ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੀ 99ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.03.2023)
Posted On:
26 MAR 2023 11:45AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ ‘ਮਨ ਕੀ ਬਾਤ’ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸੁਆਗਤ ਹੈ। ਅੱਜ ਇਸ ਚਰਚਾ ਨੂੰ ਸ਼ੁਰੂ ਕਰਦੇ ਹੋਏ ਦਿਲ-ਦਿਮਾਗ਼ ਵਿੱਚ ਕਿੰਨੇ ਹੀ ਭਾਵ ਉਮੜ ਰਹੇ ਹਨ। ਸਾਡਾ ਅਤੇ ਤੁਹਾਡਾ ‘ਮਨ ਕੀ ਬਾਤ’ ਦਾ ਇਹ ਸਾਥ ਆਪਣੇ 99ਵੇਂ ਪਾਏਦਾਨ ’ਤੇ ਆ ਪਹੁੰਚਿਆ ਹੈ। ਆਮ ਤੌਰ ’ਤੇ ਅਸੀਂ ਸੁਣਦੇ ਹਾਂ ਕਿ 99ਵੇਂ ਦਾ ਫੇਰ ਬਹੁਤ ਮੁਸ਼ਕਿਲ ਹੁੰਦਾ ਹੈ। ਕ੍ਰਿਕਟ ਵਿੱਚ ਤਾਂ ‘ਨਰਵਸ ਨਾਈਨਟੀਜ਼’ (Nervous Nineties) ਨੂੰ ਬਹੁਤ ਮੁਸ਼ਕਿਲ ਪੜਾਅ ਮੰਨਿਆ ਜਾਂਦਾ ਹੈ, ਲੇਕਿਨ ਜਿੱਥੇ ਭਾਰਤ ਦੇ ਜਨ-ਜਨ ਦੀ ‘ਮਨ ਕੀ ਬਾਤ’ ਹੋਵੇ, ਉੱਥੋਂ ਦੀ ਪ੍ਰੇਰਣਾ ਹੀ ਕੁਝ ਹੋਰ ਹੁੰਦੀ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਮੈਨੂੰ ਬਹੁਤ ਸਾਰੇ ਸੰਦੇਸ਼ ਮਿਲ ਰਹੇ ਹਨ, ਫੋਨ ਆ ਰਹੇ ਹਨ, ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤਕਾਲ ਮਨਾ ਰਹੇ ਹਾਂ, ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਹੇ ਹਾਂ ਤਾਂ 100ਵੇਂ ‘ਮਨ ਕੀ ਬਾਤ’ ਨੂੰ ਲੈ ਕੇ ਤੁਹਾਡੇ ਸੁਝਾਵਾਂ ਅਤੇ ਵਿਚਾਰਾਂ ਨੂੰ ਜਾਨਣ ਦੇ ਲਈ ਮੈਂ ਵੀ ਬਹੁਤ ਉਤਸੁਕ ਹਾਂ। ਮੈਨੂੰ ਤੁਹਾਡੇ ਅਜਿਹੇ ਸੁਝਾਵਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਵੈਸੇ ਤਾਂ ਇੰਤਜ਼ਾਰ ਹਮੇਸ਼ਾ ਹੁੰਦਾ ਹੈ, ਲੇਕਿਨ ਇਸ ਵਾਰ ਜ਼ਰਾ ਇੰਤਜ਼ਾਰ ਜ਼ਿਆਦਾ ਹੈ। ਤੁਹਾਡੇ ਇਹ ਸੁਝਾਅ ਤੇ ਵਿਚਾਰ ਹੀ 30 ਅਪ੍ਰੈਲ ਨੂੰ ਹੋਣ ਵਾਲੇ 100ਵੇਂ ‘ਮਨ ਕੀ ਬਾਤ’ ਨੂੰ ਹੋਰ ਯਾਦਗਾਰ ਬਣਾਉਣਗੇ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅਸੀਂ ਅਜਿਹੇ ਹਜ਼ਾਰਾਂ ਲੋਕਾਂ ਦੀ ਚਰਚਾ ਕੀਤੀ ਹੈ ਜੋ ਦੂਸਰਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦੇ ਹਨ। ਕਈ ਲੋਕ ਅਜਿਹੇ ਹੁੰਦੇ ਹਨ ਜੋ ਬੇਟੀਆਂ ਦੀ ਸਿੱਖਿਆ ਦੇ ਲਈ ਆਪਣੀ ਪੂਰੀ ਪੈਨਸ਼ਨ ਲਗਾ ਦਿੰਦੇ ਹਨ। ਕੋਈ ਆਪਣੇ ਪੂਰੇ ਜੀਵਨ ਦੀ ਕਮਾਈ ਵਾਤਾਵਰਣ ਅਤੇ ਜੀਵ ਸੇਵਾ ਦੇ ਲਈ ਸਮਰਪਿਤ ਕਰ ਦਿੰਦਾ ਹੈ। ਸਾਡੇ ਦੇਸ਼ ਵਿੱਚ ਪ੍ਰਮਾਰਥ ਨੂੰ ਏਨਾ ਉੱਪਰ ਰੱਖਿਆ ਗਿਆ ਹੈ ਕਿ ਦੂਸਰਿਆਂ ਦੇ ਸੁਖ ਦੇ ਲਈ ਲੋਕ ਆਪਣਾ ਸਭ ਕੁਝ ਦਾਨ ਕਰਨ ਵਿੱਚ ਵੀ ਸੰਕੋਚ ਨਹੀਂ ਕਰਦੇ। ਇਸ ਲਈ ਤਾਂ ਸਾਨੂੰ ਬਚਪਨ ਤੋਂ ਸ਼ਿਵੀ ਅਤੇ ਦਧੀਚੀ ਵਰਗੇ ਦੇਹਦਾਨੀਆਂ ਦੀਆਂ ਗਾਥਾਵਾਂ ਸੁਣਾਈਆਂ ਜਾਂਦੀਆਂ ਹਨ।
ਸਾਥੀਓ, ਆਧੁਨਿਕ ਮੈਡੀਕਲ ਸਾਇੰਸ ਦੇ ਇਸ ਦੌਰ ਵਿੱਚ ਅੰਗਦਾਨ, ਕਿਸੇ ਨੂੰ ਜੀਵਨ ਦੇਣ ਦਾ ਇੱਕ ਬਹੁਤ ਵੱਡਾ ਮਾਧਿਅਮ ਬਣ ਚੁੱਕਿਆ ਹੈ। ਕਹਿੰਦੇ ਹਨ ਜਦੋਂ ਇੱਕ ਵਿਅਕਤੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਦਾ ਹੈ ਤਾਂ ਉਸ ਨਾਲ 8 ਤੋਂ 9 ਲੋਕਾਂ ਨੂੰ ਇੱਕ ਨਵਾਂ ਜੀਵਨ ਮਿਲਣ ਦੀ ਸੰਭਾਵਨਾ ਬਣਦੀ ਹੈ। ਸੰਤੋਸ਼ ਦੀ ਗੱਲ ਹੈ ਕਿ ਅੱਜ ਦੇਸ਼ ਵਿੱਚ ਅੰਗਦਾਨ ਦੇ ਪ੍ਰਤੀ ਜਾਗਰੂਕਤਾ ਵੀ ਵਧ ਰਹੀ ਹੈ। ਸਾਲ 2013 ਵਿੱਚ ਸਾਡੇ ਦੇਸ਼ ’ਚ ਅੰਗਦਾਨ ਦੇ 5 ਹਜ਼ਾਰ ਤੋਂ ਵੀ ਘੱਟ ਕੇਸ ਸਨ। ਲੇਕਿਨ 2022 ਵਿੱਚ ਇਹ ਗਿਣਤੀ ਵਧ ਕੇ 15 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਅੰਗਦਾਨ ਕਰਨ ਵਾਲੇ ਵਿਅਕਤੀਆਂ ਨੇ ਉਨ੍ਹਾਂ ਦੇ ਪਰਿਵਾਰ ਨੇ ਵਾਕਿਆ ਹੀ ਬਹੁਤ ਪੁੰਨ ਦਾ ਕੰਮ ਕੀਤਾ ਹੈ।
ਸਾਥੀਓ, ਮੇਰਾ ਬਹੁਤ ਸਮੇਂ ਤੋਂ ਮਨ ਸੀ ਕਿ ਮੈਂ ਅਜਿਹਾ ਪੁੰਨ ਦਾ ਕਾਰਜ ਕਰਨ ਵਾਲੇ ਲੋਕਾਂ ਦੇ ‘ਮਨ ਕੀ ਬਾਤ’ ਜਾਣਾ ਅਤੇ ਇਸ ਨੂੰ ਦੇਸ਼ਵਾਸੀਆਂ ਦੇ ਨਾਲ ਵੀ ਸਾਂਝਾ ਕਰਾਂ। ਇਸ ਲਈ ਅੱਜ ‘ਮਨ ਕੀ ਬਾਤ’ ਵਿੱਚ ਸਾਡੇ ਨਾਲ ਇੱਕ ਪਿਆਰੀ ਜਿਹੀ ਬੇਟੀ, ਇੱਕ ਸੋਹਣੀ ਜਿਹੀ ਗੁੱਡੀ ਦੇ ਪਿਤਾ ਅਤੇ ਉਨ੍ਹਾਂ ਦੇ ਮਾਤਾ ਜੀ ਸਾਡੇ ਨਾਲ ਜੁੜਨ ਜਾ ਰਹੇ ਹਨ। ਪਿਤਾ ਜੀ ਦਾ ਨਾਮ ਹੈ ਸੁਖਬੀਰ ਸਿੰਘ ਸੰਧੂ ਜੀ ਅਤੇ ਮਾਤਾ ਜੀ ਦਾ ਨਾਮ ਹੈ ਸੁਪ੍ਰੀਤ ਕੌਰ ਜੀ। ਇਹ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਰਹਿੰਦਾ ਹੈ, ਬਹੁਤ ਮਨਤਾਂ ਦੇ ਬਾਅਦ ਉਨ੍ਹਾਂ ਦੇ ਘਰ ਇੱਕ ਬਹੁਤ ਸੋਹਣੀ ਗੁੱਡੀ, ਬੇਟੀ ਹੋਈ ਸੀ। ਘਰ ਦੇ ਲੋਕਾਂ ਨੇ ਬਹੁਤ ਪਿਆਰ ਨਾਲ ਉਸ ਦਾ ਨਾਮ ਰੱਖਿਆ ਸੀ - ਅਬਾਬਤ ਕੌਰ (Ababat Kaur)। ਅਬਾਬਤ ਦਾ ਅਰਥ ਦੂਸਰਿਆਂ ਦੀ ਸੇਵਾ ਨਾਲ ਜੁੜਿਆ ਹੈ, ਦੂਸਰਿਆਂ ਦਾ ਕਸ਼ਟ ਦੂਰ ਕਰਨ ਨਾਲ ਜੁੜਿਆ ਹੈ। ਅਬਾਬਤ ਜਦੋਂ ਸਿਰਫ਼ 39 ਦਿਨਾਂ ਦੀ ਸੀ, ਉਦੋਂ ਉਹ ਦੁਨੀਆਂ ਛੱਡ ਕੇ ਚਲੀ ਗਈ, ਲੇਕਿਨ ਸੁਖਬੀਰ ਸਿੰਘ ਸੰਧੂ ਜੀ ਅਤੇ ਉਨ੍ਹਾਂ ਦੀ ਪਤਨੀ ਸੁਪ੍ਰੀਤ ਕੌਰ ਜੀ ਨੇ, ਉਨ੍ਹਾਂ ਦੇ ਪਰਿਵਾਰ ਨੇ ਬਹੁਤ ਹੀ ਪ੍ਰੇਰਣਾਦਾਈ ਫ਼ੈਸਲਾ ਲਿਆ, ਇਹ ਫ਼ੈਸਲਾ ਸੀ - 39 ਦਿਨਾਂ ਦੀ ਉਮਰ ਵਾਲੀ ਬੇਟੀ ਦੇ ਅੰਗਦਾਨ ਦਾ, ਔਰਗਨ ਡੋਨੇਸ਼ਨ ਦਾ। ਸਾਡੇ ਨਾਲ ਇਸ ਵੇਲੇ ਫੋਨ ਲਾਈਨ ’ਤੇ ਸੁਖਬੀਰ ਸਿੰਘ ਅਤੇ ਉਨ੍ਹਾਂ ਦੀ ਸ਼੍ਰੀਮਤੀ ਜੀ ਮੌਜੂਦ ਹਨ। ਆਓ ਉਨ੍ਹਾਂ ਨਾਲ ਗੱਲ ਕਰਦੇ ਹਾਂ।
