈ-ਨਿਰਭਰਤਾ ਦਾ ਸਮਾਨਾਰਥੀ ਬਣ ਗਈ ਹੈ"
"ਬਦਕਿਸਮਤੀ ਨਾਲ ਰੇਲਵੇ ਜਿਹੀ ਨਾਗਰਿਕਾਂ ਦੀ ਇੱਕ ਮਹੱਤਵਪੂਰਨ ਅਤੇ ਬੁਨਿਆਦੀ ਜ਼ਰੂਰਤ ਨੂੰ ਸਿਆਸੀ ਅਖਾੜੇ ਵਿੱਚ ਬਦਲ ਦਿੱਤਾ ਗਿਆ ਸੀ"
"ਰਾਜਸਥਾਨ ਦਾ ਰੇਲਵੇ ਬਜਟ 2014 ਤੋਂ ਹੁਣ ਤੱਕ 14 ਗੁਣਾ ਵਧਾ ਦਿੱਤਾ ਗਿਆ ਹੈ, 2014 ਦੇ 700 ਕਰੋੜ ਤੋਂ ਇਸ ਸਾਲ 9500 ਕਰੋੜ ਤੋਂ ਵੱਧ"
“ਭਾਰਤ ਗੌਰਵ ਸਰਕਟ ਟ੍ਰੇਨਾਂ ਲਗਾਤਾਰ ਏਕ ਭਾਰਤ – ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੀਆਂ ਹਨ”
“ਜਦੋਂ ਰੇਲਵੇ ਜਿਹਾ ਕਨੈਕਟੀਵਿਟੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੁੰਦਾ ਹੈ, ਤਾਂ ਦੇਸ਼ ਮਜ਼ਬੂਤ ਹੁੰਦਾ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕ ਨੂੰ ਲਾਭ ਹੁੰਦਾ ਹੈ, ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਲਾਭ ਹੁੰਦਾ ਹੈ”
Posted On:
12 APR 2023 12:27PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਹਾਦਰੀ ਦੀ ਧਰਤੀ ਰਾਜਸਥਾਨ ਨੂੰ ਆਪਣੀ ਪਹਿਲੀ ਵੰਦੇ ਭਾਰਤ ਟ੍ਰੇਨ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ, ਜੋ ਨਾ ਸਿਰਫ ਜੈਪੁਰ ਦਿੱਲੀ ਦਰਮਿਆਨ ਯਾਤਰਾ ਨੂੰ ਅਸਾਨ ਕਰੇਗੀ ਬਲਕਿ ਰਾਜਸਥਾਨ ਦੇ ਟੂਰਿਜ਼ਮ ਉਦਯੋਗ ਨੂੰ ਵੀ ਹੁਲਾਰਾ ਦੇਵੇਗੀ ਅਤੇ ਇਹ ਤੀਰਥਰਾਜ ਪੁਸ਼ਕਰ ਅਤੇ ਅਜਮੇਰ ਸ਼ਰੀਫ ਜਿਹੇ ਆਸਥਾ ਦੇ ਅਸਥਾਨਾਂ ਤੱਕ ਪਹੁੰਚ ਵਿੱਚ ਮਦਦ ਕਰੇਗੀ।
ਪਿਛਲੇ ਦੋ ਮਹੀਨਿਆਂ ਵਿੱਚ, ਪ੍ਰਧਾਨ ਮੰਤਰੀ ਨੇ ਦਿੱਲੀ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ ਸਮੇਤ ਦੇਸ਼ ਵਿੱਚ ਛੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇਣ ਦਾ ਅਵਸਰ ਪ੍ਰਾਪਤ ਹੋਣ ਨੂੰ ਯਾਦ ਕੀਤਾ ਅਤੇ ਮੁੰਬਈ-ਸੋਲਾਪੁਰ ਵੰਦੇ ਭਾਰਤ ਐਕਸਪ੍ਰੈੱਸ, ਮੁੰਬਈ-ਸ਼ਿਰੀਡੀ ਵੰਦੇ ਭਾਰਤ ਐਕਸਪ੍ਰੈੱਸ, ਰਾਣੀ ਕਮਲਾਪਤੀ-ਹਜ਼ਰਤ ਨਿਜ਼ਾਮੁਦੀਨ ਵੰਦੇ ਭਾਰਤ ਐਕਸਪ੍ਰੈੱਸ, ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਚੇਨਈ ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 60 ਲੱਖ ਨਾਗਰਿਕਾਂ ਨੇ ਯਾਤਰਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਵੰਦੇ ਭਾਰਤ ਦੀ ਗਤੀ ਇਸ ਦੀ ਮੁੱਖ ਵਿਸ਼ੇਸ਼ਤਾ ਹੈ ਅਤੇ ਇਹ ਲੋਕਾਂ ਦੇ ਸਮੇਂ ਦੀ ਬਚਤ ਕਰ ਰਹੀ ਹੈ।”
ਇੱਕ ਅਧਿਐਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਦੁਆਰਾ ਯਾਤਰਾ ਕਰਨ ਵਾਲੇ ਲੋਕ ਹਰ ਯਾਤਰਾ ਵਿੱਚ 2500 ਘੰਟੇ ਬਚਾਉਂਦੇ ਹਨ। ਉਨ੍ਹਾਂ ਉਜਾਗਰ ਕੀਤਾ ਕਿ ਵੰਦੇ ਭਾਰਤ ਐਕਸਪ੍ਰੈੱਸ ਨੂੰ ਮੈਨੂਫੈਕਚਰਿੰਗ ਸਕਿੱਲਸ, ਸੁਰੱਖਿਆ, ਤੇਜ਼ ਗਤੀ ਅਤੇ ਸੁੰਦਰ ਡਿਜ਼ਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਹੈ। ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਨਾਗਰਿਕਾਂ ਨੇ ਵੰਦੇ ਭਾਰਤ ਐਕਸਪ੍ਰੈੱਸ ਦੀ ਬਹੁਤ ਸ਼ਲਾਘਾ ਕੀਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐਕਸਪ੍ਰੈੱਸ ਟ੍ਰੇਨ ਭਾਰਤ ਵਿੱਚ ਵਿਕਸਿਤ ਕੀਤੀ ਜਾਣ ਵਾਲੀ ਪਹਿਲੀ ਸੈਮੀ-ਆਟੋਮੈਟਿਕ ਟ੍ਰੇਨ ਹੈ ਅਤੇ ਦੁਨੀਆ ਦੀਆਂ ਪਹਿਲੀਆਂ ਕੰਪੈਕਟ ਅਤੇ ਦਕਸ਼ ਟ੍ਰੇਨਾਂ ਵਿੱਚੋਂ ਇੱਕ ਹੈ। ਸ਼੍ਰੀ ਮੋਦੀ ਨੇ ਕਿਹਾ, “ਵੰਦੇ ਭਾਰਤ ਪਹਿਲੀ ਟ੍ਰੇਨ ਹੈ ਜੋ ਸਵਦੇਸ਼ੀ ਸੁਰੱਖਿਆ ਕਵਚ ਪ੍ਰਣਾਲੀ ਦੇ ਅਨੁਕੂਲ ਹੈ।” ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਅਤਿਰਿਕਤ ਇੰਜਣ ਦੇ ਸਹਿਆਦਰੀ ਘਾਟਾਂ ਦੀਆਂ ਉਚਾਈਆਂ ਨੂੰ ਪਾਰ ਕਰਨ ਵਾਲੀ ਇਹ ਪਹਿਲੀ ਟ੍ਰੇਨ ਹੈ। ਉਨ੍ਹਾਂ ਕਿਹਾ “ਵੰਦੇ ਭਾਰਤ ਐਕਸਪ੍ਰੈੱਸ ‘ਇੰਡੀਆ ਫ਼ਸਟ ਔਲਵੇਜ਼ ਫ਼ਸਟ’ ਦੀ ਭਾਵਨਾ ਨੂੰ ਸਾਕਾਰ ਕਰਦੀ ਹੈ।” ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਵੰਦੇ ਭਾਰਤ ਐਕਸਪ੍ਰੈੱਸ ਵਿਕਾਸ, ਆਧੁਨਿਕਤਾ, ਸਥਿਰਤਾ ਅਤੇ ‘ਆਤਮਨਿਰਭਰਤਾ’ ਦਾ ਸਮਾਨਾਰਥੀ ਬਣ ਗਈ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਰੇਲਵੇ ਜਿਹੀ ਨਾਗਰਿਕਾਂ ਦੀ ਮਹੱਤਵਪੂਰਨ ਅਤੇ ਬੁਨਿਆਦੀ ਜ਼ਰੂਰਤ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਭਾਰਤ ਨੂੰ ਵਿਰਸੇ ਵਿੱਚ ਕਾਫ਼ੀ ਵੱਡਾ ਰੇਲਵੇ ਨੈੱਟਵਰਕ ਮਿਲਿਆ ਸੀ ਪਰ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਆਧੁਨਿਕੀਕਰਣ ਦੀ ਜ਼ਰੂਰਤ ਉੱਤੇ ਸਿਆਸੀ ਹਿੱਤ ਹਾਵੀ ਰਹੇ। ਰੇਲ ਮੰਤਰੀ ਦੀ ਚੋਣ, ਰੇਲ ਗੱਡੀਆਂ ਦੇ ਐਲਾਨ ਅਤੇ ਇੱਥੋਂ ਤੱਕ ਕਿ ਭਰਤੀਆਂ ਵਿੱਚ ਵੀ ਸਿਆਸਤ ਸਾਫ਼ ਨਜ਼ਰ ਆ ਰਹੀ ਸੀ। ਰੇਲਵੇ ਨੌਕਰੀਆਂ ਦੇ ਝੂਠੇ ਬਹਾਨੇ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਬਹੁਤ ਸਾਰੇ ਮਾਨਵ ਰਹਿਤ ਲੈਵਲ ਕ੍ਰਾਸਿੰਗ ਲੰਬੇ ਸਮੇਂ ਤੱਕ ਚੱਲਦੇ ਰਹੇ ਅਤੇ ਸਫਾਈ ਅਤੇ ਸੁਰੱਖਿਆ ਪਿੱਛੇ ਰਹਿ ਗਈ। 2014 ਤੋਂ ਬਾਅਦ ਸਥਿਤੀ ਨੇ ਬਿਹਤਰੀ ਲਈ ਮੋੜ ਲਿਆ ਜਦੋਂ ਲੋਕਾਂ ਨੇ ਪੂਰਨ ਬਹੁਮਤ ਨਾਲ ਇੱਕ ਸਥਿਰ ਸਰਕਾਰ ਚੁਣੀ, "ਜਦੋਂ ਰਾਜਨੀਤਿਕ ਦੇਣ ਅਤੇ ਲੈਣ ਦਾ ਦਬਾਅ ਘੱਟ ਗਿਆ, ਰੇਲਵੇ ਨੇ ਰਾਹਤ ਦਾ ਸਾਹ ਲਿਆ ਅਤੇ ਨਵੀਆਂ ਉਚਾਈਆਂ 'ਤੇ ਪਹੁੰਚ ਗਈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਰਾਜਸਥਾਨ ਨੂੰ ਨਵੇਂ ਮੌਕਿਆਂ ਦੀ ਧਰਤੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਨੈਕਟੀਵਿਟੀ ਲਈ ਬੇਮਿਸਾਲ ਕੰਮ ਕੀਤਾ ਹੈ ਜੋ ਰਾਜਸਥਾਨ ਜਿਹੇ ਰਾਜ ਲਈ ਬਹੁਤ ਮਹੱਤਵਪੂਰਨ ਹੈ ਜਿਸ ਦੀ ਅਰਥਵਿਵਸਥਾ ਦਾ ਮਹੱਤਵਪੂਰਨ ਹਿੱਸਾ ਟੂਰਿਜ਼ਮ ਹੈ। ਸ਼੍ਰੀ ਮੋਦੀ ਨੇ ਫਰਵਰੀ ਵਿੱਚ ਦਿੱਲੀ ਮੁੰਬਈ ਐਕਸਪ੍ਰੈੱਸਵੇਅ ਦੇ ਦਿੱਲੀ ਦੌਸਾ ਲਾਲਸੋਤ ਸੈਕਸ਼ਨ ਦੇ ਸਮਰਪਣ ਦਾ ਜ਼ਿਕਰ ਕੀਤਾ। ਸੈਕਸ਼ਨ ਦਾ ਲਾਭ ਦੌਸਾ, ਅਲਵਰ, ਭਰਤਪੁਰ, ਸਵਾਈ ਮਾਧੋਪੁਰ, ਟੋਂਕ, ਬੂੰਦੀ ਅਤੇ ਕੋਟਾ ਜ਼ਿਲ੍ਹਿਆਂ ਨੂੰ ਮਿਲੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਰਾਜਸਥਾਨ ਵਿੱਚ ਸਰਹੱਦੀ ਖੇਤਰਾਂ ਵਿੱਚ ਲਗਭਗ 1400 ਕਿਲੋਮੀਟਰ ਲੰਬੀਆਂ ਸੜਕਾਂ 'ਤੇ ਕੰਮ ਕਰ ਰਹੀ ਹੈ ਅਤੇ ਰਾਜ ਵਿੱਚ 1000 ਕਿਲੋਮੀਟਰ ਤੋਂ ਵੱਧ ਲੰਬੀਆਂ ਸੜਕਾਂ ਦਾ ਪ੍ਰਸਤਾਵ ਹੈ।
