ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵੰਨ ਵਰਲਡ ਟੀਬੀ ਸਮਿਟ (One World TB Summit) ਨੂੰ ਸੰਬੋਧਨ ਕੀਤਾ


ਸਮੁੱਚੇ ਭਾਰਤ ਵਿੱਚ ਤਪਦਿਕ ਲਈ ਅਲਪਕਾਲੀ ਟੀਬੀ ਰੋਕਥਾਮ ਇਲਾਜ ਟੀਬੀ-ਮੁਕਤ ਪੰਚਾਇਤ ਅਤੇ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਦੀ ਸ਼ੁਰੂਆਤ ਕੀਤੀ

ਭਾਰਤ ਟੀਬੀ ਮੁਕਤ ਸਮਾਜ ਨੂੰ ਯਕੀਨੀ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਦੀ ਤਸਦੀਕ ਕਰਦਾ ਹੈ

ਸਾਲ 2025 ਤੱਕ ਟੀਬੀ ਦੇ ਖ਼ਾਤਮੇ ਲਈ ਭਾਰਤ ਕੋਲ ਸਭ ਤੋਂ ਉੱਤਮ ਯੋਜਨਾ, ਅਭਿਲਾਸ਼ਾ ਅਤੇ ਗਤੀਵਿਧੀਆਂ ਦਾ ਬੇਹਤਰ ਅਮਲ ਹੈ: ਸਟੌਪ ਟੀਬੀ ਦੇ ਕਾਰਜਕਾਰੀ ਡਾਇਰੈਕਟਰ

"ਕਾਸ਼ੀ ਟੀਬੀ ਵਰਗੀ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਵਿਸ਼ਵ ਸੰਕਲਪਾਂ ਵੱਲ ਨਵੀਂ ਊਰਜਾ ਦੀ ਸ਼ੁਰੂਆਤ ਕਰੇਗਾ"

“ਭਾਰਤ ਵੰਨ ਵਰਲਡ ਟੀਬੀ ਸਮਿਟ ਦੇ ਜ਼ਰੀਏ ਆਲਮੀ ਭਲਾਈ ਦੇ ਇੱਕ ਹੋਰ ਸੰਕਲਪ ਨੂੰ ਪੂਰਾ ਕਰ ਰਿਹਾ ਹੈ”

“ਟੀਬੀ ਵਿਰੁੱਧ ਆਲਮੀ ਜੰਗ ਲਈ ਭਾਰਤ ਦੀਆਂ ਕੋਸ਼ਿਸ਼ਾਂ ਇੱਕ ਨਵਾਂ ਮਾਡਲ ਹਨ”

"ਟੀਬੀ ਵਿਰੁੱਧ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਭਾਰਤ ਦਾ ਵੱਡਾ ਯੋਗਦਾਨ ਹੈ"

"ਭਾਰਤ ਹੁਣ ਸਾਲ 2025 ਤੱਕ ਟੀਬੀ ਨੂੰ ਖਤਮ ਕਰਨ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ "PM

"ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਦੇਸ਼ ਭਾਰਤ ਦੀਆਂ ਸਾਰੀਆਂ ਮੁਹਿੰਮਾਂ, ਇਨੋਵੇਸ਼ਨਾਂ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ ਲੈਣ"

Posted On: 24 MAR 2023 1:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਰੁਦ੍ਰਾਕਸ਼ ਕਨਵੈਂਸ਼ਨ ਸੈਂਟਰ ਵਿਖੇ ਵੰਨ ਵਰਲਡ ਟੀਬੀ ਸਮਿਟ (One World TB Summit) ਨੂੰ ਸੰਬੋਧਨ ਕੀਤਾ। ਉਨ੍ਹਾਂ ਇੱਕ ਅਲਪਕਾਲੀ ਟੀਬੀ ਰੋਕਥਾਮ ਇਲਾਜ (ਟੀਪੀਟੀ)ਟੀਬੀ-ਮੁਕਤ ਪੰਚਾਇਤ, ਟੀਬੀ ਲਈ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਅਤੇ ਭਾਰਤ ਦੀ ਸਲਾਨਾ ਟੀਬੀ ਰਿਪੋਰਟ 2023 ਜਾਰੀ ਕਰਨ ਸਮੇਤ ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਮੈਟਰੋਪੋਲੀਟਨ ਪਬਲਿਕ ਹੈਲਥ ਸਰਵੇਲੈਂਸ ਯੂਨਿਟ ਲਈ ਸਾਈਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਚੋਣਵੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਟੀਬੀ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਪ੍ਰਗਤੀ ਲਈ ਸਨਮਾਨਿਤ ਵੀ ਕੀਤਾ। ਰਾਜ/ਯੂਟੀ ਪੱਧਰ 'ਤੇ ਕਰਨਾਟਕ ਅਤੇ ਜੰਮੂ ਅਤੇ ਕਸ਼ਮੀਰ ਅਤੇ ਜ਼ਿਲ੍ਹਾ ਪੱਧਰ 'ਤੇ ਨੀਲਗਿਰੀ, ਪੁਲਵਾਮਾ ਅਤੇ ਅਨੰਤਨਾਗ ਪੁਰਸਕਾਰਾਂ ਦੇ ਪ੍ਰਾਪਤਕਰਤਾ ਸਨ।