ਪ੍ਰਧਾਨ ਮੰਤਰੀ ਜੀ : ਸੁਖਬੀਰ ਜੀ ਨਮਸਤੇ।
ਸੁਖਬੀਰ ਜੀ : ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ, ਸਤਿ ਸ੍ਰੀ ਅਕਾਲ।
ਪ੍ਰਧਾਨ ਮੰਤਰੀ ਜੀ : ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਸੁਖਬੀਰ ਜੀ ਮੈਂ ਅੱਜ ‘ਮਨ ਕੀ ਬਾਤ’ ਦੇ ਸਬੰਧ ਵਿੱਚ ਸੋਚ ਰਿਹਾ ਸੀ ਤਾਂ ਮੈਨੂੰ ਲਗਿਆ ਕਿ ਅਬਾਬਤ ਦੀ ਗੱਲ ਇਤਨੀ ਪ੍ਰੇਰਕ ਹੈ, ਉਹ ਤੁਹਾਡੇ ਹੀ ਮੂੰਹ ਤੋਂ ਸੁਣਾਂ, ਕਿਉਂਕਿ ਘਰ ਵਿੱਚ ਬੇਟੀ ਦਾ ਜਨਮ ਜਦੋਂ ਹੁੰਦਾ ਹੈ ਤਾਂ ਅਨੇਕਾਂ ਸੁਪਨੇ, ਅਨੇਕਾਂ ਖੁਸ਼ੀਆਂ ਲੈ ਕੇ ਆਉਂਦਾ ਹੈ। ਲੇਕਿਨ ਬੇਟੀ ਇੰਨੀ ਜਲਦੀ ਤੁਰ ਜਾਏ, ਉਹ ਕਸ਼ਟ ਕਿੰਨਾ ਭਿਆਨਕ ਹੋਵੇਗਾ। ਉਸ ਦਾ ਵੀ ਮੈਂ ਅੰਦਾਜ਼ਾ ਲਗਾ ਸਕਦਾ ਹਾਂ, ਜਿਸ ਤਰ੍ਹਾਂ ਨਾਲ ਤੁਸੀਂ ਫ਼ੈਸਲਾ ਲਿਆ ਤਾਂ ਮੈਂ ਸਾਰੀ ਗੱਲ ਜਾਨਣਾ ਚਾਹੁੰਦਾ ਹਾਂ ਜੀ।
ਸੁਖਬੀਰ ਜੀ : ਸਰ, ਭਗਵਾਨ ਨੇ ਬਹੁਤ ਚੰਗਾ ਬੱਚਾ ਦਿੱਤਾ ਸੀ ਸਾਨੂੰ, ਬਹੁਤ ਪਿਆਰੀ ਗੁੱਡੀ ਸਾਰੇ ਘਰ ਵਿੱਚ ਆਈ ਸੀ। ਉਸ ਦੇ ਪੈਦਾ ਹੁੰਦਿਆਂ ਹੀ ਸਾਨੂੰ ਪਤਾ ਲਗਿਆ ਕਿ ਉਸ ਦੇ ਦਿਮਾਗ਼ ਵਿੱਚ ਇੱਕ ਅਜਿਹਾ ਨਾੜੀਆਂ ਦਾ ਗੁੱਛਾ ਬਣਿਆ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਉਸ ਦੇ ਦਿਲ ਦਾ ਅਕਾਰ ਵੱਡਾ ਹੋ ਰਿਹਾ ਹੈ ਤਾਂ ਅਸੀਂ ਹੈਰਾਨ ਹੋ ਗਏ ਕਿ ਬੱਚੇ ਦੀ ਸਿਹਤ ਇੰਨੀ ਚੰਗੀ ਹੈ, ਇੰਨਾ ਸੋਹਣਾ ਬੱਚਾ ਹੈ ਅਤੇ ਇੰਨੀ ਵੱਡੀ ਸਮੱਸਿਆ ਲੈ ਕੇ ਪੈਦਾ ਹੋਇਆ ਹੈ ਤਾਂ ਪਹਿਲੇ 24 ਦਿਨ ਤੱਕ ਤਾਂ ਬਹੁਤ ਠੀਕ ਰਿਹਾ, ਬੱਚਾ ਬਿਲਕੁਲ ਸਾਧਾਰਣ ਰਿਹਾ। ਅਚਾਨਕ ਉਸ ਦਾ ਦਿਲ ਇੱਕਦਮ ਕੰਮ ਕਰਨਾ ਬੰਦ ਹੋ ਗਿਆ ਤਾਂ ਅਸੀਂ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਗਏ, ਉੱਥੇ ਡਾਕਟਰਾਂ ਨੇ ਉਸ ਨੂੰ ਮੁੜ-ਸੁਰਜੀਤ ਤਾਂ ਕਰ ਦਿੱਤਾ, ਲੇਕਿਨ ਸਮਝਣ ਵਿੱਚ ਟਾਈਮ ਲਗਿਆ ਕਿ ਇਸ ਨੂੰ ਕੀ ਦਿੱਕਤ ਆਈ। ਇੰਨੀ ਵੱਡੀ ਦਿੱਕਤ ਕਿ ਛੋਟਾ ਜਿਹਾ ਬੱਚਾ ਅਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ। ਅਸੀਂ ਉਸ ਨੂੰ ਇਲਾਜ ਦੇ ਲਈ ਪੀ.ਜੀ.ਆਈ. ਚੰਡੀਗੜ੍ਹ ਲੈ ਗਏ, ਉੱਥੇ ਬੜੀ ਬਹਾਦਰੀ ਨਾਲ ਉਸ ਬੱਚੇ ਨੇ ਇਲਾਜ ਦੇ ਲਈ ਸੰਘਰਸ਼ ਕੀਤਾ, ਲੇਕਿਨ ਬਿਮਾਰੀ ਅਜਿਹੀ ਸੀ ਕਿ ਉਸ ਦਾ ਇਲਾਜ ਇੰਨੀ ਛੋਟੀ ਉਮਰ ਵਿੱਚ ਸੰਭਵ ਨਹੀਂ ਸੀ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨੂੰ ਮੁੜ-ਸੁਰਜੀਤ ਕਰਵਾਇਆ ਜਾਵੇ, ਜੇਕਰ 6 ਮਹੀਨੇ ਦੇ ਆਸ-ਪਾਸ ਦੀ ਉਮਰ ਦਾ ਬੱਚਾ ਹੋਵੇ ਤਾਂ ਉਸ ਦਾ ਅਪ੍ਰੇਸ਼ਨ ਕਰਨ ਦੀ ਸੋਚੀ ਜਾ ਸਕਦੀ ਸੀ, ਲੇਕਿਨ ਭਗਵਾਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ, ਸਿਰਫ਼ 39 ਦਿਨਾਂ ਦੀ ਜਦੋਂ ਹੋਈ ਤਾਂ ਡਾਕਟਰ ਨੇ ਕਿਹਾ ਕਿ ਇਸ ਨੂੰ ਦੁਬਾਰਾ ਦਿਲ ਦਾ ਦੌਰਾ ਪਿਆ ਹੈ, ਹੁਣ ਉਮੀਦ ਬਹੁਤ ਘੱਟ ਰਹਿ ਗਈ ਹੈ ਤਾਂ ਅਸੀਂ ਦੋਵੇਂ ਮੀਆਂ-ਬੀਵੀ ਰੋਂਦੇ ਹੋਏ ਇਸ ਫ਼ੈਸਲੇ ’ਤੇ ਪਹੁੰਚੇ ਕਿ ਅਸੀਂ ਵੇਖਿਆ ਸੀ ਉਸ ਨੂੰ ਬਹਾਦਰੀ ਨਾਲ ਜੂਝਦੇ ਹੋਏ, ਵਾਰ-ਵਾਰ ਇਵੇਂ ਲੱਗ ਰਿਹਾ ਸੀ ਜਿਵੇਂ ਹੁਣ ਚਲੀ ਜਾਵੇਗੀ, ਲੇਕਿਨ ਫਿਰ ਸੁਧਾਰ ਹੋ ਰਿਹਾ ਸੀ ਤਾਂ ਸਾਨੂੰ ਲਗਿਆ ਕਿ ਇਸ ਬੱਚੇ ਦਾ ਇੱਥੇ ਆਉਣ ਦਾ ਕੋਈ ਮਕਸਦ ਹੈ ਤਾਂ ਉਨ੍ਹਾਂ ਨੇ ਜਦੋਂ ਬਿਲਕੁਲ ਹੀ ਜਵਾਬ ਦੇ ਦਿੱਤਾ ਤਾਂ ਅਸੀਂ ਦੋਵਾਂ ਨੇ ਫ਼ੈਸਲਾ ਕੀਤਾ ਕਿ ਕਿਉਂ ਨਾ ਅਸੀਂ ਇਸ ਬੱਚੇ ਦੇ ਅੰਗ ਦਾਨ ਕਰ ਦਈਏ। ਸ਼ਾਇਦ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੋਸ਼ਨੀ ਆ ਜਾਵੇ। ਫਿਰ ਅਸੀਂ ਪੀ. ਜੀ. ਆਈ. ਦਾ ਜੋ ਐਡਮਨਿਸਟ੍ਰੇਟਿਵ ਬਲਾਕ ਹੈ, ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇੰਨੇ ਛੋਟੇ ਬੱਚੇ ਦੀ ਸਿਰਫ਼ ਕਿਡਨੀ ਹੀ ਲਈ ਜਾ ਸਕਦੀ ਹੈ। ਪ੍ਰਮਾਤਮਾ ਨੇ ਹਿੰਮਤ ਦਿੱਤੀ, ਸ੍ਰੀ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ, ਇਸੇ ਸੋਚ ਨਾਲ ਅਸੀਂ ਫ਼ੈਸਲਾ ਲੈ ਲਿਆ।
ਪ੍ਰਧਾਨ ਮੰਤਰੀ ਜੀ : ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ ਜੀ, ਉਸ ਨੂੰ ਤੁਸੀਂ ਜੀਉਂ ਕੇ ਵਿਖਾਇਆ ਹੈ ਜੀ। ਸੁਪ੍ਰੀਤ ਜੀ ਹੈਣ? ਉਨ੍ਹਾਂ ਨਾਲ ਗੱਲ ਹੋ ਸਕਦੀ ਹੈ?