ਰਾਜਸਥਾਨ ਵਿੱਚ ਕਨੈਕਟੀਵਿਟੀ ਨੂੰ ਦਿੱਤੀ ਜਾ ਰਹੀ ਤਰਜੀਹ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਰੰਗਾ ਪਹਾੜੀ ਤੋਂ ਅੰਬਾਜੀ ਤੱਕ ਰੇਲਵੇ ਲਾਈਨ 'ਤੇ ਕੰਮ ਸ਼ੁਰੂ ਕਰਨ ਦਾ ਜ਼ਿਕਰ ਕੀਤਾ। ਇਹ ਲਾਈਨ ਇੱਕ ਸਦੀ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਦੈਪੁਰ-ਅਹਿਮਦਾਬਾਦ ਲਾਈਨ ਦੀ ਬਰੌਡ ਗੇਜਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ 75 ਫੀਸਦੀ ਤੋਂ ਵੱਧ ਰੇਲਵੇ ਨੈੱਟਵਰਕ ਦਾ ਬਿਜਲੀਕਰਣ ਹੋ ਚੁੱਕਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਰਾਜਸਥਾਨ ਲਈ ਰੇਲਵੇ ਬਜਟ 2014 ਤੋਂ 14 ਗੁਣਾ ਵਧਾ ਦਿੱਤਾ ਗਿਆ ਹੈ, ਜੋ ਕਿ 2014 ਦੇ 700 ਕਰੋੜ ਤੋਂ ਇਸ ਸਾਲ 9500 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਰੇਲਵੇ ਲਾਈਨਾਂ ਨੂੰ ਦੁੱਗਣਾ ਕਰਨ ਦੀ ਗਤੀ ਵੀ ਦੁੱਗਣੀ ਹੋ ਗਈ ਹੈ। ਗੇਜ ਪਰਿਵਰਤਨ ਅਤੇ ਡਬਲਿੰਗ ਨਾਲ ਕਬਾਇਲੀ ਖੇਤਰਾਂ ਜਿਵੇਂ ਡੂੰਗਰਪੁਰ (Dungarpur), ਉਦੈਪੁਰ, ਚਿਤੌੜਗੜ੍ਹ, ਪਾਲੀ ਅਤੇ ਸਿਰੋਹੀ ਨੂੰ ਮਦਦ ਮਿਲੀ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਰੇਲਵੇ ਯੋਜਨਾ ਤਹਿਤ ਦਰਜਨਾਂ ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਸੈਲਾਨੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਖੋ-ਵੱਖ ਤਰ੍ਹਾਂ ਦੀਆਂ ਸਰਕਟ ਟ੍ਰੇਨਾਂ ਵੀ ਚਲਾ ਰਹੀ ਹੈ ਅਤੇ ਭਾਰਤ ਗੌਰਵ ਸਰਕਟ ਟ੍ਰੇਨਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੇ ਹੁਣ ਤੱਕ 15 