ਸਟੌਪ ਟੀਬੀ ਦੇ ਕਾਰਜਕਾਰੀ ਡਾਇਰੈਕਟਰ ਡਾ: ਲੂਸਿਕਾ ਡਿਟਿਊ ਨੇ ਟਿੱਪਣੀ ਕੀਤੀ ਕਿ ਇਹ ਸਮਿਟ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ, ਵਾਰਾਣਸੀ ਵਿੱਚ ਇੱਕ ਹਜ਼ਾਰ ਸਾਲ ਪੁਰਾਣੀ ਬਿਮਾਰੀ ਯਾਨੀ ਟੀਬੀ ਜਾਂ ਤਪਦਿਕ ਬਾਰੇ ਚਰਚਾ ਕਰਨ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਟੀਬੀ ਦਾ ਬਹੁਤ ਜ਼ਿਆਦਾ ਬੋਝ ਹੈ, ਪਰ ਸਭ ਤੋਂ ਵਧੀਆ ਯੋਜਨਾ, ਅਭਿਲਾਸ਼ਾ ਅਤੇ ਗਤੀਵਿਧੀਆਂ ਦੇ ਬੇਹਤਰ ਅਮਲ ਵੀ ਹਨ। ਉਨ੍ਹਾਂ ਭਾਰਤ ਦੀ ਜੀ-20 ਪ੍ਰਧਾਨਗੀ ਦੇ ਆਲਮੀ ਭਲਾਈ ਦੀ ਪਹਿਲ ਨੂੰ ਵੀ ਰੇਖਾਂਕਿਤ ਕੀਤਾ ਅਤੇ ਇੱਕ ਵਿਸ਼ਵ ਇੱਕ ਸਿਹਤ ਦੀ ਮਹੱਤਤਾ ਦੇ ਵਿਸ਼ੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ 2025 ਤੱਕ ਟੀਬੀ ਨੂੰ ਖ਼ਤਮ ਕਰਨ ਦੇ ਰਾਹ 'ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ਾਂ ਦੇ ਯਤਨਾਂ ਕਾਰਨ, ਇਤਿਹਾਸ ਵਿੱਚ ਪਹਿਲੀ ਵਾਰ ਟੀਬੀ ਦੀ ਜਾਂਚ ਅਤੇ ਇਲਾਜ ਨਾ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 30 ਲੱਖ ਤੋਂ ਹੇਠਾਂ ਚਲੀ ਗਈ ਹੈ। ਉਨ੍ਹਾਂ ਟੀਬੀ ਨਾਲ ਨਜਿੱਠਣ ਵਿੱਚ ਭਾਰਤ ਦੇ ਪੈਮਾਨੇ ਅਤੇ ਟੀਬੀ ਮੁਕਤ ਭਾਰਤ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਦੇ ਸਹਿਯੋਗ ਨਾਲ 2025 ਤੱਕ ਟੀਬੀ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ 22 ਸਤੰਬਰ ਨੂੰ ਹੋਣ ਵਾਲੀ ਟੀਬੀ ਬਾਰੇ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਲਈ ਵੀ ਬੇਨਤੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਟੀਬੀ ਵਿਰੁੱਧ ਇਸ ਲੜਾਈ ਵਿੱਚ ਹੋਰ ਆਲਮੀ ਨੇਤਾਵਾਂ ਦੀ ਅਗਵਾਈ ਕਰਨ ਅਤੇ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਵਾਰਾਣਸੀ ਵਿੱਚ ਵੰਨ ਵਰਲਡ ਟੀਬੀ ਸਮਿਟ ਹੋ ਰਿਹਾ ਹੈ ਅਤੇ ਜ਼ਿਕਰ ਕੀਤਾ ਕਿ ਉਹ ਇਸ ਸ਼ਹਿਰ ਤੋਂ ਸੰਸਦ ਮੈਂਬਰ ਵੀ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਾਸ਼ੀ ਸ਼ਹਿਰ ਇੱਕ ਸਦੀਵੀ ਧਾਰਾ ਦੀ ਤਰ੍ਹਾਂ ਹੈ, ਜੋ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦੀ ਮਿਹਨਤ ਅਤੇ ਯਤਨਾਂ ਦਾ ਗਵਾਹ ਹੈ। ਉਨ੍ਹਾਂ ਟਿੱਪਣੀ ਕੀਤੀ, "ਰੁਕਾਵਟ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਾਸ਼ੀ ਨੇ ਹਮੇਸ਼ਾ ਇਹ ਸਾਬਤ ਕੀਤਾ ਹੈ ਕਿ 'ਸਬਕਾ ਪ੍ਰਯਾਸ' (ਹਰੇਕ ਦੀ ਕੋਸ਼ਿਸ਼) ਨਾਲ ਨਵੇਂ ਢੰਗ ਬਣਾਏ ਜਾਂਦੇ ਹਨ।" ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕਾਸ਼ੀ ਟੀਬੀ ਵਰਗੀ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਆਲਮੀ ਸੰਕਲਪਾਂ ਵੱਲ ਨਵੀਂ ਊਰਜਾ ਦੀ ਸ਼ੁਰੂਆਤ ਕਰੇਗੀ।

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਇੱਕ ਦੇਸ਼ ਦੇ ਰੂਪ ਵਿੱਚ, ਭਾਰਤ ਦੀ ਵਿਚਾਰਧਾਰਾ ਦਾ ਪ੍ਰਤੀਬਿੰਬ ਵਸੂਧੈਵ ਕੁਟੁੰਬਕਮ ਦੀ ਭਾਵਨਾ ਵਿੱਚ ਦੇਖਿਆ ਜਾ ਸਕਦਾ ਹੈ, ਭਾਵ ਪੂਰਾ ਵਿਸ਼ਵ ਇੱਕ ਪਰਿਵਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਾਚੀਨ ਵਿਚਾਰਧਾਰਾ ਅੱਜ ਦੇ ਉੱਨਤ ਸੰਸਾਰ ਨੂੰ ਇੱਕ ਏਕੀਕ੍ਰਿਤ ਦ੍ਰਿਸ਼ਟੀ ਅਤੇ ਏਕੀਕ੍ਰਿਤ ਸਮਾਧਾਨ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਜੀ-20 ਦੀ ਪ੍ਰਧਾਨਗੀ ਵਿੱਚ ਭਾਰਤ ਨੇ ਅਜਿਹੇ ਵਿਸ਼ਵਾਸਾਂ ਦੇ ਅਧਾਰ 'ਤੇ 'ਇੱਕ ਪਰਿਵਾਰ, ਇੱਕ ਵਿਸ਼ਵ, ਇੱਕ ਭਵਿੱਖ' ਦਾ ਵਿਸ਼ਾ ਚੁਣਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੀ-20 ਦਾ ਵਿਸ਼ਾ ਪੂਰੀ ਦੁਨੀਆ ਦੇ ਸਾਂਝੇ ਭਵਿੱਖ ਲਈ ਇੱਕ ਸੰਕਲਪ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਵਿਸ਼ਵ ਵਿੱਚ ‘ਇੱਕ ਧਰਤੀ, ਇੱਕ ਸਿਹਤ’ ਦੇ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ ਅਤੇ ਉਨ੍ਹਾਂ ਰੇਖਾਂਕਿਤ ਕੀਤਾ ਕਿ ਉਹ ਵੰਨ ਵਰਲਡ ਟੀਬੀ ਸਮਿਟ ਦੇ ਨਾਲ ਆਲਮੀ ਭਲਾਈ ਦੇ ਸੰਕਲਪਾਂ ਨੂੰ ਸਾਕਾਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 2014 ਤੋਂ ਬਾਅਦ ਟੀਬੀ ਨਾਲ ਨਜਿੱਠਣ ਲਈ ਜਿਸ ਪ੍ਰਤੀਬੱਧਤਾ ਅਤੇ ਦ੍ਰਿੜਤਾ ਨਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਹ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਕੋਸ਼ਿਸ਼ਾਂ ਮਹੱਤਵਪੂਰਨ ਹਨ, ਕਿਉਂਕਿ ਇਹ ਟੀਬੀ ਵਿਰੁੱਧ ਆਲਮੀ ਜੰਗ ਲਈ ਇੱਕ ਨਵਾਂ ਮਾਡਲ ਹੈ। ਉਨ੍ਹਾਂ ਪਿਛਲੇ 9 ਸਾਲਾਂ ਵਿੱਚ ਟੀਬੀ ਦੇ ਵਿਰੁੱਧ ਬਹੁ-ਪੱਖੀ ਪਹੁੰਚ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਲੋਕਾਂ ਦੀ ਭਾਗੀਦਾਰੀ, ਪੋਸ਼ਣ ਨੂੰ ਵਧਾਉਣ, ਇਲਾਜ ਦੀ ਨਵੀਨਤਾ, ਤਕਨੀਕੀ ਏਕੀਕਰਣ ਅਤੇ ਤੰਦਰੁਸਤੀ ਅਤੇ ਰੋਕਥਾਮ ਜਿਵੇਂ ਕਿ ਫਿੱਟ ਇੰਡੀਆ, ਯੋਗ ਅਤੇ ਖੇਲੋ ਇੰਡੀਆ ਕਿਸਮ ਦੇ ਦਖਲਾਂ ਨੂੰ ਸੂਚੀਬੱਧ ਕੀਤਾ।

ਲੋਕਾਂ ਦੀ ਭਾਗੀਦਾਰੀ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਟੀਬੀ ਦੇ ਮਰੀਜ਼ਾਂ ਦੀ ਮਦਦ ਲਈ ਨਿ-ਕਸ਼ਯ ਮਿੱਤਰ (Ni-kshay Mitra) ਅਭਿਯਾਨ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ 10 ਲੱਖ ਦੇ ਕਰੀਬ ਟੀਬੀ ਦੇ ਮਰੀਜ਼ਾਂ ਨੂੰ ਨਾਗਰਿਕਾਂ ਵੱਲੋਂ ਅਪਣਾਇਆ ਗਿਆ ਹੈ ਅਤੇ ਇੱਥੋਂ ਤੱਕ ਕਿ 10-12 ਸਾਲ ਤੱਕ ਦੇ ਬੱਚੇ ਵੀ ਅੱਗੇ ਆਏ ਹਨ। ਪ੍ਰੋਗਰਾਮ ਦੇ ਤਹਿਤ ਟੀਬੀ ਦੇ ਮਰੀਜ਼ਾਂ ਨੂੰ ਵਿੱਤੀ ਮਦਦ ਇੱਕ ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਇਸ ਅੰਦੋਲਨ ਨੂੰ ‘ਪ੍ਰੇਰਣਾਦਾਇਕ’ ਕਰਾਰ ਦਿੱਤਾ ਅਤੇ ਖੁਸ਼ੀ ਪ੍ਰਗਟਾਈ ਕਿ ਪ੍ਰਵਾਸੀ ਭਾਰਤੀ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ।

ਟੀਬੀ ਦੇ ਮਰੀਜ਼ਾਂ ਲਈ ਪੋਸ਼ਣ ਦੀ ਵੱਡੀ ਚੁਣੌਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਟੀਬੀ ਦੇ ਮਰੀਜ਼ਾਂ ਦੀ ਮਦਦ ਕਰਨ ਵਿੱਚ ਨਿ-ਕਸ਼ਯ ਮਿੱਤਰ ਮੁਹਿੰਮ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ 2018 ਵਿੱਚ ਟੀਬੀ ਦੇ ਮਰੀਜ਼ਾਂ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੀ ਘੋਸ਼ਣਾ ਕੀਤੀ ਸੀ ਅਤੇ ਨਤੀਜੇ ਵਜੋਂ, ਲਗਭਗ 2000 ਕਰੋੜ ਰੁਪਏ ਉਨ੍ਹਾਂ ਦੇ ਇਲਾਜ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਗਏ ਹਨ, ਜਿੱਥੇ ਲਗਭਗ 75 ਲੱਖ ਟੀਬੀ ਦੇ ਮਰੀਜ਼ਾਂ ਨੂੰ ਇਸ ਦਾ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਨਿ-ਕਸੈ ਮਿੱਤਰ ਹੁਣ ਸਾਰੇ ਟੀਬੀ ਦੇ ਮਰੀਜ਼ਾਂ ਲਈ ਊਰਜਾ ਦਾ ਇੱਕ ਨਵਾਂ ਸਰੋਤ ਬਣ ਗਏ ਹਨ”। ਇਹ ਜ਼ਿਕਰ ਕਰਦੇ ਹੋਏ ਕਿ ਪੁਰਾਣੇ ਢੰਗ-ਤਰੀਕਿਆਂ ਦਾ ਅਭਿਆਸ ਕਰਕੇ ਨਵੇਂ ਹੱਲਾਂ 'ਤੇ ਪਹੁੰਚਣਾ ਬਹੁਤ ਮੁਸ਼ਕਿਲ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਵੀਂ ਰਣਨੀਤੀਆਂ ਨਾਲ ਕੰਮ ਕੀਤਾ ਹੈ ਤਾਂ ਜੋ ਟੀਬੀ ਦੇ ਮਰੀਜ਼ ਇਲਾਜ ਤੋਂ ਬਿਨ੍ਹਾਂ ਨਾ ਰਹਿਣ। ਉਨ੍ਹਾਂ ਨੇ ਟੀਬੀ ਦੀ ਜਾਂਚ ਅਤੇ ਇਲਾਜ ਲਈ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕਰਨ, ਦੇਸ਼ ਵਿੱਚ ਟੈਸਟਿੰਗ ਲੈਬਾਂ ਦੀ ਗਿਣਤੀ ਵਧਾਉਣ ਅਤੇ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਵਾਲੇ ਸ਼ਹਿਰਾਂ ਨੂੰ ਟੀਚਾ ਬਣਾ ਕੇ ਖੇਤਰ-ਵਿਸ਼ੇਸ਼ ਕਾਰਜ ਨੀਤੀਆਂ ਬਣਾਉਣ ਦੀਆਂ ਉਦਾਹਰਣਾਂ ਦਿੱਤੀਆਂ। ਇਸੇ ਤਰਜ਼ ਦੇ ਨਾਲ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ‘ਟੀਬੀ ਮੁਕਤ ਪੰਚਾਇਤ ਅਭਿਯਾਨ’ ਨਾਂ ਦੀ ਇੱਕ ਨਵੀਂ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਟੀਬੀ ਦੀ ਰੋਕਥਾਮ ਲਈ 6 ਮਹੀਨੇ ਦੇ ਕੋਰਸ ਦੀ ਬਜਾਏ 3 ਮਹੀਨਿਆਂ ਦਾ ਇਲਾਜ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਰੀਜ਼ਾਂ ਨੂੰ 6 ਮਹੀਨੇ ਰੋਜ਼ਾਨਾ ਦਵਾਈ ਲੈਣੀ ਪੈਂਦੀ ਸੀ ਪਰ ਹੁਣ ਨਵੀਂ ਪ੍ਰਣਾਲੀ ਵਿੱਚ ਮਰੀਜ਼ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਹੀ ਦਵਾਈ ਲੈਣੀ ਪਵੇਗੀ।

ਪ੍ਰਧਾਨ ਮੰਤਰੀ ਨੇ ਟੀਬੀ ਮੁਕਤ ਭਾਰਤ ਮੁਹਿੰਮ ਵਿੱਚ ਤਕਨੀਕੀ ਏਕੀਕਰਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿ-ਕਸੈ ਪੋਰਟਲ ਅਤੇ ਡੇਟਾ ਸਾਇੰਸ ਦੀ ਵਰਤੋਂ ਇਸ ਸਬੰਧ ਵਿੱਚ ਬਹੁਤ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ-ਆਈਸੀਐੱਮਆਰ ਨੇ ਸਬ-ਨੈਸ਼ਨਲ ਰੋਗ ਨਿਗਰਾਨੀ ਲਈ ਇੱਕ ਨਵਾਂ ਤਰੀਕਾ ਵਿਕਸਤ ਕੀਤਾ ਹੈ, ਜਿਸ ਨੇ ਵਿਸ਼ਵ ਸਿਹਤ ਸੰਗਠਨ ਤੋਂ ਇਲਾਵਾ ਭਾਰਤ ਨੂੰ ਅਜਿਹਾ ਮਾਡਲ ਬਣਾ ਦਿੱਤਾ ਹੈ।

ਟੀਬੀ ਦੇ ਮਰੀਜ਼ਾਂ ਦੀ ਘਟਦੀ ਗਿਣਤੀ ਅਤੇ ਕਰਨਾਟਕ ਅਤੇ ਜੰਮੂ-ਕਸ਼ਮੀਰ ਨੂੰ ਅੱਜ ਦੇ ਪੁਰਸਕਾਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ 2030 ਦੇ ਵਿਸ਼ਵ ਟੀਚੇ ਦੇ ਮੁਕਾਬਲੇ 2025 ਤੱਕ ਟੀਬੀ ਨੂੰ ਖਤਮ ਕਰਨ ਦੇ ਭਾਰਤ ਦੇ ਇੱਕ ਹੋਰ ਵੱਡੇ ਸੰਕਲਪ ਦਾ ਜ਼ਿਕਰ ਕੀਤਾ। ਉਨ੍ਹਾਂ ਮਹਾਮਾਰੀ ਦੌਰਾਨ ਸਮਰੱਥਾ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧੇ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਟਰੇਸ, ਟੈਸਟ, ਟ੍ਰੈਕ, ਟ੍ਰੀਟ ਅਤੇ ਟੈਕਨੋਲੋਜੀ ਦੀ ਉੱਚ ਵਰਤੋਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਸਮੂਹਿਕ ਤੌਰ 'ਤੇ ਇਸ ਸਮਰੱਥਾ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਭਾਰਤ ਦੀ ਇਸ ਸਥਾਨਕ ਪਹੁੰਚ ਵਿੱਚ ਇੱਕ ਵਿਸ਼ਾਲ ਆਲਮੀ ਸੰਭਾਵਨਾ ਹੈ।" ਉਨ੍ਹਾਂ ਦੱਸਿਆ ਕਿ ਟੀਬੀ ਦੀਆਂ 80 ਫੀਸਦੀ ਦਵਾਈਆਂ ਭਾਰਤ ਵਿੱਚ ਬਣਦੀਆਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਦੇਸ਼ ਭਾਰਤ ਦੀਆਂ ਅਜਿਹੀਆਂ ਸਾਰੀਆਂ ਮੁਹਿੰਮਾਂ, ਇਨੋਵੇਸ਼ਨਾਂ ਅਤੇ ਆਧੁਨਿਕ ਟੈਕਨੋਲੋਜੀ ਦਾ ਲਾਭ ਲੈਣ। ਇਸ ਸਮਿਟ ਵਿੱਚ ਸ਼ਾਮਲ ਸਾਰੇ ਦੇਸ਼ ਇਸ ਲਈ ਇੱਕ ਵਿਧੀ ਵਿਕਸਤ ਕਰ ਸਕਦੇ ਹਨ। ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ, ਸਾਡਾ ਇਹ ਸੰਕਲਪ ਯਕੀਨੀ ਤੌਰ 'ਤੇ ਪੂਰਾ ਹੋਵੇਗਾ - ਹਾਂ, ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ।"

ਕੁਸ਼ਟ ਰੋਗ ਨੂੰ ਖਤਮ ਕਰਨ ਲਈ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਘਟਨਾ ਸਾਂਝੀ ਕੀਤੀ, ਜਦੋਂ ਗਾਂਧੀ ਜੀ ਨੂੰ ਅਹਿਮਦਾਬਾਦ ਵਿੱਚ ਇੱਕ ਕੁਸ਼ਟ ਰੋਗ ਹਸਪਤਾਲ ਦਾ ਉਦਘਾਟਨ ਕਰਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਯਾਦ ਕੀਤਾ ਕਿ ਗਾਂਧੀ ਜੀ ਨੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਕਿਹਾ ਸੀ ਕਿ ਜਦੋਂ ਉਹ ਇਸ ਹਸਪਤਾਲ ਦੇ ਦਰਵਾਜ਼ਿਆਂ 'ਤੇ ਲਟਕਦਾ ਤਾਲਾ ਦੇਖਣਗੇ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਹਸਪਤਾਲ ਦਹਾਕਿਆਂ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਕੁਸ਼ਟ ਦਾ ਕੋਈ ਅੰਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਾਲ 2001 ਵਿੱਚ ਕੁਸ਼ਟ ਰੋਗ ਵਿਰੁੱਧ ਮੁਹਿੰਮ ਨੂੰ ਨਵੀਂ ਗਤੀ ਮਿਲੀ, ਜਦੋਂ ਗੁਜਰਾਤ ਦੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਦੱਸਿਆ ਕਿ ਗੁਜਰਾਤ ਵਿੱਚ ਕੁਸ਼ਟ ਰੋਗ ਦੀ ਦਰ 23% ਤੋਂ ਘਟ ਕੇ 1% ਤੋਂ ਵੀ ਘੱਟ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਹਸਪਤਾਲ ਨੂੰ ਸਾਲ 2007 ਵਿੱਚ ਉਦੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਉਹ ਰਾਜ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਇਸ ਵਿੱਚ ਸਮਾਜਿਕ ਸੰਸਥਾਵਾਂ ਅਤੇ ਜਨ ਭਾਗੀਦਾਰੀ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ ਅਤੇ ਟੀਬੀ ਵਿਰੁੱਧ ਭਾਰਤ ਦੀ ਸਫਲਤਾ ਬਾਰੇ ਭਰੋਸਾ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਨਵਾਂ ਭਾਰਤ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜਾਣਿਆ ਜਾਂਦਾ ਹੈ।" ਉਨ੍ਹਾਂ ਖੁੱਲੇ ਵਿੱਚ ਸ਼ੌਚ ਮੁਕਤ ਹੋਣ ਦੀ ਪ੍ਰਤੀਬੱਧਤਾ ਨੂੰ ਪ੍ਰਾਪਤ ਕਰਨ, ਸੌਰ ਊਰਜਾ ਉਤਪਾਦਨ ਸਮਰੱਥਾ ਦੇ ਟੀਚੇ ਦੇ ਨਾਲ-ਨਾਲ ਮਿੱਥੇ ਸਮੇਂ ਤੋਂ ਪਹਿਲਾਂ ਪੈਟਰੋਲ ਵਿੱਚ ਨਿਸ਼ਚਿਤ ਪ੍ਰਤੀਸ਼ਤ ਦੇ ਈਥੈਨੌਲ ਮਿਸ਼ਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਟਿੱਪਣੀ ਕੀਤੀ, “ਜਨਤਕ ਭਾਗੀਦਾਰੀ ਦੀ ਸ਼ਕਤੀ ਪੂਰੀ ਦੁਨੀਆ ਦੇ ਵਿਸ਼ਵਾਸ ਨੂੰ ਵਧਾ ਰਹੀ ਹੈ ਅਤੇ ਉਨ੍ਹਾਂ ਟੀਬੀ ਵਿਰੁੱਧ ਭਾਰਤ ਦੀ ਲੜਾਈ ਦੀ ਸਫਲਤਾ ਦਾ ਸਿਹਰਾ ਜਨਤਕ ਭਾਗੀਦਾਰੀ ਨੂੰ ਦਿੱਤਾ। ਉਨ੍ਹਾਂ ਟੀਬੀ ਦੇ ਮਰੀਜਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਵੱਲ ਵੀ ਸਾਰਿਆਂ ਨੂੰ ਬਰਾਬਰ ਧਿਆਨ ਦੇਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਸਿਹਤ ਸੇਵਾਵਾਂ ਦੇ ਵਿਸਤਾਰ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਵਾਰਾਣਸੀ ਬ੍ਰਾਂਚ ਦਾ ਅੱਜ ਉਦਘਾਟਨ ਕੀਤਾ ਗਿਆ। ਪਬਲਿਕ ਹੈਲਥ ਸਰਵੀਲੈਂਸ ਯੂਨਿਟ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਬੀਐੱਚਯੂ ਵਿੱਚ ਚਾਈਲਡ ਕੇਅਰ ਇੰਸਟੀਟਿਊਟ, ਬਲੱਡ ਬੈਂਕ ਦੇ ਆਧੁਨਿਕੀਕਰਣ, ਆਧੁਨਿਕ ਟ੍ਰੌਮਾ ਸੈਂਟਰ, ਸੁਪਰ ਸਪੈਸ਼ਲਿਟੀ ਬਲਾਕ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਕੈਂਸਰ ਸੈਂਟਰ ਦਾ ਜ਼ਿਕਰ ਕੀਤਾ, ਜਿੱਥੇ 70 ਹਜ਼ਾਰ ਤੋਂ ਵੱਧ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਨੇ ਕਬੀਰ ਚੌਰਾ ਹਸਪਤਾਲ, ਜ਼ਿਲ੍ਹਾ ਹਸਪਤਾਲ, ਡਾਇਲਸਿਸ ਸੁਵਿਧਾਵਾਂ, ਸੀਟੀ ਸਕੈਨ ਸੁਵਿਧਾਵਾਂ ਅਤੇ ਕਾਸ਼ੀ ਦੇ ਗ੍ਰਾਮੀਣ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਵਿਸਤਾਰ ਦਾ ਵੀ ਜ਼ਿਕਰ ਕੀਤਾ। ਵਾਰਾਣਸੀ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 1.5 ਲੱਖ ਤੋਂ ਵੱਧ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਅਤੇ 70 ਤੋਂ ਵੱਧ ਜਨ ਔਸ਼ਧੀ ਕੇਂਦਰ ਮਰੀਜ਼ਾਂ ਨੂੰ ਕਿਫਾਇਤੀ ਦਵਾਈਆਂ ਪ੍ਰਦਾਨ ਕਰ ਰਹੇ ਹਨ।

ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਤਜ਼ਰਬੇ, ਮੁਹਾਰਤ ਅਤੇ ਇੱਛਾ ਸ਼ਕਤੀ ਦੀ ਵਰਤੋਂ ਕਰਕੇ ਟੀਬੀ ਦੇ ਖਾਤਮੇ ਦੀ ਮੁਹਿੰਮ ਵਿੱਚ ਰੁੱਝਿਆ ਹੋਇਆ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਭਾਰਤ ਹਰ ਲੋੜਵੰਦ ਦੇਸ਼ ਦੀ ਮਦਦ ਲਈ ਲਗਾਤਾਰ ਤਿਆਰ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਟੀਬੀ ਵਿਰੁੱਧ ਸਾਡੀ ਮੁਹਿੰਮ ਸਬਕਾ ਪ੍ਰਯਾਸ (ਹਰੇਕ ਦੀ ਕੋਸ਼ਿਸ਼) ਨਾਲ ਹੀ ਸਫਲ ਹੋਵੇਗੀ। ਉਨ੍ਹਾਂ ਕਿਹਾ, "ਮੈਨੂੰ ਵਿਸ਼ਵਾਸ ਹੈ, ਸਾਡੇ ਅੱਜ ਦੇ ਯਤਨ ਸਾਡੇ ਸੁਰੱਖਿਅਤ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਨਗੇ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਿਹਤਰ ਸੰਸਾਰ ਸੌਂਪਣ ਦੀ ਸਥਿਤੀ ਵਿੱਚ ਹੋਵਾਂਗੇ।”

ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਅਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਮਨਸੁਖ ਮਾਂਡਵੀਆ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ ਅਤੇ ਸਟੌਪ ਟੀਬੀ ਦੇ ਕਾਰਜਕਾਰੀ ਡਾਇਰੈਕਟਰ ਡਾ: ਲੂਸਿਕਾ ਡਿਟਿਊ ਆਦਿ ਹਾਜ਼ਰ ਸਨ।

ਪਿਛੋਕੜ

ਵਿਸ਼ਵ ਤਪਦਿਕ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਇੱਕ ਵਿਸ਼ਵ ਟੀਬੀ ਸਮਿਟ ਨੂੰ ਸੰਬੋਧਨ ਕਰਨਗੇ। ਇਹ ਸਮਿਟ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਟੌਪ ਟੀਬੀ ਦੀ ਸਾਂਝੇਦਾਰੀ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 2001 ਵਿੱਚ ਸਥਾਪਿਤ, ਸਟੌਪ ਟੀਬੀ ਭਾਈਵਾਲੀ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ ਹੈ, ਜੋ ਟੀਬੀ ਤੋਂ ਪ੍ਰਭਾਵਿਤ ਲੋਕਾਂ, ਭਾਈਚਾਰਿਆਂ ਅਤੇ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਟੀਬੀ-ਮੁਕਤ ਪੰਚਾਇਤ ਪਹਿਲਕਦਮੀ ਸਮੇਤ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇੱਕ ਅਲਪਕਾਲੀ ਟੀਬੀ ਰੋਕਥਾਮ ਇਲਾਜ (ਟੀਪੀਟੀ)ਟੀਬੀ-ਮੁਕਤ ਪੰਚਾਇਤ, ਟੀਬੀ ਲਈ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਅਤੇ ਭਾਰਤ ਦੀ ਸਲਾਨਾ ਟੀਬੀ ਰਿਪੋਰਟ 2023 ਜਾਰੀ ਕਰਨ ਸਮੇਤ ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਚੋਣਵੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਟੀਬੀ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਪ੍ਰਗਤੀ ਲਈ ਸਨਮਾਨਿਤ ਵੀ ਕੀਤਾ।

ਮਾਰਚ 2018 ਵਿੱਚ, ਨਵੀਂ ਦਿੱਲੀ ਵਿੱਚ ਆਯੋਜਿਤ ਐਂਡ ਟੀਬੀ (End TB) ਸਮਿਟ ਦੌਰਾਨ, ਪ੍ਰਧਾਨ ਮੰਤਰੀ ਨੇ ਭਾਰਤ ਨੂੰ 2025 ਤੱਕ ਟੀਬੀ-ਸਬੰਧਿਤ ਐੱਸਦੀਜੀ ਟੀਚਿਆਂ ਨੂੰ, ਨਿਰਧਾਰਤ ਸਮੇਂ ਤੋਂ ਪੰਜ ਸਾਲ ਪਹਿਲਾਂ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਵਨ ਵਰਲਡ ਟੀਬੀ ਸਮਿਟ ਟੀਚਿਆਂ 'ਤੇ ਹੋਰ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਕਿਉਂਕਿ ਦੇਸ਼ ਟੀਬੀ ਦੇ ਖਾਤਮੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅੱਗੇ ਵਧਦਾ ਹੈ। ਇਹ ਰਾਸ਼ਟਰੀ ਟੀਬੀ ਖਾਤਮੇ ਪ੍ਰੋਗਰਾਮਾਂ ਤੋਂ ਸਿੱਖਿਆਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੌਕਾ ਵੀ ਹੋਵੇਗਾ। ਸਮਿਟ ਵਿੱਚ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਪ੍ਰਤੀਨਿਧੀ ਹਾਜ਼ਰ ਹੋਣ ਵਾਲੇ ਹਨ।

***

ਡੀਐੱਸ/ਟੀਐੱਸ 



(Release ID: 1910478) Visitor Counter : 127