ਸੁਖਬੀਰ ਜੀ : ਜੀ ਸਰ।
ਸੁਪ੍ਰੀਤ ਜੀ : ਹੈਲੋ।
ਪ੍ਰਧਾਨ ਮੰਤਰੀ ਜੀ : ਸੁਪ੍ਰੀਤ ਜੀ ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ।
ਸੁਪ੍ਰੀਤ ਜੀ : ਨਮਸਕਾਰ ਸਰ, ਨਮਸਕਾਰ। ਸਰ ਸਾਡੇ ਲਈ ਇਹ ਬੜੀ ਫ਼ਖਰ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ।
ਪ੍ਰਧਾਨ ਮੰਤਰੀ ਜੀ : ਤੁਸੀਂ ਇਤਨਾ ਬੜਾ ਕੰਮ ਕੀਤਾ ਹੈ ਅਤੇ ਮੈਂ ਮੰਨਦਾ ਹਾਂ ਕਿ ਦੇਸ਼ ਜਦੋਂ ਇਹ ਸਾਰੀਆਂ ਗੱਲਾਂ ਸੁਣੇਗਾ ਤਾਂ ਬਹੁਤ ਸਾਰੇ ਲੋਕ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣਗੇ। ਅਬਾਬਤ ਦਾ ਇਹ ਯੋਗਦਾਨ ਹੈ, ਇਹ ਬਹੁਤ ਵੱਡਾ ਹੈ ਜੀ।
ਸੁਪ੍ਰੀਤ ਜੀ : ਸਰ, ਇਹ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਇਦ ਬਖਸ਼ਿਸ਼ ਸੀ ਕਿ ਉਨ੍ਹਾਂ ਨੇ ਹਿੰਮਤ ਦਿੱਤੀ ਅਜਿਹਾ ਫ਼ੈਸਲਾ ਲੈਣ ਦੀ।
ਪ੍ਰਧਾਨ ਮੰਤਰੀ ਜੀ : ਗੁਰੂਆਂ ਦੀ ਕ੍ਰਿਪਾ ਤੋਂ ਬਿਨਾ ਤਾਂ ਕੁਝ ਹੋ ਹੀ ਨਹੀਂ ਸਕਦਾ ਜੀ।
ਸੁਪ੍ਰੀਤ ਜੀ : ਬਿਲਕੁਲ ਸਰ, ਬਿਲਕੁਲ।
ਪ੍ਰਧਾਨ ਮੰਤਰੀ ਜੀ : ਸੁਖਬੀਰ ਜੀ ਜਦੋਂ ਤੁਸੀਂ ਹਸਪਤਾਲ ਵਿੱਚ ਹੋਵੋਗੇ ਅਤੇ ਇਹ ਹਿਲਾ ਦੇਣ ਵਾਲੀ ਖਬਰ ਜਦੋਂ ਡਾਕਟਰ ਨੇ ਤੁਹਾਨੂੰ ਦਿੱਤੀ, ਉਸ ਤੋਂ ਬਾਅਦ ਵੀ ਤੁਸੀਂ ਸਵਸਥ ਮਨ ਨਾਲ, ਤੁਸੀਂ ਅਤੇ ਤੁਹਾਡੀ ਸ਼੍ਰੀਮਤੀ ਜੀ ਨੇ ਇੰਨਾ ਵੱਡਾ ਫ਼ੈਸਲਾ ਕੀਤਾ। ਗੁਰੂਆਂ ਦੀ ਸਿੱਖਿਆ ਤਾਂ ਹੈ ਹੀ ਕਿ ਤੁਹਾਡੇ ਮਨ ਵਿੱਚ ਇੰਨਾ ਉਦਾਰ ਵਿਚਾਰ ਅਤੇ ਸਚਮੁੱਚ ’ਚ ਅਬਾਬਤ ਦਾ ਜੋ ਅਰਥ ਆਮ ਭਾਸ਼ਾ ਵਿੱਚ ਕਹੀਏ ਤਾਂ ਮਦਦਗਾਰ ਹੁੰਦਾ ਹੈ। ਇਹ ਕੰਮ ਕਰ ਦਿੱਤਾ, ਇਹ ਉਸ ਪਲ ਨੂੰ ਮੈਂ ਸੁਣਨਾ ਚਾਹੁੰਦਾ ਹਾਂ।
ਸੁਖਬੀਰ ਜੀ : ਸਰ ਅਸਲ ਵਿੱਚ ਸਾਡੇ ਇੱਕ ਪਰਿਵਾਰਕ ਮਿੱਤਰ ਹਨ ਪ੍ਰਿਯਾ ਜੀ, ਉਨ੍ਹਾਂ ਨੇ ਆਪਣੇ ਅੰਗਦਾਨ ਕੀਤੇ ਸਨ। ਉਨ੍ਹਾਂ ਤੋਂ ਵੀ ਸਾਨੂੰ ਪ੍ਰੇਰਣਾ ਮਿਲੀ, ਉਸ ਸਮੇਂ ਤਾਂ ਸਾਨੂੰ ਲਗਿਆ ਕਿ ਸਰੀਰ ਜੋ ਹੈ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਵੇਗਾ, ਜਦੋਂ ਕੋਈ ਵਿਛੜ ਜਾਂਦਾ ਹੈ, ਚਲਾ ਜਾਂਦਾ ਹੈ ਤਾਂ ਫਿਰ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ ਜਾਂ ਦਬਾ ਦਿੱਤਾ ਜਾਂਦਾ ਹੈ, ਲੇਕਿਨ ਉਸ ਦੇ ਅੰਗ ਕਿਸੇ ਦੇ ਕੰਮ ਆ ਜਾਣ ਤਾਂ ਇਹ ਭਲੇ ਦਾ ਹੀ ਕੰਮ ਹੈ ਤਾਂ ਉਸ ਵੇਲੇ ਸਾਨੂੰ ਹੋਰ ਫ਼ਖਰ ਮਹਿਸੂਸ ਹੋਇਆ, ਜਦੋਂ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਬੇਟੀ ਭਾਰਤ ਦੀ ਸਭ ਤੋਂ ਛੋਟੀ ਉਮਰ ਵਾਲੀ ਡੋਨਰ ਬਣੀ ਹੈ, ਜਿਸ ਦੇ ਅੰਗ ਸਫ਼ਲਤਾਪੂਰਵਕ ਟਰਾਂਸਪਲਾਂਟ ਹੋਏ ਹਨ ਤਾਂ ਸਾਡਾ ਸਿਰ ਫ਼ਖਰ ਨਾਲ ਉੱਚਾ ਹੋ ਗਿਆ ਕਿ ਜੋ ਨਾਮ ਅਸੀਂ ਆਪਣੇ ਮਾਤਾ-ਪਿਤਾ ਦਾ, ਇਸ ਉਮਰ ਤੱਕ ਨਹੀਂ ਕਰ ਪਾਏ, ਇੱਕ ਛੋਟਾ ਜਿਹਾ ਬੱਚਾ ਆ ਕੇ ਇੰਨੇ ਦਿਨਾਂ ਵਿੱਚ ਸਾਡਾ ਨਾਂ ਉੱਚਾ ਕਰ ਗਿਆ, ਇਸ ਤੋਂ ਹੋਰ ਵੱਡੀ ਗੱਲ ਇਹ ਹੈ ਕਿ ਅੱਜ ਤੁਹਾਡੇ ਨਾਲ ਗੱਲ ਹੋ ਰਹੀ ਹੈ ਇਸ ਵਿਸ਼ੇ ਬਾਰੇ। ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਜੀ : ਸੁਖਬੀਰ ਜੀ ਅੱਜ ਤੁਹਾਡੀ ਬੇਟੀ ਦਾ ਸਿਰਫ਼ ਇੱਕ ਅੰਗ ਹੀ ਜਿਊਂਦਾ ਹੈ, ਅਜਿਹਾ ਨਹੀਂ ਹੈ। ਤੁਹਾਡੀ ਬੇਟੀ ਮਨੁੱਖਤਾ ਦੀ ਅਮਰ ਗਾਥਾ ਦੀ ਅਮਰ ਯਾਤਰੀ ਬਣ ਗਈ ਹੈ। ਤੁਹਾਡੇ ਸਰੀਰ ਦੇ ਅੰਸ਼ ਦੇ ਜ਼ਰੀਏ ਉਹ ਅੱਜ ਵੀ ਮੌਜੂਦ ਹੈ। ਇਸ ਨੇਕ ਕਾਰਜ ਦੇ ਲਈ ਮੈਂ ਤੁਹਾਡੀ, ਤੁਹਾਡੀ ਸ਼੍ਰੀਮਤੀ ਜੀ ਦੀ, ਤੁਹਾਡੇ ਪਰਿਵਾਰ ਦੀ ਸ਼ਲਾਘਾ ਕਰਦਾ ਹਾਂ।
ਸੁਖਬੀਰ ਜੀ : ਥੈਂਕ ਯੂ ਸਰ।
ਸਾਥੀਓ, ਅੰਗਦਾਨ ਦੇ ਲਈ ਸਭ ਤੋਂ ਵੱਡਾ ਜਜ਼ਬਾ ਇਹੀ ਹੁੰਦਾ ਹੈ ਕਿ ਜਾਂਦੇ-ਜਾਂਦੇ ਵੀ ਕਿਸੇ ਦਾ ਭਲਾ ਹੋ ਜਾਏ, ਕਿਸੇ ਦਾ ਜੀਵਨ ਬਚ ਜਾਏ। ਜੋ ਲੋਕ ਅੰਗਦਾਨ ਦਾ ਇੰਤਜ਼ਾਰ ਕਰਦੇ ਹਨ, ਉਹ ਜਾਣਦੇ ਹਨ ਕਿ ਇੰਤਜ਼ਾਰ ਦਾ ਇੱਕ-ਇੱਕ ਪਲ ਗੁਜ਼ਰਨਾ ਕਿੰਨਾ ਮੁਸ਼ਕਿਲ ਹੁੰਦਾ ਹੈ ਅਤੇ ਅਜਿਹੇ ਵਿੱਚ ਜਦੋਂ ਕੋਈ ਅੰਗਦਾਨ ਜਾਂ ਦੇਹਦਾਨ ਕਰਨ ਵਾਲਾ ਮਿਲ ਜਾਂਦਾ ਹੈ ਤਾਂ ਉਸ ਵਿੱਚ ਰੱਬ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਝਾਰਖੰਡ ਦੀ ਰਹਿਣ ਵਾਲੀ ਸਨੇਹ ਲਤਾ ਚੌਧਰੀ ਜੀ ਵੀ ਅਜਿਹੀ ਹੀ ਸੀ, ਜਿਨ੍ਹਾਂ ਨੇ ਰੱਬ ਬਣ ਕੇ ਦੂਸਰਿਆਂ ਨੂੰ ਜ਼ਿੰਦਗੀ ਦਿੱਤੀ। 63 ਸਾਲਾਂ ਦੀ ਸਨੇਹ ਲਤਾ ਚੌਧਰੀ ਜੀ, ਆਪਣਾ ਦਿਲ, ਗੁਰਦੇ ਅਤੇ ਲੀਵਰ ਦਾਨ ਕਰਕੇ ਗਈ। ਅੱਜ ‘ਮਨ ਕੀ ਬਾਤ’ ਵਿੱਚ ਉਨ੍ਹਾਂ ਦੇ ਬੇਟੇ ਭਾਈ ਅਭਿਜੀਤ ਚੌਧਰੀ ਜੀ ਸਾਡੇ ਨਾਲ ਹਨ। ਆਓ ਉਨ੍ਹਾਂ ਤੋਂ ਸੁਣਦੇ ਹਾਂ।
ਪ੍ਰਧਾਨ ਮੰਤਰੀ ਜੀ : ਅਭਿਜੀਤ ਜੀ ਨਮਸਕਾਰ।
ਅਭਿਜੀਤ ਜੀ : ਪ੍ਰਣਾਮ ਸਰ।
ਪ੍ਰਧਾਨ ਮੰਤਰੀ ਜੀ : ਅਭਿਜੀਤ ਜੀ, ਤੁਸੀਂ ਇੱਕ ਅਜਿਹੇ ਮਾਂ ਦੇ ਬੇਟੇ ਹੋ, ਜਿਸ ਨੇ ਤੁਹਾਨੂੰ ਜਨਮ ਦੇ ਕੇ ਇੱਕ ਤਰ੍ਹਾਂ ਨਾਲ ਜੀਵਨ ਤਾਂ ਦਿੱਤਾ ਹੀ ਜੋ ਆਪਣੀ ਮੌਤ ਤੋਂ ਬਾਅਦ ਵੀ ਤੁਹਾਡੀ ਮਾਤਾ ਜੀ ਕਈ ਲੋਕਾਂ ਨੂੰ ਜੀਵਨ ਦੇ ਕੇ ਗਈ। ਇੱਕ ਪੁੱਤਰ ਦੇ ਨਾਤੇ ਅਭਿਜੀਤ ਤੁਸੀਂ ਜ਼ਰੂਰ ਫ਼ਖਰ ਮਹਿਸੂਸ ਕਰਦੇ ਹੋਵੋਗੇ।
ਅਭਿਜੀਤ ਜੀ : ਹਾਂ ਜੀ ਸਰ।
ਪ੍ਰਧਾਨ ਮੰਤਰੀ ਜੀ : ਤੁਸੀਂ ਆਪਣੀ ਮਾਤਾ ਜੀ ਦੇ ਬਾਰੇ ਵਿੱਚ ਜ਼ਰਾ ਦੱਸੋ। ਕਿੰਨਾ ਹਾਲਤਾਂ ਵਿੱਚ ਅੰਗਦਾਨ ਦਾ ਫ਼ੈਸਲਾ ਲਿਆ ਗਿਆ।
ਅਭਿਜੀਤ ਜੀ : ਮੇਰੀ ਮਾਤਾ ਜੀ ਸਰਾਈਕੇਲਾ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਹੈ ਝਾਰਖੰਡ ਵਿੱਚ, ਉੱਥੇ ਮੇਰੇ ਮੰਮੀ-ਪਾਪਾ ਦੋਵੇਂ ਰਹਿੰਦੇ ਹਨ, ਇਹ ਪਿਛਲੇ 25 ਸਾਲਾਂ ਤੋਂ ਲਗਾਤਾਰ ਸਵੇਰ ਦੀ ਸੈਰ ਕਰਦੇ ਸਨ ਅਤੇ ਆਪਣੀ ਆਦਤ ਦੇ ਅਨੁਸਾਰ ਸਵੇਰੇ 4 ਵਜੇ ਆਪਣੀ ਮੌਰਨਿੰਗ ਵਾਕ ਦੇ ਲਈ ਨਿਕਲੀ ਸੀ। ਉਸ ਵੇਲੇ ਇੱਕ ਮੋਟਰਸਾਈਕਲ ਵਾਲੇ ਨੇ ਇਨ੍ਹਾਂ ਨੂੰ ਪਿੱਛੋਂ ਧੱਕਾ ਮਾਰਿਆ ਅਤੇ ਉਹ ਉਸੇ ਵੇਲੇ ਡਿੱਗ ਪਈ, ਜਿਸ ਨਾਲ ਉਨ੍ਹਾਂ ਦੇ ਸਿਰ ’ਤੇ ਬਹੁਤ ਜ਼ਿਆਦਾ ਸੱਟ ਲਗੀ। ਤੁਰੰਤ ਅਸੀਂ ਲੋਕ ਉਨ੍ਹਾਂ ਨੂੰ ਸਦਰ ਹਸਪਤਾਲ ਸਰਾਈਕੇਲਾ ਲੈ ਗਏ, ਜਿੱਥੇ ਡਾਕਟਰ ਸਾਹਿਬ ਨੇ ਉਨ੍ਹਾਂ ਦੀ ਮਲ੍ਹਮ ਪੱਟੀ ਕੀਤੀ ਪਰ ਖੂਨ ਬਹੁਤ ਨਿਕਲ ਰਿਹਾ ਸੀ ਅਤੇ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ। ਤੁਰੰਤ ਅਸੀਂ ਲੋਕ ਉਨ੍ਹਾਂ ਨੂੰ ਟਾਟਾ ਮੇਨ ਹਸਪਤਾਲ ਲੈ ਕੇ ਚਲੇ ਗਏ। ਉੱਥੇ ਉਨ੍ਹਾਂ ਦੀ ਸਰਜਰੀ ਹੋਈ, 48 ਘੰਟੇ ਦੇ ਅਬਜ਼ਰਵੇਸ਼ਨ ਤੋਂ ਬਾਅਦ ਡਾਕਟਰ ਸਾਹਿਬ ਨੇ ਕਿਹਾ ਕਿ ਠੀਕ ਹੋਣ ਦੇ ਚਾਂਸ ਬਹੁਤ ਘੱਟ ਹਨ। ਫਿਰ ਅਸੀਂ ਉਨ੍ਹਾਂ ਨੂੰ ਏਅਰਲਿਫਟ ਕਰਕੇ ਏਮਸ ਦਿੱਲੀ ਲੈ ਕੇ ਆਏ ਅਸੀਂ ਲੋਕ। ਇੱਥੇ ਉਨ੍ਹਾਂ ਦਾ ਇਲਾਜ ਹੋਇਆ ਤਕਰੀਬਨ 7-8 ਦਿਨ। ਉਸ ਤੋਂ ਬਾਅਦ ਹਾਲਤ ਠੀਕ ਸੀ, ਇੱਕਦਮ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫੀ ਡਿੱਗ ਪਿਆ। ਉਸ ਤੋਂ ਬਾਅਦ ਪਤਾ ਲਗਿਆ ਕਿ ਉਨ੍ਹਾਂ ਦੀ ਬ੍ਰੇਨ ਡੈੱਥ ਹੋ ਗਈ ਹੈ ਤਾਂ ਫਿਰ ਡਾਕਟਰ ਸਾਹਿਬ ਸਾਨੂੰ ਪ੍ਰੋਟੋਕੋਲ ਦੇ ਨਾਲ ਦਸ ਰਹੇ ਸਨ ਅੰਗਦਾਨ ਦੇ ਬਾਰੇ ’ਚ। ਅਸੀਂ ਆਪਣੇ ਪਿਤਾ ਜੀ ਨੂੰ ਸ਼ਾਇਦ ਇਹ ਨਹੀਂ ਦਸ ਪਾਉਂਦੇ ਕਿ ਔਰਗਨ ਡੋਨੇਸ਼ਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਸਾਨੂੰ ਲਗਿਆ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਸਕਣਗੇ ਤਾਂ ਉਨ੍ਹਾਂ ਦੇ ਦਿਮਾਗ਼ ਵਿੱਚੋਂ ਅਸੀਂ ਇਹ ਕੱਢਣਾ ਚਾਹੁੰਦੇ ਸੀ ਕਿ ਅਜਿਹਾ ਕੁਝ ਚਲ ਰਿਹਾ ਹੈ। ਜਿਉਂ ਹੀ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅੰਗਦਾਨ ਦੀ ਗੱਲ ਚਲ ਰਹੀ ਹੈ ਤਾਂ ਉਨ੍ਹਾਂ ਨੇ ਇਹ ਕਿਹਾ ਕਿ ਨਹੀਂ-ਨਹੀਂ, ਇਹ ਮੰਮੀ ਦਾ ਬਹੁਤ ਮਨ ਸੀ ਅਤੇ ਅਸੀਂ ਇਹ ਕਰਨਾ ਹੈ। ਅਸੀਂ ਕਾਫੀ ਨਿਰਾਸ਼ ਸੀ ਉਸ ਵੇਲੇ, ਜਦੋਂ ਤੱਕ ਸਾਨੂੰ ਇਹ ਪਤਾ ਲਗਿਆ ਕਿ ਮੰਮੀ ਨਹੀਂ ਬਚ ਸਕਣਗੇ ਪਰ ਜਿਉਂ ਹੀ ਅੰਗਦਾਨ ਵਾਲੀ ਚਰਚਾ ਸ਼ੁਰੂ ਹੋਈ ਤਾਂ ਨਿਰਾਸ਼ਾ ਇੱਕ ਬਹੁਤ ਹੀ ਸਕਾਰਾਤਮਕ ਦੇ ਰੂਪ ਵਿੱਚ ਬਦਲ ਗਈ ਅਤੇ ਅਸੀਂ ਕਾਫੀ ਚੰਗੇ ਇੱਕ ਬਹੁਤ ਹੀ ਸਕਾਰਾਤਮਕ ਵਾਤਾਵਰਣ ਵਿੱਚ ਆ ਗਏ। ਉਸ ਨੂੰ ਕਰਦੇ-ਕਰਦੇ ਫਿਰ ਰਾਤ 8 ਵਜੇ ਆਪਸ ’ਚ ਸਲਾਹ-ਮਸ਼ਵਰਾ ਹੋਇਆ। ਦੂਸਰੇ ਦਿਨ ਅਸੀਂ ਲੋਕਾਂ ਨੇ ਅੰਗਦਾਨ ਕੀਤਾ। ਇਸ ਵਿੱਚ ਮੰਮੀ ਦੀ ਇੱਕ ਸੋਚ ਬਹੁਤ ਵੱਡੀ ਸੀ ਕਿ ਪਹਿਲਾਂ ਉਹ ਕਾਫੀ ਨੇਤਰਦਾਨ ਅਤੇ ਇਨ੍ਹਾਂ ਚੀਜ਼ਾਂ ਵਿੱਚ ਸਮਾਜਿਕ ਗਤੀਵਿਧੀਆਂ ’ਚ ਉਹ ਬਹੁਤ ਸਰਗਰਮ ਸੀ, ਬਹੁਤ ਐਕਟਿਵ ਸੀ। ਸ਼ਾਇਦ ਇਸੇ ਸੋਚ ਨੂੰ ਲੈ ਕੇ ਇੰਨੀ ਵੱਡੀ ਚੀਜ਼ ਅਸੀਂ ਲੋਕ ਕਰ ਪਾਏ ਅਤੇ ਮੇਰੇ ਪਿਤਾ ਜੀ ਦਾ ਜੋ ਫ਼ੈਸਲਾ ਸੀ, ਇਸ ਚੀਜ਼ ਸਬੰਧੀ, ਇਸ ਕਾਰਨ ਇਹ ਕੰਮ ਹੋ ਸਕਿਆ।
ਪ੍ਰਧਾਨ ਮੰਤਰੀ ਜੀ : ਕਿੰਨੇ ਲੋਕਾਂ ਦੇ ਕੰਮ ਆਏ ਅੰਗ?
ਅਭਿਜੀਤ ਜੀ : ਇਨ੍ਹਾਂ ਦਾ ਦਿਲ, ਦੋ ਗਰਦੇ, ਲੀਵਰ ਅਤੇ ਦੋਵੇਂ ਅੱਖਾਂ ਇਹ ਦਾਨ ਹੋਇਆ ਸੀ ਤਾਂ 4 ਲੋਕਾਂ ਦੀ ਜਾਨ ਬਚੀ ਅਤੇ 2 ਲੋਕਾਂ ਨੂੰ ਅੱਖਾਂ ਮਿਲੀਆਂ ਹਨ।
ਪ੍ਰਧਾਨ ਮੰਤਰੀ ਜੀ : ਅਭਿਜੀਤ ਜੀ ਤੁਹਾਡੇ ਪਿਤਾ ਜੀ ਅਤੇ ਮਾਤਾ ਜੀ ਦੋਵੇਂ ਨਮਨ ਦੇ ਅਧਿਕਾਰੀ ਹਨ। ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਤੁਹਾਡੇ ਪਿਤਾ ਜੀ ਨੇ ਇੰਨੇ ਵੱਡੇ ਫ਼ੈਸਲੇ ਵਿੱਚ, ਤੁਹਾਡੇ ਪਰਿਵਾਰਜਨਾਂ ਦੀ ਅਗਵਾਈ ਕੀਤੀ ਇਹ ਵਾਕਿਆ ਹੀ ਬਹੁਤ ਪ੍ਰੇਰਕ ਹੈ। ਮੈਂ ਮੰਨਦਾ ਹਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ। ਮਾਂ ਇੱਕ ਆਪਣੇ ਆਪ ਵਿੱਚ ਪ੍ਰੇਰਣਾ ਵੀ ਹੁੰਦੀ ਹੈ, ਲੇਕਿਨ ਮਾਂ ਜੋ ਰਵਾਇਤਾਂ ਛੱਡ ਕੇ ਜਾਂਦੀ ਹੈ, ਉਹ ਪੀੜ੍ਹੀ ਦਰ ਪੀੜ੍ਹੀ ਇੱਕ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ। ਅੰਗਦਾਨ ਦੇ ਲਈ ਤੁਹਾਡੀ ਮਾਤਾ ਜੀ ਦੀ ਪ੍ਰੇਰਣਾ ਅੱਜ ਪੂਰੇ ਦੇਸ਼ ਤੱਕ ਪਹੁੰਚ ਰਹੀ ਹੈ। ਮੈਂ ਤੁਹਾਡੇ ਇਸ ਪਵਿੱਤਰ ਕੰਮ ਅਤੇ ਮਹਾਨ ਕੰਮ ਦੇ ਲਈ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਭਿਜੀਤ ਜੀ, ਧੰਨਵਾਦ ਜੀ ਅਤੇ ਆਪਣੇ ਪਿਤਾ ਜੀ ਨੂੰ ਸਾਡਾ ਪ੍ਰਣਾਮ ਜ਼ਰੂਰ ਕਹਿ ਦੇਣਾ।
ਅਭਿਜੀਤ ਜੀ : ਜ਼ਰੂਰ, ਜ਼ਰੂਰ, ਥੈਂਕ ਯੂ।
ਸਾਥੀਓ, 39 ਦਿਨਾਂ ਦੀ ਅਬਾਬਤ ਕੌਰ ਹੋ ਗਈ ਜਾਂ 63 ਸਾਲਾਂ ਦੀ ਸਨੇਹ ਲਤਾ ਚੌਧਰੀ। ਇਨ੍ਹਾਂ ਵਰਗੇ ਦਾਨਵੀਰ ਸਾਨੂੰ ਜੀਵਨ ਦਾ ਮਹੱਤਵ ਸਮਝਾ ਕੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਅੱਜ ਵੱਡੀ ਗਿਣਤੀ ’ਚ ਅਜਿਹੇ ਜ਼ਰੂਰਤਮੰਦ ਹਨ ਜੋ ਸਿਹਤਮੰਦ ਜੀਵਨ ਦੀ ਆਸ ਵਿੱਚ ਕਿਸੇ ਅੰਗਦਾਨ ਕਰਨ ਵਾਲੇ ਦਾ ਇੰਤਜ਼ਾਰ ਕਰ ਰਹੇ ਹਨ। ਮੈਨੂੰ ਸੰਤੋਸ਼ ਹੈ ਕਿ ਅੰਗਦਾਨ ਨੂੰ ਅਸਾਨ ਬਣਾਉਣ ਅਤੇ ਉਤਸ਼ਾਹਿਤ ਕਰਨ ਦੇ ਲਈ ਪੂਰੇ ਦੇਸ਼ ਵਿੱਚ ਇੱਕੋ ਜਿਹੀ ਪਾਲਿਸੀ ’ਤੇ ਵੀ ਕੰਮ ਹੋ ਰਿਹਾ ਹੈ। ਇਸ ਦਿਸ਼ਾ ਵਿੱਚ ਰਾਜਾਂ ਦੇ ਨਿਵਾਸ ਦੀ ਸ਼ਰਤ ਨੂੰ ਹਟਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਯਾਨੀ ਹੁਣ ਦੇਸ਼ ਦੇ ਕਿਸੇ ਵੀ ਰਾਜ ਵਿੱਚ ਜਾ ਕੇ ਮਰੀਜ਼ ਅੰਗ ਪ੍ਰਾਪਤ ਕਰਨ ਦੇ ਲਈ ਰਜਿਸਟਰਡ ਕਰਵਾ ਸਕੇਗਾ। ਸਰਕਾਰ ਨੇ ਅੰਗਦਾਨ ਦੇ ਲਈ 65 ਸਾਲਾਂ ਤੋਂ ਘੱਟ ਉਮਰ ਦੀ ਹੱਦ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕੋਸ਼ਿਸ਼ਾਂ ਵਿਚਕਾਰ ਮੇਰਾ ਦੇਸ਼ਵਾਸੀਆਂ ਨੂੰ ਅਨੁਰੋਧ ਹੈ ਕਿ ਅੰਗਦਾਨ ਕਰਨ ਵਾਲੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ ’ਚ ਅੱਗੇ ਆਉਣ। ਤੁਹਾਡਾ ਇੱਕ ਫ਼ੈਸਲਾ ਕਈ ਲੋਕਾਂ ਦੀ ਜ਼ਿੰਦਗੀ ਬਚਾਅ ਸਕਦਾ ਹੈ, ਜ਼ਿੰਦਗੀ ਬਣਾ ਸਕਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ ਇਹ ਨੌਰਾਤਿਆਂ (ਨਵਰਾਤ੍ਰਿਆਂ) ਦਾ ਸਮਾਂ ਹੈ, ਸ਼ਕਤੀ ਦੀ ਪੂਜਾ ਦਾ ਸਮਾਂ ਹੈ। ਅੱਜ ਭਾਰਤ ਦੀ ਜੋ ਸਮਰੱਥਾ ਨਵੇਂ ਸਿਰੇ ਤੋਂ ਨਿੱਖਰ ਕੇ ਸਾਹਮਣੇ ਆ ਰਹੀ ਹੈ, ਉਸ ਵਿੱਚ ਬਹੁਤ ਵੱਡੀ ਭੂਮਿਕਾ ਸਾਡੀ ਨਾਰੀ ਸ਼ਕਤੀ ਦੀ ਹੈ। ਫਿਲਹਾਲ ਅਜਿਹੇ ਕਿੰਨੇ ਹੀ ਉਦਾਹਰਣ ਸਾਡੇ ਸਾਹਮਣੇ ਆਏ ਹਨ, ਤੁਸੀਂ ਸੋਸ਼ਲ ਮੀਡੀਆ ’ਤੇ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਜੀ ਨੂੰ ਜ਼ਰੂਰ ਵੇਖਿਆ ਹੋਵੇਗਾ, ਸੁਰੇਖਾ ਜੀ ਇੱਕ ਹੋਰ ਰਿਕਾਰਡ ਬਣਾਉਂਦੇ ਹੋਏ ਵੰਦੇ ਭਾਰਤ ਐਕਸਪ੍ਰੈੱਸ ਦੀ ਵੀ ਪਹਿਲੀ ਮਹਿਲਾ ਲੋਕੋ ਪਾਇਲਟ ਬਣ ਗਈ ਹੈ। ਇਸੇ ਮਹੀਨੇ ਪ੍ਰੋਡਿਊਸਰ ਗੁਨੀਤ ਮੌਂਗਾ ਅਤੇ ਡਾਇਰੈਕਟਰ ਕਾਰਤਿਕੀ ਗੋਂਜਾਲਵਿਸ, ਉਨ੍ਹਾਂ ਦੀ ਡਾਕੂਮੈਂਟਰੀ ‘ਐਲੀਫੈਂਟ ਵਿਸਪ੍ਰਰਸ’ ਨੇ ਔਸਕਰ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੇਸ਼ ਦੇ ਲਈ ਇੱਕ ਹੋਰ ਪ੍ਰਾਪਤੀ ‘ਭਾਬਾ ਐਟੋਮਿਕ ਰਿਸਰਚ ਸੈਂਟਰ’ ਦੀ ਵਿਗਿਆਨੀ ਭੈਣ ਜੋਤਿਰਮਈ ਮੋਹੰਤੀ ਜੀ ਨੇ ਵੀ ਹਾਸਿਲ ਕੀਤੀ ਹੈ। ਜੋਤਿਰਮਈ ਜੀ ਨੂੰ ਕੈਮਿਸਟਰੀ ਅਤੇ ਕੈਮੀਕਲ ਇੰਜੀਨੀਅਰਿੰਗ ਦੇ ਖੇਤਰ ਵਿੱਚ IUPAC ਦਾ ਵਿਸ਼ੇਸ਼ ਐਵਾਰਡ ਮਿਲਿਆ ਹੈ। ਇਸ ਸਾਲ ਦੇ ਸ਼ੁਰੂਆਤ ਵਿੱਚ ਹੀ ਭਾਰਤ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਨੇ ਟੀ-20 ਵਰਲਡ ਕੱਪ ਜਿੱਤ ਕੇ ਨਵਾਂ ਇਤਿਹਾਸ ਰਚਿਆ। ਜੇਕਰ ਤੁਸੀਂ ਰਾਜਨੀਤੀ ਵੱਲ ਵੇਖੋਗੇ ਤਾਂ ਇੱਕ ਨਵੀਂ ਸ਼ੁਰੂਆਤ ਨਾਗਾਲੈਂਡ ਵਿੱਚ ਹੋਈ ਹੈ। ਨਾਗਾਲੈਂਡ ’ਚ 75 ਸਾਲਾਂ ਵਿੱਚ ਪਹਿਲੀ ਵਾਰ 2 ਮਹਿਲਾ ਵਿਧਾਇਕ ਜਿੱਤ ਕੇ ਵਿਧਾਨ ਸਭਾ ਪਹੁੰਚੀਆਂ ਹਨ। ਇਨ੍ਹਾਂ ’ਚੋਂ ਇੱਕ ਨੂੰ ਨਾਗਾਲੈਂਡ ਵਿੱਚ ਮੰਤਰੀ ਵੀ ਬਣਾਇਆ ਗਿਆ ਹੈ। ਯਾਨੀ ਰਾਜ ਦੇ ਲੋਕਾਂ ਨੂੰ ਪਹਿਲੀ ਵਾਰੀ ਇੱਕ ਮਹਿਲਾ ਮੰਤਰੀ ਵੀ ਮਿਲੀ ਹੈ।
ਸਾਥੀਓ, ਕੁਝ ਦਿਨ ਪਹਿਲਾਂ ਮੇਰੀ ਮੁਲਾਕਾਤ ਉਨ੍ਹਾਂ ਜਾਂਬਾਜ਼ ਬੇਟੀਆਂ ਨਾਲ ਵੀ ਹੋਈ ਜੋ ਤੁਰਕੀ ’ਚ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਉੱਥੋਂ ਦੇ ਲੋਕਾਂ ਦੀ ਮਦਦ ਲਈ ਗਈਆਂ ਸਨ। ਇਹ ਸਾਰੀਆਂ NDRF ਦੇ ਦਸਤੇ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਹੌਸਲੇ (ਸਾਹਸ) ਅਤੇ ਕੁਸ਼ਲਤਾ ਦੀ ਪੂਰੀ ਦੁਨੀਆਂ ਵਿੱਚ ਤਾਰੀਫ ਹੋ ਰਹੀ ਹੈ, ਭਾਰਤ ਨੇ ਯੂ. ਐੱਨ. ਮਿਸ਼ਨ ਦੇ ਤਹਿਤ ਸ਼ਾਂਤੀ ਸੈਨਾ ਵਿੱਚ ‘ਵੂਮੈਨ ਓਨਲੀ ਪਲੈਟੂਨ’ ਦੀ ਵੀ ਤੈਨਾਤੀ ਕੀਤੀ ਹੈ।
ਅੱਜ ਦੇਸ਼ ਦੀਆਂ ਬੇਟੀਆਂ ਸਾਡੀਆਂ ਤਿੰਨਾਂ ਸੈਨਾਵਾਂ ਵਿੱਚ ਆਪਣੀ ਬਹਾਦਰੀ ਦਾ ਝੰਡਾ ਬੁਲੰਦ ਕਰ ਰਹੀਆਂ ਹਨ। ਗਰੁੱਪ ਕੈਪਟਨ ਸ਼ਾਲੀਜ਼ਾ ਧਾਮੀ Combat Unit ਵਿੱਚ ਕਮਾਂਡ ਅਪੁਆਇੰਟਮੈਂਟ ਪਾਉਣ ਵਾਲੀ ਪਹਿਲੀ ਹਵਾਈ ਸੈਨਾ ਅਧਿਕਾਰੀ ਬਣੀ ਹੈ। ਉਨ੍ਹਾਂ ਦੇ ਕੋਲ ਲਗਭਗ 3 ਹਜ਼ਾਰ ਘੰਟੇ ਦਾ ਫਲਾਇੰਗ ਐਕਸਪੀਰੀਐਂਸ ਹੈ। ਇਸੇ ਤਰ੍ਹਾਂ ਭਾਰਤੀ ਸੈਨਾ ਦੀ ਜਾਂਬਾਜ਼ ਕੈਪਟਨ ਸ਼ਿਵਾ ਚੌਹਾਨ ਸਿਆਚਿਨ ਵਿੱਚ ਤੈਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ। ਸਿਆਚਿਨ ’ਚ ਜਿੱਥੇ ਪਾਰਾ -60 ਡਿਗਰੀ ਤੱਕ ਚਲਾ ਜਾਂਦਾ ਹੈ, ਉੱਥੇ ਸ਼ਿਵਾ 3 ਮਹੀਨਿਆਂ ਦੇ ਲਈ ਤੈਨਾਤ ਰਹੇਗੀ।
ਸਾਥੀਓ, ਇਹ ਸੂਚੀ ਇੰਨੀ ਲੰਬੀ ਹੈ ਕਿ ਇੱਥੇ ਸਾਰਿਆਂ ਦੀ ਚਰਚਾ ਕਰਨਾ ਵੀ ਮੁਸ਼ਕਿਲ ਹੈ। ਇਹ ਸਾਰੀਆਂ ਮਹਿਲਾਵਾਂ ਸਾਡੀਆਂ ਬੇਟੀਆਂ ਅੱਜ ਭਾਰਤ ਅਤੇ ਭਾਰਤ ਦੇ ਸੁਪਨਿਆਂ ਨੂੰ ਊਰਜਾ ਦੇ ਰਹੀਆਂ ਹਨ। ਨਾਰੀ ਸ਼ਕਤੀ ਦੀ ਇਹ ਊਰਜਾ ਹੀ ਵਿਕਸਿਤ ਭਾਰਤ ਦੀ ਪ੍ਰਾਣ ਵਾਯੂ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਇਨ੍ਹੀਂ ਦਿਨੀਂ ਪੂਰੇ ਵਿਸ਼ਵ ਵਿੱਚ ਸਵੱਛ ਊਰਜਾ, ਰੀਨਿਊਏਬਲ ਐਨਰਜੀ ਦੀ ਖੂਬ ਗੱਲ ਹੋ ਰਹੀ ਹੈ। ਮੈਂ ਜਦੋਂ ਵਿਸ਼ਵ ਦੇ ਲੋਕਾਂ ਨੂੰ ਮਿਲਦਾ ਹਾਂ ਤਾਂ ਉਹ ਇਸ ਖੇਤਰ ਵਿੱਚ ਭਾਰਤ ਦੀ ਅਨੋਖੀ ਸਫ਼ਲਤਾ ਦੀ ਜ਼ਰੂਰ ਚਰਚਾ ਕਰਦੇ ਹਨ। ਖਾਸ ਕਰਕੇ ਭਾਰਤ ਸੋਲਰ ਐਨਰਜੀ ਦੇ ਖੇਤਰ ਵਿੱਚ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤਾਂ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਭਾਰਤ ਦੇ ਲੋਕ ਤਾਂ ਸਦੀਆਂ ਤੋਂ ਸੂਰਜ ਨਾਲ ਵਿਸ਼ੇਸ਼ ਰੂਪ ’ਚ ਨਾਤਾ ਰੱਖਦੇ ਹਨ। ਸਾਡੇ ਇੱਥੇ ਸੂਰਜ ਦੀ ਸ਼ਕਤੀ ਨੂੰ ਲੈ ਕੇ ਜੋ ਵਿਗਿਆਨਕ ਸਮਝ ਰਹੀ ਹੈ, ਸੂਰਜ ਦੀ ਪੂਜਾ ਦੀ ਜੋ ਰਵਾਇਤਾਂ ਰਹੀਆਂ ਹਨ, ਉਹ ਹੋਰ ਜਗ੍ਹਾ ’ਤੇ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਹਰ ਦੇਸ਼ਵਾਸੀ ਸੌਰ ਊਰਜਾ ਦਾ ਮਹੱਤਵ ਵੀ ਸਮਝ ਰਿਹਾ ਹੈ ਅਤੇ ਕਲੀਨ ਐਨਰਜੀ ਵਿੱਚ ਆਪਣਾ ਯੋਗਦਾਨ ਵੀ ਦੇਣਾ ਚਾਹੁੰਦਾ ਹੈ। ‘ਸਬ ਕਾ ਪ੍ਰਯਾਸ’ ਦੀ ਇਹੀ ਭਾਵਨਾ ਅੱਜ ਭਾਰਤ ਦੇ ਸੋਲਰ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਅਜਿਹੇ ਹੀ ਇੱਕ ਬਿਹਤਰੀਨ ਯਤਨ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇੱਥੇ MSR – Olive Housing Society ਦੇ ਲੋਕਾਂ ਨੇ ਤੈਅ ਕੀਤਾ ਹੈ ਕਿ ਉਹ ਸੁਸਾਇਟੀ ਵਿੱਚ ਪੀਣ ਵਾਲੇ ਪਾਣੀ, ਲਿਫਟ ਅਤੇ ਲਾਈਟ ਵਰਗੀਆਂ ਸਮੂਹਿਕ ਵਰਤੋਂ ਦੀਆਂ ਚੀਜ਼ਾਂ ਹੁਣ ਸੋਲਰ ਐਨਰਜੀ ਨਾਲ ਹੀ ਚਲਾਉਣਗੇ। ਇਸ ਤੋਂ ਬਾਅਦ ਸੁਸਾਇਟੀ ਵਿੱਚ ਸਾਰਿਆਂ ਨੇ ਮਿਲ ਕੇ ਸੋਲਰ ਪੈਨਲ ਲਗਵਾਏ। ਅੱਜ ਇਨ੍ਹਾਂ ਸੋਲਰ ਪੈਨਲਸ ਨਾਲ ਹਰ ਸਾਲ ਲਗਭਗ 90 ਹਜ਼ਾਰ ਕਿਲੋਵਾਟ Hour ਬਿਜਲੀ ਪੈਦਾ ਹੋ ਰਹੀ ਹੈ। ਇਸ ਨਾਲ ਹਰ ਮਹੀਨੇ ਲਗਭਗ 40 ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ। ਇਸ ਬੱਚਤ ਦਾ ਲਾਭ ਸੁਸਾਇਟੀ ਦੇ ਸਾਰੇ ਲੋਕਾਂ ਨੂੰ ਹੋ ਰਿਹਾ ਹੈ।
ਸਾਥੀਓ, ਪੁਣੇ ਦੇ ਵਾਂਗ ਹੀ ਦਮਨ-ਦੀਵ ’ਚ ਜੋ ਇੱਕ ਦੀਵ ਹੈ, ਜੋ ਇੱਕ ਵੱਖ ਜ਼ਿਲ੍ਹਾ ਹੈ। ਉੱਥੋਂ ਦੇ ਲੋਕਾਂ ਨੇ ਵੀ ਇੱਕ ਅਨੋਖਾ ਕੰਮ ਕਰਕੇ ਵਿਖਾਇਆ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਦੀਵ ਸੋਮਨਾਥ ਦੇ ਕੋਲ ਹੈ। ਦੀਵ ਭਾਰਤ ਦਾ ਇੱਕ ਅਜਿਹਾ ਜ਼ਿਲ੍ਹਾ ਬਣਿਆ ਹੈ ਜੋ ਦਿਨ ਦੇ ਸਮੇਂ ਸਾਰੀਆਂ ਜ਼ਰੂਰਤਾਂ ਦੇ ਲਈ ਸੌ ਫੀਸਦੀ ਕਲੀਨ ਐਨਰਜੀ ਦੀ ਵਰਤੋਂ ਕਰ ਰਿਹਾ ਹੈ। ਦੀਵ ਦੀ ਸਫ਼ਲਤਾ ਦਾ ਮੰਤਰ ਵੀ ਸਾਰਿਆਂ ਦੀ ਕੋਸ਼ਿਸ਼ ਹੀ ਹੈ। ਕਦੇ ਇੱਥੇ ਬਿਜਲੀ ਉਤਪਾਦਨ ਦੇ ਲਈ ਸਾਧਨਾਂ ਦੀ ਚੁਣੌਤੀ ਸੀ। ਲੋਕਾਂ ਨੇ ਇਸ ਚੁਣੌਤੀ ਦੇ ਹੱਲ ਲਈ ਸੋਲਰ ਐਨਰਜੀ ਨੂੰ ਚੁਣਿਆ। ਇੱਥੇ ਬੰਜਰ ਜ਼ਮੀਨ ਅਤੇ ਕਈ ਇਮਾਰਤਾਂ ’ਤੇ ਸੋਲਰ ਪੈਨਲ ਲਗਾਏ ਗਏ। ਇਨ੍ਹਾਂ ਪੈਨਲਸ ਤੋਂ ਦੀਵ ਵਿੱਚ ਦਿਨ ਦੇ ਸਮੇਂ ਜਿੰਨੀ ਬਿਜਲੀ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਜ਼ਿਆਦਾ ਬਿਜਲੀ ਪੈਦਾ ਹੋ ਰਹੀ ਹੈ। ਇਸ ਸੋਲਰ ਪ੍ਰੋਜੈਕਟ ਨਾਲ ਬਿਜਲੀ ਖਰੀਦ ’ਤੇ ਖਰਚ ਹੋਣ ਵਾਲੇ ਲਗਭਗ 52 ਕਰੋੜ ਰੁਪਏ ਵੀ ਬਚੇ ਹਨ। ਇਸ ਨਾਲ ਵਾਤਾਵਰਣ ਦੀ ਵੀ ਵੱਡੀ ਸੁਰੱਖਿਆ ਹੋਈ ਹੈ।
ਸਾਥੀਓ, ਪੁਣੇ ਅਤੇ ਦੀਵ, ਉਨ੍ਹਾਂ ਨੇ ਜੋ ਕਰ ਵਿਖਾਇਆ ਹੈ, ਅਜਿਹੇ ਯਤਨ ਦੇਸ਼ ਭਰ ਵਿੱਚ ਕਈ ਹੋਰ ਥਾਵਾਂ ’ਤੇ ਵੀ ਹੋ ਰਹੇ ਹਨ। ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਵਾਤਾਵਰਣ ਅਤੇ ਕੁਦਰਤ ਨੂੰ ਲੈ ਕੇ ਅਸੀਂ ਭਾਰਤੀ ਕਿੰਨੇ ਸੰਵੇਦਨਸ਼ੀਲ ਹਾਂ ਅਤੇ ਸਾਡਾ ਦੇਸ਼ ਕਿਸ ਤਰ੍ਹਾਂ ਭਵਿੱਖ ਦੀ ਪੀੜ੍ਹੀ ਲਈ ਬਹੁਤ ਜਾਗ੍ਰਿਤ ਹੈ। ਮੈਂ ਇਸ ਤਰ੍ਹਾਂ ਦੇ ਸਾਰੇ ਯਤਨਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਸਮੇਂ ਦੇ ਨਾਲ ਸਥਿਤੀ-ਪਰਿਸਥਿਤੀਆਂ ਦੇ ਅਨੁਸਾਰ ਅਨੇਕਾਂ ਰਵਾਇਤਾਂ ਵਿਕਸਿਤ ਹੁੰਦੀਆਂ ਹਨ। ਇਹ ਰਵਾਇਤਾਂ ਸਾਡੀ ਸੰਸਕ੍ਰਿਤੀ ਦੀ ਸਮਰੱਥਾ ਵਧਾਉਂਦੀਆਂ ਹਨ ਅਤੇ ਉਸ ਨੂੰ ਨਿੱਤ ਨਵੀਂ ਪ੍ਰਾਣ ਸ਼ਕਤੀ ਵੀ ਦਿੰਦੀਆਂ ਹਨ। ਕੁਝ ਮਹੀਨੇ ਪਹਿਲਾਂ ਅਜਿਹੀ ਹੀ ਇੱਕ ਰਵਾਇਤ ਸ਼ੁਰੂ ਹੋਈ ਕਾਸ਼ੀ ਵਿੱਚ। ਕਾਸ਼ੀ ਤਮਿਲ ਸੰਗਮ ਦੇ ਦੌਰਾਨ ਕਾਸ਼ੀ ਅਤੇ ਤਮਿਲ ਖੇਤਰ ਦੇ ਵਿਚਕਾਰ ਸਦੀਆਂ ਤੋਂ ਚਲੇ ਆ ਰਹੇ ਇਤਿਹਾਸਕ ਅਤੇ ਸੰਸਕ੍ਰਿਤੀ ਸਬੰਧਾਂ ਨੂੰ ਸੈਲੀਬ੍ਰੇਟ ਕੀਤਾ ਗਿਆ। ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਸਾਡੇ ਦੇਸ਼ ਨੂੰ ਮਜ਼ਬੂਤੀ ਦਿੰਦੀ ਹੈ। ਅਸੀਂ ਜਦੋਂ ਇੱਕ-ਦੂਸਰੇ ਦੇ ਬਾਰੇ ਜਾਣਦੇ ਹਾਂ, ਸਿੱਖਦੇ ਹਾਂ ਤਾਂ ਏਕਤਾ ਦੀ ਹੀ ਭਾਵਨਾ ਹੋਰ ਡੂੰਘੀ ਹੁੰਦੀ ਹੈ। ਏਕਤਾ ਦੀ ਇਸੇ ਭਾਵਨਾ ਨਾਲ ਅਗਲੇ ਮਹੀਨੇ ਗੁਜਰਾਤ ਦੇ ਵਿਭਿੰਨ ਹਿੱਸਿਆਂ ਵਿੱਚ, ‘ਸੌਰਾਸ਼ਟਰ ਤਮਿਲ ਸੰਗਮ’ ਹੋਣ ਵਾਲਾ ਹੈ। ਸੌਰਾਸ਼ਟਰ ਤਮਿਲ ਸੰਗਮ 17 ਤੋਂ 30 ਅਪ੍ਰੈਲ ਤੱਕ ਚਲੇਗਾ। ‘ਮਨ ਕੀ ਬਾਤ’ ਦੇ ਕੁਝ ਸਰੋਤੇ ਜ਼ਰੂਰ ਸੋਚ ਰਹੇ ਹੋਣਗੇ ਕਿ ਗੁਜਰਾਤ ਦੇ ਸੌਰਾਸ਼ਟਰ ਦਾ ਤਾਮਿਨਲਾਡੂ ਨਾਲ ਕੀ ਸਬੰਧ ਹੈ? ਦਰਅਸਲ ਸਦੀਆਂ ਪਹਿਲਾਂ ਸੌਰਾਸ਼ਟਰ ਦੇ ਅਨੇਕਾਂ ਲੋਕ ਤਮਿਲ ਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸ ਗਏ ਸਨ। ‘‘ਇਹ ਲੋਕ ਅੱਜ ਵੀ ‘ਸੌਰਾਸ਼ਟਰੀ ਤਮਿਲ’ ਦੇ ਨਾਮ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਦੇ ਖਾਣ-ਪਾਣ, ਰਹਿਣ-ਸਹਿਣ, ਸਮਾਜਿਕ ਸੰਸਕਾਰਾਂ ਵਿੱਚ ਅੱਜ ਵੀ ਕੁਝ-ਕੁਝ ਸੌਰਾਸ਼ਟਰ ਦੀ ਝਲਕ ਮਿਲ ਜਾਂਦੀ ਹੈ। ਮੈਨੂੰ ਇਸ ਆਯੋਜਨ ਨੂੰ ਲੈ ਕੇ ਤਮਿਲ ਨਾਡੂ ਤੋਂ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਭਰੇ ਪੱਤਰ ਲਿਖੇ ਹਨ। ਮਦੂਰੈ ਵਿੱਚ ਰਹਿਣ ਵਾਲੇ ਜੈ ਚੰਦਰਨ ਜੀ ਨੇ ਇੱਕ ਬੜੀ ਹੀ ਭਾਵੁਕ ਗੱਲ ਲਿਖੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਜ਼ਾਰ ਸਾਲ ਤੋਂ ਬਾਅਦ ਪਹਿਲੀ ਵਾਰੀ ਕਿਸੇ ਨੇ ਸੌਰਾਸ਼ਟਰ-ਤਮਿਲ ਦੇ ਇਨ੍ਹਾਂ ਰਿਸ਼ਤਿਆਂ ਦੇ ਬਾਰੇ ਸੋਚਿਆ ਹੈ। ਸੌਰਾਸ਼ਟਰ ਤੋਂ ਤਮਿਲ ਨਾਡੂ ਆ ਕੇ ਵਸੇ ਹੋਏ ਲੋਕਾਂ ਨੂੰ ਪੁੱਛਿਆ ਹੈ।’’ ਜੈਚੰਦਰਨ ਦੇ ਸ਼ਬਦ ਹਜ਼ਾਰਾਂ ਤਮਿਲ ਭਰਾਵਾਂ ਅਤੇ ਭੈਣਾਂ ਦਾ ਪ੍ਰਗਟਾਵਾ ਹਨ।
ਸਾਥੀਓ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੈਂ ਅਸਮ ਨਾਲ ਜੁੜੀ ਹੋਈ ਇੱਕ ਖ਼ਬਰ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਇਹ ਵੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਵੀਰ ਲਾਸਿਤ ਬੋਰਫੁਕਨ ਜੀ ਦੀ 400ਵੀਂ ਜਯੰਤੀ ਮਨਾ ਰਹੇ ਹਾਂ। ਵੀਰ ਲਾਸਿਤ ਬੋਰਫੁਕਨ ਨੇ ਅੱਤਿਆਚਾਰੀ ਮੁਗ਼ਲ ਸਲਤਨਤ ਦੇ ਹੱਥੋਂ ਗੁਵਾਹਾਟੀ ਨੂੰ ਆਜ਼ਾਦ ਕਰਵਾਇਆ ਸੀ। ਅੱਜ ਦੇਸ਼ ਇਸ ਮਹਾਨ ਯੋਧੇ ਦੇ ਅਨੋਖੇ ਹੌਸਲੇ ਨਾਲ ਜਾਣੂ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਲਾਸਿਤ ਬੋਰਫੁਕਨ ਦੇ ਜੀਵਨ ’ਤੇ ਅਧਾਰਿਤ ਨਿਬੰਧ ਲੇਖਨ ਦੀ ਇੱਕ ਮੁਹਿੰਮ ਚਲਾਈ ਗਈ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਲਈ ਲਗਭਗ 45 ਲੱਖ ਲੋਕਾਂ ਨੇ ਨਿਬੰਧ ਭੇਜੇ। ਤੁਹਾਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਹੁਣ ਇਹ ਇੱਕ ਗਿੰਨੀਜ਼ ਰਿਕਾਰਡ ਬਣ ਚੁੱਕਿਆ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਅਤੇ ਜੋ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਵੀਰ ਲਾਸਿਤ ਬੋਰਫੁਕਨ ’ਤੇ ਇਹ ਜੋ ਨਿਬੰਧ ਲਿਖੇ ਗਏ ਹਨ, ਉਸ ਵਿੱਚ ਲਗਭਗ 23 ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ ਅਤੇ ਲੋਕਾਂ ਨੇ ਭੇਜਿਆ ਹੈ। ਇਨ੍ਹਾਂ ਵਿੱਚ ਅਸਮੀਆ ਭਾਸ਼ਾ ਦੇ ਇਲਾਵਾ ਹਿੰਦੀ, ਅੰਗ੍ਰੇਜ਼ੀ, ਬਾਂਗਲਾ, ਬੋਡੋ, ਨੇਪਾਲੀ, ਸੰਸਕ੍ਰਿਤ, ਸੰਥਾਲੀ ਜਿਹੀਆਂ ਭਾਸ਼ਾਵਾਂ ਵਿੱਚ ਲੋਕਾਂ ਨੇ ਨਿਬੰਧ ਭੇਜੇ ਹਨ। ਮੈਂ ਇਸ ਯਤਨ ਦਾ ਹਿੱਸਾ ਬਣੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਕਸ਼ਮੀਰ ਜਾਂ ਸ੍ਰੀਨਗਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਉਸ ਦੀਆਂ ਵਾਦੀਆਂ ਅਤੇ ਡੱਲ ਝੀਲ ਦੀ ਤਸਵੀਰ ਆਉਂਦੀ ਹੈ। ਸਾਡੇ ਵਿੱਚੋਂ ਹਰ ਕੋਈ ਡੱਲ ਝੀਲ ਦੇ ਨਜ਼ਾਰਿਆਂ ਦਾ ਲੁਤਫ ਉਠਾਉਣਾ ਚਾਹੁੰਦਾ ਹੈ, ਲੇਕਿਨ ਡੱਲ ਝੀਲ ਵਿੱਚ ਇੱਕ ਹੋਰ ਗੱਲ ਖ਼ਾਸ ਹੈ। ਡੱਲ ਝੀਲ ਆਪਣੇ ਸੁਆਦੀ ਲੋਟਸ ਸਟੈਮ - ਕਮਲ ਦੇ ਤਣਿਆਂ ਜਾਂ ਕਮਲ ਕੱਕੜੀ ਦੇ ਲਈ ਵੀ ਜਾਣੀ ਜਾਂਦੀ ਹੈ। ਕਮਲ ਦੇ ਤਣਿਆਂ ਨੂੰ ਦੇਸ਼ ਵਿੱਚ ਵੱਖ-ਵੱਖ ਜਗ੍ਹਾ ਵੱਖ-ਵੱਖ ਨਾਮ ਨਾਲ ਜਾਣਦੇ ਹਨ। ਕਸ਼ਮੀਰ ਵਿੱਚ ਇਨ੍ਹਾਂ ਨੂੰ ਨਾਦਰੂ ਕਹਿੰਦੇ ਹਨ। ਕਸ਼ਮੀਰ ਦੇ ਨਾਦਰੂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਮੰਗ ਨੂੰ ਵੇਖਦੇ ਹੋਏ ਡੱਲ ਝੀਲ ਵਿੱਚ ਨਾਦਰੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਇੱਕ ਐੱਫ.ਪੀ.ਓ. ਬਣਾਇਆ ਹੈ। ਇਸ ਐੱਫ.ਪੀ.ਓ. ਵਿੱਚ ਲਗਭਗ 250 ਕਿਸਾਨ ਸ਼ਾਮਲ ਹੋਏ ਹਨ। ਅੱਜ ਇਹ ਕਿਸਾਨ ਆਪਣੇ ਨਾਦਰੂ (Nadru) ਨੂੰ ਵਿਦੇਸ਼ਾਂ ਤੱਕ ਭੇਜਣ ਲਗੇ ਹਨ। ਅਜੇ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ ਕਿਸਾਨਾਂ ਨੇ ਦੋ ਖੇਪ ਯੂ.ਏ.ਈ. ਭੇਜੀਆਂ ਹਨ। ਇਹ ਸਫ਼ਲਤਾ ਕਸ਼ਮੀਰ ਦਾ ਨਾਮ ਤਾਂ ਕਰ ਹੀ ਰਹੀ ਹੈ, ਨਾਲ ਹੀ ਇਸ ਨਾਲ ਸੈਂਕੜੇ ਕਿਸਾਨਾਂ ਦੀ ਆਮਦਨੀ ਵੀ ਵਧੀ ਹੈ।
ਸਾਥੀਓ, ਕਸ਼ਮੀਰ ਦੇ ਲੋਕਾਂ ਦਾ ਖੇਤੀ ਨਾਲ ਹੀ ਜੁੜਿਆ ਕੁਝ ਅਜਿਹਾ ਹੀ ਇੱਕ ਯਤਨ, ਇਨ੍ਹੀਂ ਦਿਨੀਂ ਆਪਣੀ ਕਾਮਯਾਬੀ ਦੀ ਖੁਸ਼ਬੋ ਫੈਲਾਅ ਰਿਹਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਾਮਯਾਬੀ ਦੀ ਖੁਸ਼ਬੋ ਕਿਉਂ ਕਹਿ ਰਿਹਾ ਹਾਂ - ਗੱਲ ਹੈ ਹੀ ਖੁਸ਼ਬੋ ਦੀ, ਸੁਗੰਧ ਦੀ ਹੀ ਤਾਂ ਗੱਲ ਹੈ! ਦਰਅਸਲ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਕਸਬਾ ਹੈ ‘ਭੱਦਰਵਾਹ’, ਇੱਥੋਂ ਦੇ ਕਿਸਾਨ ਦਹਾਕਿਆਂ ਤੋਂ ਮੱਕੀ ਦੀ ਰਵਾਇਤੀ ਖੇਤੀ ਕਰਦੇ ਆ ਰਹੇ ਸਨ, ਲੇਕਿਨ ਕੁਝ ਕਿਸਾਨਾਂ ਨੇ ਕੁਝ ਵੱਖ ਕਰਨ ਦੀ ਸੋਚੀ, ਉਨ੍ਹਾਂ ਨੇ ਫਲੋਰੀ ਕਲਚਰ ਯਾਨੀ ਫੁੱਲਾਂ ਦੀ ਖੇਤੀ ਵੱਲ ਰੁਖ ਕੀਤਾ। ਅੱਜ ਇੱਥੋਂ ਦੇ ਲਗਭਗ ਢਾਈ ਹਜ਼ਾਰ ਕਿਸਾਨ ਲੈਵੇਂਡਰ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ਨੂੰ ਕੇਂਦਰ ਸਰਕਾਰ ਦੇ ਅਰੋਮਾ ਮਿਸ਼ਨ ਤੋਂ ਵੀ ਮਦਦ ਮਿਲੀ ਹੈ। ਇਸ ਨਵੀਂ ਖੇਤੀ ਨੇ ਕਿਸਾਨਾਂ ਦੀ ਆਮਦਨ ਵਿੱਚ ਵੱਡਾ ਇਜ਼ਾਫਾ ਕੀਤਾ ਹੈ ਅਤੇ ਅੱਜ ਲੈਵੇਂਡਰ ਦੇ ਨਾਲ-ਨਾਲ ਇਨ੍ਹਾਂ ਦੀ ਸਫ਼ਲਤਾ ਦੀ ਖੁਸ਼ਬੋ ਵੀ ਦੂਰ-ਦੂਰ ਤੱਕ ਫੈਲ ਰਹੀ ਹੈ।
ਸਾਥੀਓ, ਜਦੋਂ ਕਸ਼ਮੀਰ ਦੀ ਗੱਲ ਹੋਵੇ, ਕਮਲ ਦੀ ਗੱਲ ਹੋਵੇ, ਫੁੱਲ ਦੀ ਗੱਲ ਹੋਵੇ, ਖੁਸ਼ਬੋ ਦੀ ਗੱਲ ਹੋਵੇ ਤਾਂ ਕਮਲ ਦੇ ਫੁੱਲ ਦੇ ਬਿਰਾਜਮਾਨ ਰਹਿਣ ਵਾਲੀ ਮਾਂ ਸ਼ਾਰਦਾ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ। ਕੁਝ ਦਿਨ ਪਹਿਲਾਂ ਹੀ ਕੁਪਵਾੜਾ ਵਿੱਚ ਮਾਂ ਸ਼ਾਰਦਾ ਦੇ ਆਲੀਸ਼ਾਨ ਮੰਦਿਰ ਦਾ ਲੋਕਅਰਪਣ ਹੋਇਆ ਹੈ। ਇਹ ਮੰਦਿਰ ਉਸੇ ਰਸਤੇ ’ਤੇ ਬਣਿਆ ਹੈ, ਜਿੱਥੋਂ ਕਦੇ ਸ਼ਾਰਦਾ ਪੀਠ ਦੇ ਦਰਸ਼ਨਾਂ ਲਈ ਜਾਇਆ ਕਰਦੇ ਸੀ। ਸਥਾਨਕ ਲੋਕਾਂ ਨੇ ਇਸ ਮੰਦਿਰ ਦੇ ਨਿਰਮਾਣ ਵਿੱਚ ਬਹੁਤ ਮਦਦ ਕੀਤੀ ਹੈ। ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਸ ਸ਼ੁਭ ਕਾਰਜ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ ‘ਮਨ ਕੀ ਬਾਤ’ ਵਿੱਚ ਬਸ ਇਤਨਾ ਹੀ। ਅਗਲੀ ਵਾਰੀ ਤੁਹਾਡੇ ਨਾਲ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਵਿੱਚ ਮੁਲਾਕਾਤ ਹੋਵੇਗੀ। ਤੁਸੀਂ ਆਪਣੇ ਸੁਝਾਅ ਜ਼ਰੂਰ ਭੇਜੋ। ਮਾਰਚ ਦੇ ਇਸ ਮਹੀਨੇ ਵਿੱਚ ਅਸੀਂ ਹੋਲੀ ਤੋਂ ਲੈ ਕੇ ਨਵਰਾਤੇ ਤੱਕ ਕਈ ਪੁਰਬ ਅਤੇ ਤਿਓਹਾਰਾਂ ਵਿੱਚ ਵਿਅਸਤ ਰਹੇ ਹਾਂ। ਰਮਜਾਨ ਦਾ ਪਵਿੱਤਰ ਮਹੀਨਾ ਵੀ ਸ਼ੁਰੂ ਹੋ ਚੁੱਕਾ ਹੈ। ਅਗਲੇ ਕੁਝ ਦਿਨਾਂ ਵਿੱਚ ਸ਼੍ਰੀ ਰਾਮਨੌਮੀ ਦਾ ਮਹਾਂ ਪੁਰਬ ਵੀ ਆਉਣ ਵਾਲਾ ਹੈ। ਇਸ ਤੋਂ ਬਾਅਦ ਮਹਾਵੀਰ ਜਯੰਤੀ, ਗੁੱਡ ਫ੍ਰਾਈਡੇ ਅਤੇ ਈਸਟਰ ਵੀ ਆਉਣਗੇ। ਅਪ੍ਰੈਲ ਦੇ ਮਹੀਨੇ ਵਿੱਚ ਅਸੀਂ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਦੀ ਜਯੰਤੀ ਵੀ ਮਨਾਉਂਦੇ ਹਾਂ। ਇਹ ਦੋ ਮਹਾਪੁਰਖ ਹਨ। ਮਹਾਤਮਾ ਜਯੋਤੀਬਾ ਫੂਲੇ ਅਤੇ ਬਾਬਾ ਸਾਹਬ ਅੰਬੇਡਕਰ। ਇਨ੍ਹਾਂ ਦੋਹਾਂ ਹੀ ਮਹਾਪੁਰਖਾਂ ਨੇ ਸਮਾਜ ਵਿੱਚ ਭੇਦਭਾਵ ਮਿਟਾਉਣ ਦੇ ਲਈ ਅਨੋਖਾ ਯੋਗਦਾਨ ਦਿੱਤਾ। ਅੱਜ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਸਾਨੂੰ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਤੋਂ ਸਿੱਖਣ ਅਤੇ ਨਿਰੰਤਰ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਅਸੀਂ ਆਪਣੇ ਫ਼ਰਜ਼ਾਂ ਨੂੰ ਸਭ ਤੋਂ ਅੱਗੇ ਰੱਖਣਾ ਹੈ। ਸਾਥੀਓ, ਇਸ ਸਮੇਂ ਕੁਝ ਥਾਵਾਂ ’ਤੇ ਕੋਰੋਨਾ ਵੀ ਵਧ ਰਿਹਾ ਹੈ। ਇਸ ਲਈ ਤੁਸੀਂ ਸਾਰਿਆਂ ਸਾਵਧਾਨੀ ਵਰਤਣੀ ਹੈ। ਸਵੱਛਤਾ ਦਾ ਵੀ ਧਿਆਨ ਰੱਖਣਾ ਹੈ। ਅਗਲੇ ਮਹੀਨੇ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਵਿੱਚ ਅਸੀਂ ਲੋਕ ਫਿਰ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਵਿਦਾ ਦਿਓ। ਧੰਨਵਾਦ। ਨਮਸਕਾਰ।
*****
ਡੀਐੱਸ/ਟੀਐੱਸ/ਵੀਕੇ
(Release ID: 1910895)
Visitor Counter : 307
Read this release in:
Urdu
,
Telugu
,
Assamese
,
English
,
Marathi
,
Manipuri
,
Bengali
,
Gujarati
,
Odia
,
Tamil
,
Kannada
,
Malayalam