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਲੈ ਕੇ 70 ਤੋਂ ਵੱਧ ਯਾਤਰਾਵਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਵੇਂ ਇਹ ਅਯੁੱਧਿਆ-ਕਾਸ਼ੀ ਹੋਵੇ, ਦੱਖਣ ਦਰਸ਼ਨ ਹੋਵੇ, ਦਵਾਰਕਾ ਦਰਸ਼ਨ ਹੋਵੇ, ਸਿੱਖ ਤੀਰਥ ਅਸਥਾਨ ਹੋਣ, ਭਾਰਤ ਗੌਰਵ ਸਰਕਟ ਟ੍ਰੇਨਾਂ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਲਈ ਚਲਾਈਆਂ ਗਈਆਂ ਹਨ।” ਯਾਤਰਾ ਕਰਨ ਵਾਲਿਆਂ ਦੁਆਰਾ ਸੋਸ਼ਲ ਮੀਡੀਆ 'ਤੇ ਮਿਲੇ ਸਕਾਰਾਤਮਕ ਫੀਡਬੈਕ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟ੍ਰੇਨਾਂ ਏਕ ਭਾਰਤ - ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਵੰਨ ਸਟੇਸ਼ਨ ਵੰਨ ਪ੍ਰੋਡਕਟ ਮੁਹਿੰਮ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਭਾਰਤੀ ਰੇਲਵੇ ਨੇ ਰਾਜਸਥਾਨ ਦੇ ਸਥਾਨਕ ਉਤਪਾਦਾਂ ਨੂੰ ਦੇਸ਼ ਭਰ ਵਿੱਚ ਲਿਜਾਣ ਲਈ ਪਿਛਲੇ ਸਾਲਾਂ ਦੌਰਾਨ ਇੱਕ ਹੋਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਰੇਲਵੇ ਨੇ ਰਾਜਸਥਾਨ ਜੈਪੁਰੀ ਰਜਾਈ, ਸੰਗਨੇਰੀ ਬਲੌਕ ਪ੍ਰਿੰਟ ਬੈੱਡ ਸ਼ੀਟਾਂ, ਗੁਲਾਬ ਦੇ ਉਤਪਾਦ ਅਤੇ ਹੋਰ ਦਸਤਕਾਰੀ ਸਟਾਲਾਂ ਸਮੇਤ ਲਗਭਗ 70 ਇੱਕ ਸਟੇਸ਼ਨ ਇੱਕ ਉਤਪਾਦ ਸਟਾਲ ਸਥਾਪਿਤ ਕੀਤੇ ਹਨ ਜੋ ਇਨ੍ਹਾਂ ਸਟਾਲਾਂ ਵਿੱਚ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਛੋਟੇ ਕਿਸਾਨਾਂ, ਕਾਰੀਗਰਾਂ ਅਤੇ ਦਸਤਕਾਰੀ ਨੂੰ ਬਜ਼ਾਰ ਤੱਕ ਪਹੁੰਚਣ ਲਈ ਇਹ ਨਵਾਂ ਮਾਧਿਅਮ ਮਿਲਿਆ ਹੈ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਵਿੱਚ ਸਾਰਿਆਂ ਦੀ ਭਾਗੀਦਾਰੀ ਦੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਆਧੁਨਿਕ ਵੰਦੇ ਭਾਰਤ ਟ੍ਰੇਨ ਰਾਜਸਥਾਨ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ “ਜਦੋਂ ਰੇਲ ਜਿਹੀ ਕਨੈਕਟੀਵਿਟੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੁੰਦਾ ਹੈ, ਤਾਂ ਦੇਸ਼ ਮਜ਼ਬੂਤ ਹੁੰਦਾ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕ ਨੂੰ ਲਾਭ ਹੁੰਦਾ ਹੈ, ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਲਾਭ ਹੁੰਦਾ ਹੈ।”
ਪਿਛੋਕੜ
ਉਦਘਾਟਨੀ ਟ੍ਰੇਨ ਜੈਪੁਰ ਅਤੇ ਦਿੱਲੀ ਕੈਂਟ ਰੇਲਵੇ ਸਟੇਸ਼ਨ ਦਰਮਿਆਨ ਚੱਲੇਗੀ। ਇਸ ਵੰਦੇ ਭਾਰਤ ਐਕਸਪ੍ਰੈੱਸ ਦੀ ਨਿਯਮਿਤ ਸੇਵਾ 13 ਅਪ੍ਰੈਲ, 2023 ਤੋਂ ਸ਼ੁਰੂ ਹੋਵੇਗੀ ਅਤੇ ਅਜਮੇਰ ਅਤੇ ਦਿੱਲੀ ਕੈਂਟ ਦੇ ਦਰਮਿਆਨ ਜੈਪੁਰ, ਅਲਵਰ ਅਤੇ ਗੁੜਗਾਓਂ ਵਿਖੇ ਰੁਕੇਗੀ।
ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਿੱਲੀ ਕੈਂਟ ਅਤੇ ਅਜਮੇਰ ਦੇ ਦਰਮਿਆਨ ਦੀ ਦੂਰੀ ਨੂੰ 5 ਘੰਟੇ 15 ਮਿੰਟ ਵਿੱਚ ਪੂਰਾ ਕਰੇਗੀ। ਉਸੇ ਰੂਟ 'ਤੇ ਮੌਜੂਦਾ ਸਭ ਤੋਂ ਤੇਜ਼ ਟ੍ਰੇਨ, ਸ਼ਤਾਬਦੀ ਐਕਸਪ੍ਰੈੱਸ, ਦਿੱਲੀ ਕੈਂਟ ਤੋਂ ਅਜਮੇਰ ਤੱਕ 6 ਘੰਟੇ 15 ਮਿੰਟ ਲੈਂਦੀ ਹੈ।ਇਸ ਤਰ੍ਹਾਂ, ਨਵੀਂ ਵੰਦੇ ਭਾਰਤ ਐਕਸਪ੍ਰੈੱਸ ਉਸੇ ਰੂਟ 'ਤੇ ਚੱਲਣ ਵਾਲੀ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਦੇ ਮੁਕਾਬਲੇ 60 ਮਿੰਟ ਤੇਜ਼ ਹੋਵੇਗੀ।
ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈੱਸ ਹਾਈ ਰਾਈਜ਼ ਓਵਰਹੈੱਡ ਇਲੈਕਟ੍ਰਿਕ (ਓਐੱਚਈ) ਟੈਰੀਟਰੀ 'ਤੇ ਦੁਨੀਆ ਦੀ ਪਹਿਲੀ ਸੈਮੀ ਹਾਈ ਸਪੀਡ ਯਾਤਰੀ ਟ੍ਰੇਨ ਹੋਵੇਗੀ। ਇਹ ਟ੍ਰੇਨ ਪੁਸ਼ਕਰ, ਅਜਮੇਰ ਸ਼ਰੀਫ ਦਰਗਾਹ ਆਦਿ ਸਮੇਤ ਰਾਜਸਥਾਨ ਦੇ ਪ੍ਰਮੁੱਖ ਟੂਰਿਸਟ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ। ਵਧੀ ਹੋਈ ਕਨੈਕਟੀਵਿਟੀ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗੀ।
***********
ਡੀਐੱਸ/ਟੀਐੱਸ
(Release ID: 1915878)
Visitor Counter : 144
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam